ਪਿਆਰ ''ਚ ਪੈਣਾ ਹੀ ਲਵਯਾਤਰੀ ਹੈ : ਆਯੁਸ਼ ਸ਼ਰਮਾ

10/4/2018 8:54:24 AM

ਸਲਮਾਨ ਖਾਨ ਦੀ ਪ੍ਰੋਡਕਸ਼ਨ 'ਚ ਬਣ ਰਹੀ ਫਿਲਮ 'ਲਵਯਾਤਰੀ' ਇਕ ਰੋਮਾਂਟਿਕ ਲਵ ਸਟੋਰੀ ਹੈ, ਜਿਸ ਨਾਲ ਸਲਮਾਨ ਦਾ ਜੀਜਾ ਆਯੁਸ਼ ਸ਼ਰਮਾ ਬਾਲੀਵੁੱਡ 'ਚ ਡੈਬਿਊ ਕਰ ਰਿਹਾ ਹੈ। ਫਿਲਮ 'ਚ ਉਸ ਦੇ ਆਪੋਜ਼ਿਟ ਵਰੀਨਾ ਹੁਸੈਨ ਹੈ, ਜੋ ਇਸ ਫਿਲਮ ਰਾਹੀਂ ਬਾਲੀਵੁੱਡ 'ਚ ਐੈਂਟਰੀ ਕਰ ਰਹੀ ਹੈ। ਅਭੀਰਾਜ ਮੀਨਾਵਾਲਾ ਦੀ ਡਾਇਰੈਕਸ਼ਨ 'ਚ ਬਣੀ 'ਲਵਯਾਤਰੀ' ਦਾ ਪਹਿਲਾਂ ਨਾਂ 'ਲਵਰਾਤਰੀ' ਸੀ। ਫਿਲਮ ਦੀ ਕਹਾਣੀ ਗੁਜਰਾਤ ਬੇਸਡ ਤੇ ਖਾਸ ਕਰਕੇ ਗਰਬਾ-ਡਾਂਡੀਆ ਉਤਸਵ ਨਾਲ ਅੱਗੇ ਵਧਦੀ ਹੈ। 5 ਅਕਤੂਬਰ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਦੀ ਪ੍ਰਮੋਸ਼ਨ ਲਈ ਦਿੱਲੀ ਪਹੁੰਚੇ ਆਯੁਸ਼ ਸ਼ਰਮਾ ਤੇ ਵਰੀਨਾ ਹੁਸੈਨ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ ਜਗ ਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ।
ਪਿਆਰਾ ਮੈਸੇਜ ਦਿੰਦੀ ਹੈ ਫਿਲਮ : ਆਯੁਸ਼ ਸ਼ਰਮਾ
ਪਹਿਲੀ ਹੀ ਫਿਲਮ ਨਾਲ ਸਾਰੇ ਲੋਕਾਂ ਦਾ ਇੰਨਾ ਪਿਆਰ ਮਿਲ ਰਿਹਾ ਹੈ, ਯਕੀਨ ਹੀ ਨਹੀਂ ਹੁੰਦਾ। ਮੈਨੂੰ ਯਕੀਨ ਹੈ ਕਿ ਇਹ ਫਿਲਮ ਸਾਰਿਆਂ ਨੂੰ ਪਸੰਦ ਆਉਣ ਵਾਲੀ ਹੈ। ਇਹ ਇਕ ਰੋਮਾਂਟਿਕ ਸਟੋਰੀ ਹੈ। ਗਰਬਾ ਵਿਚ ਅਸੀਂ ਦੋਵੇਂ ਮਿਲਦੇ ਹਾਂ। ਉਹ ਲੰਡਨ 'ਚ ਰਹਿੰਦੀ ਹੈ ਤੇ ਮੈਂ ਵਡੋਦਰਾ 'ਚ। ਸਾਡੇ ਦੋਹਾਂ 'ਚ ਪਿਆਰ ਹੋ ਜਾਂਦਾ ਹੈ। ਦਰਅਸਲ, ਇਹ ਫਿਲਮ ਇਕ ਪਿਆਰਾ ਮੈਸੇਜ ਵੀ ਦਿੰਦੀ ਹੈ ਕਿ ਕਲਚਰ ਵੱਖ-ਵੱਖ ਹੋਣ 'ਤੇ ਵੀ ਪਿਆਰ ਨੂੰ ਕਿਵੇਂ ਨਿਭਾਇਆ ਜਾਂਦਾ ਹੈ।
ਸਲਮਾਨ ਮੇਰਾ ਵੱਡਾ ਭਰਾ ਤੇ ਗੁਰੂ ਵੀ
ਮੈਂ ਕਦੇ-ਕਦੇ ਭੁੱਲ ਜਾਂਦਾ ਹਾਂ ਕਿ ਸਲਮਾਨ ਅਰਪਿਤਾ ਦਾ ਭਰਾ ਹੈ। ਮੈਨੂੰ ਲੱਗਦਾ ਹੈ ਕਿ ਉਹ ਮੇਰਾ ਵੀ ਵੱਡਾ ਭਰਾ ਹੈ। ਮੈਂ ਉਸ ਨਾਲ ਛੋਟੀਆਂ-ਛੋਟੀਆਂ ਸਾਰੀਆਂ ਗੱਲਾਂ ਸ਼ੇਅਰ ਕਰਦਾ ਹਾਂ। ਜਦੋਂ ਅਸੀਂ ਕੰਮ ਕਰਦੇ ਹਾਂ ਤਾਂ ਉਹ ਇੰਨੇ ਪਿਆਰ ਨਾਲ ਪੇਸ਼ ਆਉਂਦਾ ਹੈ ਕਿ ਮੈਂ ਭੁੱਲ ਜਾਂਦਾ ਹਾਂ ਕਿ ਉਹ ਸਾਡਾ ਨਿਰਮਾਤਾ ਹੈ। ਮੈਂ ਫਿਲਮ 'ਚ ਸਲਮਾਨ ਭਰਾ ਤੋਂ ਬਹੁਤ ਕੁਝ ਸਿੱਖਿਆ ਹੈ। ਉਸ ਵਾਂਗ ਬਣਨ ਦੀ ਕੋਸ਼ਿਸ਼ ਨਹੀਂ ਕੀਤੀ। ਮੈਂ ਹਰ ਸੰਭਵ ਕੋਸ਼ਿਸ਼ ਕੀਤੀ ਹੈ ਕਿ ਸਲਮਾਨ ਭਰਾ ਨੂੰ ਨਿਰਾਸ਼ ਨਾ ਕਰਾਂ। ਉਹ ਮੇਰੇ ਲਈ ਗੁਰੂ ਹਨ।
ਆਹਿਲ ਦਾ ਦੋਸਤ ਹਾਂ ਮੈਂ
ਆਯੁਸ਼ ਦੱਸਦਾ ਹੈ ਕਿ ਅਰਪਿਤਾ ਬਹੁਤ ਹੀ ਸਮਝਦਾਰ ਹੈ। ਉਹ ਬਿਨਾਂ ਕੁਝ ਕਹੇ ਮੈਨੂੰ ਸਮਝ ਜਾਂਦੀ ਹੈ। ਉਸ ਨੇ ਇਸ ਫਿਲਮ ਦਾ ਜਦੋਂ ਟ੍ਰੇਲਰ ਦੇਖਿਆ ਤਾਂ ਉਹ ਬਹੁਤ ਹੀ ਇਮੋਸ਼ਨਲ ਹੋ ਗਈ ਸੀ। ਅਰਪਿਤਾ ਦੇ ਦੋ ਬੇਟੇ ਹਨ। ਇਕ ਮੈਂ ਅਤੇ ਇਕ ਆਹਿਲ। ਮੇਰਾ ਬੇਟਾ ਅਰਪਿਤਾ ਦੇ ਬਹੁਤ ਕਰੀਬ ਹੈ ਅਤੇ ਉਹ ਮੈਨੂੰ ਇਕ ਦੋਸਤ ਵਾਂਗ ਸਮਝਦਾ ਹੈ। ਜੋ ਕੰਮ ਅਰਪਿਤਾ ਉਸ ਨੂੰ ਨਹੀਂ ਕਰਨ ਦਿੰਦੀ ਤਾਂ ਉਹ ਮੇਰੇ ਕੋਲੋਂ ਕਰਵਾਉਂਦਾ ਹੈ। ਉਸ ਨੂੰ ਲੱਗਦਾ ਹੈ ਕਿ ਮੈਂ ਉਸ ਦਾ ਦੋਸਤ ਹਾਂ ਅਤੇ ਅਜੇ ਕੰਮ ਲਈ ਬਾਹਰ ਗਿਆ ਹਾਂ, ਫਿਰ ਵਾਪਸ ਆਵਾਂਗਾ, ਉਸ ਨਾਲ ਖੇਡਾਂਗਾ।
ਸਲਮਾਨ ਸਰ ਦਾ ਸਾਥ : ਵਰੀਨਾ ਹੁਸੈਨ
ਮੈਂ ਸਲਮਾਨ ਸਰ ਦੀ ਸ਼ੁਕਰਗੁਜ਼ਾਰ ਹਾਂ ਕਿ ਉਸ ਨੇ ਮੈਨੂੰ ਇਸ ਫਿਲਮ 'ਚ ਕੰਮ ਕਰਨ ਦਾ ਮੌਕਾ ਦਿੱਤਾ ਅਤੇ ਮੇਰੀ ਮਾਂ, ਜਿਸ ਨੇ ਬਹੁਤ ਤਕਲੀਫਾਂ ਤੇ ਮੁਸੀਬਤਾਂ 'ਚ ਮੈਨੂੰ ਪਾਲ਼ ਕੇ ਵੱਡਾ ਕੀਤਾ ਅਤੇ ਫਿਲਮ ਇੰਡਸਟਰੀ 'ਚ ਮੈਨੂੰ ਕਦੇ ਕੰਮ ਕਰਨ ਦਾ ਮੌਕਾ ਮਿਲੇਗਾ, ਇਸ 'ਤੇ ਮੇਰੀ ੳੁਸ ਨੂੰ ਵਿਸ਼ਵਾਸ ਨਹੀਂ ਸੀ ਪਰ ਸਲਮਾਨ ਖਾਨ ਕਾਰਨ ਹੀ ਇਹ ਸੰਭਵ ਹੋ ਸਕਿਆ ਹੈ। ਮੈਂ ਬਹੁਤ ਖੁਸ਼ਨਸੀਬ ਹਾਂ ਕਿ ਮੈਨੂੰ ਸਲਮਾਨ ਸਰ ਦਾ ਸਾਥ ਮਿਲਿਆ। ਮੇਰੀ ਮਾਂ, ਜੋ ਕਿ ਅਫਗਾਨ ਮੂਲ ਦੀ ਹੈ, ਨੇ ਮੈਨੂੰ ਬਹੁਤ ਸੰਕਟਾਂ 'ਚੋਂ ਬਾਹਰ ਕੱਢਿਆ ਹੈ। ਹੁਣ ਮੇਰੀ ਪਹਿਲੀ ਫਿਲਮ ਰਿਲੀਜ਼ ਹੋ ਰਹੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਅੱਜ ਮੈਂ ਜੋ ਵੀ ਹਾਂ, ਇਨ੍ਹਾਂ ਦੋਹਾਂ ਕਾਰਨ ਹਾਂ। ਇਸ ਫਿਲਮ 'ਚ ਕੰਮ ਕਰਨਾ ਮੇਰੇ ਲਈ ਸੁਪਨਾ ਸੱਚ ਹੋਣ ਵਾਂਗ ਹੈ।
ਥੋੜ੍ਹਾ ਡਰ ਲੱਗ ਰਿਹਾ ਹੈ
ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਥੋੜ੍ਹਾ ਡਰ ਲੱਗ ਰਿਹਾ ਹੈ। ਅਜਿਹਾ ਮਹਿਸੂਸ ਹੋ ਰਿਹਾ ਹੈ ਕਿ ਲੋਕਾਂ ਦਾ ਕੀ ਰਿਐਕਸ਼ਨ ਹੋਵੇਗਾ....ਉਹ ਕੀ ਬੋਲਣਗੇ। ਫਿਲਮ ਦੇ ਗਾਣੇ ਤਾਂ ਸਾਰਿਆਂ ਨੂੰ ਪਸੰਦ ਆ ਰਹੇ ਹਨ, ਉਮੀਦ ਹੈ ਕਿ ਫਿਲਮ ਵੀ ਸਾਰਿਆਂ ਨੂੰ ਪਸੰਦ ਆਵੇਗੀ।
ਜ਼ਿੰਦਗੀ 'ਚ ਆਏ ਕਾਫੀ ਬਦਲਾਅ
ਜਦੋਂ ਤੋਂ ਇਸ ਫਿਲਮ ਨਾਲ ਜੁੜੀ ਹਾਂ, ਉਦੋਂ ਤੋਂ ਮੇਰੀ ਜ਼ਿੰਦਗੀ 'ਚ ਬਹੁਤ ਬਦਲਾਅ ਆਏ ਹਨ। ਪਹਿਲਾਂ ਮੈਨੂੰ ਕੋਈ ਨਹੀਂ ਜਾਣਦਾ ਸੀ... ਹੁਣ ਸਭ ਜਾਣਨ ਲੱਗੇ ਹਨ। ਲੋਕ ਨਾਂ ਨਾਲ ਮੈਨੂੰ ਬੁਲਾਉਂਦੇ ਹਨ। ਬਹੁਤ ਚੰਗਾ ਲੱਗਦਾ ਹੈ। ਹੁਣ ਤੁਸੀਂ ਕਿਤੇ ਜਾਓ ਤੇ ਲੋਕ ਤੁਹਾਨੂੰ ਪਛਾਣਨ ਤਾਂ ਬੜਾ ਮਾਣ ਮਹਿਸੂਸ ਹੁੰਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News