''ਆਟੇ ਦੀ ਚਿੜੀ'' ਪਿਆਰ ਦਾ ਪ੍ਰਤੀਕ, ਜੋ ਵਧਾਏਗੀ ਪਰਿਵਾਰਕ ਸਾਂਝ

10/16/2018 9:29:48 AM

ਪੰਜਾਬੀ ਫਿਲਮ 'ਆਟੇ ਦੀ ਚਿੜੀ' 19 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਨੀਰੂ ਬਾਜਵਾ, ਅੰਮ੍ਰਿਤ ਮਾਨ, ਸਰਦਾਰ ਸੋਹੀ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਨਿਸ਼ਾ ਬਾਨੋ, ਬੀ. ਐੱਨ. ਸ਼ਰਮਾ, ਹਾਰਬੀ ਸੰਘਾ ਤੇ ਨਿਰਮਲ ਰਿਸ਼ੀ ਦੇ ਨਾਲ ਕਈ ਹੋਰ ਸਿਤਾਰੇ ਨਜ਼ਰ ਆਉਣ ਵਾਲੇ ਹਨ। ਫਿਲਮ ਨੂੰ ਹੈਰੀ ਭੱਟੀ ਨੇ ਡਾਇਰੈਕਟ ਕੀਤਾ ਹੈ ਤੇ ਇਸ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ। ਇਸ ਦੇ ਪ੍ਰੋਡਿਊਸਰ ਚਰਨਜੀਤ ਸਿੰਘ ਵਾਲੀਆ ਤੇ ਤੇਗਬੀਰ ਸਿੰਘ ਵਾਲੀਆ ਹਨ, ਜਦਕਿ ਕੋ-ਪ੍ਰੋਡਿਊਸਰ ਜੀ. ਆਰ. ਐੱਸ. ਚੀਨਾ ਹਨ। ਫਿਲਮ ਦੀ ਪ੍ਰਮੋਸ਼ਨ ਦੇ ਸਿਲਸਿਲੇ 'ਚ ਅੰਮ੍ਰਿਤ ਮਾਨ ਤੇ ਨੀਰੂ ਬਾਜਵਾ ਜਗ ਬਾਣੀ ਦੇ ਦਫਤਰ ਪੁੱਜੇ, ਜਿਥੇ ਉਨ੍ਹਾਂ ਨੇ ਸਾਡੇ ਪ੍ਰਤੀਨਿਧੀ ਰਾਹੁਲ ਸਿੰਘ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼—


ਕੀ ਬਚਪਨ 'ਚ ਤੁਸੀਂ ਵੀ ਆਟੇ ਦੀ ਚਿੜੀ ਬਣਾਈ?
ਅੰਮ੍ਰਿਤ— ਮੈਨੂੰ ਯਾਦ ਹੈ ਕਿ ਮੈਂ ਛੋਟੇ ਹੁੰਦੇ ਮੰਮੀ ਨੂੰ ਤੰਗ ਕਰਨਾ ਤਾਂ ਉਨ੍ਹਾਂ ਨੇ ਆਟੇ ਦੀ ਚਿੜੀ ਬਣਾ ਕੇ ਦੇ ਦੇਣੀ। ਉਸ ਨਾਲ ਮੈਂ ਖੇਡ ਲੈਂਦਾ ਸੀ ਤੇ ਮੰਮੀ ਆਪਣੇ ਘਰ ਦਾ ਕੰਮ ਵੀ ਖਤਮ ਕਰ ਲੈਂਦੇ ਸਨ। ਆਟੇ ਦੀ ਚਿੜੀ ਪਿਆਰ ਦਾ ਪ੍ਰਤੀਕ ਹੈ, ਜੋ ਪਰਿਵਾਰਕ ਸਾਂਝ ਵਧਾਉਂਦੀ ਹੈ ਤੇ ਸਾਡੀ ਫਿਲਮ 'ਚ ਵੀ ਇਹੀ ਦਿਖਾਇਆ ਗਿਆ ਹੈ।
ਨੀਰੂ— ਮੈਂ ਖੁਦ ਤਾਂ ਨਹੀਂ ਪਰ ਆਪਣੀ ਬੇਟੀ ਨੂੰ ਆਟੇ ਦੀ ਚਿੜੀ ਬਣਾ ਕੇ ਜ਼ਰੂਰ ਦਿੰਦੀ ਹਾਂ। ਹਾਲਾਂਕਿ ਜ਼ਿਆਦਾਤਰ ਉਸ ਦੀ ਦਾਦੀ ਤੇ ਨਾਨੀ ਹੀ ਆਟੇ ਦੀ ਚਿੜੀ ਬਣਾ ਕੇ ਦਿੰਦੇ ਹਨ।


ਦੋਵਾਂ ਦੀ ਕੈਮਿਸਟਰੀ ਫਿਲਮ 'ਚ ਕਿਸ ਤਰ੍ਹਾਂ ਦੀ ਰਹੀ?
ਨੀਰੂ— 'ਆਟੇ ਦੀ ਚਿੜੀ' ਤੋਂ ਪਹਿਲਾਂ ਅਸੀਂ 'ਲੌਂਗ ਲਾਚੀ' ਫਿਲਮ ਦੇ ਇਕ-ਦੋ ਸੀਨਜ਼ ਇਕੱਠੇ ਕੀਤੇ ਸਨ। ਮੈਨੂੰ ਉਦੋਂ ਪਤਾ ਲੱਗ ਗਿਆ ਸੀ ਕਿ ਅੰਮ੍ਰਿਤ ਇਕ ਵਧੀਆ ਐਕਟਰ ਹੈ। ਮੈਨੂੰ ਬਹੁਤ ਖੁਸ਼ੀ ਹੋਈ ਜਦੋਂ ਅੰਮ੍ਰਿਤ ਨਾਲ 'ਆਟੇ ਦੀ ਚਿੜੀ' ਫਿਲਮ ਆਫਰ ਹੋਈ। ਮੈਂ ਉਤਸ਼ਾਹਿਤ ਸੀ ਕਿਉਂਕਿ ਇਕ ਚੰਗੇ ਐਕਟਰ ਨਾਲ ਕੰਮ ਕਰਨਾ ਬਹੁਤ ਆਸਾਨ ਹੁੰਦਾ ਹੈ।


ਐਕਟਰ ਬਣਨਾ ਜ਼ਿਆਦਾ ਮੁਸ਼ਕਿਲ ਹੈ ਜਾਂ ਪ੍ਰੋਡਿਊਸਰ ਤੇ ਡਾਇਰੈਕਟਰ ਬਣਨਾ?
ਨੀਰੂ— ਕੰਮ ਸਾਰੇ ਹੀ ਮੁਸ਼ਕਿਲ ਹਨ ਪਰ ਸਭ ਤੋਂ ਮੁਸ਼ਕਿਲ ਕੰਮ ਪ੍ਰੋਡਿਊਸਰ ਦਾ ਹੁੰਦਾ ਹੈ। ਦੂਜੇ ਨੰਬਰ 'ਤੇ ਡਾਇਰੈਕਟਰ ਦਾ ਕੰਮ ਮੁਸ਼ਕਿਲ ਹੁੰਦਾ ਹੈ ਤੇ ਫਿਰ ਐਕਟਰ ਦਾ।


ਅੰਮ੍ਰਿਤ ਮਾਨ ਲਈ ਕੀ ਮੁਸ਼ਕਿਲ ਹੈ। ਗੀਤ ਲਿਖਣਾ, ਗਾਉਣਾ ਜਾਂ ਐਕਟਿੰਗ ਕਰਨਾ?
ਅੰਮ੍ਰਿਤ— ਇਹ ਨਿਰਭਰ ਕਰਦਾ ਹੈ ਕਿ ਤੁਸੀਂ ਇਕ ਕੰਮ ਨੂੰ ਕਿੰਨਾ ਸਮਾਂ ਦਿੰਦੇ ਹੋ। ਕੁਝ ਵੀ ਆਸਾਨ ਨਹੀਂ ਹੈ ਤੇ ਕੋਈ ਵੀ ਚੀਜ਼ ਇਕੋ ਜਿਹੀ ਨਹੀਂ ਹੈ। ਇਸ ਲਈ ਲਗਾਤਾਰ ਮਿਹਨਤ ਕਰਨੀ ਪੈਂਦੀ ਹੈ। ਗੀਤਕਾਰ ਵਜੋਂ ਮੈਂ ਐਂਟਰੀ ਕੀਤੀ ਤੇ ਇਹ ਕੰਮ ਕਰਨ ਦੀ ਇਹ ਮੇਰੀ ਫੈਵਰੇਟ ਫੀਲਡ ਹੈ। ਐਕਟਿੰਗ ਅਜੇ ਮੈਂ ਸਿੱਖ ਰਿਹਾ ਹਾਂ। ਖੁਸ਼ਕਿਸਮਤ ਰਿਹਾ ਕਿ ਸ਼ੁਰੂ ਤੋਂ ਚੰਗੀ ਸਟਾਰਕਾਸਟ ਤੇ ਟੀਮ ਮਿਲੀ, ਜਿਸ ਨਾਲ ਸਭ ਆਸਾਨ ਹੋ ਜਾਂਦਾ ਹੈ।


ਨੀਰੂ ਬਾਜਵਾ ਨਾਲ ਕੰਮ ਕਰਨ ਦਾ ਤਜਰਬਾ ਕਿਸ ਤਰ੍ਹਾਂ ਦਾ ਰਿਹਾ। ਘਬਰਾਹਟ ਸੀ ਮਨ ਵਿਚ?
ਅੰਮ੍ਰਿਤ— ਸ਼ੁਰੂਆਤ 'ਚ ਮੇਰੇ ਮਨ 'ਚ ਘਬਰਾਹਟ ਸੀ। ਪਰ ਇੰਨਾ ਜ਼ਰੂਰ ਹੈ ਕਿ ਜਦੋਂ ਤੁਸੀਂ ਸੀਨੀਅਰ ਕਲਾਕਾਰ ਨਾਲ ਕੰਮ ਕਰਦੇ ਹੋ ਤੁਹਾਨੂੰ ਨਰਵਸਨੈੱਸ ਹੁੰਦੀ ਹੈ ਪਰ ਨੀਰੂ ਨੇ ਕਦੇ ਵੀ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਹ ਸੀਨੀਅਰ ਹਨ। ਆਨ ਸੈੱਟ ਵੀ ਕਾਫੀ ਸੁਪੋਰਟਿਵ ਸਨ। ਹਮੇਸ਼ਾ ਮੈਨੂੰ ਸਹਿਜ ਮਹਿਸੂਸ ਕਰਵਾਇਆ ਤਾਂ ਕਿ ਆਨਸਕ੍ਰੀਨ ਪ੍ਰੋਫੈਸ਼ਨਲ ਰਿਲੇਸ਼ਨ ਵਧੀਆ ਨਿਕਲ ਕੇ ਆਵੇ। ਜਿਵੇਂ-ਜਿਵੇਂ ਸ਼ੂਟ ਚੱਲਦਾ ਗਿਆ ਸਾਡੇ ਗਾਸ਼ਿਪ ਵੀ ਵਧੀਆ ਵੱਧ ਗਏ। 40 ਕੁ ਦਿਨ ਅਸੀਂ ਸ਼ੂਟ ਕੀਤਾ ਬਹੁਤ ਹੀ ਵਧੀਆ ਰਿਹਾ ਤਜਰਬਾ।


14 ਸਾਲਾਂ ਦੇ ਆਪਣੇ ਪੰਜਾਬੀ ਫਿਲਮ ਇੰਡਸਟਰੀ ਦੇ ਕਰੀਅਰ ਨੂੰ ਕਿਵੇਂ ਦੇਖਦੇ ਹੋ?
ਨੀਰੂ— ਮੈਨੂੰ ਪੰਜਾਬੀ ਫਿਲਮ ਇੰਡਸਟਰੀ 'ਤੇ ਮਾਣ ਮਹਿਸੂਸ ਹੁੰਦਾ ਹੈ। ਜਦੋਂ ਮੈਂ ਪੰਜਾਬੀ ਇੰਡਸਟਰੀ 'ਚ ਆਈ ਤਾਂ ਸਾਲ 'ਚ ਇਕ ਹੀ ਫਿਲਮ ਬਣਦੀ ਸੀ। ਇਕੋ ਹੀਰੋ ਹੁੰਦਾ ਸੀ, ਇਕੋ ਡਾਇਰੈਕਟਰ ਤੇ ਇਕੋ ਹੀ ਹੀਰੋਇਨ, ਜੋ ਸਾਨੂੰ ਹਰ ਫਿਲਮ 'ਚ ਦੇਖਣ ਨੂੰ ਮਿਲ ਜਾਂਦੇ ਸਨ। ਹੁਣ ਹਰ ਹਫਤੇ ਪੰਜਾਬੀ ਫਿਲਮ ਰਿਲੀਜ਼ ਹੁੰਦੀ ਹੈ। ਕਈ ਵਾਰ ਤਾਂ ਰਿਲੀਜ਼ ਡੇਟ ਵੀ ਨਹੀਂ ਮਿਲਦੀ। ਪਹਿਲਾਂ ਮੁੰਬਈ ਤੋਂ ਆਰਟਿਸਟ ਲੈ ਕੇ ਆਉਣੇ ਪੈਂਦੇ ਹਨ ਤੇ ਹੁਣ ਸਾਡੀ ਫਿਲਮ ਇੰਡਸਟਰੀ 'ਚ ਟੇਲੈਂਟ ਦੀ ਭਰਮਾਰ ਹੈ।


ਫਿਲਮ ਦੀ ਬਾਕੀ ਸਟਾਰਕਾਸਟ ਨਾਲ ਕੰਮ ਕਰਨ ਦਾ ਤਜਰਬਾ ਕਿਸ ਤਰ੍ਹਾਂ ਰਿਹਾ?
ਅੰਮ੍ਰਿਤ— ਫਿਲਮ 'ਚ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ ਤੇ ਸਰਦਾਰ ਸੋਹੀ ਵਰਗੇ ਕਲਾਕਾਰ ਹਨ, ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਸਿਨੇਮਾ ਨੂੰ ਦਿੱਤੀ ਹੈ। ਚੰਗੇ ਕਲਾਕਾਰ ਹੋਣ ਦੇ ਨਾਲ-ਨਾਲ ਸਾਰੇ ਚੰਗੇ ਇਨਸਾਨ ਵੀ ਹਨ। ਮੈਂ ਇਨ੍ਹਾਂ ਸਾਰਿਆਂ ਤੋਂ ਜੂਨੀਅਰ ਹਾਂ ਤੇ ਇਨ੍ਹਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਜਦੋਂ ਤੁਹਾਡੇ ਆਲੇ-ਦੁਆਲੇ ਅਜਿਹੇ ਕਲਾਕਾਰ ਹੋਣ ਤਾਂ ਤਜਰਬਾ ਵਧੀਆ ਹੋ ਜਾਂਦਾ ਹੈ।


ਬਾਕੀ ਪੰਜਾਬੀ ਫਿਲਮਾਂ ਨਾਲੋਂ 'ਆਟੇ ਦੀ ਚਿੜੀ' ਕਿੰਨੀ ਅਲੱਗ ਹੈ?
ਅੰਮ੍ਰਿਤ— ਪਹਿਲੀ ਗੱਲ ਇਹ ਕਿ 'ਆਟੇ ਦੀ ਚਿੜੀ' ਇਕ ਪਰਿਵਾਰਕ ਫਿਲਮ ਹੈ। ਸਾਫ-ਸੁਥਰੀ ਫਿਲਮ ਹੈ, ਜੋ ਪਰਿਵਾਰ ਦੇ ਕਿਸੇ ਵੀ ਮੈਂਬਰ ਨਾਲ ਬੈਠ ਕੇ ਦੇਖੀ ਜਾ ਸਕਦੀ ਹੈ। ਦੂਜੀ ਗੱਲ ਅਸੀਂ ਕਿਸੇ ਵੀ ਚੀਜ਼ ਨੂੰ ਫਿਲਮ 'ਚ ਧੱਕੇ ਨਾਲ ਨਹੀਂ ਦਿਖਾਇਆ। ਧੱਕੇ ਨਾਲ ਫਿਲਮ 'ਚ ਕਾਮੇਡੀ ਨਹੀਂ ਰੱਖੀ ਗਈ ਨਾ ਹੀ ਇਸ ਦੀ ਕਹਾਣੀ ਧੱਕੇ ਨਾਲ ਖਿੱਚੀ ਗਈ ਹੈ। ਸਾਰਾ ਕੁਝ ਅਸਲ ਜ਼ਿੰਦਗੀ 'ਤੇ ਆਧਾਰਿਤ ਫਿਲਮ ਹੈ। ਪਾਜ਼ੇਟਿਵ ਤੇ ਨੈਗੇਟਿਵ ਦੋਵੇਂ ਪੱਖ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News