#MeToo 'ਤੇ ਬੋਲੇ ਅੰਮ੍ਰਿਤ ਮਾਨ, 'ਕਿਸੇ ਨਾਲ ਗਲਤ ਹੋਇਆ ਤਾਂ ਇਨਸਾਫ ਮਿਲਣਾ ਚਾਹੀਦਾ ਹੈ'

10/16/2018 2:31:09 PM

ਜਲੰਧਰ (ਬਿਊਰੋ)— ਹਾਲੀਵੁੱਡ ਤੋਂ ਚੱਲੀ #MeToo ਮੁਹਿੰਮ ਦਾ ਸੇਕ ਬਾਲੀਵੁੱਡ ਤੋਂ ਬਾਅਦ ਹੁਣ ਪਾਲੀਵੁੱਡ ਤਕ ਵੀ ਪਹੁੰਚ ਚੁੱਕਾ ਹੈ। ਸਪਨਾ ਪੱਬੀ ਤੇ ਨੀਰੂ ਬਾਜਵਾ ਤੋਂ ਬਾਅਦ ਹੁਣ #MeToo 'ਤੇ ਪੰਜਾਬੀ ਗੀਤਕਾਰ, ਗਾਇਕ ਤੇ ਅਦਾਕਾਰ ਅੰਮ੍ਰਿਤ ਮਾਨ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। 'ਜਗ ਬਾਣੀ' ਨਾਲ ਗੱਲਬਾਤ ਦੌਰਾਨ ਅੰਮ੍ਰਿਤ ਮਾਨ ਨੇ ਕਿਹਾ, 'ਸ਼ਾਇਦ ਕਿਸੇ ਦੀ ਕੋਈ ਮਜਬੂਰੀ ਰਹੀ ਹੋਵੇਗੀ, ਜਿਸ ਕਾਰਨ ਉਸ ਸਮੇਂ ਆਵਾਜ਼ ਨਹੀਂ ਉਠਾਈ ਗਈ। ਇਹ ਕਿਸੇ ਨੂੰ ਸੱਚਾ-ਝੂਠਾ ਦੱਸਣ ਦੀ ਗੱਲ ਨਹੀਂ ਪਰ ਜੇ ਕਿਸੇ ਨਾਲ ਗਲਤ ਹੋਇਆ ਤਾਂ ਉਸ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਜੇ ਕੋਈ ਕਿਸੇ ਨੂੰ ਤੰਗ ਕਰ ਰਿਹਾ ਹੈ ਤੇ ਉਸ ਨੂੰ ਟਾਰਗੇਟ ਕਰ ਰਿਹਾ ਹੈ ਤਾਂ ਕਾਨੂੰਨ ਦਾ ਸਹਾਰਾ ਲਿਆ ਜਾ ਸਕਦਾ ਹੈ। ਜੇ ਅਸੀਂ ਚੁੱਪ ਕਰ ਜਾਂਦੇ ਹਾਂ ਤਾਂ ਮਾੜੀ ਸੋਚ ਵਾਲੇ ਦਾ ਹੌਸਲਾ ਵੱਧਦਾ ਹੈ।'

ਨੀਰੂ ਦਾ #MeToo 'ਤੇ ਸੀ ਇਹ ਬਿਆਨ
'ਮੈਨੂੰ ਇਹ ਲੱਗਦਾ ਹੈ ਕਿ ਇਹ ਹਰ ਫੀਲਡ 'ਚ ਹੁੰਦਾ ਹੈ, ਸਿਰਫ ਐਂਟਰਟੇਨਮੈਂਟ ਇੰਡਸਟਰੀ 'ਚ ਨਹੀਂ। ਹਾਲਾਂਕਿ ਹਾਈਲਾਈਟ ਜ਼ਿਆਦਾ ਐਂਟਰਟੇਨਮੈਂਟ ਇੰਡਸਟਰੀ ਦੀ ਗੱਲ ਹੁੰਦੀ ਹੈ ਪਰ ਮੇਰੇ ਨਾਲ ਇਸ ਤਰ੍ਹਾਂ ਦਾ ਹਾਦਸਾ ਕਦੇ ਨਹੀਂ ਹੋਇਆ। ਔਰਤਾਂ ਨੂੰ ਗੱਲ ਰੱਖਣ ਦਾ ਮੌਕਾ ਮਿਲ ਰਿਹਾ ਹੈ, ਜੋ ਇਕ ਚੰਗੀ ਗੱਲ ਹੈ। ਅਜਿਹੀ ਚਰਚਾ ਹੋਣੀ ਚਾਹੀਦੀ ਹੈ ਤੇ ਜੇਕਰ ਕੋਈ ਲੜਕੀ ਸਾਲਾਂ ਬਾਅਦ ਆਪਣੀ ਗੱਲ ਰੱਖ ਰਹੀ ਹੈ ਤਾਂ ਇਸ ਦਾ ਵੱਡਾ ਕਾਰਨ ਡਰ ਹੈ।'

ਦੱਸਣਯੋਗ ਹੈ ਕਿ ਦੋਵੇਂ ਆਪਣੀ ਫਿਲਮ 'ਆਟੇ ਦੀ ਚਿੜੀ' ਦੀ ਪ੍ਰਮੋਸ਼ਨ ਦੌਰਾਨ ਸੋਮਵਾਰ ਨੂੰ ਜਗ ਬਾਣੀ ਦੇ ਵਿਹੜੇ ਪਹੁੰਚੇ ਸਨ। ਅੰਮ੍ਰਿਤ ਮਾਨ ਤੇ ਨੀਰੂ ਬਾਜਵਾ ਸਟਾਰਰ ਇਹ ਫਿਲਮ ਪਹਿਲਾਂ 19 ਅਕਤੂਬਰ ਨੂੰ ਰਿਲੀਜ਼ ਹੋਣੀ ਸੀ, ਜੋ ਹੁਣ 18 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਅਜਿਹਾ ਦੁਸਹਿਰੇ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਕੀਤਾ ਗਿਆ ਹੈ। ਹੁਣ ਫਿਲਮ ਦਾ ਵੀਕੈਂਡ 3 ਦਿਨਾਂ ਦੀ ਬਜਾਏ 4 ਦਿਨਾਂ ਦਾ ਹੋ ਗਿਆ ਹੈ। 'ਆਟੇ ਦੀ ਚਿੜੀ' ਫਿਲਮ ਹੈਰੀ ਭੱਟੀ ਨੇ ਡਾਇਰੈਕਟ ਕੀਤੀ ਹੈ ਤੇ ਇਸ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News