ਦਿਲ ਨੂੰ ਛੂਹ ਲੈਣ ਵਾਲੀ ਫਿਲਮ ''ਬਿਓਂਡ ਦਿ ਕਲਾਊਡਸ''

4/20/2018 9:26:55 AM

ਨਿਰਾਸ਼ਾ ਦੇ ਬੱਦਲਾਂ ਤੋਂ ਦੂਰ ਇਕ ਉਮੀਦ ਹੋਰ ਫਿਰ ਜ਼ਿੰਦਗੀ ਦੀ ਮਹਿਕ ਨੂੰ ਦਰਸ਼ਕਾਂ ਤਕ ਪਹੁੰਚਾਉਂਦੀ ਈਰਾਨੀ ਫਿਲਮਕਾਰ ਮਾਜਿਦ ਮਜੀਦੀ ਦੀ ਫਿਲਮ 'ਬਿਓਂਡ ਦਿ ਕਲਾਊਡਸ' ਅੱਜ ਰਿਲੀਜ਼ ਹੋ ਰਹੀ ਹੈ। ਸ਼ਾਹਿਦ ਕਪੂਰ ਦੇ ਛੋਟੇ ਭਰਾ ਈਸ਼ਾਨ ਖੱਟੜ ਅਤੇ ਅਦਾਕਾਰਾ ਮਾਲਵਿਕਾ ਮੋਹਨਨ ਇਸ ਫਿਲਮ ਨਾਲ ਹਿੰਦੀ ਸਿਨੇਮਾ ਵਿਚ ਡੈਬਿਊ ਕਰਨ ਜਾ ਰਹੇ ਹਨ। 'ਚਿਲਡਰਨਸ ਆਫ ਹੈਵਨ' ਵਰਗੀਆਂ ਫਿਲਮਾਂ ਬਣਾਉਣ ਵਾਲੇ ਈਰਾਨੀ ਫਿਲਮ ਨਿਰਦੇਸ਼ਕ ਮਾਜਿਦ ਮਜੀਦੀ ਇਸ ਫਿਲਮ ਰਾਹੀਂ ਹਿੰਦੀ ਸਿਨੇਮਾ ਵਿਚ ਪਹਿਲੀ ਵਾਰ ਹੱਥ ਅਜ਼ਮਾ ਰਹੇ ਹਨ। ਇਸ ਫਿਲਮ ਵਿਚ ਈਸ਼ਾਨ ਅਤੇ ਮਾਲਵਿਕਾ ਬਹੁਤ ਵੱਖਰੇ ਅੰਦਾਜ਼ ਵਿਚ ਦਿਸਣਗੇ। ਕਈ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਵਿਚ ਸ਼ਲਾਘਾ ਖੱਟ ਚੁੱਕੀ ਇਸ ਫਿਲਮ ਲਈ ਈਸ਼ਾਨ ਨੂੰ ਤੁਰਕੀ ਦੇ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿਚ ਬੈਸਟ ਐਕਟਰ ਦਾ ਪੁਰਸਕਾਰ ਵੀ ਮਿਲ ਚੁੱਕਾ ਹੈ। ਸੰਗੀਤਕਾਰ ਏ. ਆਰ. ਰਹਿਮਾਨ ਦੇ ਬੈਕਗਰਊਂਡ ਮਿਊਜ਼ਿਕ ਨੇ ਫਿਲਮ ਦੇ ਦ੍ਰਿਸ਼ਾਂ ਨੂੰ ਬਹੁਤ ਭਾਵਨਾਤਮਕ ਬਣਾ ਦਿੱਤਾ ਹੈ। ਫਿਲਮ ਪ੍ਰਮੋਸ਼ਨ ਲਈ ਦਿੱਲੀ ਸਥਿਤ ਜਗ ਬਾਣੀ/ਨਵੋਦਿਆ ਟਾਈਮਜ਼' ਦੇ ਦਫਤਰ ਪਹੁੰਚੇ ਈਸ਼ਾਨ, ਮਾਲਵਿਕਾ ਅਤੇ ਮਾਜਿਦ ਨੇ ਸਾਡੇ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ :
ਮੇਰੀ ਜ਼ਿੰਦਗੀ 'ਤੇ ਸ਼ਾਹਿਦ ਦਾ ਵੱਡਾ ਪ੍ਰਭਾਵ
ਮੈਂ ਇਸ ਗੱਲ ਤੋਂ ਨਾਂਹ ਨਹੀਂ ਕਰ ਸਕਦਾ ਕਿ ਲੋਕ ਮੈਨੂੰ ਫਿਲਮਾਂ ਵਿਚ ਆਉਣ ਤੋਂ ਪਹਿਲਾਂ ਸ਼ਾਹਿਦ ਦੇ ਭਰਾ ਦੇ ਰੂਪ ਵਿਚ ਜਾਣਦੇ ਹਨ ਪਰ ਮੇਰੀ ਜ਼ਿੰਦਗੀ 'ਤੇ ਉਨ੍ਹਾਂ ਦਾ ਬਹੁਤ ਪ੍ਰਭਾਵ ਰਿਹਾ ਹੈ। ਸਾਡਾ ਰਿਸ਼ਤਾ ਬਹੁਤ ਹੀ ਅਟੁੱਟ ਹੈ। ਉਹ ਮੇਰੇ ਤੋਂ 15 ਸਾਲ ਵੱਡੇ ਹਨ। ਜਿਸ ਸਮੇਂ ਉਨ੍ਹਾਂ ਨੇ ਆਪਣੀ ਪਹਿਲੀ ਫਿਲਮ 'ਇਸ਼ਕ ਵਿਸ਼ਕ' ਸ਼ੂਟ ਕੀਤੀ ਸੀ, ਮੈਂ 7-8 ਸਾਲ ਦਾ ਸੀ। ਓਦੋਂ ਦਾ ਹੁਣ ਮੈਨੂੰ ਉਨ੍ਹਾਂ ਨਾਲ ਸਮਾਂ ਬਿਤਾਉਣ ਦਾ ਮੌਕਾ ਮਿਲਿਆ ਹੈ। ਅਸੀਂ ਦੋਨੋਂ ਹੀ ਡਾਂਸ ਅਤੇ ਅਭਿਨੈ ਨੂੰ ਲੈ ਕੇ ਜਨੂੰਨੀ ਹਾਂ। ਉਨ੍ਹਾਂ ਨੇ ਮੈਨੂੰ ਜ਼ਿੰਦਗੀ ਬਾਰੇ ਬਹੁਤ ਕੁਝ ਸਿਖਾਇਆ ਹੈ।
ਬੈਸਟ ਅਦਾਕਾਰ ਦਾ ਐਵਾਰਡ ਮਿਲਣਾ ਬਹੁਤ ਵੱਡੀ ਖੁਸ਼ੀ
ਫਿਲਮ ਰਿਲੀਜ਼ ਤੋਂ ਪਹਿਲਾਂ ਤੁਰਕੀ ਵਿਚ ਹੋਏ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਵਿਚ ਬੈਸਟ ਅਦਾਕਾਰ ਦਾ ਐਵਾਰਡ ਮਿਲਣਾ ਮੇਰੇ ਲਈ ਬਹੁਤ ਵੱਡੀ ਖੁਸ਼ੀ ਹੈ। ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਇਸ ਗੱਲ ਦੀ ਸੀ ਕਿ ਆਪਣੀ ਅਦਾਕਾਰੀ ਦੇ ਬਲਬੂਤੇ ਆਪਣੀ ਅੰਮੀ ਅਤੇ ਘਰਵਾਲਿਆਂ ਨੂੰ ਮਾਣ ਦਾ ਅਹਿਸਾਸ ਕਰਵਾ ਸਕਿਆ। ਮੇਰੇ ਲਈ ਇਹ ਪੁਰਸਕਾਰ ਇਸ ਲਈ ਵੀ ਅਹਿਮ ਹੈ ਕਿਉਂਕਿ ਇਹ ਮੈਨੂੰ ਵਿਦੇਸ਼ ਦੀ ਅਜਿਹੀ ਜ਼ਮੀਨ 'ਤੇ ਮਿਲਿਆ, ਜਿਥੇ ਮੈਨੂੰ ਕੋਈ ਪਛਾਣਦਾ ਨਹੀਂ ਸੀ। ਉਨ੍ਹਾਂ ਨੇ ਮੈਨੂੰ ਮੇਰੇ ਕੰਮ ਦੇ ਬਲਬੂਤੇ 'ਤੇ ਚੁਣਿਆ। ਪੁਰਸਕਾਰ ਦੀ ਇਸ ਕੈਟੇਗਰੀ ਵਿਚ 12-13 ਕਲਾਕਾਰ ਸਨ, ਜਿਸ ਵਿਚ ਸੀਨੀਅਰ ਅਤੇ ਨਾਮੀ ਅਦਾਕਾਰ ਵੀ ਸਨ।
ਦੌੜ 'ਚ ਸ਼ਾਮਲ ਹੋਣਾ ਸਨਮਾਨ ਦੀ ਗੱਲ
ਮਾਜਿਦ ਸਰ ਦੀ ਫਿਲਮ ਵਿਚ ਇਸ ਕਿਰਦਾਰ ਲਈ ਦੀਪਿਕਾ ਪਾਦੁਕੋਣ ਅਤੇ ਕੰਗਨਾ ਰਾਣਾਵਤ ਵਰਗੇ ਵੱਡੇ ਸਿਤਾਰਿਆਂ ਨਾਲ ਮੁਕਾਬਲੇਬਾਜ਼ੀ ਕਰਨਾ ਮੇਰੇ ਲਈ ਇਕ ਸਨਮਾਨ ਦੀ ਗੱਲ ਹੈ। ਮੈਨੂੰ ਲੱਗਦਾ ਹੈ ਕਿ ਇਹ ਸ਼ਾਨਦਾਰ ਹੈ ਅਤੇ ਉਨ੍ਹਾਂ ਦੇ ਨਾਲ ਮੁਕਾਬਲੇਬਾਜ਼ੀ ਮੇਰੇ ਲਈ ਬਹੁਤ ਵੱਡੀ ਗੱਲ ਹੈ। ਮੈਂ ਇਨ੍ਹਾਂ ਅਭਿਨੇਤਰੀਆਂ ਨੂੰ ਬਹੁਤ ਪਸੰਦ ਕਰਦੀ ਹਾਂ। ਮੈਨੂੰ ਖੁਸ਼ੀ ਹੈ ਕਿ ਮੈਨੂੰ ਇਸ ਫਿਲਮ ਵਿਚ ਕੰਮ ਕਰਨ ਦਾ ਮੌਕਾ ਮਿਲਿਆ।
15 ਦਿਨਾਂ 'ਚ 6 ਕਿਲੋ ਭਾਰ ਘਟਾਇਆ
ਇਕ ਸਵਾਲ ਦੇ ਜਵਾਬ ਵਿਚ ਮਾਲਵਿਕਾ ਨੇ ਦੱਸਿਆ ਕਿ ਮੈਂ 15 ਦਿਨਾਂ ਵਿਚ 6 ਕਿਲੋ ਭਾਰ ਘਟਾਇਆ, ਜੋ ਮੇਰੇ ਲਈ ਬਹੁਤ ਮੁਸ਼ਕਲ ਸੀ। ਡਾਈਟ ਦਾ ਪੂਰਾ ਧਿਆਨ ਰੱਖਣਾ ਪੇਂਦਾ ਸੀ। ਸ਼ੂਟਿੰਗ ਦੌਰਾਨ ਵੀ ਮੇਰੀ ਡਾਈਟ ਬਹੁਤ ਘੱਟ ਸੀ। ਸਿਰਫ ਡਾਈਟ ਹੀ ਨਹੀਂ, ਸਗੋਂ ਕਾਰਡੀਓ ਅਤੇ ਜਿਮ ਦੇ ਨਾਲ 15 ਦਿਨ ਵਿਚ ਸਿਰਫ 6 ਕਿਲੋ ਭਾਰ ਹੀ ਘੱਟ ਕਰ ਸਕੀ। ਉਂਝ ਮੈਨੂੰ 8 ਕਿਲੋ ਭਾਰ ਘਟਾਉਣਾ ਸੀ।
ਸੱਤਿਆਜੀਤਰੇ ਦੀਆਂ ਫਿਲਮਾਂ ਨੇ ਕੀਤਾ ਆਕਰਸ਼ਿਤ : ਮਾਜਿਦ
ਹਿੰਦੀ ਫਿਲਮ ਇੰਡਸਟਰੀ ਵੱਲ ਆਕਰਸ਼ਿਤ ਹੋਣ ਕਾਰਨ ਪੁੱਛਿਆ ਗਿਆ ਤਾਂ ਮਾਜਿਦ ਨੇ ਬੜੀ ਹੀ ਖੂਬਸੂਰਤੀ ਨਾਲ ਇਸ ਦਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਮੇਰੀ ਜ਼ਿੰਦਗੀ ਦੀ ਸ਼ੁਰੂਆਤ ਉਥੋਂ ਹੋਈ, ਜਦੋਂ ਮੈਂ ਹਿੰਦੁਸਤਾਨੀ ਫਿਲਮਾਂ ਨੂੰ ਸੱਤਿਆਜੀਤ ਰੇ ਦੀਆਂ ਫਿਲਮਾਂ ਰਾਹੀਂ ਪਛਾਣਨ ਲੱਗਾ ਅਤੇ ਪ੍ਰਭਾਵਿਤ ਵੀ ਹੋਇਆ। ਹਿੰਦੀ ਫਿਲਮਾਂ ਵਲ ਆਕਰਸ਼ਨ ਦਾ ਇਹੋ ਇਕ ਵੱਡਾ ਕਾਰਨ ਰਿਹਾ। ਮੇਰੇ ਲਈ ਉਸ ਤਰ੍ਹਾਂ ਦੀਆਂ ਫਿਲਮਾਂ ਮਾਇਨੇ ਰੱਖਦੀਆਂ ਹਨ, ਜਿਸ ਵਿਚ ਜ਼ਿੰਦਗੀ ਦੇ ਅਸਰ ਪਹਿਲੂ ਉਜਾਗਰ ਹੁੰਦੇ ਹਨ ਅਤੇ ਮੈਂ ਅਜਿਹੀਆਂ ਹੀ ਕੁਝ ਫਿਲਮਾਂ ਨੂੰ ਦੇਖ ਕੇ ਹਿੰਦੁਸਤਾਨ ਆਇਆ ਹਾਂ।
ਸ਼ਾਨਦਾਰ ਹਨ ਰਹਿਮਾਨ
ਏ. ਆਰ. ਰਹਿਮਾਨ ਨੂੰ ਪੂਰੀ ਦੁਨੀਆ ਜਾਣਦੀ ਹੈ। ਉਹ ਇਕ ਚੰਗੇ ਕਲਾਕਾਰ ਹੋਣ ਦੇ ਨਾਲ-ਨਾਲ ਬਹੁਤ ਹੀ ਚੰਗੇ ਅਤੇ ਦਿਲਦਾਰ ਇਨਸਾਨ ਹਨ। ਜਦੋਂ ਤੁਸੀਂ ਉਨ੍ਹਾਂ ਦੇ ਘਰ ਜਾਓਗੇ ਤਾਂ ਤੁਹਾਨੂੰ ਲੱਗੇਗਾ ਹੀ ਨਹੀਂ ਕਿ ਇਹ ਇੰਨੇ ਵੱਡੇ ਸੰਗੀਤਕਾਰ ਰਹਿਮਾਨ ਦਾ ਘਰ ਹੈ। ਉਹ ਬੇਹੱਦ ਮਾਮੂਲੀ ਅਤੇ ਸਾਧਾਰਨ ਜ਼ਿੰਦਗੀ ਜਿਊਂਦੇ ਹਨ। ਇਹ ਇਨਸਾਨ ਇਸ ਲਈ ਆਪਣੀ ਜ਼ਿੰਦਗੀ ਵਿਚ ਇੰਨਾ ਉੱਪਰ ਉੱਠਿਆ ਹੈ ਕਿਉਂਕਿ ਕੁਦਰਤ ਨੇ ਆਪਣੇ ਹੱਥਾਂ ਨਾਲ ਉਨ੍ਹਾਂ ਨੂੰ ਅਸਮਾਨ ਦੀਆਂ ਉੱਚਾਈਆਂ ਤਕ ਪਹੁੰਚਾਇਆ ਹੈ।
ਬਹੁਤ ਪਿਆਰੇ ਹਨ ਭਾਰਤ ਦੇ ਲੋਕ
ਭਾਰਤ ਦੇ ਲੋਕ ਬਹੁਤ ਪਿਆਰੇ, ਦਿਆਲੂ ਅਤੇ ਸੰਸਕਾਰੀ ਹਨ। ਮੈਂ ਉਨ੍ਹਾਂ ਨਾਲ ਚੰਗੀ ਤਰ੍ਹਾਂ ਮਿਲ ਸਕਿਆ, ਕਿਉਂਕਿ ਅਸੀਂ ਵੀ ਈਰਾਨ ਵਿਚ ਇਸੇ ਤਰ੍ਹਾਂ ਦੀ ਸੰਸਕ੍ਰਿਤੀ ਸਾਂਝੀ ਕਰਦੇ ਹਾਂ। ਮੈਂ ਆਪਣੇ ਦੇਸ਼ ਦੇ ਬਾਹਰ ਜੇਕਰ ਕਿਤੇ ਸ਼ੂਟਿੰਗ ਕਰਨਾ ਚਾਹਾਂ ਤਾਂ ਭਾਰਤ ਮੇਰੇ ਪਸੰਦੀਦਾ ਸਥਾਨਾਂ ਦੀ ਸੂਚੀ ਵਿਚ ਸਭ ਤੋਂ ਉੱਪਰ ਹੈ, ਕਿਉਂਕਿ ਦੋਨੋਂ ਦੇਸ਼ਾਂ ਵਿਚ ਬਹੁਤ ਸਾਰੀਆਂ ਸੰਸਕ੍ਰਿਤੀਆਂ ਇਕੋ ਜਿਹੀਆਂ ਹਨ। ਜਦੋਂ ਤਕ ਸੰਸਕ੍ਰਿਤਕ ਸੰਪਰਕ ਨਾ ਹੋਣ ਤਾਂ ਫਿਲਮਕਾਰ ਲਈ ਆਪਣੇ ਦੇਸ਼ ਤੋਂ ਬਾਹਰ ਜਾਣਾ ਮੁਸ਼ਕਲ ਹੁੰਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News