ਅੰਗਰੇਜ਼ਾਂ ਦੇ ਰਾਜ ਵੇਲੇ ਦੇ ਪੰਜਾਬ ਦੀ ਇਕ ਵੱਖਰੀ ਕਹਾਣੀ ਨੂੰ ਦਰਸਾਉਂਦੀ ਹੈ ''ਭਲਵਾਨ ਸਿੰਘ''

10/23/2017 7:56:11 PM

27 ਅਕਤੂਬਰ ਨੂੰ ਦੇਸ਼-ਵਿਦੇਸ਼ਾਂ 'ਚ ਪੰਜਾਬੀ ਫਿਲਮ 'ਭਲਵਾਨ ਸਿੰਘ' ਰਿਲੀਜ਼ ਹੋਣ ਜਾ ਰਹੀ ਹੈ। ਸੋਲੋ ਹੀਰੋ ਵਜੋਂ ਰਣਜੀਤ ਬਾਵਾ ਦੀ ਇਹ ਪਹਿਲੀ ਫਿਲਮ ਹੈ। ਇਸ ਤੋਂ ਪਹਿਲਾਂ ਰਣਜੀਤ ਬਾਵਾ 'ਸਰਵਣ' ਤੇ 'ਵੇਖ ਬਰਾਤਾਂ ਚੱਲੀਆਂ' ਵਰਗੀਆਂ ਸੁਪਰਹਿੱਟ ਫਿਲਮਾਂ 'ਚ ਸੈਕਿੰਡ ਲੀਡ ਵਜੋਂ ਨਜ਼ਰ ਆ ਚੁੱਕੇ ਹਨ। 'ਭਲਵਾਨ ਸਿੰਘ' ਨੂੰ ਪਰਮ ਸ਼ਿਵ ਨੇ ਡਾਇਰੈਕਟ ਕੀਤਾ ਹੈ ਤੇ ਕਹਾਣੀ ਸੁਖਰਾਜ ਸਿੰਘ ਨੇ ਲਿਖੀ ਹੈ। ਫਿਲਮ ਦੇ ਪ੍ਰੋਡਿਊਸਰ ਅਮੀਕ ਵਿਰਕ, ਕਾਰਜ ਗਿੱਲ ਤੇ ਜਸਪਾਲ ਸਿੰਘ ਸੰਧੂ ਹਨ। ਫਿਲਮ ਦਾ ਸੰਗੀਤ ਗੁਰਮੋਹ ਨੇ ਦਿੱਤਾ ਹੈ ਤੇ ਇਸ ਦੇ ਗੀਤ ਬੀਰ ਸਿੰਘ ਨੇ ਲਿਖੇ ਹਨ। ਫਿਲਮ ਦੀ ਪ੍ਰਮੋਸ਼ਨ ਲਈ ਟੀਮ 'ਜਗ ਬਾਣੀ' ਦੇ ਵਿਹੜੇ ਪੁੱਜੀ, ਜਿਥੇ ਸਾਡੇ ਪ੍ਰਤੀਨਿਧੀ ਰਾਹੁਲ ਸਿੰਘ ਨਾਲ ਰਣਜੀਤ ਬਾਵਾ, ਅਮੀਕ ਵਿਰਕ, ਤੇ ਕਾਰਜ ਗਿੱਲ ਨੇ ਖਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼—

ਸਵਾਲ : ਸਕ੍ਰਿਪਟ ਸੁਣਨ ਤੋਂ ਬਾਅਦ ਦਿਮਾਗ 'ਚ ਕੀ ਚੱਲ ਰਿਹਾ ਸੀ?
ਰਣਜੀਤ ਬਾਵਾ :
ਮੈਂ ਬਹੁਤ ਉਤਸ਼ਾਹਿਤ ਸੀ ਤੇ ਚਾਹੁੰਦਾ ਸੀ ਕਿ ਫਿਲਮ ਛੇਤੀ ਤੋਂ ਛੇਤੀ ਸ਼ੁਰੂ ਹੋ ਜਾਵੇ। ਹਾਲਾਂਕਿ ਜਦੋਂ ਮੈਂ ਸਕ੍ਰਿਪਟ ਸੁਣੀ ਤਾਂ ਉਸ ਦੌਰਾਨ ਵਿਦੇਸ਼ 'ਚ ਸ਼ੋਅਜ਼ ਦੌਰਾਨ ਬਿਜ਼ੀ ਸੀ। ਦਿਮਾਗ 'ਚ ਇਹੀ ਚੱਲ ਰਿਹਾ ਸੀ ਕਿ ਬਸ ਸ਼ੋਅਜ਼ ਖਤਮ ਹੋ ਜਾਣ ਤੇ ਫਿਲਮ ਸ਼ੁਰੂ ਹੋ ਜਾਵੇ।

ਸਵਾਲ : 'ਭਲਵਾਨ ਸਿੰਘ' ਕਿਸ ਤਰ੍ਹਾਂ ਦਾ ਸ਼ਖਸ ਹੈ?
ਰਣਜੀਤ ਬਾਵਾ :
'ਭਲਵਾਨ ਸਿੰਘ' ਜਿਸ ਤਰ੍ਹਾਂ ਦਾ ਨਾਮ ਹੈ, ਉਸ ਦੇ ਬਿਲਕੁਲ ਉਲਟ ਸ਼ਖਸ ਹੈ। ਉਹ ਇਕ ਕਮਜ਼ੋਰ ਜਿਹਾ ਸ਼ਖਸ ਹੈ, ਜੋ ਕਿਸੇ ਹੋਰ ਪੱਖੋਂ ਖੁਦ ਨੂੰ ਭਲਵਾਨ ਮੰਨਦਾ ਹੈ। ਉਹ ਸਰੀਰ ਤੋਂ ਨਹੀਂ, ਦਿਮਾਗ ਤੋਂ ਭਲਵਾਨ ਹੈ ਤੇ ਜੁਗਾੜ ਲਗਾਉਣ ਵਾਲਾ ਸ਼ਖਸ ਹੈ। ਉਹ ਆਪਣੇ ਪਿੰਡ 'ਚ ਬਿਲਕੁਲ ਨਿਕੰਮਾ ਬੰਦਾ ਹੈ, ਜੋ ਅਚਾਨਕ ਸਭ ਲਈ ਹੀਰੋ ਬਣ ਜਾਂਦਾ ਹੈ।

ਸਵਾਲ : 'ਭਲਵਾਨ ਸਿੰਘ' ਲਈ ਤੁਹਾਨੂੰ ਕਾਫੀ ਭਾਰ ਘਟਾਉਣਾ ਪਿਆ ਹੈ, ਇਹ ਕਿੰਨਾ ਕੁ ਮੁਸ਼ਕਿਲ ਰਿਹਾ?
ਰਣਜੀਤ ਬਾਵਾ :
ਜਦੋਂ ਫਿਲਮ ਸਬੰਧੀ ਗੱਲਬਾਤ ਚੱਲ ਰਹੀ ਸੀ ਤਾਂ ਮੈਂ ਸੋਚ ਰਿਹਾ ਸੀ ਕਿ ਮੈਨੂੰ ਭਾਰ ਵਧਾਉਣਾ ਪਵੇਗਾ ਪਰ ਉਨ੍ਹਾਂ ਨੇ ਕਿਹਾ ਕਿ ਕਿਰਦਾਰ ਟਾਈਟਲ ਦੇ ਬਿਲਕੁਲ ਉਲਟ ਹੈ। ਇਸ ਲਈ ਭਾਰ ਘਟਾਉਣਾ ਪਿਆ। ਖਾਣ-ਪੀਣ ਬਦਲਣਾ ਪਿਆ। ਜਿਹੜੀ ਡਾਈਟ ਸੀ, ਉਹ ਉਨੀ ਸੁਆਦ ਨਹੀਂ ਲੱਗਦੀ, ਜਿੰਨਾ ਆਮ ਖਾਣਾ ਲੱਗਦਾ ਹੈ। ਕਿਤੇ-ਕਿਤੇ ਦਿਲ ਵੀ ਕਰਦਾ ਸੀ ਕਿ ਰੱਜ ਕੇ ਖਾਵਾਂ ਪਰ ਜੇਕਰ ਅਜਿਹਾ ਕਰਦਾ ਤਾਂ ਸ਼ਾਇਦ ਕਿਰਦਾਰ ਨਾਲ ਇਨਸਾਫ ਨਹੀਂ ਹੋਣਾ ਸੀ।

ਸਵਾਲ : ਸੋਲੋ ਹੀਰੋ ਵਜੋਂ ਇਹ ਤੁਹਾਡੀ ਪਹਿਲੀ ਫਿਲਮ ਹੈ। ਕਿਤੇ ਨਾ ਕਿਤੇ ਕੋਈ ਪ੍ਰੈਸ਼ਰ ਸੀ?
ਰਣਜੀਤ ਬਾਵਾ :
ਪ੍ਰੈਸ਼ਰ ਬਹੁਤ ਜ਼ਿਆਦਾ ਸੀ। ਉਂਝ ਸੋਲੋ ਹੀਰੋ ਵਜੋਂ 'ਤੂਫਾਨ ਸਿੰਘ' ਮੇਰੀ ਪਹਿਲੀ ਫਿਲਮ ਸੀ, ਜਿਹੜੀ ਸਾਲ 2015 'ਚ ਰਿਲੀਜ਼ ਹੋਣੀ ਸੀ ਪਰ ਕੁਝ ਕਾਰਨਾਂ ਕਰਕੇ ਉਹ 2017 'ਚ ਰਿਲੀਜ਼ ਹੋਈ, ਉਹ ਵੀ ਵਿਦੇਸ਼ਾਂ 'ਚ। ਸੋ ਇਸ ਦੌਰਾਨ ਕਹਿ ਸਕਦੇ ਹੋ ਕਿ ਮੇਰਾ ਸਟਰਗਲਿੰਗ ਪੀਰੀਅਡ ਚੱਲ ਰਿਹਾ ਸੀ। ਹਾਲਾਂਕਿ ਨਾਲ-ਨਾਲ 'ਸਰਵਣ' ਤੇ 'ਵੇਖ ਬਰਾਤਾਂ ਚੱਲੀਆਂ' ਵਰਗੀਆਂ ਫਿਲਮਾਂ ਕੀਤੀਆਂ ਪਰ ਸੋਲੋ ਹੀਰੋ ਵਜੋਂ ਐਂਟਰੀ 'ਭਲਵਾਨ ਸਿੰਘ' ਨਾਲ ਹੋ ਰਹੀ ਹੈ।

ਸਵਾਲ : ਘੋੜ ਸਵਾਰੀ ਕਰਨਾ ਕਿੰਨਾ ਮੁਸ਼ਕਿਲ ਰਿਹਾ?
ਰਣਜੀਤ ਬਾਵਾ :
ਘੋੜ ਸਵਾਰੀ ਬਹੁਤ ਮੁਸ਼ਕਿਲ ਸੀ ਕਿਉਂਕਿ ਮੈਂ ਇਸ ਤੋਂ ਪਹਿਲਾਂ ਕਦੇ ਘੋੜ ਸਵਾਰੀ ਨਹੀਂ ਕੀਤੀ ਸੀ। ਹਾਲਾਂਕਿ ਮਜ਼ੇਦਾਰ ਗੱਲ ਇਹ ਰਹੀ ਕਿ ਜਿਥੇ ਘੋੜ ਸਵਾਰੀ ਕਰ ਰਹੇ ਸੀ ਉਹ ਰਸਤੇ ਕੱਚੇ ਸਨ ਤੇ ਡਰ ਨਹੀਂ ਸੀ ਕਿ ਜੇ ਡਿੱਗ ਵੀ ਪਏ ਤਾਂ ਸੱਟ ਨਹੀਂ ਲੱਗੇਗੀ। ਘੋੜ ਸਵਾਰੀ ਲਈ ਬਾਕਾਇਦਾ ਮੈਂ ਟਰੇਨਿੰਗ ਵੀ ਲਈ ਤੇ ਕਾਫੀ ਕੁਝ ਸਿੱਖਣ ਨੂੰ ਮਿਲਿਆ।

ਸਵਾਲ : ਹਰ ਆਰਟਿਸਟ ਦਾ ਕੋਈ ਨਾ ਕੋਈ ਸੁਪਨਾ ਹੁੰਦਾ ਹੈ, ਤੁਹਾਡਾ ਕੀ ਸੁਪਨਾ ਹੈ?
ਰਣਜੀਤ ਬਾਵਾ :
ਮੈਨੂੰ ਲੱਗਦਾ ਹੈ ਕਿ ਜੋ ਸੁਪਨਾ ਮੈਂ ਦੇਖਿਆ ਸੀ ਉਹ ਪੂਰਾ ਹੋ ਗਿਆ ਹੈ। ਜੋ ਮਿਹਨਤ ਮੈਂ ਕੀਤੀ ਹੈ, ਉਸ ਨੂੰ ਰੰਗ ਲੱਗਾ ਹੈ। ਇਸ ਤੋਂ ਵੱਧ ਹੋਰ ਕੀ ਹੋ ਸਕਦਾ ਹੈ ਕਿ ਜੋ ਕੰਮ ਤੁਸੀਂ ਕਰਦੇ ਹੋ, ਉਹ ਤੁਹਾਡੇ ਚਾਹੁਣ ਵਾਲੇ ਹਮੇਸ਼ਾ ਪਸੰਦ ਕਰਦੇ ਹਨ। ਰੱਬ ਦੀ ਮਿਹਰ ਹੈ ਕਿ ਆਪਣੇ ਨਾਲ-ਨਾਲ ਘਰਦਿਆਂ ਦਾ ਸੁਪਨਾ ਵੀ ਪੂਰਾ ਕੀਤਾ ਹੈ। ਜਿਹੜੇ ਮੁਕਾਮ 'ਤੇ ਉਹ ਮੈਨੂੰ ਦੇਖਣਾ ਚਾਹੁੰਦੇ ਸਨ, ਅੱਜ ਮੈਂ ਉਸ ਮੁਕਾਮ 'ਤੇ ਹਾਂ।

ਸਵਾਲ : ਕਾਲਜ ਸਮੇਂ ਸਿਰਫ ਗਾਇਕੀ ਕਰਦੇ ਸੀ ਜਾਂ ਐਕਟਿੰਗ ਵੀ ਨਾਲ-ਨਾਲ ਚੱਲਦੀ ਸੀ?
ਰਣਜੀਤ ਬਾਵਾ :
ਬਿਲਕੁਲ ਗਾਇਕੀ ਦੇ ਨਾਲ-ਨਾਲ ਨਾਟਕ ਖੇਡਣ ਦਾ ਵੀ ਕਾਲਜ ਸਮੇਂ ਮੌਕਾ ਮਿਲਦਾ ਸੀ। ਯੂਥ ਫੈਸਟੀਵਲ 'ਚ ਸਟੇਜ 'ਤੇ ਗਾਇਕੀ ਵੀ ਕਰਨੀ ਤੇ ਨਾਟਕ 'ਚ ਰੋਲ ਕਰਨਾ ਬੇਹੱਦ ਸ਼ਾਨਦਾਰ ਤਜਰਬਾ ਸੀ। ਮੈਨੂੰ ਲੱਗਦਾ ਹੈ ਕਿ ਯੂਥ ਫੈਸਟੀਵਲ 'ਚ ਜੇ ਤੁਹਾਡੇ ਕੰਮ ਨੂੰ ਸਰਾਹਿਆ ਜਾਂਦਾ ਹੈ ਤਾਂ ਇਸ ਤੋਂ ਵੱਡੀ ਗੱਲ ਕੋਈ ਹੋਰ ਨਹੀਂ ਹੁੰਦੀ। ਹਾਲਾਂਕਿ ਜੇਕਰ ਕਦੇ ਫਿਲਮ ਦੇ ਸੈੱਟ ਦੌਰਾਨ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਨਾਲ ਦੇ ਕਲਾਕਾਰ ਤੁਹਾਡੀ ਮਦਦ ਕਰ ਦਿੰਦੇ ਹਨ।

ਸਵਾਲ : ਫਿਲਮ ਦੀ ਟੀਮ ਨਾਲ ਤਜਰਬਾ ਕਿਹੋ-ਜਿਹਾ ਰਿਹਾ?
ਰਣਜੀਤ ਬਾਵਾ :
ਫਿਲਮ ਦੀ ਟੀਮ ਬਹੁਤ ਵਧੀਆ ਹੈ। ਖਾਸ ਗੱਲ ਇਹ ਹੈ ਕਿ ਟੀਮ ਦਾ ਕੋਈ ਵੀ ਮੈਂਬਰ ਝੂਠੀ ਤਾਰੀਫ ਨਹੀਂ ਕਰਦਾ ਹੈ। ਜੇ ਕੋਈ ਚੀਜ਼ ਗਲਤ ਹੈ ਤਾਂ ਉਸ ਨੂੰ ਸਾਰੇ ਗਲਤ ਕਹਿੰਦੇ ਹਨ ਤੇ ਜੇਕਰ ਕੋਈ ਵਧੀਆ ਹੈ ਤਾਂ ਸਾਰੇ ਪਸੰਦ ਕਰਦੇ ਹਨ। ਇਕ ਸੀਨ ਨੂੰ ਵਧੀਆ ਬਣਾਉਣ ਲਈ ਜੇਕਰ ਉਸ ਨੂੰ ਸ਼ੁਰੂ ਤੋਂ ਵੀ ਸ਼ੂਟ ਕਰਨਾ ਪਵੇ ਤਾਂ ਸਾਰੀ ਟੀਮ ਪਹਿਲਾਂ ਨਾਲੋਂ ਵੱਧ ਮਿਹਨਤ ਕਰਦੀ ਹੈ।

ਸਵਾਲ : ਫਿਲਮ ਦੀ ਸ਼ੂਟਿੰਗ ਕਿਥੇ-ਕਿਥੇ ਹੋਈ ਤੇ ਫਿਲਮ ਬਣਾਉਣ 'ਚ ਕਿੰਨਾ ਸਮਾਂ ਲੱਗਾ?
ਕਾਰਜ ਗਿੱਲ :
ਫਿਲਮ ਦੀ ਜ਼ਿਆਦਾਤਰ ਸ਼ੂਟਿੰਗ ਰਾਜਸਥਾਨ ਦੇ ਸੂਰਤਗੜ੍ਹ ਤੇ ਗੰਗਾਨਗਰ ਇਲਾਕਿਆਂ 'ਚ ਹੋਈ। ਇਸ ਤੋਂ ਇਲਾਵਾ ਪਟਿਆਲਾ ਤੇ ਰੋਪੜ ਦੇ ਨੇੜਲੇ ਇਲਾਕਿਆਂ 'ਚ ਵੀ ਫਿਲਮ ਨੂੰ ਸ਼ੂਟ ਕੀਤਾ ਗਿਆ। ਫਿਲਮ ਦੀ ਸ਼ੂਟਿੰਗ ਲਗਭਗ 40 ਦਿਨਾਂ 'ਚ ਖਤਮ ਹੋ ਗਈ ਸੀ।

ਸਵਾਲ : ਨਵਪ੍ਰੀਤ ਬੰਗਾ ਦੀ ਇਹ ਡੈਬਿਊ ਫਿਲਮ ਹੈ। ਕੈਮਿਸਟਰੀ ਕਿਸ ਤਰ੍ਹਾਂ ਦੀ ਰਹੀ?
ਰਣਜੀਤ ਬਾਵਾ :
ਨਵਪ੍ਰੀਤ ਨਾਲ ਕੈਮਿਸਟਰੀ ਬਹੁਤ ਵਧੀਆ ਰਹੀ। ਸਾਨੂੰ ਜਿਸ ਤਰ੍ਹਾਂ ਦਾ ਕਿਰਦਾਰ ਚਾਹੀਦਾ ਸੀ, ਉਸੇ ਤਰ੍ਹਾਂ ਦੀ ਉਹ ਹੈ। ਜਿਮ ਕਰਨ ਵਾਲੀ ਤਾਕਤਵਰ ਲੜਕੀ। ਮੈਨੂੰ ਵੀ ਫਿਲਮ 'ਚ ਕਈ ਜਗ੍ਹਾ ਉਸ ਨੇ ਚੁੱਕ ਕੇ ਸੁੱਟਿਆ ਹੈ।

ਸਵਾਲ : ਨਵਪ੍ਰੀਤ ਬੰਗਾ ਨਾਲ ਮੇਲ ਕਿਵੇਂ ਹੋਇਆ?
ਅਮੀਕ ਵਿਰਕ :
ਦਰਅਸਲ ਨਵਪ੍ਰੀਤ ਬੰਗਾ ਦੇ ਭਰਾ 'ਵੀ ਗਰੂਵਸ' ਸਾਡੇ ਟੀਮ ਮੈਂਬਰ ਦੇ ਖਾਸ ਮਿੱਤਰ ਹਨ। ਉਨ੍ਹਾਂ ਦੇ ਰਾਹੀਂ ਹੀ ਨਵਪ੍ਰੀਤ ਨਾਲ ਕੰਟੈਕਟ ਹੋਇਆ। ਨਵਪ੍ਰੀਤ ਇਕ ਯੂਟਿਊਬਰ ਹੈ ਤੇ ਉਸ ਦੀਆਂ ਕਈ ਵੀਡੀਓਜ਼ ਯੂਟਿਊਬ 'ਤੇ ਅਸੀਂ ਦੇਖੀਆਂ ਤੇ ਫਿਲਮ 'ਚ ਲੈਣ ਦਾ ਫੈਸਲਾ ਕੀਤਾ।

ਸਵਾਲ : 'ਭਲਵਾਨ ਸਿੰਘ' ਰਾਹੀਂ ਮੁੜ ਪੁਰਾਣਾ ਪੰਜਾਬ ਦਿਖਾਇਆ ਜਾ ਰਿਹਾ ਹੈ। ਇਸ ਦਾ ਕੋਈ ਰਿਸਕ ਨਹੀਂ ਲੱਗਾ?
ਅਮੀਕ ਵਿਰਕ :
ਪੁਰਾਣਾ ਪੰਜਾਬ ਫਿਲਮ 'ਚ ਦਿਖਾਉਣਾ ਇਕ ਵੱਖਰੀ ਗੱਲ ਹੈ। ਫਿਲਮ 'ਚ ਅੰਗਰੇਜ਼ਾਂ ਵੇਲੇ ਦੇ ਰਾਜ ਦੇ ਪੰਜਾਬ ਦੀ ਇਕ ਵੱਖਰੀ ਕਹਾਣੀ ਦਰਸਾਈ ਗਈ ਹੈ। ਇਹ ਇਕ ਵਿਅਕਤੀ ਦੀ ਨਹੀਂ, ਸਗੋਂ ਇਸ 'ਚ ਪੂਰੇ ਪਿੰਡ ਦੀ ਕਹਾਣੀ ਹੈ, ਜਿਥੋਂ ਦੇ ਲੋਕ ਅਜੀਬ ਹਨ ਤੇ ਕਿਵੇਂ ਉਸ ਦੌਰ ਦਾ ਸਾਹਮਣਾ ਕਰਦੇ ਹਨ, ਇਹ ਫਿਲਮ ਦੇ ਮੁੱਖ ਅੰਸ਼ ਹਨ।

ਸਵਾਲ : ਫਿਲਮ ਦੀ ਸ਼ੂਟਿੰਗ ਦੌਰਾਨ ਪੁਰਾਣੇ ਸਮੇਂ ਦੀ ਅਸਲ 'ਚ ਯਾਦ ਆਈ ਹੋਵੇ?
ਰਣਜੀਤ ਬਾਵਾ :
ਸਾਨੂੰ ਸ਼ੂਟਿੰਗ ਦੌਰਾਨ ਪੁਰਾਣੇ ਸਮੇਂ ਦੇ ਲੋਕਾਂ ਵਾਂਗ ਰਹਿਣ ਦਾ ਮੌਕਾ ਮਿਲਿਆ। ਬਿਨਾਂ ਫੋਨ ਤੋਂ ਰਹਿਣਾ ਇੰਨਾ ਸਕੂਨ ਭਰਿਆ ਸੀ ਕਿ ਉਸ ਨੂੰ ਅਜੇ ਵੀ ਯਾਦ ਕਰਦੇ ਹਾਂ। ਪਿੰਡ 'ਚ ਨੈੱਟਵਰਕ ਨਹੀਂ ਹੁੰਦੇ ਸਨ। ਆਪਸ 'ਚ ਗੱਲਾਂ ਕਰਦੇ-ਕਰਦੇ ਸੈਰ 'ਤੇ ਚਲੇ ਜਾਣਾ ਤੇ ਟਿੱਬਿਆਂ 'ਤੇ ਰਾਤ ਨੂੰ ਬੈਠ ਕੇ ਗੀਤ ਗਾਉਣਾ, ਇਨ੍ਹਾਂ ਸਭ ਚੀਜ਼ਾਂ ਨੇ ਪੁਰਾਣੇ ਸਮੇਂ ਦੀ ਯਾਦ ਤਾਜ਼ਾ ਕਰ ਦਿੱਤੀ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News