ਗੋਲਡ ਦਾ ਮਤਲਬ ਸਿਰਫ ਹਾਕੀ ਨਹੀਂ

Monday, August 13, 2018 4:11 PM

ਬਾਲੀਵੁੱਡ ਦੇ ਸਭ ਤੋਂ ਵੱਧ ਚਰਚਿਤ ਅਤੇ ਡਿਮਾਂਡਿੰਗ ਸਟਾਰ ਅਕਸ਼ੈ ਕੁਮਾਰ ਜਿਸ ਫਿਲਮ ਨੂੰ ਛੂਹ ਲੈਂਦੇ ਹਨ, ਉਹੀ ਫਿਲਮ 'ਗੋਲਡ' ਹੋ ਜਾਂਦੀ ਹੈ। ਜੀ ਹਾਂ, ਅਕਸ਼ੈ ਦੀ ਫਿਲਮ 'ਗੋਲਡ' ਦੀ ਹਰ ਕੋਈ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ। 15 ਅਗਸਤ ਨੂੰ ਰਿਲੀਜ਼ ਹੋ ਰਹੀ ਇਸ ਫਿਲਮ ਨੂੰ ਲੈ ਕੇ ਅਕਸ਼ੈ ਵੀ ਕਾਫੀ ਉਤਸ਼ਾਹਿਤ ਹਨ।  ਸੱਚੀ ਘਟਨਾ 'ਤੇ ਆਧਾਰਿਤ ਇਸ ਫਿਲਮ ਦੇ ਜ਼ਰੀਏ ਉਹ ਦੁਨੀਆ ਨੂੰ ਦੱਸਣਾ ਚਾਹੁੰਦੇ ਹਨ ਕਿ ਆਜ਼ਾਦੀ ਤੋਂ ਬਾਅਦ ਭਾਰਤ ਨੇ ਹਾਕੀ ਵਿਚ ਕਿਸ ਤਰ੍ਹਾਂ ਆਪਣਾ ਪਹਿਲਾ ਓਲੰਪਿਕ ਗੋਲਡ ਜਿੱਤਿਆ ਸੀ। ਇਸ ਫਿਲਮ 'ਚ ਤੁਹਾਨੂੰ ਅਕਸ਼ੈ ਦੀ ਬੰਗਾਲੀ ਲੁੱਕ ਨਜ਼ਰ ਆਵੇਗੀ। ਮਿਊਜ਼ਿਕ ਵਿਚ ਵੀ ਜੈਜ ਦਾ ਤੜਕਾ  ਲਾਇਆ ਗਿਆ ਹੈ। ਫਿਲਮ ਜਿਸ ਦੌਰ ਦੀ ਹੈ, ਉਸ ਦੌਰ ਵਿਚ ਜੈਜ ਮਿਊਜ਼ਿਕ ਕਾਫੀ ਚਲਨ 'ਚ ਸੀ। ਟੀ. ਵੀ. ਦੀ ਨਾਗਿਨ ਦੇ ਨਾਂ ਨਾਲ ਮਸ਼ਹੂਰ ਅਭਿਨੇਤਰੀ ਮੌਨੀ ਰਾਓ ਅਕਸ਼ੈ ਦੀ ਪਤਨੀ ਦੇ ਰੋਲ ਵਿਚ ਹੈ। ਮੌਨੀ ਇਸ ਫਿਲਮ ਨਾਲ ਵੱਡੇ ਪਰਦੇ 'ਤੇ ਆਪਣੀ ਪਾਰੀ ਸ਼ੁਰੂ ਕਰ ਰਹੀ ਹੈ। ਓਧਰ ਇਸ ਵਿਚ ਅਮਿਤ ਸਾਂਗ, ਸਨੀ ਕੌਸ਼ਲ, ਕੁਨਾਲ ਕਪੂਰ ਵੀ ਅਹਿਮ ਕਿਰਦਾਰ ਨਿਭਾਉਂਦੇ ਹੋਏ ਦਿਸਣਗੇ। ਫਿਲਮ ਪ੍ਰਮੋਸ਼ਨ ਲਈ ਦਿੱਲੀ ਪਹੁੰਚੇ ਅਕਸ਼ੈ ਕੁਮਾਰ, ਮੌਨੀ ਰਾਏ ਦੇ ਨਾਲ ਡਾਇਰੈਕਰ ਰੀਮਾ ਕਾਗਤੀ ਅਤੇ ਨਿਰਮਾਤਾ ਰਿਤੀਸ਼ ਸਿੰਧਵਾਨੀ ਨੇ 'ਜਗ ਬਾਣੀ', 'ਨਵੋਦਿਆ ਟਾਈਮਜ਼', 'ਪੰਜਾਬ ਕੇਸਰੀ' ਤੇ 'ਹਿੰਦ ਸਮਾਚਾਰ' ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼-

ਪ੍ਰਾਊਡ ਫੀਲ ਕਰ ਰਹੀ ਹਾਂ : ਮੌਨੀ ਰਾਏ
ਮੌਨੀ ਨੇ ਦੱਸਿਆ ਕਿ ਇਹ ਮੇਰੀ ਪਹਿਲੀ ਫਿਲਮ ਹੈ ਅਤੇ ਮੈਂ ਕਾਫੀ ਨਰਵਸ ਸੀ ਪਰ 2 ਦਿਨ ਪਹਿਲਾਂ ਹੀ ਮੈਂ ਇਹ ਫਿਲਮ ਦੇਖੀ ਅਤੇ ਉਦੋਂ ਤੋਂ ਮੈਂ ਬਹੁਤ ਖੁਸ਼ ਹਾਂ। ਦਰਅਸਲ ਹੁਣ ਮੈਨੂੰ ਇਸ ਫਿਲਮ ਨਾਲ ਪਿਆਰ ਹੋ ਗਿਆ ਹੈ ਅਤੇ ਮੈਂ ਬਹੁਤ ਪਰਾਊਡ ਫੀਲ ਕਰ ਰਹੀ ਹਾਂ। 

ਫਿਲਮ ਅਤੇ ਸੀਰੀਅਲ ਵਿਚ ਜ਼ਿਆਦਾ ਫਰਕ ਨਹੀਂ
ਫਿਲਮ ਅਤੇ ਟੀ. ਵੀ. ਦੀ ਦੁਨੀਆ 'ਤੇ ਗੱਲ ਕਰਦੇ ਹੋਏ ਮੌਨੀ ਕਹਿੰਦੀ ਹੈ ਕਿ ਦੋਵਾਂ ਥਾਵਾਂ 'ਤੇ ਕੰਮ ਕਰਨ ਵਿਚ ਜ਼ਿਆਦਾ ਫਰਕ ਨਹੀਂ ਹੁੰਦਾ। ਹਾਂ ਫਿਲਮਾਂ ਵਿਚ ਕੰਮ ਕਰਨ ਨਾਲੋਂ ਜ਼ਿਆਦਾ ਮੁਸ਼ਕਲ ਟੀ. ਵੀ. ਸੀਰੀਅਲ ਵਿਚ ਕੰਮ ਕਰਨਾ ਹੁੰਦਾ ਹੈ ਜਦਕਿ ਫਿਲਮਾਂ ਵਿਚ ਆਪਣੇ ਗਾਣੇ ਹੁੰਦੇ ਹਨ ਅਤੇ ਫਿਲਮਾਂ ਦੋ-ਢਾਈ ਘੰਟਿਆਂ 'ਚ ਹੀ ਖਤਮ ਹੋ ਜਾਂਦੀਆਂ ਹਨ।  ਓਧਰ ਟੀ. ਵੀ. ਸੀਰੀਅਲ ਵਿਚ ਕਾਫੀ ਸਮਾਂ ਲੱਗਦਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਟੀ. ਵੀ. ਅਤੇ ਫਿਲਮਾਂ ਦੀ ਸਕ੍ਰਿਪਟਿੰਗ ਕਾਫੀ ਅਲੱਗ-ਅਲੱਗ ਹੁੰਦੀ ਹੈ।

PunjabKesariਐਕਸਾਈਟਿਡ ਹਾਂ ਅਤੇ ਨਰਵਸ ਵੀ
ਰੀਮਾ ਦੱਸਦੀ ਹੈ ਕਿ ਇਸ ਫਿਲਮ ਦੀ ਕਹਾਣੀ ਮੇਰੇ ਦਿਮਾਗ ਵਿਚ ਕਾਫੀ ਸਾਲਾਂ ਤੋਂ ਸੀ ਪਰ ਹੁਣ ਜਦੋਂ ਇਹ ਸੁਪਨਾ ਪੂਰਾ ਹੋਣ ਨੂੰ ਹੈ ਤਾਂ ਮੈਂ ਕਾਫੀ ਐਕਸਾਈਟਿਡ ਹਾਂ ਅਤੇ ਥੋੜ੍ਹੀ ਨਰਵਸ ਵੀ। ਉਮੀਦ ਕਰਦੀ ਹਾਂ ਕਿ ਇਹ ਫਿਲਮ ਸਭ ਨੂੰ ਬਹੁਤ ਪਸੰਦ ਆਏਗੀ। ਫਿਲਮ ਵਿਚ ਸਾਰਿਆਂ ਨੇ ਬਹੁਤ ਹੀ ਚੰਗਾ ਕੰਮ ਕੀਤਾ ਹੈ। 

ਕਾਫੀ ਚੈਲੰਜਿੰਗ ਰਹੀ ਫਿਲਮ
ਰੀਮਾ ਦੱਸਦੀ ਹੈ ਕਿ ਜਦੋਂ ਅਸੀਂ ਸਨੀ (ਸੂਰਯ ਉਦੈ) ਦਾ ਸੈੱਟ ਤਿਆਰ ਕਰਦੇ ਸੀ ਤਾਂ ਕਲਾਊਡੀ ਮੌਸਮ (ਸੁਹਾਨਾ ਮੌਸਮ) ਹੋ ਜਾਂਦਾ ਸੀ ਅਤੇ ਜਦੋਂ ਕਲਾਊਡੀ ਸੈੱਟ ਲਾਉਂਦੇ ਸੀ ਤਾਂ ਸਨੀ ਹੋ ਜਾਂਦਾ ਸੀ। ਇਸ ਕਾਰਨ ਫਿਲਮ ਸ਼ੂਟ ਕਰਨਾ ਬਹੁਤ ਚੈਲੰਜਿੰਗ ਰਿਹਾ ਅਤੇ ਉਂਝ ਵੀ ਭਾਰਤ ਦਾ ਮੌਸਮ ਦੁਨੀਆ ਭਰ ਵਿਚ ਮਸ਼ਹੂਰ ਹੈ। 

7-8 ਸਾਲ ਪਹਿਲਾਂ ਆਇਆ ਸੀ ਆਈਡੀਆ
ਰਿਤੇਸ਼ ਦੱਸਦੇ ਹਨ ਕਿ ਜਦੋਂ ਰੀਮਾ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਭਾਰਤ ਨੂੰ ਪਹਿਲੀ ਵਾਰ ਮਿਲੇ ਗੋਲਡ ਮੈਡਲ 'ਤੇ ਫਿਲਮ ਬਣਾਉਣਾ ਚਾਹੁੰਦੀ ਹੈ ਅਤੇ ਇਹ 7-8 ਸਾਲ ਤੋਂ ਉਨ੍ਹਾਂ ਦੇ ਦਿਮਾਗ 'ਚ ਚਲ ਰਿਹਾ ਹੈ। ਮੈਂ ਕਿਹਾ ਠੀਕ ਹੈ ਚਲੋ ਇਸ 'ਤੇ ਕੰਮ ਕਰਦੇ ਹਾਂ ਤਾਂ ਉਨ੍ਹਾਂ ਨੇ ਕਿਹਾ ਕਿ ਮੈਨੂੰ ਸਕ੍ਰਿਪਟ ਲਿਖਣ ਵਿਚ 6 ਤੋਂ 8 ਮਹੀਨੇ ਲੱਗਣਗੇ। ਉਂਝ ਨਾਰਮਲ ਫਿਲਮ 2-3 ਮਹੀਨਿਆਂ ਵਿਚ ਬਣ ਜਾਂਦੀ ਹੈ ਪਰ ਜਦੋਂ ਤੁਸੀਂ ਇਕ ਪੀਰੀਅਡ ਫਿਲਮ ਬਣਾਉਂਦੇ ਹੋ ਤਾਂ ਉਸ ਦੇ ਲਈ ਬਹੁਤ ਰਿਸਰਚ ਕਰਨੀ ਹੁੰਦੀ ਹੈ ਕਿਉਂਕਿ ਜਦੋਂ ਤੁਸੀਂ ਕੋਈ ਅਜਿਹੀ ਫਿਲਮ ਬਣਾ ਰਹੇ ਹੋ, ਜੋ ਸਾਲ 1936 ਅਤੇ 1948 ਤਕ ਦੀ ਹੈ ਤਾਂ ਉਸ ਵਿਚ ਬਹੁਤ ਮਿਹਨਤ ਲੱਗਦੀ ਹੈ। ਅਸੀਂ ਇਸ ਫਿਲਮ ਵਿਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡਣਾ ਚਾਹੁੰਦੇ ਸੀ। ਇਸ ਲਈ ਫਿਲਮ ਦੀ ਪੂਰੀ ਟੀਮ ਜਿਵੇਂ ਪ੍ਰੋਡਕਸ਼ਨ, ਡਿਜ਼ਾਈਨਰ, ਮੈਕਅਪ ਆਰਟਿਸਟ, ਹੇਅਰਸਟਾਈਲਿਸ਼ ਅਤੇ ਕਾਸਟਿਊਮ ਡਿਜ਼ਾਈਨਰ ਸਭ ਨਾਲ ਬੈਠ ਕੇ ਗੱਲਾਂ-ਬਾਤਾਂ ਕਰਦੇ ਸੀ। 

ਦਿਲ ਛੂਹ ਲੈਣ ਵਾਲੀ ਕਹਾਣੀ: ਅਕਸ਼ੈ
ਮੈਂ ਆਪਣੇ ਦੇਸ਼ ਦੇ ਇਤਿਹਾਸ ਬਾਰੇ ਕਾਫੀ ਕੁਝ ਜਾਣਦਾ ਹਾਂ ਪਰ ਸਾਨੂੰ ਪਹਿਲਾਂ ਗੋਲਡ ਆਜ਼ਾਦੀ ਦੇ ਇਕ ਸਾਲ ਬਾਅਦ 1948 'ਚ ਮਿਲਿਆ ਸੀ, ਇਹ ਮੈਂ ਨਹੀਂ ਜਾਣਦਾ ਸੀ। ਇਹ ਗੱਲ ਮੈਨੂੰ ਉਦੋਂ ਪਤਾ ਲੱਗੀ ਜਦੋਂ ਰੀਮਾ ਜੀ ਨੇ ਮੈਨੂੰ ਇਸ ਫਿਲਮ ਦੀ ਕਹਾਣੀ ਸੁਣਾਈ। ਮੈਨੂੰ ਬਹੁਤ ਹੈਰਾਨੀ ਹੋਈ ਕਿ ਸਾਨੂੰ ਆਪਣੇ ਇਤਿਹਾਸ ਦੀਆਂ ਇੰਨੀਆਂ ਵੱਡੀਆਂ ਗੱਲਾਂ ਵੀ ਨਹੀਂ ਪਤਾ ਉਸ ਤੋਂ ਬਾਅਦ ਮੈਂ ਗੂਗਲ 'ਤੇ ਸਰਚ ਕੀਤੀ ਤਾਂ ਉਥੇ ਵੀ ਸਿਰਫ ਇਕ ਜਾਂ ਦੋ ਆਰਟੀਕਲ ਸਨ। ਇਹ ਫਿਲਮ ਦੇਸ਼ ਨੂੰ ਪਹਿਲਾ ਗੋਲਡ ਦਿਵਾਉਣ ਦੀ ਇਕ ਟੀਮ ਦੀ ਚਾਹਤ ਅਤੇ ਸੰਘਰਸ਼ ਦੀ ਕਹਾਣੀ ਹੈ, ਜਿਸ ਨੂੰ ਪੂਰਾ ਹੋਣ 'ਚ 12 ਸਾਲ ਦਾ ਵਕਤ ਲੱਗਾ। 1936 'ਚ ਦੇਖਿਆ ਗਿਆ ਗੋਲਡ ਦਾ ਸੁਪਨਾ 1948 'ਚ ਜਾ ਕੇ ਪੂਰਾ ਹੁੰਦਾ ਹੈ। ਭਾਰਤ ਨੇ 12 ਅਗਸਤ 1948 'ਚ ਓਲੰਪਿਕ  'ਚ ਇਕ ਆਜ਼ਾਦ ਰਾਸ਼ਟਰ ਦੇ ਰੂਪ 'ਚ ਆਪਣਾ ਪਹਿਲਾ ਸੋਨ ਤਮਗਾ ਜਿੱਤਿਆ ਸੀ। ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਨੂੰ ਇਹ ਫਿਲਮ ਕਰਨ ਦਾ ਮੌਕਾ ਮਿਲਿਆ। 

ਜ਼ਿੰਦਗੀ ਦਾ ਹਰ ਸੂਰਜ ਚੜ੍ਹਦਾ ਦਿਖਿਆ
ਆਪਣੀ ਸਿਹਤ ਅਤੇ ਜ਼ਿੰਦਗੀ ਦੇ ਬਾਰੇ ਅਕਸ਼ੈ ਦੱਸਦੇ ਹਨ ਕਿ ਮੇਰੀ ਜ਼ਿੰਦਗੀ 'ਚ ਅਜਿਹਾ ਕੋਈ ਦਿਨ ਨਹੀਂ ਆਇਆ ਕਿ ਮੈਂ ਚੜ੍ਹਦਾ ਸੂਰਜ ਨਾ ਦੇਖਿਆ ਹੋਵੇ। ਸਭ ਤੋਂ ਜ਼ਿਆਦਾ ਤਾਕਤ ਸਾਨੂੰ ਚੜ੍ਹਦਾ ਸੂਰਜ ਦੇਖਦੇ ਹੋਏ ਮਿਲਦੀ ਹੈ। ਮੈਂ ਤਾਂ ਇਹ ਕਹਾਂਗਾ ਕਿ ਇਹ ਆਦਤ ਸਾਨੂੰ ਸਾਰਿਆਂ ਨੂੰ ਅਪਣਾਉਣੀ ਚਾਹੀਦੀ ਹੈ। ਮੈਨੂੰ ਲੱਗਦਾ ਹੈ ਕਿ ਮੇਰਾ ਜੋ ਅਨੁਸ਼ਾਸਨ ਹੈ, ਉਹੀ ਲੋਕਾਂ ਨੂੰ ਆਕਰਸ਼ਿਤ ਕਰਦਾ ਹੈ। ਮੈਂ ਇਕ ਅਜਿਹਾ ਇਨਸਾਨ ਹਾਂ, ਜੋ ਆਪਣੇ ਦਿਲੋਂ ਬੋਲਦਾ ਹਾਂ।

12 ਅਗਸਤ ਬਣੇ ਸਪੋਰਟਸ ਡੇਅ 
ਅਕਸ਼ੈ ਨੇ ਦੱਸਿਆ ਕਿ ਇਸ ਸਾਲ 12 ਅਗਸਤ ਨੂੰ ਸਾਨੂੰ ਗੋਲਡ ਮੈਡਲ ਮਿਲੇ 70 ਸਾਲ ਪੂਰੇ ਹੋ ਗਏ। ਇਸ ਦੇ ਲਈ ਅਸੀਂ ਐਤਵਾਰ ਨੂੰ ਦੇਸ਼ ਦੇ ਕਈ ਸ਼ਹਿਰਾਂ 'ਚ ਸੈਲੀਬ੍ਰੇਟ ਵੀ ਕੀਤਾ। ਮੇਰਾ ਮੰਨਣਾ ਹੈ ਕਿ ਜਿਵੇਂ ਯੋਗਾ ਡੇਅ ਹੁੰਦਾ ਹੈ, ਉਸੇ ਤਰ੍ਹਾਂ ਸਾਨੂੰ 12 ਅਗਸਤ ਨੂੰ ਸਪੋਰਟਸ ਡੇਅ ਮਨਾਉਣਾ ਚਾਹੀਦਾ ਹੈ। 

'ਗੋਲਡ ਦਾ ਮਸਲਾ ਸਿਰਫ ਤਮਗਾ ਨਹੀਂ'
ਅਕਸ਼ੈ ਕਹਿੰਦੇ ਹਨ ਕਿ ਇਹ ਫਿਲਮ ਸਿਰਫ ਹਾਕੀ ਦੇ ਉਪਰ ਹੀ ਨਹੀਂ ਹੈ ਸਗੋਂ ਇਸ 'ਚ 'ਗੋਲਡ ਦਾ ਮਤਲਬ ਦਿਖਾਇਆ ਗਿਆ ਹੈ' ਇਸ 'ਚ ਦਿਖਾਇਆ ਗਿਆ ਹੈ ਕਿ ਇਕ ਮੈਡਲ ਲੈਣ 'ਚ ਕਿੰਨਾ ਕੁਝ ਜਾਂਦਾ ਹੈ। ਗੋਲਡ ਮੈਡਲ ਸਿਰਫ ਇਕ ਤਮਗਾ ਨਹੀਂ ਹੁੰਦਾ ਉਸ ਨੂੰ ਹਾਸਲ ਕਰਨ 'ਚ ਸਾਲਾਂ ਲੱਗਦੇ ਹਨ। ਤੁਹਾਡਾ ਜਨੂੰਨ ਅਤੇ ਖੂਨ ਪਸੀਨਾ ਲੱਗਦਾ ਹੈ ਅਤੇ ਇਸ ਦੇ ਲਈ ਪੂਰਾ ਦੇਸ਼ ਇਕਜੁੱਟ ਹੋ ਜਾਂਦਾ ਹੈ।

ਹਰ ਤਰ੍ਹਾਂ ਦੀ ਫਿਲਮ ਕਰਨ ਦੀ ਚਾਹਤ 
ਅਕਸ਼ੈ ਨੇ ਵੀ ਇਹ ਕਿਹਾ ਕਿ ਮੈਂ ਸਿਰਫ ਬਾਇਓਪਿਕ ਅਤੇ ਸੋਸ਼ਲ ਮੈਸੇਜ ਦੇਣ ਵਾਲੀਆਂ ਫਿਲਮਾਂ ਹੀ ਨਹੀਂ ਕਰਨਾ ਚਾਹੁੰਦਾ ਸਗੋਂ ਹਰ ਤਰ੍ਹਾਂ ਦੀਆਂ ਫਿਲਮਾਂ ਕਰਨਾ ਚਾਹੁੰਦਾ ਹਾਂ। ਅਜੇ ਮੇਰੀ 'ਹੇਰਾਫੇਰੀ', 'ਹਾਊਸਫੁਲ-4' ਅਤੇ ਹਾਰਰ ਕਾਮੇਡੀ ਕਈ ਅਲੱਗ-ਅਲੱਗ ਤਰ੍ਹਾਂ ਦੀਆਂ ਫਿਲਮਾਂ ਆ ਰਹੀਆਂ ਹਨ। ਹਾਂ ਇਹ ਜ਼ਰੂਰ ਹੈ ਕਿ ਜੇਕਰ ਇਸ ਤਰ੍ਹਾਂ ਦੀ ਕੋਈ ਚੰਗੀ ਸਕ੍ਰਿਪਟ ਸਾਹਮਣੇ ਆ ਜਾਂਦੀ ਹੈ ਤਾਂ ਮਨ ਕਰਦਾ ਹੈ ਕਿ ਸਭ ਕੁਝ ਛੱਡ ਕੇ ਅਜਿਹੀ ਫਿਲਮ ਹੀ ਕਰਾਂ। 


Edited By

Anuradha

Anuradha is news editor at Jagbani

Read More