ਜ਼ਿੰਦਗੀ ਜਿਊਣ ਦਾ ਸਿਧਾਂਤ ਸਿਖਾਉਂਦੀ ਹੈ ‘ਅਰਦਾਸ ਕਰਾਂ’

7/17/2019 8:57:22 AM

ਜਲੰਧਰ (ਨੇਹਾ ਮਿਨਹਾਸ) — 19 ਜੁਲਾਈ ਯਾਨੀ ਕਿ ਇਸ ਸ਼ੁੱਕਰਵਾਰ ਦੁਨੀਆ ਭਰ ’ਚ ਸੰਜੀਦਾ ਵਿਸ਼ੇ ’ਤੇ ਬਣੀ ਪੰਜਾਬੀ ਫਿਲਮ ‘ਅਰਦਾਸ ਕਰਾਂ’ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ’ਚ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਜਪਜੀ ਖਹਿਰਾ, ਮਿਹਰ ਵਿੱਜ, ਸਰਦਾਰ ਸੋਹੀ, ਯੋਗਰਾਜ ਸਿੰਘ, ਸਪਨਾ ਪੱਬੀ, ਮਲਕੀਤ ਰੌਣੀ ਤੇ ਕਈ ਹੋਰ ਸਿਤਾਰੇ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫਿਲਮ ਦੀ ਕਹਾਣੀ ਤੇ ਸਕ੍ਰੀਨਪਲੇਅ ਗਿੱਪੀ ਗਰੇਵਾਲ ਤੇ ਰਾਣਾ ਰਣਬੀਰ ਨੇ ਲਿਖਿਆ ਹੈ। ਫਿਲਮ ਦੇ ਡਾਇਰੈਕਟਰ ਤੇ ਪ੍ਰੋਡਿਊਸਰ ਗਿੱਪੀ ਗਰੇਵਾਲ ਖੁਦ ਹਨ ਤੇ ਇਸ ਨੂੰ ਕੋ-ਪ੍ਰੋਡਿਊਸ ਰਵਨੀਤ ਕੌਰ ਗਰੇਵਾਲ ਨੇ ਕੀਤਾ ਹੈ। ਫਿਲਮ ਦੀ ਪ੍ਰਮੋਸ਼ਨ ਇਨ੍ਹੀਂ ਦਿਨੀਂ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ। ਪ੍ਰਮੋਸ਼ਨ ਦੇ ਸਿਲਸਿਲੇ ’ਚ ਗਿੱਪੀ ਗਰੇਵਾਲ ਤੇ ਗੁਰਪ੍ਰੀਤ ਘੁੱਗੀ ਨਾਲ ਫਿਲਮ ਸਬੰਧੀ ਖਾਸ ਮੁਲਾਕਾਤ ਕੀਤੀ ਗਈ। ਪੇਸ਼ ਹਨ ਮੁਲਾਕਾਤ ਦੇ ਮੁੱਖ ਅੰਸ਼—

ਫਿਲਮ ਨੂੰ ਲੈ ਕੇ ਇਸ ਵਾਰ ਕਿੰਨਾ ਕੁ ਉਤਸ਼ਾਹ ਸੀ?

ਗੁਰਪ੍ਰੀਤ ਘੁੱਗੀ— ‘ਅਰਦਾਸ’ ਸਮੇਂ ਮੈਨੂੰ ਕਨਫਿਊਜ਼ਨ ਸੀ ਕਿ ਕਿਉਂ ਬਣਾ ਰਹੇ ਹਨ ਤੇ ਇਸ ਨੂੰ ਬਣਾਉਣਗੇ ਕਿਵੇਂ ਪਰ ਇਸ ਵਾਰ ਮੈਂ ਪਿੱਛੇ ਪਿਆ ਸੀ ਕਿ ਅਰਦਾਸ ਦਾ ਅਗਲਾ ਭਾਗ ਕਦੋਂ ਬਣਾਉਣਾ ਹੈ। ਅਸੀਂ ‘ਅਰਦਾਸ ਕਰਾਂ’ ਤੋਂ ਪਹਿਲਾਂ 3-4 ਵਿਸ਼ਿਆਂ ’ਤੇ ਵਿਚਾਰ-ਚਰਚਾ ਕੀਤੀ ਸੀ ਪਰ ਕੋਈ ਵੀ ਵਿਸ਼ਾ ‘ਅਰਦਾਸ’ ਤੋਂ ਅਗਲੇ ਪੜਾਅ ਵਾਲਾ ਨਹੀਂ ਲੱਗ ਰਿਹਾ ਸੀ। ਫਿਰ ‘ਅਰਦਾਸ ਕਰਾਂ’ ਦੀ ਕਹਾਣੀ ਸੁਣੀ ਤੇ ਲੱਗਾ ਕਿ ‘ਅਰਦਾਸ’ ਤੋਂ ਅਗਲੇ ਲੈਵਲ ਦੀ ਫਿਲਮ ਹੈ ਤੇ ਗਿੱਪੀ ਦੇ ਨਿਰਦੇਸ਼ਨ ਵਾਲੀ ਵੀ ਇਹ ਨੈਕਸਟ ਲੈਵਲ ਦੀ ਫਿਲਮ ਹੈ। ਬਹੁਤ ਹੀ ਖੂਬਸੂਰਤੀ ਨਾਲ ਗਿੱਪੀ ਤੇ ਰਾਣਾ ਰਣਬੀਰ ਨੇ ਫਿਲਮ ਦੀ ਕਹਾਣੀ ਤੇ ਕਿਰਦਾਰ ਲਿਖੇ ਹਨ।

ਟ੍ਰੇਲਰ ਦੀ ਜਗ੍ਹਾ ਚੈਪਟਰ ਤਿਆਰ ਕੀਤੇ ਗਏ ਹਨ। ਇਸ ਬਾਰੇ ਕੁਝ ਦੱਸੋ?

ਗਿੱਪੀ ਗਰੇਵਾਲ— ਫਿਲਮ ਦੇ ਪਹਿਲੇ ਚੈਪਟਰ ’ਚ ਅਸੀਂ ਦਿਖਾਇਆ ਕਿ ਫਿਲਮ ਕਿਸ ਲੈਵਲ ’ਤੇ ਸ਼ੂਟ ਹੋਈ ਹੈ ਤੇ ਫਿਲਮ ’ਚ ਕਿਸ ਤਰ੍ਹਾਂ ਦਾ ਰੰਗ ਹੈ। ਦੂਜੇ ਚੈਪਟਰ ’ਚ ਅਸੀਂ ਕਿਰਦਾਰਾਂ ਬਾਰੇ ਦੱਸਿਆ ਤੇ ਇਹ ਵੀ ਦਿਖਾਇਆ ਕਿ ਕਹਾਣੀ ਕਿਸ ਪਾਸੇ ਜਾ ਰਹੀ ਹੈ। ਸੋ ਇਸੇ ਤਰ੍ਹਾਂ ਨਵੇਂ ਚੈਪਟਰ ਰਿਲੀਜ਼ ਹੋਣਗੇ ਤੇ ਪਤਾ ਲੱਗੇਗਾ ਕਿ ਫਿਲਮ ਕਹਿਣਾ ਕੀ ਚਾਹੁੰਦੀ ਹੈ। ਸਾਡੀ ਕੋਸ਼ਿਸ਼ ਹੈ ਕਿ 3-4 ਫਿਲਮ ਦੇ ਚੈਪਟਰ ਰਿਲੀਜ਼ ਕੀਤੇ ਜਾਣ।

ਫਿਲਮ ਦੀ ਕਹਾਣੀ ਲਿਖਣ ’ਚ ਕਿੰਨਾ ਸਮਾਂ ਲੱਗਾ?

ਗਿੱਪੀ ਗਰੇਵਾਲ— ਉਂਝ ਤਾਂ 3 ਸਾਲ ਹੀ ਲੱਗ ਗਏ ਕਿਉਂਕਿ ਜਦੋਂ ‘ਅਰਦਾਸ’ ਰਿਲੀਜ਼ ਹੋਈ ਸੀ, ਉਸੇ ਸਮੇਂ ਅਸੀਂ ਸੋਚ ਲਿਆ ਸੀ ਕਿ ਇਸ ਦਾ ਅਗਲਾ ਭਾਗ ਬਣਾਵਾਂਗੇ। ਜਿੰਨਾ ਮਾਣ-ਸਤਿਕਾਰ ਇਸ ਫਿਲਮ ਕਰਕੇ ਸਾਨੂੰ ਮਿਲਿਆ, ਅਸੀਂ ਸਾਰੀ ਜ਼ਿੰਦਗੀ ਉਹ ਉਤਾਰ ਨਹੀਂ ਸਕਦੇ। ਅਸੀਂ ਵੀ ਆਪਣੀ ਜ਼ਿੰਮੇਵਾਰੀ ਸਮਝੀ ਕਿ ਅਜਿਹੇ ਸਬਜੈਕਟ ਅੱਗੇ ਹੋਰ ਲੈ ਕੇ ਆਈਏ। ਰਾਣਾ ਰਣਬੀਰ ਨੇ ਇਸ ਫਿਲਮ ਦੀ ਕਹਾਣੀ ਲਿਖਣ ’ਚ ਮੇਰੇ ਨਾਲ ਬਹੁਤ ਮਿਹਨਤ ਕੀਤੀ ਹੈ।

ਫਿਲਮ ’ਚ ਕੀ ਕਿਰਦਾਰ ਨਿਭਾਅ ਰਹੇ ਹੋ?

ਗੁਰਪ੍ਰੀਤ ਘੁੱਗੀ— ‘ਅਰਦਾਸ’ ਿਵਚ ਮੈਂ ਗੁਰਮੁਖ ਸਿੰਘ ਨਾਂ ਦਾ ਕਿਰਦਾਰ ਨਿਭਾਇਆ ਸੀ, ਜੋ ਬਹੁਤ ਹੀ ਉਸਾਰੂ ਸੋਚ ਵਾਲਾ ਤੇ ਲੋਕਾਂ ਨੂੰ ਮੋਟੀਵੇਟ ਕਰਨ ਵਾਲਾ ਬੰਦਾ ਸੀ। ਇਸ ਫਿਲਮ ’ਚ ਮੈਂ ਮੈਜਿਕ ਸਿੰਘ ਨਾਂ ਦਾ ਕਿਰਦਾਰ ਨਿਭਾਅ ਰਿਹਾ ਹਾਂ, ਜੋ ਜ਼ਿੰਦਗੀ ਦੇ ਇਕ-ਇਕ ਸਾਹ ਨੂੰ ਮਾਣਨ ਵਾਲਾ ਬੰਦਾ ਹੈ। ਮੈਜਿਕ ਸਿੰਘ ਨੂੰ ਜ਼ਿੰਦਗੀ ਦੀ ਕੀਮਤ ਪਤਾ ਹੈ ਤੇ ਇਕ-ਇਕ ਸਾਹ ਦੀ ਕਦਰ ਪਤਾ ਹੈ। ਲੋਕਾਂ ਨੂੰ ਵੀ ਇਹੀ ਸਮਝਾਉਂਦਾ ਹੈ ਕਿ ਜ਼ਿੰਦਗੀ ਦਾ ਅਨੰਦ ਕਿਉਂ ਨਹੀਂ ਮਾਣਦੇ ਕਿਉਂਕਿ ਅੱਜ ਅਸੀਂ ਆਪਣੀ ਜ਼ਿੰਦਗੀ ’ਚੋਂ ਜ਼ਿੰਦਗੀ ਮਨਫੀ ਕਰਕੇ ਬਾਕੀ ਚੀਜ਼ਾਂ ਪਿੱਛੇ ਭੱਜੇ ਫਿਰਦੇ ਹਾਂ।

ਫਿਲਮ ਦੀ ਸ਼ੂਟਿੰਗ ਕਿਥੇ-ਕਿਥੇ ਹੋਈ?

ਗਿੱਪੀ ਗਰੇਵਾਲ—ਫਿਲਮ ਦੀ ਸ਼ੂਟਿੰਗ ਪੰਜਾਬ ’ਚ ਵੀ ਹੋਈ ਹੈ ਤੇ ਕੈਨੇਡਾ ’ਚ ਵੀ ਕਿਉਂਕਿ ਇਸ ਫਿਲਮ ’ਚ ਕਹਾਣੀਆਂ ਬਹੁਤ ਹਨ। ਫਿਲਮ 1960 ਤੋਂ ਸ਼ੁਰੂ ਹੁੰਦੀ ਹੈ ਤੇ ਕਿਤੇ ਪੰਜਾਬ ਦਾ ਭਾਗ ਦਿਖਾਇਆ ਗਿਆ ਹੈ ਤੇ ਕਿਤੇ ਕੈਨੇਡਾ ਦਾ। ਬ੍ਰਿਟਿਸ਼ ਕੋਲੰਬੀਆ ਦੀਆਂ ਖੂਬਸੂਰਤ ਲੋਕੇਸ਼ਨਾਂ ਵੀ ਫਿਲਮ ’ਚ ਦੇਖਣ ਨੂੰ ਮਿਲਣਗੀਆਂ।

ਕੈਨੇਡਾ ’ਚ ਤੁਸੀਂ ਕੜਾਕੇ ਦੀ ਠੰਡ ’ਚ ਸ਼ੂਟਿੰਗ ਕੀਤੀ ਹੈ। ਇਹ ਤਜਰਬਾ ਕਿਵੇਂ ਰਿਹਾ?

ਗੁਰਪ੍ਰੀਤ ਘੁੱਗੀ— ਅਸੀਂ ਲਗਭਗ 25 ਦਿਨ ਬਰਫ ’ਚ ਸ਼ੂਟਿੰਗ ਕੀਤੀ। ਅਸੀਂ ਭਾਰਤ ’ਚ ਕਦੇ ਮਨਫੀ ’ਚ ਤਾਪਮਾਨ ਝੱਲਿਆ ਨਹੀਂ ਹੈ। -40 ਡਿਗਰੀ ’ਚ ਅਸੀਂ ਉਥੇ ਸ਼ੂਟਿੰਗ ਕੀਤੀ। ਇੰਨੀ ਠੰਡ ਆਮ ਬੰਦੇ ਲਈ ਬਰਦਾਸ਼ਤ ਕਰਨੀ ਔਖੀ ਹੋ ਜਾਂਦੀ ਹੈ। ‘ਅਰਦਾਸ ਕਰਾਂ’ ਦੇ ਜਨੂੰਨ ’ਚ ਹੀ ਅਸੀਂ ਇੰਨੀ ਠੰਡ ’ਚ ਸ਼ੂਟਿੰਗ ਕਰ ਲਈ। ਜੇਕਰ ਕੋਈ ਹੋਰ ਫਿਲਮ ਹੁੰਦੀ ਤਾਂ ਸ਼ਾਇਦ ਐਕਟਰ ਉਥੋਂ ਭੱਜ ਜਾਂਦੇ।

ਕੀ ਲੋਕੇਸ਼ਨ ਲੱਭਣ ’ਚ ਵੀ ਤੁਹਾਨੂੰ ਜੱਦੋ-ਜਹਿਦ ਕਰਨੀ ਪਈ?

ਗਿੱਪੀ ਗਰੇਵਾਲ— ਲੋਕੇਸ਼ਨ ਲਈ ਤਾਂ ਕਾਫੀ ਜੱਦੋ-ਜਹਿਦ ਕਰਨੀ ਪਈ। ਮੈਂ ਫਿਲਮ ਸ਼ੂਟ ਹੋਣ ਤੋਂ ਕਾਫੀ ਸਮਾਂ ਪਹਿਲਾਂ ਕੈਨੇਡਾ ਚਲਾ ਗਿਆ ਸੀ। ਮੈਂ ਉਂਝ 2005 ਤੋਂ ਕੈਨੇਡਾ ਆਉਂਦਾ-ਜਾਂਦਾ ਰਿਹਾ ਹਾਂ। 2005 ਤੋਂ ਲੈ ਕੇ ਹੁਣ ਤਕ ਮੈਂ ਕੈਨੇਡਾ ਇੰਨਾ ਨਹੀਂ ਸੀ ਘੁੰਮਿਆ, ਜਿਨ੍ਹਾਂ ਮੈਂ ‘ਅਰਦਾਸ ਕਰਾਂ’ ਦੀਆਂ ਲੋਕੇਸ਼ਨਾਂ ਲੱਭਣ ਸਮੇਂ ਘੁੰਮਿਆ ਹਾਂ। ਮੈਂ ਉਥੋਂ ਦੇ ਲੋਕਾਂ ਨੂੰ ਮਿਲਿਆ ਤੇ ਪੁੱਛਦਾ ਸੀ ਕਿ ਜਦੋਂ ਮੈਂ 4 ਮਹੀਨਿਆਂ ਬਾਅਦ ਇਥੇ ਆਵਾਂਗਾ ਤਾਂ ਕਿੰਨੀ ਬਰਫ ਮਿਲੇਗੀ ਕਿਉਂਕਿ ਮੈਂ ਸੀਨ ਨੂੰ ਵੀਡੀਓ ਦੇ ਹਿਸਾਬ ਨਾਲ ਦੇਖਦਾ ਸੀ।

ਕੀ ਤੁਹਾਨੂੰ ਲੱਗਦਾ ਹੈ ਕਿ ਸੰਜੀਦਾ ਵਿਸ਼ੇ ’ਤੇ ਇਸ ਤਰ੍ਹਾਂ ਦੀਆਂ ਹੋਰ ਫਿਲਮਾਂ ਬਣਨੀਆਂ ਚਾਹੀਦੀਆਂ ਹਨ?

ਗੁਰਪ੍ਰੀਤ ਘੁੱਗੀ— ਘੱਟੋ-ਘੱਟ 2 ਫਿਲਮਾਂ ਸਾਲ ’ਚ ਜ਼ਰੂਰ ਅਜਿਹੀਆਂ ਬਣਨੀਆਂ ਚਾਹੀਦੀਆਂ ਹਨ। ਇਕ ਪ੍ਰੋਡਕਸ਼ਨ ਹਾਊਸ ਗਿੱਪੀ ਗਰੇਵਾਲ ਦਾ ਇਸ ਤਰ੍ਹਾਂ ਦੀਆਂ ਫਿਲਮਾਂ ਬਣਾ ਰਿਹਾ ਹੈ ਤੇ ਦੂਜੀ ਫਿਲਮ ਕੋਈ ਹੋਰ ਪ੍ਰੋਡਕਸ਼ਨ ਹਾਊਸ ਵੀ ਬਣਾਵੇ। ਇਸ ਲਈ 2 ਫਿਲਮਾਂ ਤਾਂ ਜ਼ਰੂਰ ਅਜਿਹੀਆਂ ਆਉਣੀਆਂ ਚਾਹੀਦੀਆਂ ਹਨ, ਜੋ ਸਾਨੂੰ ਜ਼ਿੰਦਗੀ ਨਾਲ ਜੋੜ ਕੇ ਰੱਖਣ ਤੇ ਜ਼ਿੰਦਗੀ ਜਿਊਣ ਦੇ ਸਿਧਾਂਤ ਸਾਨੂੰ ਸਿਖਾਉਂਦੀਆਂ ਰਹਿਣ। ਅਜਿਹਾ ਸਿਨੇਮਾ ਇਕ ਅਧਿਆਪਕ ਵਾਂਗ ਕੰਮ ਕਰਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News