ਲਗਾਤਾਰ 3 ਵਾਰ ''ਫੋਰਬਸ ਇੰਡੀਆ'' ਦੀ ਲਿਸਟ ''ਚ ਸਲਮਾਨ ਨੇ ਮਾਰੀ ਬਾਜ਼ੀ

Thursday, December 6, 2018 9:17 AM
ਲਗਾਤਾਰ 3 ਵਾਰ ''ਫੋਰਬਸ ਇੰਡੀਆ'' ਦੀ ਲਿਸਟ ''ਚ ਸਲਮਾਨ ਨੇ ਮਾਰੀ ਬਾਜ਼ੀ

ਮੁੰਬਈ(ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਤੀਜੀ ਵਾਰ ਫੋਰਬਸ ਇੰਡੀਆ ਦੀ ਸਭ ਤੋਂ ਵੱਧ ਕਮਾਈ ਕਰਨ ਵਾਲਿਆਂ ਦੀ 100 ਲੋਕਾਂ ਦੀ ਸੂਚੀ 'ਚ ਚੋਟੀ 'ਤੇ ਕਬਜ਼ਾ ਕੀਤਾ ਹੈ। ਫੋਰਬਸ ਦੀ ਸੂਚੀ ਮੁਤਾਬਕ ਸਲਮਾਨ ਨੇ 1 ਅਕਤੂਬਰ 2017 ਤੋਂ 30 ਸਤੰਬਰ 2018 ਦਰਮਿਆਨ ਆਪਣੀਆਂ ਫਿਲਮਾਂ, ਟੀ. ਵੀ. ਅਤੇ ਵਿਗਿਆਪਨਾਂ ਤੋਂ 253.25 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਸੂਚੀ 'ਚ ਅਦਾਕਾਰਾ ਦੀਪਿਕਾ ਪਾਦੁਕੋਣ ਨੇ 112.8 ਕਰੋੜ ਰੁਪਏ ਦੀ ਕਮਾਈ ਨਾਲ ਚੌਥਾ ਸਥਾਨ ਹਾਸਲ ਕੀਤਾ ਹੈ। ਸਾਲ 2012 ਤੋਂ ਜਾਰੀ ਹੋ ਰਹੀ ਇਸ ਸੂਚੀ ਦੇ ਪਹਿਲੇ ਪੰਜ 'ਚ ਥਾਂ ਬਣਾਉਣ ਵਾਲੀ ਦੀਪਿਕਾ ਪਹਿਲੀ ਔਰਤ ਹੈ।

ਪ੍ਰਿਯੰਕਾ ਚੋਪੜਾ ਸੂਚੀ 'ਚ ਪਿਛਲੇ ਸਾਲ ਸੱਤਵੇਂ ਸਥਾਨ (68 ਕਰੋੜ ਰੁਪਏ) 'ਤੇ ਸੀ। ਇਸ ਵਾਰ ਉਹ 18 ਕਰੋੜ ਦੀ ਕਮਾਈ ਨਾਲ 49ਵੇਂ ਸਥਾਨ 'ਤੇ ਰਹੀ। ਖੇਡ ਜਗਤ ਤੋਂ ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ 228.09 ਕਰੋੜ ਰੁਪਏ ਦੀ ਕਮਾਈ ਨਾਲ ਦੂਜੇ ਸਥਾਨ 'ਤੇ ਰਹੇ। ਸੂਚੀ 'ਚ ਇਹ ਸਥਾਨ ਹਾਸਲ ਕਰਨ ਵਾਲੇ ਕੋਹਲੀ ਪਹਿਲੇ ਖਿਡਾਰੀ ਹਨ। ਜ਼ਿਆਦਾਤਰ ਸਿਨੇ ਜਗਤ ਦੇ ਸਿਤਾਰੇ ਹੀ ਇਸ 'ਤੇ ਕਾਬਜ਼ ਹੁੰਦੇ ਹਨ। 185 ਕਰੋੜ ਦੀ ਕਮਾਈ ਕਰਕੇ ਅਕਸ਼ੈ ਕੁਮਾਰ ਨੇ ਸੂਚੀ 'ਚ ਤੀਜਾ ਸਥਾਨ ਹਾਸਲ ਕੀਤਾ ਹੈ। ਇਸ ਦੌਰਾਨ ਸ਼ਾਹਰੁਖ ਦੀ ਕੋਈ ਵੀ ਫਿਲਮ ਰਿਲੀਜ਼ ਨਹੀਂ ਹੋਈ ਅਤੇ ਇਸ ਦਾ ਖਾਮਿਆਜ਼ਾ ਉਨ੍ਹਾਂ ਨੂੰ ਸੂਚੀ 'ਚ ਵੀ ਉਠਾਉਣਾ ਪਿਆ। 56 ਕਰੋੜ ਦੀ ਕਮਾਈ ਨਾਲ ਉਹ 13ਵੇਂ ਸਥਾਨ 'ਤੇ ਰਹੇ। ਆਮਿਰ ਖਾਨ 97.5 ਕਰੋੜ ਰੁਪਏ ਦੀ ਕਮਾਈ ਨਾਲ ਛੇਵੇਂ ਅਤੇ 96.17 ਕਰੋੜ ਦੀ ਕਮਾਈ ਨਾਲ ਅਮਿਤਾਭ ਬੱਚਨ ਸੱਤਵੇਂ ਸਥਾਨ 'ਤੇ ਰਹੇ ਅਤੇ ਅਜੇ ਦੇਵਗਨ 74.5 ਕਰੋੜ ਰੁਪਏ ਦੀ ਕਮਾਈ 'ਤੇ 10ਵੇਂ ਨੰਬਰ 'ਤੇ ਰਹੇ। ਸੂਚੀ 'ਚ ਇਸ ਸਾਲ 18 ਔਰਤਾਂ ਨੇ ਥਾਂ ਬਣਾਈ ਜਦੋਂਕਿ 2017 'ਚ 21 ਔਰਤਾਂ ਇਸ 'ਚ ਥਾਂ ਬਣਾਉਣ 'ਚ ਸਫਲ ਰਹੀਆਂ ਸਨ।


Edited By

Sunita

Sunita is news editor at Jagbani

Read More