ਛੜਿਆਂ ਦੀ ਜ਼ਿੰਦਗੀ ਨੂੰ ਹਾਸੇ ਦਾ ਤੜਕਾ ਲਾਵੇਗੀ 'ਭੱਜੋ ਵੀਰੋ ਵੇ' ਫਿਲਮ

12/10/2018 1:45:50 PM

ਜਲੰਧਰ (ਜ. ਬ.)- 14 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ 'ਭੱਜੋ ਵੀਰੋ ਵੇ' ਪਹਿਲੀ ਅਜਿਹੀ ਫਿਲਮ ਹੋਵੇਗੀ, ਜਿਹੜੀ ਛੜਿਆਂ ਦੀ ਜ਼ਿੰਦਗੀ ਦਾ ਹਾਲ ਬਿਆਨ ਕਰੇਗੀ। ਆਮ ਤੌਰ 'ਤੇ ਫਿਲਮਾਂ ਵਿਚ ਰੋਮਾਂਸ, ਪਿਆਰ, ਤਕਰਾਰ, ਹਾਸੇ ਸਮੇਤ ਹੋਰ ਬਹੁਤ ਕੁੱਝ ਪੇਸ਼ ਕੀਤਾ ਜਾਂਦਾ ਹੈ ਪਰ ਇਸ ਫਿਲਮ ਵਿਚ ਛੜਿਆਂ ਦੀ ਜੂਨ ਮਜ਼ਾਕੀਆ ਤਰੀਕੇ ਨਾਲ ਬਿਆਨ ਕੀਤੀ ਗਈ ਹੈ। ਇਹ ਫਿਲਮ ਉਸ ਬੈਨਰ ਦੀ ਪੇਸ਼ਕਸ਼ ਹੈ, ਜਿਸ ਵਲੋਂ ਰਿਲੀਜ਼ ਕੀਤੀਆਂ ਫਿਲਮਾਂ ਨੇ ਹਮੇਸ਼ਾ ਕਾਮਯਾਬੀ ਦਾ ਇਤਿਹਾਸ ਸਿਰਜਿਆ ਹੈ। ਰਿਦਮ ਬੁਆਏਜ਼ ਵਲੋਂ ਰਿਲੀਜ਼ ਅੰਗਰੇਜ਼, ਬੰਬੂਕਾਟ, ਲਵ ਪੰਜਾਬ, ਅਸ਼ਕੇ ਸਮੇਤ ਕਈ ਹੋਰ ਯਾਦਗਾਰੀ ਫਿਲਮਾਂ ਰਿਲੀਜ਼ ਕੀਤੀਆਂ ਹਨ।

ਇਸੇ ਬੈਨਰ ਵਲੋਂ ਰਿਲੀਜ਼ ਕੀਤੀ ਜਾ ਰਹੀ ਫਿਲਮ 'ਭੱਜੋ ਵੀਰੋ ਵੇ' ਵਿਚ 'ਹੇਅਰ ਓਮ ਜੀ ਸਟੂਡੀਓ' ਵਲੋਂ ਵੀ ਹਿੱਸੇਦਾਰੀ ਨਿਭਾਈ ਗਈ ਹੈ। ਫਿਲਮ ਦੇ ਨਾਇਕ ਅੰਬਰਦੀਪ ਸਿੰਘ ਹਨ, ਜਿਨ੍ਹਾਂ ਦੀ ਥੋੜ੍ਹੇ ਸਮੇਂ ਪਹਿਲਾਂ ਰਿਲੀਜ਼ ਹੋਈ ਫਿਲਮ 'ਲੌਂਗ ਲਾਚੀ' ਨੇ ਕਮਾਲ ਦੀ ਕਾਮਯਾਬੀ ਹਾਸਲ ਕੀਤੀ। ਫਿਲਮ ਵਿਚ ਬਤੌਰ ਨਾਇਕਾ ਸਿੰਮੀ ਚਾਹਲ ਦਾ ਕਮਾਲ ਹੈ। ਇਸ ਤੋਂ ਇਲਾਵਾ ਹੌਬੀ ਧਾਲੀਵਾਲ, ਹਰਦੀਪ ਗਿੱਲ, ਗੁੱਗੂ ਗਿੱਲ, ਨਿਰਮਲ ਰਿਸ਼ੀ, ਯਾਦ ਗਰੇਵਾਲ, ਬਲਵਿੰਦਰ ਬੁਲਟ ਤੇ ਸੁਖਵਿੰਦਰ ਰਾਜ ਦੀ ਅਦਾਕਾਰੀ ਹੈ। 'ਭੱਜੋ ਵੀਰੋ ਵੇ' ਦੇ ਟ੍ਰੇਲਰ ਨੂੰ ਕਮਾਲ ਦੀ ਕਾਮਯਾਬੀ ਮਿਲੀ ਹੈ, ਜਿਸ ਦੇ ਲੇਖਕ ਤੇ ਨਿਰਦੇਸ਼ਕ ਵੀ ਅੰਬਰਦੀਪ ਹੀ ਹਨ। ਫਿਲਮ ਦੀ ਪੂਰੀ ਸ਼ੂਟਿੰਗ ਪੰਜਾਬ ਵਿਚ ਹੀ ਹੋਈ ਹੈ ਅਤੇ ਜਿਸ ਤਰ੍ਹਾਂ ਟ੍ਰੇਲਰ ਵਿਚ ਪੰਜਾਬ ਦੇ ਉਨ੍ਹਾਂ ਲੋਕਾਂ ਦੀ ਜ਼ਿੰਦਗੀ ਦਰਸਾਈ ਗਈ ਹੈ, ਜਿਨ੍ਹਾਂ ਦਾ ਵਿਆਹ ਨਹੀਂ ਹੁੰਦਾ, ਉਹ ਕਮਾਲ ਹੈ। ਛੜਿਆਂ ਦੇ ਅਹਿਸਾਸ, ਉਨ੍ਹਾਂ ਦਾ ਪਿਆਰ, ਉਨ੍ਹਾਂ ਦੀ ਲਲਕ ਸਭ ਕੁੱਝ ਫਿਲਮ ਵਿਚ ਬਿਆਨ ਕੀਤਾ ਗਿਆ ਹੈ।

ਰਿਦਮ ਬੁਆਏਜ਼ ਬਾਰੇ ਇਹ ਧਾਰਨਾ ਬਣੀ ਹੋਈ ਹੈ ਕਿ ਘੱਟ ਪ੍ਰਚਾਰ ਦੇ ਬਾਵਜੂਦ ਹਰ ਵਾਰ ਉਹ ਫਿਲਮ ਰਾਹੀਂ ਨਵੀਂ ਕਾਮਯਾਬੀ ਹਾਸਲ ਕਰਦਾ ਹੈ, ਜਿਸ ਦਾ ਸਭ ਤੋਂ ਵੱਡਾ ਸਬੂਤ ਸੀ 'ਅਸ਼ਕੇ' ਫਿਲਮ, ਜਿਸ ਦਾ ਟ੍ਰੇਲਰ 24 ਘੰਟੇ ਪਹਿਲਾਂ ਰਿਲੀਜ਼ ਕੀਤਾ ਗਿਆ ਸੀ ਤੇ ਕੋਈ ਪ੍ਰਚਾਰ ਨਾ ਹੋਣ ਦੇ ਬਾਵਜੂਦ ਫਿਲਮ ਸੁਪਰਹਿੱਟ ਹੋਣ ਵਿਚ ਕਾਮਯਾਬ ਹੋਈ ਸੀ। ਦਰਸ਼ਕਾਂ ਨੂੰ ਇਸ ਗੱਲ ਦੀ ਪੂਰੀ ਆਸ ਹੈ ਕਿ 'ਭੱਜੋ ਵੀਰੋ ਵੇ' ਫਿਲਮ ਵੱਖਰੇ ਵਿਸ਼ੇ ਵਾਲੀ ਹੋਣ ਕਰਕੇ ਕਾਮਯਾਬ ਹੋਵੇਗੀ। ਸੋਸ਼ਲ ਮੀਡੀਆ 'ਤੇ ਫਿਲਮ ਦਾ ਪ੍ਰਚਾਰ ਜ਼ੋਰ ਸ਼ੋਰ ਨਾਲ ਜਾਰੀ ਹੈ। ਜਿਵੇਂ-ਜਿਵੇਂ ਰਿਲੀਜ਼ਿੰਗ ਦੇ ਦਿਨ ਨੇੜੇ ਆ ਰਹੇ ਹਨ, ਤਿਵੇਂ-ਤਿਵੇਂ ਦਰਸ਼ਕਾਂ ਦੀ ਉਤਸੁਕਤਾ ਵਧਦੀ ਜਾ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News