ਪੰਜਾਬੀ ਸਿਨੇਮਾ ਦੀ ਸਫਲਤਾ ਦੀ ਗਵਾਹ ਬਣੀ ਗਿੱਲ ਜੋੜੀ, ''ਅਸ਼ਕੇ'' ਨੇ ਵੀ ਕਾਇਮ ਕੀਤਾ ਨਵਾਂ ਰਿਕਾਰਡ

8/2/2018 9:29:51 AM

ਜਲੰਧਰ(ਬਿਊਰੋ)— ਹਿੰਦੀ ਸਿਨੇਮਾ 'ਚ ਲੰਮਾ ਸਮਾਂ ਇਹ ਧਾਰਨਾ ਟਿਕੀ ਰਹੀ ਹੈ ਕਿ ਜੇ ਸ਼ਾਹਰੁਖ ਖ਼ਾਨ ਦੀ ਅਦਾਕਾਰੀ ਹੋਵੇ, ਕਰਨ ਜੌਹਰ ਦਾ ਨਿਰਦੇਸ਼ਨ ਤੇ ਫਰਾਹ ਖ਼ਾਨ ਦੀ ਕੋਰੀਓਗ੍ਰਾਫ਼ੀ ਤਾਂ ਸਮਝ ਲਓ ਫਿਲਮ ਹਿੱਟ ਹੈ। ਇਹ ਧਾਰਨਾ ਪੰਜਾਬੀ ਸਿਨੇਮਾ 'ਚ ਗਿੱਲ ਜੋੜੀ ਨਾਲ ਜੁੜ ਗਈ ਹੈ। 'ਰਿਦਮ ਬੁਆਏਜ਼' ਦਾ ਬੈਨਰ ਹੋਵੇ, ਅਮਰਿੰਦਰ ਗਿੱਲ ਦੀ ਅਦਾਕਾਰੀ, ਧੀਰਜ ਰਤਨ ਦੇ ਸੰਵਾਦ ਤਾਂ ਸਮਝ ਲਵੋ ਫਿਲਮ ਹਿੱਟ ਹੈ। ਗਿੱਲ ਜੋੜੀ ਤੋਂ ਭਾਵ ਕਾਰਜ ਗਿੱਲ ਤੇ ਅਮਰਿੰਦਰ ਗਿੱਲ। ਦੋਹਾਂ ਦੀ ਕਾਲਜ ਵੇਲੇ ਤੋਂ ਚੱਲਦੀ ਆ ਰਹੀ ਮਿੱਤਰਤਾ ਪੰਜਾਬੀ ਸਿਨੇਮੇ ਵਿਚ ਨਵੇਂ ਕੀਰਤੀਮਾਨ ਸਥਾਪਤ ਕਰ ਗਈ ਹੈ। ਕਾਰਜ ਦੀ ਅਗਵਾਈ ' 'ਰਿਦਮ ਬੁਆਏਜ਼' ਨੇ ਹੁਣ ਤੱਕ 'ਅੰਗਰੇਜ਼', 'ਲਾਹੌਰੀਏ', 'ਲਵ ਪੰਜਾਬ', 'ਬੰਬੂਕਾਟ', 'ਵੇਖ ਬਰਾਤਾਂ ਚੱਲੀਆਂ' ਸਮੇਤ ਕਈ ਅਜਿਹੀਆਂ ਫਿਲਮਾਂ ਦਿੱਤੀਆਂ, ਜਿਨ੍ਹਾਂ ਪੰਜਾਬੀ ਸਿਨੇਮੇ ਦੀ ਨੁਹਾਰ ਬਦਲ ਦਿੱਤੀ। ਦਰਸ਼ਕਾਂ ਦੀ ਧਾਰਨਾ ਨੂੰ 'ਅਸ਼ਕੇ' ਫਿਲਮ ਨੇ ਹੋਰ ਪੱਕਾ ਕਰ ਦਿੱਤਾ। ਇਹ ਪੰਜਾਬੀ ਸਿਨੇਮੇ ਦੀ ਪਹਿਲੀ ਅਜਿਹੀ ਫਿਲਮ ਹੋਵੇਗੀ, ਜਿਹੜੀ ਬਿਨਾਂ ਪ੍ਰਚਾਰ ਤੋਂ ਦਰਸ਼ਕਾਂ ਨੂੰ ਖਿੱਚਣ ਵਿਚ ਕਾਮਯਾਬ ਹੋਈ। ਕੈਨੇਡਾ, ਆਸਟਰੇਲੀਆ, ਨਿਊਜ਼ੀਲੈਂਡ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਸ਼ਨੀਵਾਰ, ਐਤਵਾਰ ਨੂੰ ਫਿਲਮ ਦੀਆਂ ਟਿਕਟਾਂ ਦਾ ਨਾ ਮਿਲਣਾ ਦੱਸਦਾ ਹੈ ਕਿ ਅਸਲ ਮੁੱਲ ਭਰੋਸੇ ਦਾ ਹੁੰਦਾ ਹੈ। ਜੇ ਜੇਬ ਹੌਲੀ ਕਰਨ ਵੇਲੇ ਦਰਸ਼ਕ ਫਿਲਮ ਟੀਮ 'ਤੇ ਭਰੋਸਾ ਕਰਦਾ ਹੈ ਤਾਂ ਸਭ ਕੁੱਝ ਪਾਸ ਹੈ।
ਫਿਲਮ ਸਮੀਖਿਅਕਾਂ ਦਾ ਕਹਿਣਾ ਹੈ ਕਿ ਪੰਜਾਬੀ ਸਿਨੇਮੇ ਵਿਚ ਇਹ ਤਾਂ ਬਹੁਤ ਵਾਰ ਦੇਖਿਆ ਕਿ ਅੱਜ ਜਿਸ ਅਦਾਕਾਰ ਦੀ ਫਿਲਮ ਸੁਪਰਹਿੱਟ ਹੋ ਗਈ, ਚਾਰ ਮਹੀਨਿਆਂ ਨੂੰ ਆਈ ਉਸ ਦੀ ਫਿਲਮ ਪਾਣੀ ਨਾ ਮੰਗੇ ਪਰ ਇਹ ਪਹਿਲੀ ਵਾਰ ਹੈ ਕਿ ਅਮਰਿੰਦਰ ਗਿੱਲ ਦੀ ਫਿਲਮ ਦੀ ਟਿਕਟ ਦਰਸ਼ਕ ਅੱਖਾਂ ਬੰਦ ਕਰਕੇ ਖਰੀਦ ਰਹੇ ਹੋਣ। ਇੰਨਾ ਭਰੋਸਾ ਰੱਬ 'ਤੇ ਤਾਂ ਦੇਖਿਆ ਜਾ ਸਕਦਾ, ਕਲਾਕਾਰ 'ਤੇ ਨਹੀਂ। 'ਰਿਦਮ ਬੁਆਏਜ਼' ਦੇ ਹੱਕ ਵਿਚ ਇਕ ਹੋਰ ਕਮਾਲ ਦੀ ਗੱਲ ਜਾਂਦੀ ਹੈ। ਤਟਫਟ ਫਿਲਮ ਤਿਆਰ ਕਰਨੀ, ਐਡੀਟਿੰਗ ਕਰਾਉਣੀ ਤੇ ਰਿਲੀਜ਼ ਕਰ ਦਿਖਾਉਣੀ। ਤਰੀਕ ਪਹਿਲਾਂ ਐਲਾਨ ਕਰ ਦਿੱਤੀ ਜਾਂਦੀ ਹੈ ਤੇ ਨਾਲ ਨਾਲ ਫਿਲਮ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ ਤੇ ਮਿੱਥੇ ਸਮੇਂ 'ਤੇ ਫਿਲਮ ਰਿਲੀਜ਼ ਵੀ ਹੋ ਜਾਂਦੀ ਹੈ ਤੇ ਸੁਪਰਹਿੱਟ ਵੀ ਹੋ ਜਾਂਦੀ ਹੈ। ਪੰਜਾਬੀ ਸਿਨੇਮੇ ਨਾਲ ਜੁੜੇ ਹਰ ਵਿਅਕਤੀ ਦਾ ਕਹਿਣਾ ਹੈ ਕਿ ਫਿਲਮਾਂ ਟੀਮ ਵਰਕ ਨਾਲ ਕਾਮਯਾਬ ਹੁੰਦੀਆਂ ਹਨ ਤੇ ਟੀਮ ਵਰਕ ਦੇ ਮਾਮਲੇ ਵਿਚ ਅਮਰਿੰਦਰ ਗਿੱਲ, ਕਾਰਜ ਗਿੱਲ ਤੇ ਉਨ੍ਹਾਂ ਦੇ ਬਾਕੀ ਸਾਥੀਆਂ ਦਾ ਕੋਈ ਸਾਨੀ ਨਹੀਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News