ਚਮਕੀਲੇ ਦੇ ਇਸ ਰਿਕਾਰਡ ਬਾਰੇ ਸ਼ਾਇਦ ਹੀ ਜਾਣਦੇ ਹੋਵੋਗੇ ਤੁਸੀਂ

Wednesday, December 26, 2018 4:51 PM

ਜਲੰਧਰ (ਬਿਊਰੋ) : ਪੰਜਾਬੀ ਮਿਊਜ਼ਿਕ ਜਗਤ 'ਚ ਇਕ ਸਮਾਂ ਅਜਿਹਾ ਵੀ ਸੀ ਜਦੋਂ ਵੱਡੇ-ਵੱਡੇ ਸਿੰਗਰ ਅਮਰ ਸਿੰਘ ਚਮਕੀਲਾ ਸਾਹਮਣੇ ਫਿੱਕੇ ਪੈ ਜਾਂਦੇ ਸਨ। ਅਮਰ ਸਿੰਘ ਦੀ ਚਮਕ ਇਸ ਤਰ੍ਹਾਂ ਦੀ ਸੀ ਕਿ ਲੋਕਾਂ ਨੇ ਉਨ੍ਹਾਂ ਨੂੰ ਚਮਕੀਲਾ ਹੀ ਕਹਿਣਾ ਸ਼ੁਰੂ ਕਰ ਦਿੱਤਾ ਸੀ, ਜਿਸ ਸਮੇਂ ਚਮਕੀਲਾ ਦਾ ਦੌਰ ਚੱਲ ਰਿਹਾ ਸੀ। ਉਸ ਸਮੇਂ ਹਰ ਪਾਸੇ ਚਮਕੀਲਾ ਹੀ ਚਮਕੀਲਾ ਹੁੰਦਾ ਸੀ। ਇਸ ਲਈ ਉਨ੍ਹਾਂ ਦੇ ਨਾਂ 365 ਦਿਨਾਂ 'ਚ 366 ਅਖਾੜੇ ਲਾਉਣ ਦਾ ਰਿਕਾਰਡ ਕਾਇਮ ਹੈ। ਇਹ ਉਹ ਸਮਾਂ ਸੀ ਜਦੋਂ ਵੱਡੇ ਗਾਇਕ ਲਾਈਵ ਸਟੇਜ ਸ਼ੋਅ ਲਈ ਤਰਸਦੇ ਸਨ ਪਰ ਅਮਰ ਸਿੰਘ ਚਮਕੀਲਾ ਦੇ ਹਰ ਥਾਂ 'ਤੇ ਸਟੇਜ ਸ਼ੋਅ ਹੋ ਰਹੇ ਸਨ, ਇੱਥੋਂ ਤੱਕ ਕਿ ਵਿਦੇਸ਼ਾਂ 'ਚ ਵੀ ਉਨ੍ਹਾਂ ਦੇ ਅਖਾੜਿਆਂ ਦੀ ਅਡਵਾਂਸ ਬੁਕਿੰਗ ਕੀਤੀ ਜਾਂਦੀ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਦੇ ਜੀਵਨ 'ਚ ਕਈ ਤਰ੍ਹਾਂ ਦੇ ਉਤਰਾਅ ਚੜਾਅ ਆਏ। ਫੈਕਟਰੀ 'ਚ ਨੌਕਰੀ ਕਰਨ ਵਾਲੇ ਚਮਕੀਲਾ ਨੂੰ ਸਭ ਤੋਂ ਪਹਿਲਾਂ ਗਾਇਕ ਸੁਰਿੰਦਰ ਸ਼ਿੰਦਾ ਨੇ ਸੁਣਿਆ ਸੀ ਤੇ ਉਸ ਨੂੰ ਸੁਣਦੇ ਹੀ ਆਪਣੇ ਗਰੁੱਪ 'ਚ ਸ਼ਾਮਲ ਕਰ ਲਿਆ ਸੀ।

ਦੱਸ ਦੇਈਏ ਕਿ ਚਮਕੀਲਾ ਪਹਿਲਾਂ ਸੁਰਿੰਦਰ ਸ਼ਿੰਦਾ ਲਈ ਗੀਤ ਲਿਖਦਾ ਸੀ ਪਰ ਗੀਤ ਲਿਖਦੇ-ਲਿਖਦੇ ਉਸ ਦਾ ਰੁਝਾਨ ਗਾਉਣ ਦਾ ਵੱਲ ਵਧ ਗਿਆ, ਜਿਸ ਤੋਂ ਬਾਅਦ ਉਹ ਪੰਜਾਬੀ ਗਾਇਕੀ ਦੇ ਖੇਤਰ 'ਚ ਸੁਪਰ ਸਟਾਰ ਬਣ ਗਏ ਪਰ ਸੁਪਰ ਸਟਾਰ ਬਣਦੇ ਹੀ ਉਹ ਕਈ ਵਿਵਾਦਾਂ 'ਚ ਵੀ ਘਿਰ ਗਏ। ਉਨ੍ਹਾਂ ਦੇ ਸਬੰਧ ਕਈ ਮਹਿਲਾ ਗਾਇਕਾਂ ਨਾਲ ਰਹੇ ਹਨ। ਉਨ੍ਹਾਂ ਦਾ ਕਤਲ ਵੀ ਮਹਿਲਾ ਗਾਇਕ ਨਾਲ ਹੋਇਆ ਸੀ। ਚਮਕੀਲਾ ਨੂੰ ਉਨ੍ਹਾਂ ਦੀ ਸਾਥਣ ਗਾਇਕਾ ਅਮਰਜੋਤ ਨਾਲ 8 ਮਾਰਚ 1988 ਨੂੰ ਰਾਤ ਦੇ ਦੋ ਵਜੇ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ। ਇਸ ਮਾਮਲੇ 'ਚ ਪੁਲਸ ਹਾਲੇ ਤੱਕ ਕਾਤਲਾਂ ਦਾ ਪਤਾ ਨਹੀਂ ਲਾ ਸਕੀ। ਚਮਕੀਲੇ ਦੀ ਇਸ ਪ੍ਰਸਿੱਧੀ ਕਰਕੇ ਮੁੰਬਈ ਦੇ ਇਕ ਪ੍ਰੋਡਕਸ਼ਨ ਹਾਊੁਸ ਨੇ ਉਨ੍ਹਾਂ ਦੀ ਬਾਓਪਿਕ ਬਣਾਉਣ ਦੀ ਇੱਛਾ ਜਤਾਈ ਹੈ। ਬਹੁਤ ਜਲਦ ਹੁਣ ਇਸ ਦਾ ਐਲਾਨ ਹੋ ਸਕਦਾ ਹੈ।


Edited By

Sunita

Sunita is news editor at Jagbani

Read More