ਵੱਖਰੇ ਕੰਸੈਪਟ ਨਾਲ ਦਰਸ਼ਕਾਂ ਦਾ ਮਨੋਰੰਜਨ ਕਰੇਗੀ ''ਸਾਬ੍ਹ ਬਹਾਦਰ'' : ਐਮੀ ਵਿਰਕ

5/23/2017 9:03:52 PM

ਜਲੰਧਰ, (ਰਾਹੁਲ ਸਿੰਘ)— ਪੰਜਾਬੀ ਸਿਨੇਮਾ ਨੂੰ ਇਕ ਵੱਖਰਾ ਮੁਕਾਮ ਦੇਣ ਲਈ ''ਸਾਬ੍ਹ ਬਹਾਦਰ'' ਫਿਲਮ ਪੂਰੀ ਤਰ੍ਹਾਂ ਨਾਲ ਤਿਆਰ ਹੈ। ਸਸਪੈਂਸ ਤੇ ਥ੍ਰਿਲਰ ਨਾਲ ਭਰਪੂਰ ਫਿਲਮ ''ਸਾਬ੍ਹ ਬਹਾਦਰ'' ਇਸੇ ਸ਼ੁੱਕਰਵਾਰ ਯਾਨੀ 26 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ''ਚ ਐਮੀ ਵਿਰਕ, ਜਸਵਿੰਦਰ ਭੱਲਾ, ਪ੍ਰੀਤ ਕਮਲ, ਰਾਣਾ ਰਣਬੀਰ, ਸੀਮਾ ਕੌਸ਼ਲ ਤੇ ਹੋਬੀ ਧਾਲੀਵਾਲ ਮੁੱਖ ਭੂਮਿਕਾ ਨਿਭਾਅ ਰਹੇ ਹਨ, ਜਿਸ ਦਾ ਨਿਰਦੇਸ਼ਨ ਅੰਮ੍ਰਿਤ ਰਾਜ ਚੱਢਾ ਵਲੋਂ ਕੀਤਾ ਗਿਆ ਹੈ। ਐਮੀ ਵਿਰਕ ਨੇ ''ਜਗ ਬਾਣੀ'' ਨਾਲ ਖਾਸ ਗੱਲਬਾਤ ਕੀਤੀ।
ਐਮੀ ਨੇ ਦੱਸਿਆ ਕਿ ''ਸਾਬ੍ਹ ਬਹਾਦਰ'' ਦਾ ਤਜਰਬਾ ਬਹੁਤ ਵਧੀਆ ਰਿਹਾ। ਉਨ੍ਹਾਂ ਨੇ ਇਕ ਵੱਖਰੇ ਕੰਸਪੈਟ ਨਾਲ ਥ੍ਰਿਲਰ ਤੇ ਸਸਪੈਂਸ ਵਾਲੀ ਪੰਜਾਬੀ ਫਿਲਮ ਬਣਾਈ ਹੈ। ਐਮੀ ਫਿਲਮ ''ਚ ਕੁਲਦੀਪ ਸਿੰਘ ਨਾਂ ਦੇ ਏ. ਐੱਸ. ਆਈ. ਦੀ ਭੂਮਿਕਾ ਨਿਭਾਅ ਰਹੇ ਹਨ, ਜੋ ਕਿ ਬਹੁਤ ਹੀ ਠੰਡੇ ਸੁਭਾਅ ਦਾ ਵਿਅਕਤੀ ਹੈ ਤੇ ਘੱਟ ਬੋਲਣਾ ਪਸੰਦ ਕਰਦਾ ਹੈ। ਜਸਵਿੰਦਰ ਭੱਲਾ ਨਾਲ ਐਮੀ ਦੀ ਇਹ ਪਹਿਲੀ ਫਿਲਮ ਹੈ ਤੇ ਉਨ੍ਹਾਂ ਨਾਲ ਕੰਮ ਕਰਕੇ ਐਮੀ ਨੇ ਬਹੁਤ ਕੁਝ ਸਿੱਖਿਆ। ਰਾਣਾ ਰਣਬੀਰ ਨਾਲ ਐਮੀ ਪਹਿਲਾਂ ਵੀ ਫਿਲਮ ''ਅਰਦਾਸ'' ''ਚ ਕੰਮ ਕਰ ਚੁੱਕੇ ਹਨ। ਐਮੀ ਕੋਲੋਂ ਜਦੋਂ ਫਿਲਮ ''ਚ ਫੇਵਰੇਟ ਕਿਰਦਾਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਫਿਲਮ ''ਚ ਕਾਤਲ ਦਾ ਕਿਰਦਾਰ ਬੇਹੱਦ ਪਸੰਦ ਹੈ। ਉਨ੍ਹਾਂ ਨੇ ਕਾਤਲ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਕਿਉਂਕਿ ਇਹੀ ਸਸਪੈਂਸ ਹੈ, ਜੋ 26 ਮਈ ਨੂੰ ਹੀ ਪਤਾ ਲੱਗੇਗਾ।
ਪੰਜਾਬ ਪੁਲਸ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਫਿਲਮ ਦੇਖਣ ਤੋਂ ਬਾਅਦ ਲੋਕਾਂ ਅੰਦਰ ਪੰਜਾਬ ਪੁਲਸ ਲਈ ਮਾਣ-ਸਨਮਾਨ ਹੋਰ ਵੀ ਵਧੇਗਾ। ਐਮੀ ਨੇ ਦੱਸਿਆ ਕਿ ਕਾਲਜ ਦੇ ਦਿਨਾਂ ''ਚ ਉਨ੍ਹਾਂ ਦੇ ਕਦੇ-ਕਦੇ ਚਲਾਨ ਹੋ ਜਾਂਦੇ ਸਨ, ਜਿਸ ਕਾਰਨ ਪੰਜਾਬ ਪੁਲਸ ਨਾਲ ਉਨ੍ਹਾਂ ਦਾ ਵਾਹ ਪੈਂਦਾ ਰਹਿੰਦਾ ਸੀ। ਜਦੋਂ ਐਮੀ ਕੋਲੋਂ ਫਿਲਮ ਦੇ ਮੁਸ਼ਕਿਲ ਦ੍ਰਿਸ਼ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਕ ਦ੍ਰਿਸ਼ ''ਚ ਉੁਨ੍ਹਾਂ ਨੇ ਮੋਟਰਸਾਈਕਲ ਚੋਰ ਦਾ ਪਿੱਛਾ ਕਰਨਾ ਸੀ ਤੇ ਉਸ ਦੇ ਬਰਾਬਰ ਮੋਟਰਸਾਈਕਲ ਲਗਾ ਕੇ ਮੋਟਰਸਾਈਕਲ ''ਚੋਂ ਚਾਬੀ ਕੱਢਣੀ ਸੀ। ਇਸ ਦ੍ਰਿਸ਼ ਦੌਰਾਨ ਉਨ੍ਹਾਂ ਦੇ ਮੋਟਰਸਾਈਕਲ ਦਾ ਹੈਂਡਲ ਦੂਜੇ ਮੋਟਰਸਾਈਕਲ ''ਚ ਫੱਸ ਗਿਆ ਸੀ, ਜਿਸ ਦੌਰਾਨ ਉਹ ਵਾਲ-ਵਾਲ ਡਿੱਗਣ ਤੋਂ ਬਚੇ।
ਉਨ੍ਹਾਂ ਇਹ ਵੀ ਦੱਸਿਆ ਕਿ ਫਿਲਮ ''ਚ ਕੋਈ ਅਭਿਨੇਤਰੀ ਨਹੀਂ ਹੈ। ਇਸ ਦਾ ਕਾਰਨ ਦੱਸਦਿਆਂ ਉਨ੍ਹਾਂ ਕਿਹਾ ਕਿ ਜੇਕਰ ਫਿਲਮ ''ਚ ਅਭਿਨੇਤਰੀ ਹੁੰਦੀ ਤਾਂ ਸ਼ਾਇਦ ਫਿਲਮ ਰੋਮਾਂਟਿਕ ਬਣ ਜਾਂਦੀ, ਜੋ ਕਿ ਉਹ ਨਹੀਂ ਚਾਹੁੰਦੇ ਸਨ। ਆਪਣੇ ਫੈਨਜ਼ ਨੂੰ ਸੁਨੇਹਾ ਦਿੰਦਿਆਂ ਐਮੀ ਨੇ ਕਿਹਾ ਕਿ ਉਨ੍ਹਾਂ ਦੇ ਪਿਆਰ ਕਰਕੇ ਅੱਜ ਉਹ ਇਸ ਮੁਕਾਮ ''ਤੇ ਪਹੁੰਚੇ ਹਨ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਫੈਨਜ਼ ''ਸਾਬ੍ਹ ਬਹਾਦਰ'' ਨੂੰ ਉਨ੍ਹਾਂ ਦੀ ਪੰਜਵੀਂ ਹਿੱਟ ਫਿਲਮ ਬਣਾਉਣਗੇ। ਐਮੀ ਨੇ ਦੱਸਿਆ ਕਿ ਉਨ੍ਹਾਂ ਦੀਆਂ ਆਉਣ ਵਾਲੀਆਂ ਫਿਲਮਾਂ ''ਚ ''ਨਿੱਕਾ ਜ਼ੈਲਦਾਰ 2'', ''ਸਤਿ ਸ੍ਰੀ ਅਕਾਲ ਇੰਗਲੈਂਡ'' ਤੇ ''ਹਰਜੀਤਾ'' ਮੁੱਖ ਰੂਪ ਨਾਲ ਸ਼ਾਮਲ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News