ਪੰਜਾਬੀ ਸਿਨੇਮੇ ਦਾ ਇਕ ਹੋਰ ਮਾਸਟਰਪੀਸ ''ਲਹੌਰੀਏ''

Wednesday, May 17, 2017 4:07 PM
ਪੰਜਾਬੀ ਸਿਨੇਮੇ ਦਾ ਇਕ ਹੋਰ ਮਾਸਟਰਪੀਸ ''ਲਹੌਰੀਏ''
ਜਲੰਧਰ— ਪੰਜਾਬੀ ਫ਼ਿਲਮ ਇੰਡਸਟਰੀ ''ਚ ਇਹ ਆਮ ਡਰ ਹੈ ਕਿ ਪੰਜਾਬੀ ਫ਼ਿਲਮ ਕਿੰਨੀ ਵੀ ਵਧੀਆ ਬਣੀ ਹੋਵੇ, ਜੇ ਬਰਾਬਰ ਹਿੰਦੀ ਦੀ ਵੱਡੀ ਫ਼ਿਲਮ ਰਿਲੀਜ਼ ਹੋਜੇ ਤਾਂ ਦਰਸ਼ਕ ਪੰਜਾਬੀ ਫ਼ਿਲਮ ਵੱਲ ਮੂੰਹ ਨਹੀਂ ਕਰਦੇ। ਬਿੱਲੀ ਅੱਗੇ ਕਬੂਤਰ ਵਾਲਾ ਇਹ ਡਰ ਵੱਡੇ-ਵੱਡੇ ਫ਼ਿਲਮ ਕਲਾਕਾਰਾਂ ''ਚ ਹੈ। ''ਲਹੌਰੀਏ'' ਫ਼ਿਲਮ ਨੇ ਇਹ ਸਾਬਤ ਕਰ ਦਿੱਤਾ ਕਿ ਭਾਵੇਂ ਕਿਸੇ ਵੀ ਨਾਢੂ ਖਾਂ ਦੀ ਫ਼ਿਲਮ ਆਈ ਹੋਵੇ, ਜੇ ਦਰਸ਼ਕਾਂ ਨੂੰ ਉਨ੍ਹਾਂ ਦੀ ਭਾਸ਼ਾ ਦੀ ਫ਼ਿਲਮ, ਉਨ੍ਹਾਂ ਦੇ ਲਹਿਜੇ ''ਚ ਦੇਵੋਗੇ ਤਾਂ ਮੰਜ਼ਿਲ ਹੈ ਪੰਜਾਬੀ ਦਰਸ਼ਕ ਕਿਸੇ ਹੋਰ ਫ਼ਿਲਮ ਵੱਲ ਮੂੰਹ ਕਰ ਜਾਣ । ''ਲਹੌਰੀਏ'' ਅਮਿਤਾਭ ਬੱਚਨ ਵਰਗੇ ਦਿੱਗਜ ਅਦਾਕਾਰ ਦੀ ਫ਼ਿਲਮ ਦੇ ਨਾਲ ਰਿਲੀਜ਼ ਹੋਈ ਸੀ ਪਰ ਅਮਿਤਾਭ ਬੱਚਨ ਦੀ ਫ਼ਿਲਮ ''ਸਰਕਾਰ 3'' ਨੇ ਪੰਜਾਬ ''ਚ ''ਲਹੌਰੀਏ'' ਮੂਹਰੇ ਪਾਣੀ ਵੀ ਨਹੀਂ ਮੰਗਿਆ। ਇਹੀ ਨਹੀਂ ''ਲਹੌਰੀਏ'' ਨਾਲ ਰਿਲੀਜ਼ ਹੋਈਆਂ ਤਿੰਨ ਹੋਰ ਫ਼ਿਲਮਾਂ ਵੀ ਮੂਧੇ ਮੂੰਹ ਡਿੱਗੀਆਂ ਹਨ। ਇਹ ਗੱਲ ਇਸ਼ਾਰਾ ਕਰਦੀ ਹੈ ਕਿ ਪੰਜਾਬੀ ਦਰਸ਼ਕ ਪੰਜਾਬੀ ਫ਼ਿਲਮਾਂ ਦੇਖਣੀਆਂ ਚਾਹੁੰਦੇ ਹਨ, ਬਸਰਤੇ ਉਹ ਫ਼ਿਲਮਾਂ ਪੰਜਾਬੀ ਹੋਣ, ਮੁੰਬਈ ਟਾਈਪ ਜਾਂ ਹਿੰਦੀ ਫ਼ਿਲਮਾਂ ਦੀ ਨਕਲ ਨਹੀਂ।
''ਲਹੌਰੀਏ'' ਫ਼ਿਲਮ ਸਬੰਧੀ ਆਮ ਦਰਸ਼ਕਾਂ ਦੀ ਪ੍ਰਤੀਕਿਰਿਆ ਨੇ ਸੋਸ਼ਲ ਮੀਡੀਆ ਖਾਸ ਕਰਕੇ ਫ਼ੇਸਬੁੱਕ ਨੱਕੋ-ਨੱਕ ਭਰ ਦਿੱਤੀ ਹੈ। ਅਜਿਹਾ ਬਹੁਤ ਘੱਟ ਵਾਰੀ ਹੋਇਆ ਹੈ ਜਦੋਂ ਟੈਲੀਵਿਜ਼ਨ ''ਤੇ ਫ਼ਿਲਮਾਂ ਦੇਖਣ ਵਾਲੇ ਪਰਿਵਾਰ ਵੀ ਘਰੋਂ ਨਿਕਲ ਕੇ ਸਿਨੇਮਾਘਰ ਗਏ ਹੋਣ। ''ਗੋਰਿਆ ਨੂੰ ਦਫ਼ਾ ਕਰੋ'', ''ਅੰਗਰੇਜ'' ਤੇ ''ਲਵ ਪੰਜਾਬ'' ਵਰਗੀਆਂ ਸ਼ਾਹਕਾਰ ਫ਼ਿਲਮਾਂ ਲਿਖਣ ਵਾਲੇ ਅੰਬਰਦੀਪ ਸਿੰਘ ਨੇ ਇਸ ਫ਼ਿਲਮ ਜ਼ਰੀਏ ਇਹ ਸਾਬਤ ਕੀਤਾ ਹੈ ਕਿ ਉਹ ਕਮਾਲ ਦਾ ਫ਼ਿਲਮਸਾਜ਼ ਹੈ। ਉਹ ਫ਼ਿਲਮ ਲਿਖਦਾ ਨਹੀਂ ਚਿਤਵਦਾ ਹੈ। ਫ਼ਿਲਮ ਦਾ ਵਿਸ਼ਾ ਕਮਾਲ ਹੈ। ਲਹਿੰਦੇ ਤੇ ਚੜ ਦੇ ਪੰਜਾਬ ਦੀ ਇਸ ਫ਼ਿਲਮ ਜ਼ਰੀਏ ਦੋਵਾਂ ਪੰਜਾਬਾਂ ''ਚ ਵੱਸਦੇ ਲੋਕਾਂ ਦੀ ਆਪਣੀ ਮਿੱਟੀ ਪ੍ਰਤੀ ਖਿੱਚ ਨੂੰ ਪਰਦੇ ''ਤੇ ਪੇਸ਼ ਕੀਤਾ ਗਿਆ ਹੈ। ਇਹ ਫ਼ਿਲਮ ਸਹਿਜੇ ਹੀ ਕਿਸੇ ਬੱਚੇ ਵਾਂਗ ਤੁਹਾਨੂੰ ਉਂਗਲ ਫੜਾ ਆਪਣੇ ਨਾਲ ਤੋਰ ਲੈਂਦੀ ਹੈ। ਫਿਰ ਇਹ ਤੁਹਾਨੂੰ ਹਸਾਉਂਦੀ ਵੀ ਹੈ, ਰੁਆਉਂਦੀ ਵੀ ਹੈ ਤੇ ਤੁਹਾਡੇ ਅੰਦਰ ਵੰਡ ਦੀ ਤ੍ਰਾਸਦੀ ਦੇ ਜਜ਼ਬੇ ਨੂੰ ਜਗਾਉਂਦੀ ਹੈ। ਭਾਰਤ ''ਚ ਉੱਜੜ ਕੇ ਪਾਕਿਸਤਾਨ ਵੱਸੇ ਫ਼ਿਲਮ ਦੀ ਨਾਇਕ ਅਮੀਰਾ ਦੇ ਦਾਦੇ ਵੱਲੋਂ ਬੋਲਿਆ ਸੰਵਾਦ ” ਢਾਹੁਣਾ ਸੌਖਾ, ਬਣਾਉਣਾ ਔਖਾ, ਟੁੱਟਣਾ ਨਹੀਂ ਜੁੜਣੈ, ਅਸੀਂ ਟੁੱਟ ਕੇ ਦੇਖਿਆ” ਫ਼ਿਲਮ ਦੀ ਮੂਲ ਤੰਦ ਹੈ।
ਇਸ ਫ਼ਿਲਮ ਨਾਲ ਨਾ ਕੇਵਲ ਪੰਜਾਬੀ ਸਿਨੇਮੇ ਨੂੰ ਵੱਡਾ ਹੁਲਾਰਾ ਤੇ ਹੰਗਾਰਾ ਮਿਲਿਆ ਹੈ, ਸਗੋਂ ਇਸ ਫ਼ਿਲਮ ਦੀ ਨਿਰਮਾਣ ਕਰਤਾ ''ਰਿਦਮ ਬੁਆਏਜ਼'' ਦੀ ਟੀਮ ਦੀ ਸਮਝ ''ਤੇ ਦਰਸ਼ਕਾਂ ਦੀ ਮੋਹਰ ਲੱਗ ਗਈ ਹੈ। ਇਸ ਟੀਮ ਦੀ ਇਹ ਤੀਜੀ ਫ਼ਿਲਮ ਹੈ, ਜਿਸ ਨੇ ਪੰਜਾਬੀਆਂ ਦੀ ਨਬਜ਼ ਨੂੰ ਫੜਦਿਆਂ ਉਨ੍ਹਾਂ ਨੂੰ ਖੇਤਰੀ ਸਿਨੇਮੇ ਦੇ ਦੀਦਾਰ ਕਰਵਾਏ ਹਨ। ਇਸ ਫ਼ਿਲਮ ਦੇ ਰਿਲੀਜ਼ ਤੋਂ ਪਹਿਲਾਂ ਨਿਰਦੇਸਕ ਅੰਬਰਦੀਪ ਸਿੰਘ ਨੇ ਦਾਅਵਾ ਕੀਤਾ ਸੀ ਕਿ ਜਿਸ ਲਹੌਰੀਏ ਨਹੀਂ ਦੇਖੀ ਉਹ ਜੰਮਿਆ ਨਹੀਂ। ਫ਼ਿਲਮ ਦੇਖਣ ਤੋਂ ਬਾਅਦ ਹੁਣ ਇਹ ਕਹਾਂ ਜਾ ਸਕਦਾ ਹੈ ਕਿ ''ਲਹੌਰੀਏ'' ਨੇ ਅੰਬਰ ਦਾ ਜੰਮਣਾ ਸਫ਼ਲ ਕਰ ਦਿੱਤਾ ਹੈ। ਸਦਕੇ ਜਾਈਏ ਉਸਦੇ ਜੰਮਣ ਵਾਲੀ ਦੇ ।