ਅਸਲ ਜ਼ਿੰਦਗੀ ਦਾ ਸੁਪਰ ਹੀਰੋ ਹੈ ''ਪੈਡਮੈਨ''

2/7/2018 12:52:48 PM

ਨਵੀਂ ਦਿੱਲੀ(ਬਿਊਰੋ)— ਖਿਲਾੜੀ ਕੁਮਾਰ ਦੇ ਨਾਂ ਨਾਲ ਮਸ਼ਹੂਰ ਅਭਿਨੇਤਾ ਅਕਸ਼ੈ ਕੁਮਾਰ ਆਪਣੇ ਕੈਰੀਅਰ ਦੀ ਸ਼ੁਰੂਆਤ ਤੋਂ ਹੀ ਵੱਖ-ਵੱਖ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾ ਰਿਹਾ ਹੈ। ਹਰ ਚੁਣੌਤੀ ਭਰੇ ਕਿਰਦਾਰ ਨੂੰ ਅਕਸ਼ੈ ਕੁਮਾਰ ਬਾਖੂਬੀ ਨਿਭਾਉਂਦਾ ਹੈ ਅਤੇ ਇਸ ਗੱਲ ਨੂੰ ਇਕ ਵਾਰ ਫਿਰ ਤੋਂ ਉਸ ਨੇ 'ਪੈਡਮੈਨ' ਜ਼ਰੀਏ ਸਾਬਿਤ ਵੀ ਕੀਤਾ ਹੈ। ਪਿਛਲੇ ਕੁਝ ਸਮੇਂ ਤੋਂ ਦੇਸ਼ਭਗਤੀ ਅਤੇ ਸਮਾਜਿਕ ਸਰੋਕਾਰ ਵਾਲੀਆਂ ਫਿਲਮਾਂ ਵੱਲ ਉਸ ਦਾ ਝੁਕਾਅ ਜ਼ਿਆਦਾ ਰਿਹਾ ਹੈ। ਫਿਲਮ 'ਪੈਡਮੈਨ' ਵੀ ਸੋਸ਼ਲ ਮੈਸੇਜ ਦਿੰਦੀ ਅਜਿਹੀ ਹੀ ਇਕ ਫਿਲਮ ਹੈ। 'ਪੈਡਮੈਨ' ਔਰਤਾਂ ਦੇ ਪੀਰੀਅਡਸ ਨਾਲ ਜੁੜੀਆਂ ਦਿੱਕਤਾਂ ਬਾਰੇ ਗੱਲ ਕਰਦੀ ਹੈ। ਇਹ ਕੋਇੰਬਟੂਰ ਦੇ ਸਮਾਜ ਸੇਵੀ ਅਰੁਣਾਚਲਮ ਮੁਰੂਗਨਾਂਥਮ ਦੀ ਕਹਾਣੀ 'ਤੇ ਆਧਾਰਿਤ ਹੈ, ਜਿਨ੍ਹਾਂ ਨੇ ਆਪਣੇ ਪਿੰਡ ਦੀਆਂ ਔਰਤਾਂ ਲਈ ਸਸਤੇ ਸੈਨੇਟਰੀ ਪੈਡ ਤਿਆਰ ਕਰਨ ਦਾ ਬੀੜਾ ਚੁੱਕਿਆ। ਫਿਲਮ 'ਚ ਅਕਸ਼ੈ ਤੋਂ ਇਲਾਵਾ ਸੋਨਮ ਕਪੂਰ ਅਤੇ ਰਾਧਿਕਾ ਆਪਟੇ ਵੀ ਅਹਿਮ ਭੂਮਿਕਾਵਾਂ 'ਚ ਹਨ। ਫਿਲਮ ਦੀ ਪ੍ਰਮੋਸ਼ਨ ਲਈ ਦਿੱਲੀ ਪਹੁੰਚੇ ਅਕਸ਼ੈ ਕੁਮਾਰ ਨੇ ਨਵੋਦਿਆ ਟਾਈਮਜ਼/ਜਗ ਬਾਣੀ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ : 
'ਪੈਡਮੈਨ ਬਣਾਉਣ ਦਾ ਆਈਡੀਆ ਟਵਿੰਟਲ ਦਾ'
ਫਿਲਮ ਨੂੰ ਲੈ ਕੇ ਅਕਸ਼ੈ ਨੇ ਕਿਹਾ, ''ਮੈਂ ਇਹ ਦੱਸਣਾ ਚਾਹਾਂਗਾ ਕਿ ਅਰੁਣਾਚਲਮ ਮੁਰੂਗਨਾਂਥਮ 'ਤੇ ਟਵਿੰਕਲ ਨੇ ਜੋ ਕਿਤਾਬ ਲਿਖੀ ਸੀ, ਉਹ ਆਪਣੀ ਜਗ੍ਹਾ 'ਤੇ ਅਤੇ ਫਿਲਮ ਆਪਣੀ ਜਗ੍ਹਾ 'ਤੇ, ਦੋਵਾਂ 'ਚ ਫਰਕ ਹੈ। ਹਾਂ, ਵਿਸ਼ਾ ਇਕ ਹੈ। ਦਰਅਸਲ, 'ਪੈਡਮੈਨ' ਬਣਾਉਣ ਦਾ ਆਈਡੀਆ ਮੇਰਾ ਨਹੀਂ, ਟਵਿੰਕਲ ਦਾ ਹੀ ਸੀ। ਫਿਰ ਮੈਨੂੰ ਵੀ ਲੱਗਾ ਕਿ ਇੰਨੀ ਵੱਡੀ ਸਮੱਸਿਆ 'ਤੇ ਫਿਲਮ ਬਣਨੀ ਚਾਹੀਦੀ ਹੈ। ਟਵਿੰਕਲ ਨੇ ਹੀ ਮੁਰੂਗਨਾਂਥਮ ਬਾਰੇ ਜਾਣਕਾਰੀ ਹਾਸਲ ਕੀਤੀ, ਉਨ੍ਹਾਂ ਨਾਲ ਮੁਲਾਕਾਤ ਕੀਤੀ।'' ਅਕਸ਼ੈ ਨੇ ਦੱਸਿਆ ਕਿ ਫਿਲਮ ਦੇ ਸਾਰੇ ਡਾਇਲਾਗਸ ਆਰ. ਬਾਲਕੀ ਨੇ ਲਿਖੇ ਹਨ ਅਤੇ ਫਿਰ ਫਿਲਮ ਦੀ ਸਕ੍ਰਿਪਟ ਤਿਆਰ ਹੋਈ।
ਕੋਈ ਇਕ ਇਨਸਾਨ ਤਾਂ ਬਦਲੇਗਾ
ਅਕਸ਼ੈ ਕਹਿੰਦਾ ਹੈ, ''ਮੈਂ ਇਹ ਕਦੇ ਨਹੀਂ ਸੋਚਿਆ ਸੀ ਕਿ ਮੈਂ ਇਸ ਫਿਲਮ ਨਾਲ ਕੋਈ ਵੱਡਾ ਬਦਲਾਅ ਲੈ ਕੇ ਆਵਾਂਗਾ। ਮੇਰੇ ਲਈ ਇੰਨਾ ਹੀ ਬਹੁਤ ਹੈ ਕਿ ਕੋਈ ਇਕ ਹੀ ਇਨਸਾਨ ਬਦਲ ਜਾਵੇ। ਘੱਟੋ-ਘੱਟ ਕਿਸੇ ਦੀ ਜ਼ਿੰਦਗੀ ਤਾਂ ਬਦਲੇ। ਭਾਰਤ 'ਚ ਬਹੁਤ ਲੋਕਾਂ ਨੂੰ ਨਹੀਂ ਪਤਾ ਸੀ ਕਿ 82 ਫੀਸਦੀ ਔਰਤਾਂ ਸੈਨੇਟਰੀ ਪੈਡ ਇਸਤੇਮਾਲ ਨਹੀਂ ਕਰਦੀਆਂ। ਉਹ ਗੰਦਾ ਕੱਪੜਾ, ਸੁਆਹ, ਪੱਤੇ ਦੀ ਵਰਤੋਂ ਕਰਦੀਆਂ ਹਨ। ਇਸ ਕਾਰਨ 20 ਫੀਸਦੀ ਔਰਤਾਂ ਨੂੰ ਸਰਵਾਈਕਲ ਕੈਂਸਰ ਵਰਗੀਆਂ ਖਤਰਨਾਕ ਬੀਮਾਰੀਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ।
ਹਾਲੀਵੁੱਡ ਵੀ ਇਸ ਮੁੱਦੇ 'ਤੇ ਖਾਮੋਸ਼ ਸੀ
ਅਕਸ਼ੈ ਨੇ ਫਿਲਮ ਬਾਰੇ ਗੱਲ ਕਰਦੇ ਹੋਏ ਕਿਹਾ, ''ਪੀਰੀਅਡਸ ਅਤੇ ਸੈਨੇਟਰੀ ਪੈਡ ਵਰਗੇ ਮੁੱਦਿਆਂ 'ਤੇ ਸਾਡੇ ਸਮਾਜ 'ਚ ਅਜੇ ਇੰਨਾ ਖੁੱਲ੍ਹਾਪਣ ਨਹੀਂ ਹੈ ਅਤੇ ਲੋਕ ਇਸ 'ਤੇ ਝਿਜਕ ਨਾਲ ਹੀ ਗੱਲ ਕਰਦੇ ਹਨ। ਜਦੋਂ ਕੋਈ ਮੈਡੀਕਲ ਸਟੋਰ 'ਤੇ ਨੈਪਕਿਨ ਖਰੀਦਣ ਜਾਂਦਾ ਹੈ ਤਾਂ ਦੁਕਾਨਦਾਰ ਉਸ ਨੂੰ ਪੇਪਰ 'ਚ ਲਪੇਟ ਕੇ ਬਲੈਕ ਪਾਲੀਥੀਨ ਜਾਂ ਪੈਕੇਟ 'ਚ ਦਿੰਦਾ ਹੈ। ਇਸ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਪੀਰੀਅਡਸ ਸਬੰਧੀ ਲੋਕ ਕਿੰਨੀ ਸ਼ਰਮ ਮਹਿਸੂਸ ਕਰਦੇ ਹਨ। ਇਸ ਮੁੱਦੇ 'ਤੇ ਡਾਕੂਮੈਂਟਰੀਆਂ ਤਾਂ ਕਈ ਬਣੀਆਂ ਹਨ ਪਰ ਅਜੇ ਤਕ ਕੋਈ ਫਿਲਮ ਨਹੀਂ ਬਣੀ। ਹਾਲੀਵੁੱਡ 'ਚ ਵੀ ਅੱਜ ਤਕ ਕਿਸੇ ਨੇ ਇਸ ਮੁੱਦੇ 'ਤੇ ਫਿਲਮ ਨਹੀਂ ਬਣਾਈ ਕਿਉਂਕਿ ਇਸ 'ਤੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ। ਅਸੀਂ ਇਕ ਕੋਸ਼ਿਸ਼ ਕਰ ਰਹੇ ਹਾਂ, ਉਮੀਦ ਹੈ ਕਿ ਇਸ 'ਚ ਸਫਲਤਾ ਮਿਲੇਗੀ।''
ਪੀਰੀਅਡਸ ਦੇ ਨਾਂ 'ਤੇ ਔਰਤਾਂ ਘਰ ਨਾ ਬੈਠਣ
ਪੀਰੀਅਡਸ 'ਚ ਔਰਤਾਂ ਦੇ ਆਫਿਸ ਤੋਂ ਛੁੱਟੀ ਲੈਣ 'ਤੇ ਅਕਸ਼ੈ ਨੇ ਕਿਹਾ, ''ਪੀਰੀਅਡਸ ਦੌਰਾਨ ਔਰਤਾਂ ਨੂੰ ਆਫਿਸ ਤੋਂ ਛੁੱਟੀ ਨਹੀਂ ਲੈਣੀ ਚਾਹੀਦੀ। ਹਰ ਦਿਨ ਨੂੰ ਆਮ ਵਾਂਗ ਹੀ ਜਿਊਣਾ ਚਾਹੀਦਾ ਹੈ ਪਰ ਜੇਕਰ ਬਹੁਤ ਦਰਦ ਹੈ ਤਾਂ ਆਮ ਬੀਮਾਰੀ ਵਾਂਗ ਛੁੱਟੀ ਲੈ ਲੈਣੀ ਚਾਹੀਦੀ ਹੈ।''
ਪਿੰਡਾਂ-ਕਸਬਿਆਂ 'ਚ ਵੰਡੇ ਜਾਣ ਫ੍ਰੀ ਪੈਡ
ਅਕਸ਼ੈ ਨੇ ਕਿਹਾ, ''ਮੈਂ ਹੱਥ ਜੋੜ ਕੇ ਸਰਕਾਰ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਛੋਟੇ ਪਿੰਡਾਂ, ਕਸਬਿਆਂ 'ਚ ਪੈਡ ਫ੍ਰੀ 'ਚ ਦਿੱਤੇ ਜਾਣ। ਇਸ ਤੋਂ ਇਲਾਵਾ ਪੈਡਸ ਸਸਤੇ ਹੋਣੇ ਚਾਹੀਦੇ ਹਨ ਅਤੇ ਇਹ ਮੇਰੀ ਸਰਕਾਰ ਨੂੰ ਗੁਜ਼ਾਰਿਸ਼ ਹੈ। ਅਜਿਹੀ ਪਹਿਲ ਹੋ ਜਾਏ ਤਾਂ ਇਹੀ ਬਹੁਤ ਵੱਡਾ ਬਦਲਾਅ ਹੋਵੇਗਾ।
ਪੀਰੀਅਡਸ ਕਾਰਨ ਤੁਸੀਂ ਅਤੇ ਮੈਂ ਜਨਮ ਲੈਂਦੇ ਹਾਂ
ਅਕਸ਼ੈ ਕਹਿੰਦਾ ਹੈ ਕਿ ਮੈਨੂੰ ਅਜਿਹਾ ਲੱਗਦਾ ਹੈ ਕਿ ਕਿਉਂ ਔਰਤਾਂ ਪੀਰੀਅਡਸ ਬਾਰੇ ਲੁਕਾਉਂਦੀਆਂ ਹਨ। ਸਾਡਾ ਸਾਰਿਆਂ ਦਾ ਜਨਮ ਹੀ ਇਸ ਕਾਰਨ ਹੁੰਦਾ ਹੈ ਤਾਂ ਇਸ 'ਚ ਸ਼ਰਮ ਦੀ ਕੀ ਗੱਲ। ਜਦੋਂ ਕੋਈ ਔਰਤ ਇਸ ਬਾਰੇ ਗੱਲ ਕਰਦੀ ਹੈ ਤਾਂ ਉਸ ਨੂੰ ਗਰਲਜ਼ ਪ੍ਰਾਬਲਮ ਨਾ ਬੋਲ  ਕੇ ਸਿੱਧਾ ਪੀਰੀਅਡਸ ਪ੍ਰਾਬਲਮ ਬੋਲਣਾ ਚਾਹੀਦਾ ਹੈ। ਤੁਸੀਂ ਖੁੱਲ੍ਹੋਗੇ ਤਾਂ ਸਾਰੇ ਖੁੱਲ੍ਹਣਗੇ। ਅਕਸ਼ੈ ਨੇ ਕਿਹਾ ਕਿ ਪੀਰੀਅਡਸ ਲੁਕਾਉਣ ਜਾਂ ਸ਼ਰਮ ਕਰਨ ਦਾ ਵਿਸ਼ਾ ਨਹੀਂ। ਪੀਰੀਅਡਸ ਇਕ ਅਜਿਹਾ ਵਿਸ਼ਾ ਹੈ, ਜਿਸ ਬਾਰੇ ਪਰਿਵਾਰ ਦੇ ਲੋਕਾਂ ਨੂੰ ਖੁੱਲ੍ਹ ਕੇ ਗੱਲ ਕਰਨੀ ਚਾਹੀਦੀ ਹੈ।
...ਜਦੋਂ ਸਕ੍ਰੀਨਿੰਗ 'ਚ ਰੋਂਣ ਲੱਗੀ ਇਕ ਲੜਕੀ
ਇਸ ਦੌਰਾਨ ਅਕਸ਼ੈ ਨੇ ਇਕ ਅਸਲੀ ਕਿੱਸਾ ਸਾਂਝਾ ਕਰਦੇ ਹੋਏ ਦੱਸਿਆ ਕਿ ਹਾਲ ਹੀ 'ਚ 'ਪੈਡਮੈਨ' ਦੀ ਸਕ੍ਰੀਨਿੰਗ ਦੌਰਾਨ ਇਕ ਲੜਕੀ ਫਿਲਮ ਦੇਖਣ ਤੋਂ ਬਾਅਦ ਇਕ ਪਾਸੇ ਖੜ੍ਹੀ ਹੋ ਕੇ ਰੋਣ ਲੱਗੀ ਅਤੇ ਮੈਂ ਉਸ ਨੂੰ ਦੇਖ ਲਿਆ। ਮੈਂ ਆਰ. ਬਾਲਕੀ ਨੂੰ ਕਿਹਾ ਕਿ ਦੇਖੋ ਉਹ ਲੜਕੀ ਰੋ ਰਹੀ ਹੈ। ਉਦੋਂ ਅਸੀਂ ਉਸ ਨੂੰ ਪੁੱਛਿਆ ਕਿ ਕੀ ਹੋਇਆ? ਤੁਸੀਂ ਰੋ ਕਿਉਂ ਰਹੇ ਹੋ? ਉਸ ਲੜਕੀ ਨੇ ਦੱਸਿਆ ਕਿ ਇਸ ਫਿਲਮ ਨੂੰ ਦੇਖ ਕੇ ਮੈਨੂੰ ਰੋਣਾ ਆ ਗਿਆ ਕਿਉਂਕਿ ਮੇਰੇ ਘਰ 'ਚ ਮੇਰੇ ਨਾਲ ਪੀਰੀਅਡਸ ਦੌਰਾਨ ਗਲਤ ਵਿਵਹਾਰ ਹੁੰਦਾ ਹੈ। ਮੇਰੀ ਸੱਸ ਇਨ੍ਹਾਂ ਦਿਨਾਂ 'ਚ ਮੈਨੂੰ ਰਸੋਈ 'ਚ ਦਾਖਲ ਨਹੀਂ ਹੋਣ ਦਿੰਦੀ, ਪੂਜਾ ਨਹੀਂ ਕਰਨ ਦਿੰਦੀ, ਮੈਂ ਪਹਿਲਾਂ ਹੀ ਦਰਦ 'ਚ ਹੁੰਦੀ ਹਾਂ ਅਤੇ ਇਸ ਨਾਲ ਮੈਨੂੰ ਹੋਰ ਜ਼ਿਆਦਾ ਤਕਲੀਫ  ਹੁੰਦੀ ਹੈ। ਉਸ ਨੇ ਜਦੋਂ ਇਹ ਕਿਹਾ ਕਿ ਇਹ ਫਿਲਮ ਉਹ ਆਪਣੀ ਸੱਸ ਨੂੰ ਜ਼ਰੂਰ ਦਿਖਾਏਗੀ ਤਾਂ ਮੈਨੂੰ ਬਹੁਤ ਚੰਗਾ ਲੱਗਾ।
ਫਿਲਮ ਕਿੰਨਾ ਕਮਾਏਗੀ, ਇਸ ਨਾਲ ਫਰਕ ਨਹੀਂ ਪੈਂਦਾ
ਅਕਸ਼ੈ ਨੇ ਕਿਹਾ ਕਿ ਇਸ ਫਿਲਮ ਨਾਲ ਸਾਡੇ ਸਮਾਜ 'ਚ ਕਾਫੀ ਬਦਲਾਅ ਆਏਗਾ। ਉਂਝ ਮੇਰੇ ਲਈ ਇਹ ਫਿਲਮ ਉਦੋਂ ਹੀ ਹਿੱਟ ਹੋ ਗਈ ਸੀ, ਜਦੋਂ ਇਕ ਆਦਮੀ ਨੇ ਪੈਡ ਨੂੰ ਹੱਥ 'ਚ ਲੈ ਕੇ ਫੋਟੋ ਖਿਚਵਾਈ ਸੀ। ਫਿਲਮ ਕਿੰਨਾ ਕਮਾਏਗੀ, ਇਸ ਨਾਲ ਕੋਈ ਫਰਕ ਨਹੀਂ ਪੈਂਦਾ।
ਰਿਸ਼ਤੇ ਇੰਨੇ ਸਹਿਜ ਹੋਣੇ ਚਾਹੀਦੇ ਹਨ
ਆਪਣੇ ਦੋਸਤ ਦਾ ਕਿੱਸਾ ਦੱਸਦੇ ਹੋਏ ਅਕਸ਼ੈ ਨੇ ਕਿਹਾ ਕਿ ਮੇਰਾ ਇਕ ਖਾਸ ਦੋਸਤ ਹੈ ਗੁਰਪ੍ਰੀਤ (ਘੁੱਗੀ), ਜੋ ਇਕ ਪੰਜਾਬੀ ਐਕਟਰ ਹੈ। ਉਸ ਨੇ ਮੈਨੂੰ ਆਪਣਾ ਇਕ ਕਿੱਸਾ ਦੱਸਿਆ। ਦਰਅਸਲ, ਘੁੱਗੀ ਨੇ ਦੱਸਿਆ ਕਿ ਇਕ ਵਾਰ ਰਾਤ ਦੇ ਲੱਗਭਗ 1.30 ਵਜੇ ਮੈਂ ਸੌਂ ਰਿਹਾ ਸੀ ਤਾਂ ਮੇਰੇ ਕੰਨ 'ਚ ਕੁਝ ਆਵਾਜ਼ ਆਈ, ਮੈਨੂੰ ਲੱਗਾ ਕਿ ਮੇਰੀ ਬੇਟੀ ਅਤੇ ਪਤਨੀ ਹੌਲੀ-ਹੌਲੀ ਕੁਝ ਗੱਲਾਂ ਕਰ ਰਹੇ ਹਨ, ਉਂਝ ਮੈਨੂੰ ਥੋੜ੍ਹਾ-ਥੋੜ੍ਹਾ ਸੁਣਾਈ ਦੇ ਰਿਹਾ ਸੀ ਕਿ ਮੇਰੀ ਪਤਨੀ ਬੋਲ ਰਹੀ ਹੈ ਕਿ ਇੰਨੀ ਰਾਤ ਨੂੰ ਪੈਡ ਕਿੱਥੋਂ ਲਿਆਵਾਂ, ਪਹਿਲਾਂ ਦੱਸ ਦਿੰਦੀ...ਤਾਂ ਮੈਂ ਉੱਠ ਕੇ ਉਥੇ ਗਿਆ ਅਤੇ ਪੁੱਛਿਆ ਕਿ ਕੀ ਹੋਇਆ, ਤੁਸੀਂ ਕੀ ਗੱਲਾਂ ਕਰ ਰਹੇ ਹੋ, ਉਦੋਂ ਉਨ੍ਹਾਂ ਨੇ ਕੁਝ ਨਹੀਂ ਕਹਿ ਕੇ ਗੱਲ ਟਾਲਣ ਦੀ ਕੋਸ਼ਿਸ਼ ਕੀਤੀ ਪਰ ਮੈਂ ਤੁਰੰਤ ਬੋਲਿਆ ਕਿ ਕੀ ਪੈਡ ਚਾਹੀਦਾ ਨਹੀਂ ਹੈ  ਘਰ 'ਚ...ਤਾਂ ਚਲੋ ਮੈਂ ਦਿਵਾ ਲਿਆਉਂਦਾ ਹਾਂ। ਇਸੇ ਦੌਰਾਨ ਮੈਂ ਆਪਣੀ ਬੇਟੀ ਨੂੰ ਲੈ ਕੇ ਮੈਡੀਕਲ ਸਟੋਰ 'ਤੇ ਗਿਆ ਅਤੇ ਪੈਡ ਲੈ ਕੇ ਆਏ। ਇਕ ਉਹ ਦਿਨ ਸੀ ਅਤੇ ਇਕ ਅੱਜ ਦਾ ਦਿਨ ਹੈ, ਮੇਰੀ ਬੇਟੀ ਦਾ ਆਪਣੀ ਮਾਂ ਨਾਲੋਂ ਜ਼ਿਆਦਾ ਚੰਗਾ ਰਿਸ਼ਤਾ ਮੇਰੇ ਨਾਲ ਹੈ। ਉਹ ਸਭ ਕੁਝ ਮੇਰੇ ਨਾਲ ਸ਼ੇਅਰ ਕਰਦੀ ਹੈ। ਪੂਰੇ ਘਰ ਦਾ ਵਾਤਾਵਰਨ ਬਦਲ ਗਿਆ। ਘੁੱਗੀ ਦੀ ਇਹ ਗੱਲ ਸੁਣ ਕੇ ਮੈਨੂੰ ਸੱਚਮੁਚ ਬਹੁਤ ਖੁਸ਼ੀ ਹੋਈ। ਦੇਸ਼ 'ਚ ਸਾਰੇ ਪਿਓ-ਧੀਆਂ ਦਾ ਰਿਸ਼ਤਾ ਇੰਨਾ ਹੀ ਸਹਿਜ ਹੋ ਜਾਵੇ ਤਾਂ ਮਜ਼ਾ ਆ ਜਾਵੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News