Special Interview: ਸਿੱਖਣ ਦੀ ਪ੍ਰਵਿਰਤੀ ਲੈ ਕੇ ਗਿਆ ਸੀ ''ਰਾਈਜ਼ਿੰਗ ਸਟਾਰ'' ਵਿਚ : ਬੈਨੇਟ ਦੁਸਾਂਝ (ਵੀਡੀਓ)

4/25/2017 8:46:18 PM

ਜਲੰਧਰ— ਕਲਰਸ ਟੀ. ਵੀ. ''ਤੇ ਪ੍ਰਸਾਰਿਤ ਹੋਏ ਸ਼ੋਅ ''ਰਾਈਜ਼ਿੰਗ ਸਟਾਰ'' ਦੇ ਜੇਤੂ ਬੈਨੇਟ ਦੁਸਾਂਝ ਅੱਜ ਆਪਣੇ ਪਿੰਡ ਦੁਸਾਂਝ ਕਲਾਂ ਪਹੁੰਚੇ। ਬੈਨੇਟ ਦਾ ਸੁਆਗਤ ਕਰਨ ਲਈ ਲੋਕਾਂ ਦੀ ਭੀੜ ਜਮ੍ਹਾ ਹੋ ਗਈ। ਹਰ ਕੋਈ ਆਪਣੇ ਪਿੰਡ ਦੇ ਸਟਾਰ ਦੀ ਇਕ ਝਲਕ ਪਾਉਣ ਲਈ ਉਤਸ਼ਾਹਿਤ ਸੀ। ''ਰਾਈਜ਼ਿੰਗ ਸਟਾਰ'' ਦੀ ਸ਼ੁਰੂਆਤ ਤੋਂ ਲੈ ਕੇ ਜਿੱਤਣ ਤਕ ਦੇ ਸਫਰ ਬਾਰੇ ਬੈਨੇਟਾ ਦੁਸਾਂਝ ਨਾਲ ਖਾਸ ਗੱਲਬਾਤ ਕੀਤੀ ਗਈ, ਜੋ ਹੇਠ ਲਿਖੇ ਅਨੁਸਾਰ ਹੈ—
ਸਵਾਲ : ''ਰਾਈਜ਼ਿੰਗ ਸਟਾਰ'' ਦਾ ਸਫਰ ਕਿਹੋ-ਜਿਹਾ ਰਿਹਾ?
ਜਵਾਬ : ਸਫਰ ਬਹੁਤ ਹੀ ਵਧੀਆ ਰਿਹਾ। ਮੈਂ ਉਨ੍ਹਾਂ ਸਭ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੈਨੂੰ ਲਾਈਵ ਵੋਟਿੰਗ ਕਰਕੇ ਜਿਤਾਇਆ। ਮੈਨੂੰ ਇਸ ਗੱਲ ਦੀ ਜ਼ਿਆਦਾ ਖੁਸ਼ੀ ਹੈ ਕਿ ਸਾਰੇ ਪੰਜਾਬ ਨੇ ਬਹੁਤ ਹੀ ਜ਼ਿਆਦਾ ਸੁਪੋਰਟ ਕੀਤੀ ਹੈ। ਮੈਂ ਸਿੱਖਣ ਦੀ ਪ੍ਰਵਿਰਤੀ ਲੈ ਕੇ ਗਿਆ ਸੀ। ਮਨ ''ਚ ਬਿਲਕੁਲ ਅਜਿਹਾ ਨਹੀਂ ਸੀ ਕਿ ਮੈਂ ਸ਼ੋਅ ਜਿੱਤਣਾ ਹੈ। ਪਹਿਲੇ ਆਡੀਸ਼ਨ ਤੋਂ ਲੈ ਕੇ ਅਖੀਰ ਤਕ ਮੈਂ ਬਹੁਤ ਕੁਝ ਸਿੱਖਿਆ ਹੈ।
ਸਵਾਲ : ''ਰਾਈਜ਼ਿੰਗ ਸਟਾਰ'' ''ਚ ਕਿੰਨੇ ਕੁ ਉਤਾਰ-ਚੜ੍ਹਾਅ ਦੇਖਣੇ ਪਏ?
ਜਵਾਬ : ਸ਼ੁਰੂ-ਸ਼ੁਰੂ ''ਚ ਬਹੁਤ ਮੁਸ਼ਕਿਲਾਂ ਆਈਆਂ ਕਿਉਂਕਿ ਮੈਂ ਪੰਜਾਬ ਦੀ ਗਾਇਕੀ ਗਾ ਰਿਹਾ ਸੀ, ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰ ਰਿਹਾ ਸੀ। ''ਰਾਈਜ਼ਿੰਗ ਸਟਾਰ'' ''ਚ ਬਾਲੀਵੁੱਡ ਗਾਉਣਾ ਸੀ। ਇਸ ਤੋਂ ਇਲਾਵਾ ਵੱਖ-ਵੱਖ ਜ਼ੋਨਰਜ਼ ਦੇ ਗੀਤ ਗਾਉਣੇ ਸੀ। ਮੈਂ ਕਦੇ ਸਿੱਖਿਆ ਨਹੀਂ ਸੀ ਤੇ ਮੈਂਟਰਸ ਨੇ ਬਹੁਤ ਸੁਪੋਰਟ ਕੀਤੀ ਤੇ ਸਿੱਖਣ ''ਚ ਕਾਫੀ ਮਦਦ ਕੀਤੀ।
ਸਵਾਲ : ਦਿਲਜੀਤ ਦੁਸਾਂਝ ਨੂੰ ਕਿਤੇ ਨਾ ਕਿਤੇ ਤੁਹਾਡੇ ਜਿੱਤਣ ਦੀ ਵਜ੍ਹਾ ਮੰਨਿਆ ਜਾਂਦਾ ਹੈ, ਤੁਸੀਂ ਕੀ ਕਹੋਗੇ ਇਸ ਬਾਰੇ?
ਜਵਾਬ : ਮੈਂ ਦਿਲਜੀਤ ਭਾਜੀ ਨੂੰ ਪਹਿਲਾਂ ਕਦੇ ਨਹੀਂ ਮਿਲਿਆ ਸੀ। ਉਹ ਦੁਸਾਂਝ ਕਲਾਂ ਦਾ ਬਹੁਤ ਵੱਡਾ ਹੀਰਾ ਹਨ ਤੇ ਉਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ''ਤੇ ਦੁਸਾਂਝ ਕਲਾਂ ਦਾ ਨਾਂ ਰੌਸ਼ਨ ਕੀਤਾ ਹੈ। ਮੈਂ ਪਹਿਲੇ ਆਡੀਸ਼ਨ ''ਚ ਜਦੋਂ ਗਿਆ ਤਾਂ ਇਹੀ ਤਮੰਨਾ ਸੀ ਕਿ ਦਿਲਜੀਤ ਨਾਲ ਮੁਲਾਕਾਤ ਹੋ ਜਾਵੇ ਪਰ ਜਦੋਂ ਉਨ੍ਹਾਂ ਨੇ ਮੇਰੀ ਗਾਇਕੀ ਸੁਣੀ ਤਾਂ ਉਨ੍ਹਾਂ ਨੇ ਇਕ ਗੱਲ ਆਖੀ ਕਿ ਦੁਸਾਂਝ ਕਲਾਂ ਦਾ ਜਦੋਂ ਵੀ ਨਾਂ ਲਿਆ ਜਾਵੇਗਾ ਪਹਿਲੇ ਨੰਬਰ ''ਤੇ ਬੈਨੇਟ ਦੁਸਾਂਝ ਤੇ ਦੂਜੇ ਨੰਬਰ ''ਤੇ ਦਿਲਜੀਤ ਦੁਸਾਂਝ ਦਾ ਨਾਂ ਲਿਆ ਜਾਵੇਗਾ। ਇਹ ਸੁਣਦਿਆਂ ਹੀ ਮੇਰੇ ਮਨ ਅੰਦਰ ਉਨ੍ਹਾਂ ਲਈ ਹੋਰ ਵੀ ਇੱਜ਼ਤ ਵੱਧ ਗਈ। ਉਨ੍ਹਾਂ ਨੇ ਕਦੇ ਵੀ ਮੈਨੂੰ ਖੁੱਲ੍ਹ ਕੇ ਸੁਪੋਰਟ ਨਹੀਂ ਕੀਤੀ। ਕਦੇ ਉਨ੍ਹਾਂ ਨੇ ਇਹ ਅਹਿਸਾਸ ਨਹੀਂ ਦਿਵਾਇਆ ਕਿ ਉਹ ਮੇਰੇ ਨਾਲ ਜ਼ਿਆਦਾ ਕਰ ਰਹੇ ਹਨ। ਉਹ ਹਰ ਇਕ ਨੂੰ ਬਹੁਤ ਪਿਆਰ ਕਰਦੇ ਸਨ। ਜਿੰਨੀ ਸੁਪੋਰਟ ਉਨ੍ਹਾਂ ਨੇ ਬਾਕੀਆਂ ਲਈ ਕੀਤੀ, ਉਨੀ ਹੀ ਮੇਰੇ ਲਈ ਕੀਤੀ।
ਸਵਾਲ : ''ਰਾਈਜ਼ਿੰਗ ਸਟਾਰ'' ''ਚ ਤੁਹਾਡਾ ਫੇਵਰੇਟ ਮੁਕਾਬਲੇਬਾਜ਼ ਕੌਣ ਸੀ?
ਜਵਾਬ : ਮੈਨੂੰ ਅਮੇ ਦਾਤੇ ਤੇ ਮੈਥਲੀ ਠਾਕੁਰ ਬਹੁਤ ਪਸੰਦ ਸਨ। ਅਮੇ ਨੂੰ ਮੈਂ ਆਪਣਾ ਵੱਡਾ ਭਰਾ ਤੇ ਮੈਥਲੀ ਨੂੰ ਆਪਣੀ ਛੋਟੀ ਭੈਣ ਕਹਿੰਦਾ ਸੀ। ਦੋਵੇਂ ਬਹੁਤ ਵਧੀਆ ਗਾਉਂਦੇ ਹਨ। ਸਾਡੇ ਸਾਰਿਆਂ ਵਿਚਾਲੇ ਬਹੁਤ ਜ਼ਿਆਦਾ ਪਿਆਰ ਸੀ ਤੇ ਸਿੱਖਣ ਲਈ ਵੀ ਬਹੁਤ ਕੁਝ ਮਿਲਿਆ।
ਸਵਾਲ : ਜਦੋਂ ਪਰਿਵਾਰ ਨੂੰ ਦਿਲਜੀਤ ਦੁਸਾਂਝ ਨਾਲ ਮਿਲਾਇਆ ਤਾਂ ਕਿਹੋ-ਜਿਹਾ ਲੱਗਾ?
ਜਵਾਬ : ਬਹੁਤ ਹੀ ਵਧੀਆ ਲੱਗਾ। ਫਿਨਾਲੇ ''ਚ ਜਦੋਂ ਮੇਰੇ ਮਾਤਾ-ਪਿਤਾ ਤੇ ਭੈਣ ਆਈ ਤਾਂ ਦਿਲਜੀਤ ਭਾਜੀ ਨੇ ਬਹੁਤ ਪਿਆਰ ਦਿੱਤਾ। ਜਦੋਂ ਮੈਂ ਜਿੱਤਿਆ, ਉਦੋਂ ਵੀ ਦਿਲਜੀਤ ਨੇ ਪਰਿਵਾਰ ਵਾਲਿਆਂ ਨਾਲ ਜਸ਼ਨ ਮਨਾਇਆ।
ਸਵਾਲ : ਤੁਹਾਡੇ ਆਉਣ ਵਾਲੇ ਪ੍ਰਾਜੈਕਟ ਕਿਹੜੇ ਹਨ?
ਜਵਾਬ : ਮੈਂ ਮਹੇਸ਼ ਭੱਟ ਦੀ ਵਿਸ਼ੇਸ਼ ਫਿਲਮਜ਼ ਲਈ ਪਲੇਅਬੈਕ ਕਰਨ ਵਾਲਾ ਹਾਂ। ਇਸ ਤੋਂ ਬਾਅਦ ਵੀ ਮੈਂ ਪੰਜਾਬ ਦੀ ਲੋਕ ਗਾਇਕੀ ਤੇ ਸੂਫੀਆਨਾ ਅੰਦਾਜ਼ ਨੂੰ ਅੱਗੇ ਲੈ ਕੇ ਜਾਵਾਂਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News