''ਲਾਵਾਂ'' ਗੀਤ ਨਾਲ ਪ੍ਰਸਿੱਧ ਹੋਏ ਗਾਇਕ ਅਰਮਾਨ ਬੇਦਿਲ ਦੀ ਖਾਸ ਇੰਟਰਵਿਊ

5/13/2017 9:11:16 AM

ਜਲੰਧਰ (ਰਾਹੁਲ ਸਿੰਘ)— ''ਕਹਿੰਦੀ ਗੁਰੂ ਘਰ ਲਾਵਾਂ ਲੈਣੀਆਂ, ਕੋਰਟ ਮੈਰਿਜ ਕਰਾ ਨੀ ਸਕਦੀ'', ਇਹ ਲਾਈਨਾਂ ਹਨ ਗੀਤ ''ਲਾਵਾਂ'' ਦੀਆਂ, ਜਿਸ ਨੂੰ ਅਰਮਾਨ ਬੇਦਿਲ ਨੇ ਗਾਇਆ। ਆਪਣੇ ਪਹਿਲੇ ਹੀ ਗੀਤ ਨਾਲ ਪ੍ਰਸਿੱਧੀ ਹਾਸਲ ਕਰਨ ਵਾਲੇ ਅਰਮਾਨ ਬੇਦਿਲ ਦਾ ਹਾਲ ਹੀ ''ਚ ਰਿਲੀਜ਼ ਹੋਇਆ ਗੀਤ ''ਜੱਟ ''ਤੇ ਜਵਾਨੀ'' ਕਾਫੀ ਚਰਚਾ ''ਚ ਹੈ। ਇਸ ਗੀਤ ਦੇ ਸਿਲਸਿਲੇ ''ਚ ਅਰਮਾਨ ਬੇਦਿਲ ''ਜਗ ਬਾਣੀ'' ਦੇ ਵਿਹੜੇ ਪਹੁੰਚੇ, ਜਿਥੇ ਉਨ੍ਹਾਂ ਦੇ ਗਾਇਕੀ ਦੇ ਸਫਰ ਬਾਰੇ ਖਾਸ ਗੱਲਬਾਤ ਕੀਤੀ ਗਈ, ਜੋ ਹੇਠ ਲਿਖੇ ਅਨੁਸਾਰ ਹੈ—
ਸਵਾਲ : ''ਜੱਟ ''ਤੇ ਜਵਾਨੀ'' ਗੀਤ ਦਾ ਤਜਰਬਾ ਕਿਹੋ-ਜਿਹਾ ਰਿਹਾ?
ਜਵਾਬ : ''ਜੱਟ ''ਤੇ ਜਵਾਨੀ'' ਦਾ ਤਜਰਬਾ ਬਹੁਤ ਹੀ ਵਧੀਆ ਰਿਹਾ। ਗੀਤ ਨੂੰ ਫਤਿਹ ਸ਼ੇਰਗਿੱਲ ਨੇ ਲਿਖਿਆ ਹੈ ਤੇ ਇਸ ਦਾ ਸੰਗੀਤ ਨਿੱਕ ਧਾਮੂ ਨੇ ਦਿੱਤਾ ਹੈ। ਵੀਡੀਓ ਜਸ਼ਨ ਨੰਨੜ ਵਲੋਂ ਬਣਾਈ ਗਈ ਹੈ ਤੇ ਸਪੀਡ ਰਿਕਾਰਡਸ ਦੇ ਬੈਨਰ ਹੇਠ ਇਸ ਨੂੰ ਰਿਲੀਜ਼ ਕੀਤਾ ਗਿਆ ਹੈ, ਜਿਸ ''ਚ 7 ਮਾਡਲਾਂ ਨਾਲ ਮੈਂ ਕੰਮ ਕੀਤਾ।
ਸਵਾਲ : 7 ਮਾਡਲਾਂ ਨਾਲ ਸ਼ੂਟ ਕਰਨਾ ਕਿੰਨਾ ਕੁ ਮੁਸ਼ਕਿਲ ਰਿਹਾ?
ਜਵਾਬ : ਬਹੁਤ ਮੁਸ਼ਕਿਲ ਰਿਹਾ ਸੀ। ਮਾਡਲ ਤਾਂ ਗੀਤ ''ਚ ਇਕ ਹੀ ਮਾਣ ਨਹੀਂ ਹੁੰਦੀ, ਮੈਂ ਤਾਂ 7 ਮਾਡਲਾਂ ਨਾਲ ਕੰਮ ਕਰਨਾ ਸੀ। ਸਾਰੀਆਂ ਪ੍ਰਸਿੱਧ ਮਾਡਲਾਂ ਇਸ ਗੀਤ ''ਚ ਨਜ਼ਰ ਆ ਰਹੀਆਂ ਹਨ, ਡਰ ਸੀ ਕਿ ਕਿਤੇ ਮੈਂ ਗੀਤ ''ਚ ਦਬ ਨਾ ਜਾਵਾਂ ਪਰ ਜਸ਼ਨ ਨੇ ਬਹੁਤ ਵਧੀਆ ਢੰਗ ਨਾਲ ਗੀਤ ਨੂੰ ਫਿਲਮਾਇਆ ਹੈ।
ਸਵਾਲ : ਗਾਇਕੀ ਵੱਲ ਆਉਣ ਦਾ ਸਬੱਬ ਕਿਵੇਂ ਬਣਿਆ?
ਜਵਾਬ : ਮੇਰਾ ਬਚਪਨ ਤੋਂ ਹੀ ਸੁਪਨਾ ਗਾਇਕ ਬਣਨ ਦਾ ਸੀ। ਮੇਰੇ ਪਿਤਾ ਜੀ ਬਚਨ ਬੇਦਿਲ ਲੇਖਕ ਹਨ, ਜਿਹੜੇ ਕਈ ਪੰਜਾਬੀ ਗੀਤ ਲਿਖ ਚੁੱਕੇ ਹਨ। ਕੁਲਦੀਪ ਮਾਣਕ ਜੀ ਤੋਂ ਲੈ ਕੇ ਦਿਲਜੀਤ ਦੁਸਾਂਝ ਤਕ ਨੂੰ ਉਨ੍ਹਾਂ ਨੇ ਗੀਤ ਲਿਖ ਕੇ ਦਿੱਤੇ ਹਨ। ਪਰਿਵਾਰ ''ਚ ਸੰਗੀਤਕ ਮਾਹੌਲ ਸੀ, ਸੋ ਇਸੇ ਤਰ੍ਹਾਂ ਗਾਇਕੀ ''ਚ ਆਉਣ ਦਾ ਸਬੱਬ ਵੀ ਬਣ ਗਿਆ।
ਸਵਾਲ : ਜਸ਼ਨ ਨੰਨੜ ਨਾਲ ਕੈਮਿਸਟਰੀ ਕਿਸ ਤਰ੍ਹਾਂ ਦੀ ਰਹਿੰਦੀ ਹੈ?
ਜਵਾਬ : ਮੈਂ ਇੰਡਸਟਰੀ ''ਚ ਆਪਣੀ ਸ਼ੁਰੂਆਤ ਜਸ਼ਨ ਨਾਲ ਹੀ ਕੀਤੀ। ਸਾਨੂੰ 2 ਸਾਲ ਇਕੱਠਿਆਂ ਰਹਿੰਦੇ ਹੋ ਗਏ ਹਨ। ਜਿਹੜਾ ਵੀ ਮੈਂ ਪ੍ਰਾਜੈਕਟ ਕਰਦਾ ਹਾਂ, ਉਹ ਜਸ਼ਨ ਦੀ ਸਲਾਹ ਨਾਲ ਹੀ ਕਰਦਾ ਹਾਂ।
ਸਵਾਲ : ਤੁਹਾਨੂੰ ਕਿਸ ਤਰ੍ਹਾਂ ਦੇ ਗੀਤ ਗਾਉਣਾ ਪਸੰਦ ਹੈ?
ਜਵਾਬ : ਮੈਨੂੰ ਫੀਲਿੰਗ ਵਾਲੇ ਗੀਤ ਗਾਉਣ ''ਚ ਬਹੁਤ ਮਜ਼ਾ ਆਉਂਦਾ ਹੈ। ਫੀਲਿੰਗ ਵਾਲਾ ਗੀਤ ਕੋਈ ਵੀ ਹੋ ਸਕਦਾ ਹੈ, ਫਿਰ ਭਾਵੇਂ ਉਹ ਸੈਡ, ਰੋਮਾਂਟਿਕ ਜਾਂ ਬੀਟ ਹੀ ਕਿਉਂ ਨਾ ਹੋਵੇ।
ਸਵਾਲ : ਤੁਹਾਡੇ ਆਉਣ ਵਾਲੇ ਪ੍ਰਾਜੈਕਟ ਕਿਹੜੇ-ਕਿਹੜੇ ਹਨ?
ਜਵਾਬ : ਆਉਣ ਵਾਲੇ ਪ੍ਰਾਜੈਕਟਾਂ ''ਚ ਇਕ ਸੈਡ ਸੌਂਗ ਸ਼ਾਮਲ ਹੈ। ਇਸ ਤੋਂ ਬਾਅਦ ਅਗਸਤ/ਸਤੰਬਰ ਵਿਚਾਲੇ ਦੋ ਬੀਟ ਗੀਤ ਰਿਲੀਜ਼ ਹੋਣਗੇ।
ਸਵਾਲ : ਤੁਹਾਡਾ ਫੇਵਰੇਟ ਗਾਇਕ ਕਿਹੜਾ ਹੈ?
ਜਵਾਬ : ਸਾਰੇ ਹੀ ਬਹੁਤ ਵਧੀਆ ਹਨ, ਮੈਂ ਹਰ ਗੀਤ ਸੁਣਨਾ ਪਸੰਦ ਕਰਦਾ ਹਾਂ ਪਰ ਸ਼ੈਰੀ ਮਾਨ ਦੇ ਗੀਤਾਂ ਨੂੰ ਗਾਉਣਾ ਤੇ ਸੁਣਨਾ ਮੈਨੂੰ ਬਹੁਤ ਹੀ ਜ਼ਿਆਦਾ ਪਸੰਦ ਹੈ। ਮੈਂ ਸ਼ੈਰੀ ਮਾਨ ਦੇ ਗੀਤ ''ਅਧੂਰਾ ਪਿਆਰ'' ਨੂੰ ਦੁਬਾਰਾ ਗਾਇਆ ਵੀ ਹੈ, ਜਿਸ ਦੀ ਵੀਡੀਓ ਵੀ ਰਿਲੀਜ਼ ਕੀਤੀ ਗਈ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News