ਸਿਨੇ ਸਟਾਰ ਅਭਿਸ਼ੇਕ ਬੱਚਨ ਨਾਲ ''ਜਗ ਬਾਣੀ'' ਦੀ ਖਾਸ ਗੱਲਬਾਤ

Tuesday, August 28, 2018 9:04 AM
ਸਿਨੇ ਸਟਾਰ ਅਭਿਸ਼ੇਕ ਬੱਚਨ ਨਾਲ ''ਜਗ ਬਾਣੀ'' ਦੀ ਖਾਸ ਗੱਲਬਾਤ

ਅੰਮ੍ਰਿਤਸਰ/ਜਲੰਧਰ(ਸ. ਹ., ਸੁਪ੍ਰਿਯਾ)— 2000 ਵਿਚ 'ਰਿਫਿਊਜੀ' ਨਾਲ ਬਾਲੀਵੁੱਡ ਵਿਚ ਐਂਟਰੀ ਕਰਨ ਵਾਲੇ ਅਭਿਸ਼ੇਕ ਬੱਚਨ ਅਤੇ 14 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ 'ਮਨਮਰਜ਼ੀਆਂ'  ਦੇ ਵਿਚਾਲੇ ਅਭਿਸ਼ੇਕ ਨੇ ਇੰਨੀ ਧੂਮ ਮਚਾਈ ਕਿ 'ਧੂਮ-3' ਬਣ ਗਈ। ਨੌਜਵਾਨ ਦਿਲਾਂ ਵਿਚ ਉਤਰਿਆ ਤਾਂ 'ਸਰਕਾਰ' ਬਣ ਗਈ। 'ਬੰਟੀ ਅਤੇ ਬਬਲੀ' 'ਚ ਚੁਲਬਲੀ ਅਦਾਵਾਂ ਤੋਂ ਪਹਿਲਾਂ 'ਢਾਈ ਅਕਸ਼ਰ ਪ੍ਰੇਮ ਕੇ' ਸਿੱਖ ਕੇ ਮਿਸ ਵਰਲਡ ਅਤੇ ਬਾਲੀਵੁੱਡ ਦੀ ਸੁਪਰਸਟਾਰ ਐਸ਼ਵਰਿਆ ਰਾਏ ਨਾਲ ਵਿਆਹ ਕਰ ਲਿਆ। 'ਗੁਰੂ' ਵਿਚ ਐਕਟਿੰਗ ਦੇ 'ਗੁਰੂ' ਬਣੇ ਅਤੇ 2 ਸਾਲ ਤੋਂ ਬਾਅਦ ਹੁਣ ਉਹ 14 ਸਤੰਬਰ ਨੂੰ ਰਿਲੀਜ਼ ਹੋ ਰਹੀ ਫਿਲਮ  'ਮਨਮਰਜ਼ੀਆਂ' ਵਿਚ ਸਰਦਾਰ ਦੀ 'ਅਸਰਦਾਰ' ਭੂਮਿਕਾ ਵਿਚ ਨਜ਼ਰ ਆਉਣਗੇ। ਸ਼ੂਟਿੰਗ ਖਤਮ ਹੋਣ ਤੋਂ ਬਾਅਦ 'ਸ਼ੁਕਰਾਨਾ' ਕਰਨ ਆਏ ਅਭਿਸ਼ੇਕ ਨੇ ਅੰਮ੍ਰਿਤਸਰ ਸ਼ਹਿਰ ਦੀ ਤਾਰੀਫ ਕਰਦਿਆਂ ਕਿਹਾ ਕਿ ਮੈਂ ਫਿਰ ਤੋਂ ਨਵੀਂ ਕਹਾਣੀ ਦੇ ਨਾਲ ਇਸ ਪਵਿੱਤਰ ਸ਼ਹਿਰ ਵਿਚ ਕੁਝ ਹੋਰ ਦਿਨਾਂ ਲਈ ਰਹਿਣਾ ਚਾਹਾਂਗਾ। ਅਭਿਸ਼ੇਕ ਨੇ ਫਿਲਮ ਤੋਂ ਲੈ ਕੇ ਰਾਜਨੀਤੀ ਤੱਕ ਖੁਲ੍ਹ ਕੇ 'ਜਗ ਬਾਣੀ' ਨਾਲ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼ :-
ਤੁਸੀਂ 40 ਦਿਨਾਂ ਤੱਕ ਅੰਮ੍ਰਿਤਸਰ 'ਚ ''ਮਨਮਰਜ਼ੀਆਂ' ' ਕਰਦੇ ਰਹੇ, ਤੁਹਾਡਾ ਮਨ ਹੈ ਅਤੇ ਤੁਹਾਡੀ ਮਰਜ਼ੀ ਪਰ 'ਮਨਮਰਜ਼ੀਆਂ'  ਕਿਸ ਦੀਆਂ ਚੱਲਣਗੀਆਂ। ਫਿਲਮ ਵਿਚ ਟਾਪ-5 ਨਾਂ ਅਜਿਹੇ ਹਨ, ਜੋ 'ਏ' ਨਾਲ ਹਨ, ਹੀਰੋ ਅਭਿਸ਼ੇਕ ਬੱਚਨ ਹੈ, ਡਾਇਰੈਕਟਰ ਅਨੁਰਾਗ ਕਸ਼ਯਪ ਹੈ, ਪ੍ਰੋਡਿਊਸਰ ਆਨੰਦ ਐੱਲ. ਰਾਏ ਹੈ, ਮਿਊਜ਼ਿਕ ਅਮਿਤ ਤ੍ਰਿਵੇਦੀ ਦਾ ਹੈ, ਸਹਿ-ਕਲਾਕਾਰ ਅਕਸ਼ੇ ਅਰੋੜਾ ਹੈ। ਇਹ ਸੰਯੋਗ ਹੀ ਹੈ, ਅੰਧਵਿਸ਼ਵਾਸ ਤਾਂ ਨਹੀਂ। ਕਿਹਾ ਜਾਂਦਾ ਹੈ 'ਏ' ਅੱਖਰ ਹਰ ਕੰਮ ਵਿਚ ਅੱਗੇ ਰਹਿੰਦਾ ਹੈ?
ਬੱਚਨ : 40 ਦਿਨਾਂ ਤੱਕ ਅੰਮ੍ਰਿਤਸਰ ਵਿਚ ਖੂਬ 'ਮਨਮਰਜ਼ੀਆਂ' ਕੀਤੀਆਂ, ਲੱਸੀ ਪੀਤੀ, ਸ਼ੂਟਿੰਗ ਕੀਤੀ। ਇਥੋਂ ਦੇ ਲੋਕ ਬਹੁਤ ਚੰਗੇ ਹਨ। ਮੇਰੀ ਦਾਦੀ ਪੰਜਾਬਣ ਸੀ। ਮੇਰੇ ਖੂਨ ਵਿਚ ਪੰਜਾਬੀਅਤ ਹੈ। ਰਹੀ ਗੱਲ ''ਮਨਮਰਜ਼ੀਆਂ' ' ਦੀ ਤਾਂ ਸ਼ੂਟਿੰਗ ਲਈ 40 ਦਿਨ ਇਸ ਪਵਿੱਤਰ ਨਗਰੀ ਵਿਚ ਗੁਜ਼ਾਰੇ ਹਨ। ਇੱਛਾ ਹੈ ਕਿ ਨਵੀਂ ਫਿਲਮ ਦੀ ਸ਼ੂਟਿੰਗ ਇਥੇ ਕਰਾਂ। 'ਏ' ਅੱਖਰ ਦਾ ਸਵਾਲ ਹੈ ਤਾਂ ਇਹ ਸਿਰਫ ਸੰਯੋਗ ਹੈ। ਇਸ ਬਾਰੇ ਨਾ ਅਸੀਂ ਸੋਚਿਆ, ਨਾ ਕਿਸੇ ਨੇ ਸਵਾਲ ਹੀ ਕੀਤਾ। 'ਏ' ਅੱਖਰ ਦਾ ਕਮਾਲ 14 ਸਤੰਬਰ ਨੂੰ ਦੇਖਣ ਨੂੰ ਮਿਲੇਗਾ। 'ਮਨਮਰਜ਼ੀਆਂ'  ਤਾਂ ਦਰਸ਼ਕਾਂ ਦੀਆਂ ਹੀ ਚੱਲਣਗੀਆਂ। 
ਤੁਸੀਂ ਮਿਸ ਵਰਲਡ ਐਸ਼ਵਰਿਆ ਦੇ ਪਤੀ ਹੋ, ਬਾਲੀਵੁੱਡ ਦੇ ਸ਼ਹਿਨਸ਼ਾਹ ਅਮਿਤਾਭ ਬੱਚਨ ਦੇ ਬੇਟੇ ਹੋ ਅਤੇ ਹਿੰਦੀ ਫਿਲਮਾਂ ਦੀ ਸਫਲ ਅਭਿਨੇਤਰੀ ਜਯਾ ਬੱਚਨ ਦੇ ਬੇਟੇ ਹੋ, ਤੁਸੀਂ ਕਿਸ 'ਪਛਾਣ' ਨਾਲ ਖੁਸ਼ ਹੁੰਦੇ ਹੋ, ਕੀ ਤੁਸੀਂ ਰਾਜਨੀਤੀ ਵਿਚ ਆਓਗੇ? 
ਬੱਚਨ : ਸਵਰਗਵਾਸੀ ਹਰਿਵੰਸ਼ ਰਾਏ ਬੱਚਨ ਜੀ ਦੇ ਪੋਤਰੇ ਦੀ ਪਛਾਣ ਮੇਰੇ ਲਈ 'ਮਾਣ' ਦੀ ਗੱਲ ਹੈ ਅਤੇ ਮਾਂ-ਬਾਪ, ਪਤਨੀ ਤੇ ਪਰਿਵਾਰ 'ਸਨਮਾਨ' ਦੀ ਗੱਲ ਹੈ। ਮੈਂ ਰਾਜਨੀਤੀ ਵਿਚ ਨਹੀਂ ਆਵਾਂਗਾ। ਪਿਤਾ ਦਾ ਰਾਜਨੀਤੀ ਵਿਚ ਦੁਬਾਰਾ ਆਉਣਾ ਸੰਭਵ ਨਹੀਂ।
ਫਿਲਮ ਦੀ ਕਹਾਣੀ ਅਤੇ ਕਿਰਦਾਰ ਦੇ ਨਾਲ ਸਰਦਾਰ ਦੀ ਅਸਰਦਾਰ ਭੂਮਿਕਾ ਵਿਚ ਪਰਤਣਾ ਕੀ ਪੰਜਾਬੀ ਫਿਲਮਾਂ ਲਈ ਸੱਦਾ ਦੇਣਾ ਤਾਂ ਨਹੀਂ। ਇਲਾਹਾਬਾਦ ਕਿੰਨਾ ਯਾਦ ਆਉਂਦਾ ਹੈ, ਪਰਿਵਾਰ ਦੀ 'ਬਾਗਬਾਨ' ਕਦੋਂ ਆਏਗੀ?
ਬੱਚਨ : ਫਿਲਮ ਵਿਚ ਮੈਂ ਸਰਦਾਰ ਦੀ ਭੂਮਿਕਾ ਨਿਭਾਈ ਹੈ। ਪੰਜਾਬੀ ਸਿੱਖੀ ਹੈ, ਦਾਦੀ ਪੰਜਾਬਣ ਸੀ, ਅਜਿਹੇ ਵਿਚ ਖੂਨ ਤਾਂ ਪੰਜਾਬੀ ਹੈ। ਜੇ ਪੰਜਾਬੀ ਫਿਲਮਾਂ ਵਿਚ ਮੌਕਾ ਮਿਲਿਆ ਤਾਂ ਜ਼ਰੂਰ ਕਰਾਂਗਾ। ਇਲਾਹਾਬਾਦ ਮੈਂ ਪਿਤਾ ਜੀ ਦੀਆਂ ਚੋਣਾਂ ਦੌਰਾਨ ਗਿਆ ਸੀ। ਸਿਵਲ ਲਾਈਨ ਦੀਆਂ ਜਲੇਬੀਆਂ ਬਹੁਤ ਪਸੰਦ ਹਨ। ਅੰਮ੍ਰਿਤਸਰ ਦਾ ਖਾਣ-ਪਾਣ ਬੱਲੇ-ਬੱਲੇ ਹੈ। ਲੱਸੀ ਤਾਂ ਸ਼ਾਨਦਾਰ ਹੈ। ਫਿਲਮ ਦੀ ਕਹਾਣੀ ਅੰਮ੍ਰਿਤਸਰ ਦੀ ਬੇਟੀ ਕਨਿਕਾ ਢਿੱਲੋਂ ਦੀ ਹੈ। ਫਿਲਮ ਵਿਚ 15 ਗਾਣੇ ਹਨ। ਕਹਾਣੀ ਮਾਡਰਨ ਪਿਆਰ 'ਤੇ ਆਧਾਰਿਤ ਹੈ। ਫਿਲਮ ਵਿਚ ਵਿੱਕੀ ਕੌਸ਼ਲ ਅਤੇ ਤਾਪਸੀ ਪੰਨੂ, ਅਕਸ਼ੇ ਅਰੋੜਾ ਹਨ। ਕਹਾਣੀ ਮਜ਼ੇਦਾਰ ਹੈ। ਡਾਇਰੈਕਟਰ ਅਨੁਰਾਗ ਕਸ਼ਯਪ ਨੇ ਕਮਾਲ ਕੀਤਾ ਹੈ ਅਤੇ ਸਭ ਤੋਂ ਵੱਡੀ ਗੱਲ ਹੈ ਕਿ ਇਹ ਫਿਲਮ ਗੁਰੂ ਕੀ ਨਗਰੀ ਵਿਚ ਬਣੀ ਹੈ। ਸ੍ਰੀ ਹਰਿਮੰਦਰ ਸਾਹਿਬ ਵਿਚ ਅਰਦਾਸ ਵੀ ਕੀਤੀ ਸੀ ਅਤੇ ਸ਼ੁਕਰਾਨਾ ਵੀ ਕਰ ਰਿਹਾ ਹਾਂ। ਦਲਜੀਤ ਦੀਆਂ ਫਿਲਮਾਂ ਦੇਖਦਾ ਹਾਂ। ਦਾਰਾ ਸਿੰਘ ਜੀ ਦੀਆਂ ਪੰਜਾਬੀ ਫਿਲਮਾਂ ਦੇਖਦਾ ਹੁੰਦਾ ਸੀ। 'ਗੁਲਾਬ ਜਾਮੁਨ' ਵਿਚ ਐਸ਼ਵਰਿਆ ਰਾਏ ਨਾਲ ਆਵਾਂਗਾ ਪਰ ਪਰਿਵਾਰ ਦੇ ਨਾਲ 'ਬਾਗਬਾਨ' ਵਰਗੀ ਫਿਲਮ ਲਿਆਉਣ ਲਈ ਕਹਾਣੀ ਦਾ ਇੰਤਜ਼ਾਰ ਹੈ।


Edited By

Sunita

Sunita is news editor at Jagbani

Read More