''ਆਟੇ ਦੀ ਚਿੜੀ'' ਇਕ ਅਹਿਸਾਸ ਦੀ ਕਹਾਣੀ, ਜਿਸ ਨੂੰ ਹਰ ਪੰਜਾਬੀ ਕਰਦੈ ਮਹਿਸੂਸ

Sunday, October 7, 2018 8:57 AM
''ਆਟੇ ਦੀ ਚਿੜੀ'' ਇਕ ਅਹਿਸਾਸ ਦੀ ਕਹਾਣੀ, ਜਿਸ ਨੂੰ ਹਰ ਪੰਜਾਬੀ ਕਰਦੈ ਮਹਿਸੂਸ

ਜਲੰਧਰ(ਬਿਊਰੋ)— ਆਖਿਰਕਾਰ ਇਸ ਸਾਲ ਦੀ ਸਭ ਤੋਂ ਜ਼ਿਆਦਾ ਉਡੀਕੀ ਜਾਣ ਵਾਲੀ ਤੇਗ ਪ੍ਰੋਡਕਸ਼ਨਸ ਦੀ ਫਿਲਮ 'ਆਟੇ ਦੀ ਚਿੜੀ' ਜਲਦ ਹੀ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ। ਇਸ ਦੇ ਰਿਲੀਜ਼ ਹੋਣ ਤੋਂ ਪਹਿਲਾਂ ਫਿਲਮ ਦੇ ਨਿਰਮਾਤਾਵਾਂ ਨੇ 6 ਅਕਤੂਬਰ ਨੂੰ ਇਕ ਪ੍ਰੈੱਸ ਕਾਨਫਰੰਸ ਦਾ ਆਯੋਜਨ ਕੀਤਾ। ਇਸ ਮੌਕੇ ਫਿਲਮ ਦੀ ਪੂਰੀ ਸਟਾਰ ਕਾਸਟ, ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਨਾਲ ਫਿਲਮ ਦੇ ਡਾਇਰੈਕਟਰ ਮੌਜੂਦ ਰਹੇ। ਇਨ੍ਹਾਂ ਦੇ ਨਾਲ-ਨਾਲ ਫਿਲਮ ਦੇ ਪ੍ਰੋਡਊਸਰ ਤੇਗ ਪ੍ਰੋਡਕਸ਼ਨਸ ਦੇ ਚਰਨਜੀਤ ਸਿੰਘ ਵਾਲੀਆ ਤੇ ਤੇਗਬੀਰ ਸਿੰਘ ਵਾਲੀਆ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ 'ਆਟੇ ਦੀ ਚਿੜੀ' ਦੇ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਦੇ ਨਾਲ ਇਨ੍ਹਾਂ ਨੇ 'ਆਟੇ ਦੀ ਚਿੜੀ' ਫਿਲਮ ਦਾ ਦੂਜਾ ਗੀਤ 'ਲਵ ਯੂ ਨੀ ਮੁਟਿਆਰੇ' ਵੀ ਰਿਲੀਜ਼ ਕੀਤਾ। ਇਸ ਗੀਤ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਫਿਲਮ ਦਾ ਇਕ ਹੋਰ ਗੀਤ 'ਬਲੱਡ ਵਿਚ ਤੂੰ' ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਸੀ।


ਦੱਸ ਦੇਈਏ ਕਿ 'ਆਟੇ ਦੀ ਚਿੜੀ' ਆਪਣੇ ਐਲਾਨ ਤੋਂ ਹੀ ਸੁਰਖੀਆਂ ਦਾ ਹਿੱਸਾ ਬਮੀ ਰਹੀ ਹੈ। ਇਸ ਦਾ ਕਾਰਨ ਹੈ ਨੀਰੂ ਬਾਜਵਾ ਅਤੇ ਅੰਮ੍ਰਿਤ ਮਾਨ ਦੀ ਜੋੜੀ, ਜੋ ਪਹਿਲੀ ਵਾਰ ਪਰਦੇ 'ਤੇ ਇੱਕਠੀ ਦਿੱਸੇਗੀ। ਇਨ੍ਹਾਂ ਤੋਂ ਇਲਾਵਾ ਫਿਲਮ 'ਚ ਸਰਦਾਰ ਸੋਹੀ, ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਹਾਰਬੀ ਸੰਘਾ, ਨਿਸ਼ਾ ਬਾਨੋ, ਪ੍ਰੀਤੋ ਸਾਹਨੀ, ਬਲਵੀਰ ਬੋਪਾਰਾਏ, ਦਿਲਾਵਰ ਸਿੱਧੂ, ਪ੍ਰਕਾਸ਼ ਗਾਧੂ ਅਤੇ ਅਨਮੋਲ ਵਰਮਾ ਸਿਤਾਰੇ ਨਜ਼ਰ ਆਉਣਗੇ। ਫਿਲਮ ਦੇ ਨਿਰਦੇਸ਼ਕ ਹੈਰੀ ਭੱਟੀ ਹਨ ਅਤੇ ਇਸ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ। ਇਸ ਦੀ ਸ਼ੂਟਿੰਗ ਪੰਜਾਬ ਅਤੇ ਕੈਨੇਡਾ 'ਚ ਕੀਤੀ ਗਈ ਹੈ। ਪੂਰੇ ਪ੍ਰੋਜੈਕਟ ਨੂੰ ਤੇਗ ਪ੍ਰੋਡਕਸ਼ਨਸ ਦੇ ਚਰਨਜੀਤ ਸਿੰਘ ਵਾਲੀਆ ਅਤੇ ਤੇਗਬੀਰ ਸਿੰਘ ਵਾਲੀਆ ਨੇ ਪ੍ਰੋਡਿਊਸ ਕੀਤਾ ਹੈ। ਇਨ੍ਹਾਂ ਦੇ ਨਾਲ ਜੀ ਆਰ ਐਸ ਛੀਨਾ (ਕੈਲਗਰੀ, ਕੈਨੇਡਾ) ਇਸ ਫਿਲਮ ਦੇ ਸਹਿ ਨਿਰਮਾਤਾ ਹਨ। ਇਸ ਮੌਕੇ ਫਿਲਮ ਦੀ ਮੁੱਖ ਅਦਾਕਾਰਾ ਨੀਰੂ ਬਾਜਵਾ ਨੇ ਕਿਹਾ ਕਿ 'ਆਟੇ ਦੀ ਚਿੜੀ' ਮੇਰੇ ਦਿਲ ਦੇ ਬਹੁਤ ਹੀ ਕਰੀਬ ਹੈ ਕਿਉਂਕਿ ਇਸ ਦੀ ਕਹਾਣੀ ਅਤੇ ਪਿੱਠਭੂਮੀ ਮੇਰੀ ਆਪਣੀ ਜ਼ਿੰਦਗੀ ਨਾਲ ਮਿਲਦੀ ਜੁਲਦੀ ਹੈ। ਮੈਨੂੰ ਉਮੀਦ ਹੈ ਕਿ ਲੋਕ ਇਸ ਫਿਲਮ ਦਾ ਪੂਰਾ ਆਨੰਦ ਮਾਣਨਗੇ।


ਗਾਇਕ ਅਤੇ ਅਭਿਨੇਤਾ ਅੰਮ੍ਰਿਤ ਮਾਨ ਨੇ ਕਿਹਾ ਕਿ, ''ਮੈਂ ਆਪਣੇ ਗੀਤਾਂ ਅਤੇ ਇਕ ਫਿਲਮ 'ਚ ਅਦਾਕਾਰੀ ਕਰ ਚੁੱਕਾ ਹਾਂ ਪਰ ਇਕ ਪੂਰੀ ਫਿਲਮ ਦਾ ਭਾਰ ਆਪਣੇ ਮੋਢਿਆਂ 'ਤੇ ਲੈਣਾ ਅਲੱਗ ਹੀ ਜ਼ਿੰਮੇਵਾਰੀ ਹੈ। ਮੈਨੂੰ ਉਮੀਦ ਹੈ ਕਿ ਮੈਂ ਇਸ ਕਿਰਦਾਰ ਅਤੇ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਨ 'ਚ ਕਾਮਯਾਬ ਹੋ ਸਕਾਂ। ਡਾਇਰੈਕਟਰ ਹੈਰੀ ਭੱਟੀ ਨੇ ਕਿਹਾ ਕਿ 'ਆਟੇ ਦੀ ਚਿੜੀ' ਮੇਰੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਪੰਜਾਬ ਦੀ ਸੰਸਕ੍ਰਿਤੀ ਅਤੇ ਵਿਰਾਸਤ ਦੇ ਸਨਮੁੱਖ ਕਰਨ ਦੀ। ਸਾਡੀ ਟੀਮ ਦੇ ਹਰ ਇੱਕ ਮੈਂਬਰ ਨੇ ਬਹੁਤ ਹੀ ਮਿਹਨਤ ਕੀਤੀ ਹੈ, ਜੋ ਫਿਲਮ 'ਚ ਸਾਫ ਨਜ਼ਰ ਆਵੇਗੀ। ਇਹ ਫਿਲਮ 19 ਅਕਤੂਬਰ 2018 ਨੂੰ ਰਿਲੀਜ਼ ਹੋਵੇਗੀ।''


Edited By

Sunita

Sunita is news editor at Jagbani

Read More