Pics : ਬੇਰੁਜ਼ਗਾਰੀ ਤੇ ਪੰਜਾਬ ਦੇ ਹੋਰ ਗੰਭੀਰ ਮੁੱਦਿਆਂ ''ਤੇ ਆਧਾਰਿਤ ਹੈ ਫਿਲਮ ''ਦੇਸੀ ਮੁੰਡੇ''

10/17/2016 8:04:03 PM

ਜਲੰਧਰ, (ਰਾਹੁਲ ਸਿੰਘ)— ਆਪਣੇ ਗੀਤਾਂ ਰਾਹੀਂ ਪੰਜਾਬੀ ਸੱਭਿਆਚਾਰ ਨੂੰ ਦਰਸਾਉਣ ਵਾਲੇ ਗਾਇਕ ਬਲਕਾਰ ਸਿੱਧੂ ਫਿਲਮੀ ਸਫਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਬਲਕਾਰ ਸਿੱਧੂ ਦੀ ਡੈਬਿਊ ਫਿਲਮ ''ਦੇਸੀ ਮੁੰਡੇ'' 21 ਅਕਤੂਬਰ ਨੂੰ ਦੁਨੀਆ ਭਰ ''ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ''ਚ ਬਲਕਾਰ ਸਿੱਧੂ ਤੋਂ ਇਲਾਵਾ ਹਰਮੀਤ ਕੌਰ, ਬੰਟੀ ਗਰੇਵਾਲ, ਇਸ਼ਾ ਰਿਖੀ, ਰਜ਼ਾ ਮੁਰਾਦ, ਪਰਿਕਸ਼ਤ ਸਾਹਨੀ ਤੇ ਦਲਜੀਤ ਕੌਰ ਮੁੱਖ ਭੂਮਿਕਾਵਾਂ ਨਿਭਾਅ ਰਹੇ ਹਨ। ਸੋਮਵਾਰ ਨੂੰ ਬਲਕਾਰ ਸਿੱਧੂ ''ਜਗ ਬਾਣੀ'' ਦੇ ਵਿਹੜੇ ਪਹੁੰਚੇ। ਇਸ ਦੌਰਾਨ ਬਲਕਾਰ ਸਿੱਧੂ ਨਾਲ ਫਿਲਮ ਨੂੰ ਲੈ ਕੇ ਖਾਸ ਗੱਲਬਾਤ ਕੀਤੀ ਗਈ, ਜੋ ਕਿ ਇਸ ਤਰ੍ਹਾਂ ਹੈ—
ਮਜਬੂਰੀ ਕਰਕੇ ਵਿਦੇਸ਼ਾਂ ''ਚ ਗਏ ਪੰਜਾਬੀਆਂ ਦੇ ਹਾਲਾਤ ਬਿਆਨ ਕਰੇਗੀ ''ਦੇਸੀ ਮੁੰਡੇ'' : ਬਲਕਾਰ ਸਿੱਧੂ
ਬਲਕਾਰ ਸਿੱਧੂ ਨੇ ਦੱਸਿਆ ਕਿ ''ਦੇਸੀ ਮੁੰਡੇ'' ਬੇਰੁਜ਼ਗਾਰੀ ਤੇ ਪੰਜਾਬ ਦੇ ਮਾੜੇ ਹਾਲਾਤ ਬਿਆਨ ਕਰੇਗੀ। ਉਨ੍ਹਾਂ ਦੱਸਿਆ ਕਿ ਫਿਲਮ ''ਚ ਦਿਖਾਇਆ ਗਿਆ ਹੈ ਕਿ ਕਿਵੇਂ ਇਥੇ ਪੜ੍ਹ-ਲਿਖ ਕੇ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਿਹਾ ਨੌਜਵਾਨ ਵਿਦੇਸ਼ ਜਾਂਦਾ ਹੈ ਤੇ ਉਥੇ ਜਾ ਕੇ ਮਾੜੇ ਹਾਲਾਤ ਦਾ ਸਾਹਮਣਾ ਕਰਦਾ ਹੈ। ਬਲਕਾਰ ਨੇ ਕਿਹਾ ਕਿ ਕੁਝ ਵੀ ਫਿਲਮ ''ਚ ਓਵਰ ਦੇਖਣ ਨੂੰ ਨਹੀਂ ਮਿਲੇਗਾ, ਉਹੀ ਦਿਖਾਇਆ ਗਿਆ ਹੈ, ਜੋ ਅਸਲ ''ਚ ਪੰਜਾਬ ''ਚੋਂ ਵਿਦੇਸ਼ਾਂ ''ਚ ਗਏ ਪੰਜਾਬੀਆਂ ਨਾਲ ਹੁੰਦਾ ਹੈ।
ਕਾਲਜ ਸਟੂਡੈਂਟ ਦੇ ਕਿਰਦਾਰ ''ਚ ਬਲਕਾਰ ਆਉਣਗੇ ਨਜ਼ਰ
ਬਲਕਾਰ ਸਿੱਧੂ ਨੇ ਦੱਸਿਆ ਕਿ ਫਿਲਮ ''ਚ ਉਨ੍ਹਾਂ ਦਾ ਕਿਰਦਾਰ ਕਾਲਜ ਸਟੂਡੈਂਟ ਦਾ ਹੈ। ਪਿੰਡ ਦਾ ਮੁੰਡਾ ਕਿਵੇਂ ਕਾਲਜ ''ਚ ਜਾ ਕੇ ਮੌਜ-ਮਸਤੀ ਕਰਦਾ ਹੈ ਤੇ ਪਰਿਵਾਰ ਨਾਲ ਲੜ ਕੇ ਬਾਹਰ ਵਿਦੇਸ਼ ''ਚ ਜਾਂਦਾ ਹੈ ਤੇ ਉਥੇ ਜਾ ਕੇ ਫਿਰ ਹਾਲਾਤ ਨਾਲ ਲੜਦਾ ਹੈ। ਬਲਕਾਰ ਨੇ ਇਹ ਵੀ ਜ਼ਿਕਰ ਕੀਤਾ ਕਿ ਕਿਵੇਂ 2 ਨੰਬਰ ''ਚ ਜਾ ਕੇ ਨੌਜਵਾਨ ਆਪਣੀ ਜਾਨ ਗੁਆ ਰਹੇ ਹਨ ਤੇ ਵਿਦੇਸ਼ਾਂ ''ਚ ਜੇਕਰ ਪਹੁੰਚ ਵੀ ਜਾਂਦੇ ਹਨ ਤਾਂ ਉਨ੍ਹਾਂ ਨੂੰ ਤਮਾਮ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਲੋਕਾਂ ਨੇ ਪਿਆਰ ਬਖਸ਼ਿਆ ਤਾਂ ਅੱਗੇ ਵੀ ਕਰਾਂਗਾ ਫਿਲਮਾਂ
ਬਲਕਾਰ ਸਿੱਧੂ ਨੇ ਪਹਿਲੀ ਪੰਜਾਬੀ ਫਿਲਮ ਦਾ ਤਜਰਬਾ ਸਾਂਝਾ ਕੀਤਾ ਤੇ ਦੱਸਿਆ ਕਿ ਟੀਮ ਵਰਕ ਨੇ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਇਹ ਉਨ੍ਹਾਂ ਦੀ ਪਹਿਲੀ ਫਿਲਮ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਦਰਸ਼ਕਾਂ ਨੇ ਇਸ ਫਿਲਮ ਨੂੰ ਪਸੰਦ ਕੀਤਾ ਤਾਂ ਅੱਗੇ ਵੀ ਪੰਜਾਬੀ ਫਿਲਮ ਕਰਾਂਗਾ।
ਗੀਤਾਂ ਵਾਂਗ ਗੰਭੀਰ ਮੁੱਦੇ ''ਤੇ ਹੀ ਕਰਨੀ ਚਾਹੁੰਦਾ ਸੀ ਫਿਲਮ
ਆਪਣੇ ਗੀਤ ''ਮਾਏ ਤੇਰਾ ਪੁੱਤ ਲਾਡਲਾ, ਕੱਲਾ ਬੈਠ ਕੇ ਰਾਤ ਨੂੰ ਰੋਵੇ'' ਦੀ ਉਦਾਹਰਣ ਦਿੰਦਿਆਂ ਬਲਕਾਰ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਵੀ ਬੇਰੁਜ਼ਗਾਰੀ ''ਤੇ ਗੀਤ ਗਾਏ ਹਨ। ਉਹ ਹਾਲਾਤ ਉਨ੍ਹਾਂ ਦੇ ਦੇਖੇ ਹਨ ਤੇ ਉਨ੍ਹਾਂ ''ਚੋਂ ਨਿਕਲੇ ਹੋਏ ਹਨ। ਇਹ ਇਕ ਗੰਭੀਰ ਮੁੱਦਾ ਤੇ ਪੰਜਾਬ ਦਾ ਸੱਚ ਹੈ, ਜਿਸ ਨੂੰ ਕਿਸੇ ਨੇ ਦਰਸਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ਅਜਿਹੀਆਂ ਫਿਲਮਾਂ ਬਣਾਉਣ ਤੋਂ ਲੋਕ ਕਤਰਾਉਂਦੇ ਹਨ ਪਰ ਕਿਸੇ ਨੂੰ ਤਾਂ ਆਖਿਰ ਪਹਿਲ ਕਰਨੀ ਹੀ ਪੈਣੀ ਸੀ।
ਫਿਲਮ ਵੀ. ਆਈ. ਪੀ. ਫਿਲਮਜ਼ ਯੂ. ਐੱਸ. ਏ. ਤੇ ਪੁਰੇਵਾਲ ਫਿਲਮਜ਼ ਇੰਟਰਨੈਸ਼ਨਲ ਵਲੋਂ ਬਣਾਈ ਗਈ ਹੈ, ਜਿਸ ਦਾ ਨਿਰਦੇਸ਼ਨ ਇੰਦਰਜੀਤ ਬਾਂਸਲ ਨੇ ਕੀਤਾ ਹੈ। ਪੀ. ਐੱਸ. ਪੁਰੇਵਾਲ ਤੇ ਗੁਰਜੀਤ ਕੌਰ ਹੀਰ ਵਲੋਂ ਪ੍ਰੋਡਿਊਸ ਕੀਤੀ ਫਿਲਮ ''ਦੇਸੀ ਮੁੰਡੇ'' ਦਰਸ਼ਕਾਂ ਵਲੋਂ ਕਿੰਨੀ ਕੁ ਪਸੰਦ ਕੀਤੀ ਜਾਵੇਗੀ, ਇਹ ਤਾਂ 21 ਅਕਤੂਬਰ ਨੂੰ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਚੱਲੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News