ਬੁਰੇ ਵਕਤ 'ਚ ਵੀ ਹੱਸਣਾ ਸਿਖਾਉਂਦੀ ਹੈ ਵਰੁਣ-ਅਨੁਸ਼ਕਾ ਦੀ 'ਸੂਈ ਧਾਗਾ'

9/27/2018 1:07:22 PM

ਅਨੁਸ਼ਕਾ ਸ਼ਰਮਾ ਅਤੇ ਵਰੁਣ ਧਵਨ ਦੀ ਜੋੜੀ ਪਹਿਲੀ ਵਾਰ ਸਿਲਵਰ ਸਕ੍ਰੀਨ 'ਤੇ ਧਮਾਲ ਮਚਾਉਣ ਲਈ ਤਿਆਰ ਹੈ। ਫਿਲਮ 'ਸੂਈ ਧਾਗਾ-ਮੇਡ ਇਨ ਇੰਡੀਆ' 28 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ। ਫਿਲਮ 'ਚ ਵਰੁਣ-ਅਨੁਸ਼ਕਾ ਮੌਜੀ-ਮਮਤਾ ਦੇ ਰੋਲ 'ਚ ਦਿਸਣਗੇ। ਅਨੁਸ਼ਕਾ ਪਹਿਲੀ ਵਾਰ ਨਾਨ-ਗਲੈਮਰਸ ਲੁੱਕ 'ਚ ਦਿਸ ਰਹੀ ਹੈ। ਸ਼ਰਤ ਕਟਾਰੀਆ ਵਲੋਂ ਨਿਰਦੇਸ਼ਿਤ ਇਹ ਫਿਲਮ ਭਾਰਤ ਦੇ ਸ਼ਿਲਪਕਾਰਾਂ ਅਤੇ ਹੱਥਖੱਡੀ ਕਾਮਿਆਂ ਵਲੋਂ ਹੱਥ ਨਾਲ ਬਣਾਏ ਗਏ ਕੱਪੜੇ ਅਤੇ ਕਾਰੀਗਰੀ ਨੂੰ ਸਿਨੇਮਾ ਰਾਹੀਂ ਮੁੱਖ ਧਾਰਾ 'ਚ ਲਿਆ ਰਹੀ ਹੈ। ਇਸ ਵਿਚ ਦਿਹਾਤੀ ਇਲਾਕਿਆਂ 'ਚ ਹੱਥਖੱਡੀ ਕਾਮਿਆਂ ਅਤੇ ਕਾਰੀਗਰਾਂ ਵਲੋਂ ਕੱਪੜੇ 'ਤੇ ਕੀਤੇ ਗਏ ਕੰਮ ਨੂੰ ਬੜੀ ਹੀ ਪ੍ਰਮੁੱਖਤਾ ਨਾਲ ਦਰਸਾਇਆ ਗਿਆ ਹੈ। ਫਿਲਮ ਦੀ ਪ੍ਰਮੋਸ਼ਨ ਲਈ ਦਿੱਲੀ ਪਹੁੰਚੇ ਵਰੁਣ ਅਤੇ ਅਨੁਸ਼ਕਾ ਨੇ ਨਵੋਦਿਆ ਟਾਈਮਜ਼/ਪੰਜਾਬ ਕੇਸਰੀ/ਜਗ ਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ।
ਮੇਡ ਇਨ ਇੰਡੀਆ ਥੀਮ-ਵਰੁਣ ਧਵਨ
ਜਦੋਂ ਮੈਨੂੰ ਇਹ ਫਿਲਮ ਆਫਰ ਹੋਈ ਤਾਂ ਫਿਲਮ ਦਾ ਨਾਂ ਸੁਣ ਕੇ ਮੈਂ ਸੋਚੀਂ ਪੈ ਗਿਆ ਕਿ ਇਹ ਕੀ ਨਾਂ ਹੈ 'ਸੂਈ ਧਾਗਾ-ਮੇਡ ਇਨ ਇੰਡੀਆ'? ਇਸ ਵਿਚ ਕੀ ਹੋਵੇਗਾ? ਬਾਅਦ 'ਚ ਪਤਾ ਲੱਗਾ 'ਸੂਈ ਧਾਗਾ' ਵਿਚ ਸਿਰਫ ਸੂਈ ਧਾਗਾ ਹੀ ਨਹੀਂ, ਬਹੁਤ ਕੁਝ ਹੈ। ਸਾਡੇ ਦੇਸ਼ ਵਿਚ ਗਾਂਧੀ ਜੀ ਦੀ ਚਲਾਈ ਹੋਈ 'ਮੇਡ ਇਨ ਇੰਡੀਆ' ਬਹੁਤ ਵੱਡੀ ਮੁਹਿੰਮ ਹੈ। ਇਸ ਮੁਹਿੰਮ ਨਾਲ ਜੁੜੀਆਂ ਕਈ ਚੀਜ਼ਾਂ ਵੀ ਫਿਲਮ ਵਿਚ ਦਿਖਾਈਆਂ ਗਈਆਂ ਹਨ।
ਮੌਜੀ ਬਣਨਾ ਨਹੀਂ ਸੀ ਸੌਖਾ
ਮੇਰੇ ਲਈ ਮੌਜੀ ਦਾ ਕਿਰਦਾਰ ਇੰਨਾ ਸੌਖਾ ਨਹੀਂ ਸੀ ਕਿਉਂਕਿ ਇਹ ਇਕ ਆਮ ਆਦਮੀ ਦੀ ਕਹਾਣੀ ਹੈ, ਜੋ ਧੁੱਪ 'ਚ ਕੰਮ ਕਰਦਾ ਹੈ ਅਤੇ ਕਈ ਸੰਘਰਸ਼ਾਂ 'ਚੋਂ ਲੰਘਦਾ ਹੈ। ਉਹ ਵਿਅਕਤੀ ਬੇਰੋਜ਼ਗਾਰ ਹੋਣ ਤੋਂ ਬਾਅਦ ਆਪਣਾ ਵਪਾਰ ਸ਼ੁਰੂ ਕਰਦਾ ਹੈ ਮਤਲਬ ਬੇਰੋਜ਼ਗਾਰੀ ਤੋਂ ਖੁਦ ਦੇ ਰੋਜ਼ਗਾਰ ਦੀ ਕਹਾਣੀ ਨੂੰ ਇਸ ਫਿਲਮ ਰਾਹੀਂ ਦਰਸਾਇਆ ਗਿਆ ਹੈ। ਇਹ ਫਿਲਮ ਸਾਨੂੰ ਸਿਖਾਉਂਦੀ ਹੈ ਕਿ ਬੁਰੇ ਵਕਤ 'ਚ ਵੀ ਹੱਸਦਿਆਂ ਹੋਇਆਂ ਅੱਗੇ ਵਧ ਜਾਣਾ ਹੀ ਜ਼ਿੰਦਗੀ ਹੈ।
ਬੇਹੱਦ ਸ਼ਾਂਤ ਹੈ ਅਨੁਸ਼ਕਾ
ਜਦੋਂ ਅਸੀਂ ਸ਼ੂਟਿੰਗ ਦੇ ਲਈ ਚੰਦੇਰੀ ਪਹੁੰਚੇ ਤਾਂ ਮੈਂ ਸੋਚ ਰਿਹਾ ਸੀ ਕਿ ਇਥੇ ਕਿਵੇਂ ਰਹਾਂਗੇ, ਮੈਂ ਸ਼ੂਟ ਦੇ ਮਗਰੋਂ ਕੀ ਕਰਾਂਗਾ ਪਰ ਅਨੁਸ਼ਕਾ ਬਹੁਤ ਸ਼ਾਂਤ ਸੁਭਾਅ ਵਾਲੀ ਹੈ। ਇਸ ਨੇ ਮੈਨੂੰ ਸਮਝਾਇਆ ਤਾਂ ਹੌਲੀ-ਹੌਲੀ ਮੈਂ ਵੀ ਸੈੱਟ ਹੋ ਗਿਆ। ਸ਼ੂਟ ਦੌਰਾਨ ਅਸੀਂ ਬੜੀ ਮਸਤੀ ਕੀਤੀ। ਸਾਡੀ ਸ਼ੂਟਿੰਗ 55 ਦਿਨ ਤਕ ਚੱਲੀ, ਇਹ ਦਿਨ ਕਿਵੇਂ ਲੰਘ ਗਏ, ਪਤਾ ਹੀ ਨਹੀਂ ਲੱਗਾ।
ਖੁਦ ਨੂੰ ਬਣਾਓ ਸਵੈ-ਨਿਰਭਰ
ਔਰਤ ਹੋਵੇ ਜਾਂ ਮਰਦ, ਹਰ ਕਿਸੇ ਨੂੰ ਆਪਣੀ ਹੋਂਦ ਬਣਾਈ ਰੱਖਣ ਲਈ ਜਾਂ ਤਾਂ ਪੜ੍ਹਿਆ- ਲਿਖਿਆ ਹੋਣਾ ਜ਼ਰੂਰੀ ਹੈ ਜਾਂ ਹੁਨਰਮੰਦ ਹੋਣਾ ਕਿਉਂਕਿ ਖੁਦ ਨੂੰ ਸਵੈ-ਨਿਰਭਰ ਬਣਾਉਣ ਲਈ ਇਹੀ 2 ਚੀਜ਼ਾਂ ਕੰਮ ਆਉਂਦੀਆਂ ਹਨ।
ਬਦਲ ਰਹੀ ਹੈ ਯੰਗ ਇੰਡੀਆ ਦੀ ਸੋਚ : ਅਨੁਸ਼ਕਾ ਸ਼ਰਮਾ
ਹੁਣ ਯੰਗ ਇੰਡੀਆ ਦੀ ਸੋਚ ਬਦਲ ਰਹੀ ਹੈ। ਫਿਲਮਾਂ ਦੇ ਹੀਰੋ ਜਾਂ ਹੀਰੋਇਨ ਦੇ ਕੱਪੜਿਆਂ ਦੀ ਸੋਚ ਨੂੰ ਉਹ ਫਾਲੋ ਨਹੀਂ ਕਰਦੇ, ਹੁਣ ਕਾਬਲੀਅਤ ਅਤੇ ਹੁਨਰ ਯੰਗ ਇੰਡੀਆ ਦੀ ਨਵੀਂ ਪਛਾਣ ਹੈ। ਹਾਲਾਂਕਿ ਅੱਜ ਵੀ ਔਰਤਾਂ ਪ੍ਰਤੀ ਸੋਚ ਬਦਲਣ ਦੀ ਲੋੜ ਹੈ। ਸਿਰਫ ਇਹ ਨਹੀਂ ਹੋਣਾ ਚਾਹੀਦਾ ਕਿ ਲੜਕੀ ਹੈ ਤਾਂ ਖਾਣਾ ਬਣਾਏਗੀ ਅਤੇ ਲੜਕਾ ਹੈ ਤਾਂ ਕੰਮ ਕਰੇਗਾ। ਵੱਡੀ ਗਿਣਤੀ 'ਚ ਲੋਕਾਂ ਦੀ ਸੋਚ 'ਚ ਤਬਦੀਲੀ ਆਈ ਹੈ ਪਰ ਅਜੇ ਵੀ ਬਹੁਤ ਕੁਝ ਬਦਲਣਾ ਹੈ, ਖਾਸ ਕਰਕੇ ਹਰੇਕ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਤੇ ਨਿਭਾਉਣੀ ਪਵੇਗੀ।
ਮਮਤਾ-ਮੌਜੀ ਦੀ ਕਹਾਣੀ ਹੈ ਵੱਖਰੀ ਜਿਹੀ
ਅਕਸਰ ਲੋਕ ਬਿਜ਼ਨੈੱਸ ਪਾਰਟਨਰ ਤੋਂ ਲਾਈਫ ਪਾਰਟਨਰ ਬਣਦੇ ਹਨ ਪਰ ਇਸ ਫਿਲਮ 'ਚ ਮਮਤਾ ਤੇ ਮੌਜੀ ਦੀ ਕਹਾਣੀ ਕੁਝ ਵੱਖਰੀ ਜਿਹੀ ਹੈ। ਉਨ੍ਹਾਂ ਦੋਵਾਂ ਦਾ ਜਲਦੀ ਵਿਆਹ ਹੋ ਜਾਂਦਾ ਹੈ ਅਤੇ ਦੋਵੇਂ ਇਕ-ਦੂਜੇ ਨੂੰ ਸਮਝ ਨਹੀਂ ਸਕਦੇ। ਲੜਕੀ ਘਰ ਦੇ ਕੰਮਾਂ 'ਚ ਲੱਗੀ ਰਹਿੰਦੀ ਹੈ ਅਤੇ ਲੜਕਾ ਨੌਕਰੀ ਕਰਦਾ ਹੈ...ਪਰ ਜਦੋਂ ਉਹ ਇਕ-ਦੂਸਰੇ ਦੇ ਨਾਲ ਕੰਮ ਕਰਨਾ ਸ਼ੁਰੂ ਕਰਦੇ ਹਨ, ਇਕੱਠਿਆਂ ਸਮਾਂ ਬਿਤਾਉਂਦੇ ਹਨ ਅਤੇ ਇਕ ਦੂਜੇ ਨੂੰ ਸਮਝਣ ਲੱਗਦੇ ਹਨ। ਇਸ ਫਿਲਮ ਨਾਲ ਬਹੁਤ ਸਾਰੇ ਲੋਕ ਖੁਦ ਨੂੰ ਰਿਲੇਟ ਕਰਨਗੇ। ਫਿਲਮ 'ਚ ਮੇਰਾ ਕਿਰਦਾਰ ਮਮਤਾ ਦਾ ਹੈ, ਜਿਸ ਨੂੰ ਬੜੀ ਸਹਿਜਤਾ ਨਾਲ ਜਿਊਣਾ ਪਸੰਦ ਹੈ। ਇਸ 'ਚ ਮੈਂ ਬੜੀ ਸਾਧਾਰਨ ਜਿਹੀ ਸਾੜ੍ਹੀ ਪਹਿਨੀ ਹੋਈ ਹੈ, ਨਾਲ ਹੀ ਜੁਰਾਬਾਂ ਅਤੇ ਜੁਰਾਬਾਂ ਦੇ ਉੱਪਰੋਂ ਬਿਛੂਏ ਪਹਿਨੇ ਹਨ, ਜੋ ਸਾਰਿਆਂ ਨੂੰ ਬੜਾ ਹੀ ਅਸਲੀ ਲੱਗੇਗਾ।
ਰੀਅਲਿਸਟਿਕ ਫਿਲਮਾਂ ਪਸੰਦ ਕਰ ਰਹੇ ਹਨ ਲੋਕ
ਅੱਜਕਲ ਲੋਕ ਸਾਰੀਆਂ ਚੀਜ਼ਾਂ ਗੂਗਲ 'ਤੇ ਸਰਚ ਕਰ ਲੈਂਦੇ ਹਨ, ਉਹ ਜਾਣਦੇ ਹਨ ਕਿ ਲੰਡਨ, ਸਵਿਟਜ਼ਰਲੈਂਡ ਕਿਹੋ ਜਿਹਾ ਹੈ। ਅੱਜ ਦੇ ਸਮੇਂ 'ਚ ਤੁਸੀਂ ਦਰਸ਼ਕਾਂ ਨਾਲ ਝੂਠ ਨਹੀਂ ਬੋਲ ਸਕਦੇ, ਉਹ ਸਭ ਜਾਣਦੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਦਰਸ਼ਕਾਂ ਨੂੰ ਰੀਅਲਿਸਟਿਕ ਫਿਲਮਾਂ ਪਸੰਦ ਆ ਰਹੀਆਂ ਹਨ। ਇਹੀ ਕਾਰਨ ਹੈ ਕਿ ਅੱਜਕਲ ਰੀਅਲਿਸਟਿਕ ਫਿਲਮਾਂ ਜ਼ਿਆਦਾ ਬਣ ਰਹੀਆਂ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News