ਫਿਲਮ ‘ਆਟੇ ਦੀ ਚਿਡ਼ੀ’ ਪੰਜਾਬ ਦੀ ਮੌਜੂਦਾ ਸਥਿਤੀ ਨੂੰ ਸਹੀ ਤਰੀਕੇ ਨਾਲ ਪੇਸ਼ ਕਰਦੀ ਹੈ : ਬਾਜਵਾ

10/19/2018 12:20:12 PM

ਮੋਹਾਲੀ (ਨਿਆਮੀਆਂ)— ਮੋਹਾਲੀ ਦੇ ਵਸਨੀਕ ਚਰਨਜੀਤ ਸਿੰਘ ਵਾਲੀਆ ਤੇ ਤੇਗਵੀਰ ਸਿੰਘ ਵਾਲੀਆ ਵਲੋਂ ਤਿਆਰ ਕੀਤੀ  ਗਈ ਪੰਜਾਬੀ ਫਿਲਮ ‘ਆਟੇ ਦੀ ਚਿਡ਼ੀ’ ਦਾ ਪ੍ਰੀਮੀਅਰ ਸ਼ੋਅ ਅੱਜ ਨਾਰਥ ਕੰਟਰੀ ਮਾਲ ਵਿਖੇ ਹੋਇਆ। ਇਸ ਮੌਕੇ ਪੰਜਾਬ ਦੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਹਰਿਆਣਾ ਦੇ ਸਾਬਕਾ ਮੰਤਰੀ ਪ੍ਰੋ. ਛਤਰਪਾਲ ਸਿੰਘ, ਪੰਜਾਬ ਦੇ ਸਾਬਕਾ ਮੰਤਰੀ ਇੰਦਰਜੀਤ ਸਿੰਘ ਜ਼ੀਰਾ, ਵਿਧਾਇਕ ਪਰਮਿੰਦਰ ਸਿੰਘ ਪਿੰਕੀ  ਤੇ ਕੁਲਬੀਰ ਸਿੰਘ ਜ਼ੀਰਾ,  ਬਾਬਾ ਫਰੀਦ  ਨਰਸਿੰਗ ਕਾਲਜ  ਕੋਟਕਪੁਰਾ  ਦੇ  ਡਾ.  ਮਨਜੀਤ  ਸਿੰਘ  ਢਿੱਲੋਂ ਤੋਂ ਇਲਾਵਾ ਫਿਲਮ ਦੀ ਸਟਾਰ ਕਾਸਟ ਨੀਰੂ ਬਾਜਵਾ, ਅੰਮ੍ਰਿਤ ਮਾਨ, ਕਰਮਜੀਤ ਅਨਮੋਲ, ਸਰਦਾਰ ਸੋਹੀ, ਨੀਸ਼ਾ ਵਾਨੋ, ਪ੍ਰੀਤੋ ਸਾਨੀ, ਅਨਮੋਲ ਵਰਮਾ, ਰਾਜੂ ਵਰਮਾ  ਤੇ ਫਿਲਮ ਦੇ ਸਹਿ ਨਿਰਮਾਤਾ ਜੀ. ਆਰ. ਐੱਸ. ਛੀਨਾ ਵੀ ਹਾਜ਼ਰ ਸਨ। ਇਹ ਫਿਲਮ ਪੰਜਾਬ ਦੇ ਵਿਸਰਦੇ ਜਾ ਰਹੇ ਵਿਰਸੇ ਤੇ ਸੱਭਿਆਚਾਰ ਦੀ ਗੱਲ ਕਰਦਿਆਂ ਪੰਜਾਬ ਦੀ ਜਵਾਨੀ ਦਾ ਨਸ਼ਿਆਂ ਵਿਚ ਫਸਣਾ, ਵਿਦੇਸ਼ਾਂ ਨੂੰ ਭੱਜਣਾ ਤੇ ਹੋਰ ਸਮੱਸਿਆਵਾਂ ਨੂੰ ਬਾਖੂਬੀ ਬਿਆਨ ਕਰਦੀ ਹੈ।

ਇਸ ਮੌਕੇ ਬਾਜਵਾ ਨੇ ਕਿਹਾ ਕਿ ਇਹ ਫਿਲਮ ਪੰਜਾਬ ਦੀ ਮੌਜੂਦਾ ਸਥਿਤੀ ਨੂੰ ਸਹੀ ਤਰੀਕੇ ਨਾਲ ਪੇਸ਼ ਕਰਦੀ ਹੈ। ਇਸ ਮੌਕੇ ਪ੍ਰੋ. ਛਤਰਪਾਲ ਸਿੰਘ ਨੇ ਕਿਹਾ ਕਿ  ਇਹ ਫਿਲਮ ਪੰਜਾਬ ਦੀ ਤਰਾਸਦੀ ਨੂੰ ਸਾਹਮਣੇ ਲਿਆ ਕੇ ਉਸ ਦਾ ਹੱਲ ਵੀ ਦੱਸਣ ਦੀ ਕੋਸ਼ਿਸ਼ ਕਰਦੀ  ਹੈ।  ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਮੰਗ ਕਰਨਗੇ ਕਿ ਫਿਲਮ ਦਾ ਟੈਕਸ ਮੁਆਫ ਕੀਤਾ ਜਾਵੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News