‘ਚੱਲ ਮੇਰਾ ਪੁੱਤ’ ਨਾਲ ਸਿਨੇਮਾ ਬਣੇਗਾ ਸਾਂਝੀਵਾਲਤਾ ਦਾ ਪ੍ਰਤੀਕ

Sunday, July 7, 2019 9:06 AM
‘ਚੱਲ ਮੇਰਾ ਪੁੱਤ’ ਨਾਲ ਸਿਨੇਮਾ ਬਣੇਗਾ ਸਾਂਝੀਵਾਲਤਾ ਦਾ ਪ੍ਰਤੀਕ

ਚੰਡੀਗੜ੍ਹ(ਬਿਊਰੋ- ਇਕ ਪਾਸੇ ਲਹਿੰਦੇ ਪੰਜਾਬ ਦੇ ਕਲਾਕਾਰ ਤੇ ਦੂਜੇ ਪਾਸੇ ਚੜ੍ਹਦੇ ਪੰਜਾਬ ਦੇ ਨਾਮੀ ਕਲਾਕਾਰ। ਦਰਸ਼ਕਾਂ ਨਾਲ ਨੱਕੋ-ਨੱਕ ਭਰਿਆ ਹਾਲ ਤੇ ਹਰ ਸੀਨ ’ਤੇ ਸੀਟੀਆਂ ਦੀ ਆਵਾਜ਼। ਮਨੋਰੰਜਨ ਦੇ ਨਾਲ-ਨਾਲ ਭਾਰਤ ਅਤੇ ਪਾਕਿਸਤਾਨ ਦੋਵਾਂ ਮੁਲਕਾਂ ਦੀ ਸਾਂਝੀਵਾਲਤਾ ਦੀ ਅਰਦਾਸ। ਇਹੋ-ਜਿਹਾ ਹੀ ਕੁਝ ਨਜ਼ਾਰਾ ਤੁਹਾਨੂੰ ਛੇਤੀ ਸਿਨੇਮਾਘਰਾਂ 'ਚ ਦੇਖਣ ਨੂੰ ਮਿਲੇਗਾ। 26 ਜੁਲਾਈ ਨੂੰ ਰਿਲੀਜ਼ ਹੋ ਰਹੀ ਪੰਜਾਬੀ ਫ਼ਿਲਮ ‘ਚੱਲ ਮੇਰਾ ਪੁੱਤ’ ਪੰਜਾਬੀ ਦੀ ਪਹਿਲੀ ਅਜਿਹੀ ਫਿਲਮ ਹੋਵੇਗੀ, ਜਿਸ ਵਿਚ ਭਾਰਤ ਵਿਚਲੇ ਪੰਜਾਬ ਅਤੇ ਪਾਕਿਸਤਾਨ ਵਿਚਲੇ ਪੰਜਾਬ ਦੇ ਕਲਾਕਾਰ ਇਕੱਠੇ ਨਜ਼ਰ ਆਉਣਗੇ। ਇਹ ਫ਼ਿਲਮ ਇਸ ਗੱਲ ਦੀ ਗਵਾਹ ਬਣੇਗੀ ਕਿ ਕਲਾਕਾਰ ਸਭ ਦੇ ਸਾਂਝੇ ਹੁੰਦੇ ਹਨ। ਕਲਾਕਾਰ ਦਾ ਕੋਈ ਧਰਮ ਨਹੀਂ ਹੁੰਦਾ।

‘ਰਿਦਮ ਬੁਆਏਜ਼ ਇੰਟਰਟੇਨਮੈਂਟ’ ਦੇ ਬੈਨਰ ਹੇਠ ਬਣੀ ਅਮਰਿੰਦਰ ਗਿੱਲ ਤੇ ਸਿੰਮੀ ਚਾਹਲ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਨੂੰ ਨੌਜਵਾਨ ਫ਼ਿਲਮ ਨਿਰਦੇਸ਼ਕ ਜਨਜੋਤ ਸਿੰਘ ਨੇ ਡਾਇਰੈਕਟ ਕੀਤਾ ਹੈ। ਰਾਕੇਸ਼ ਧਵਨ ਦੀ ਲਿਖੀ ਇਸ ਫ਼ਿਲਮ ਵਿਚ ਪਾਕਿਸਤਾਨ ਦੇ ਮਸ਼ਹੂਰ ਅਦਾਕਾਰ ਅਕਰਮ ਉਦਾਸ, ਇਫਤਕਾਰ ਠਾਕੁਰ ਤੇ ਨਾਸੁਰ ਚੁਨੌਟੀ ਪਹਿਲੀ ਵਾਰ ਨਜ਼ਰ ਆਉਣਗੇ। ਪੰਜਾਬੀ ਅਦਾਕਾਰ ਹਰਦੀਪ ਗਿੱਲ ਤੇ ਗੁਰਸ਼ਬਦ ਵੀ ਫ਼ਿਲਮ ਦੇ ਅਹਿਮ ਕਲਾਕਾਰਾਂ ’ਚ ਹਨ। ‘ਰਿਦਮ ਬੁਆਏਜ਼ ਇੰਟਰਟੇਨਮੈਂਟ’, ‘ਗਿੱਲ ਨੈੱਟਵਰਕ’ ਅਤੇ ‘ਓਮ ਜੀ ਸਟਾਰ ਸਟੂਡੀਓ’ ਦੇ ਬੈਨਰ ਹੇਠ ਬਣੀ ਨਿਰਮਾਤਾ ਕਾਰਜ ਗਿੱਲ ਅਤੇ ਆਸ਼ੂ ਮੁਨੀਸ਼ ਸਾਹਨੀ ਦੀ ਇਹ ਫ਼ਿਲਮ ਵਿਦੇਸ਼ਾਂ ’ਚ ਪੜ੍ਹਨ ਗਏ ਵਿਦਿਆਰਥੀਆਂ ਦੀ ਜ਼ਿੰਦਗੀ ਅਤੇ ਉਥੇ ਕੱਚੇ ਤੌਰ 'ਤੇ ਰਹਿੰਦੇ ਲੋਕਾਂ ਦੀ ਕਹਾਣੀ ਹੈ।

ਜ਼ਿਕਰਯੋਗ ਹੈ ਕਿ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਕੋਈ ਪੰਜਾਬੀ ਫਿਲਮ ਮਨੋਰੰਜਨ ਦੇ ਨਾਲ-ਨਾਲ ਆਪਸੀ ਏਕਤਾ ਦਾ ਵੀ ਸੁਨੇਹਾ ਦਿੰਦੀ ਹੋਈ ਦੋਵਾਂ ਮੁਲਕਾਂ ਦੇ ਕਲਾਕਾਰਾਂ ਨੂੰ ਇਕਜੁਟ ਹੋਣ ਦਾ ਸੁਨੇਹਾ ਦੇਵੇਗੀ। ਇਹੀ ਨਹੀਂ, ਇਹ ਫ਼ਿਲਮ ਪੰਜਾਬੀ ਸਿਨੇਮਾ ਲਈ ਨਵੇਂ ਰਾਹ ਖੋਲ੍ਹਣ ਦੇ ਨਾਲ-ਨਾਲ ਪੰਜਾਬੀ ਕਲਾਕਾਰਾਂ ਲਈ ਕਈ ਰਾਹ ਵੀ ਖੋਲ੍ਹੇਗੀ। ਸੋਸ਼ਲ ਮੀਡੀਆ ’ਤੇ ਇਸ ਫ਼ਿਲਮ ਦੀ ਸੁਮੱਚੀ ਦੁਨੀਆ ’ਚ ਖੂਬ ਚਰਚਾ ਵੀ ਚੱਲ ਰਹੀ ਹੈ। ਅਮਰਿੰਦਰ ਗਿੱਲ ਦੀਆਂ ਪਹਿਲੀਆਂ ਫਿਲਮਾਂ ਵਾਂਗ ਹੀ ਇਹ ਫ਼ਿਲਮ ਵੀ ਦਰਸ਼ਕਾਂ ਦੀ ਕਸਵੱਟੀ 'ਤੇ ਯਕੀਨਨ ਖ਼ਰੀ ਉੱਤਰੇਗੀ। ਪੰਜਾਬੀ ਸਿਨੇਮਾ ਨੂੰ ਨਵੀਂ ਦਿਸ਼ਾ ਅਤੇ ਦਸ਼ਾ ਦੇਣ 'ਚ ਅਹਿਮ ਭੂਮਿਕਾ ਨਿਭਾਉਣ ਵਾਲੀ ਅਮਰਿੰਦਰ ਗਿੱਲ ਦੀ ਟੀਮ ਇਸ ਫਿਲਮ ਨਾਲ ਪੰਜਾਬੀ ਸਿਨੇਮਾ ਦੇ ਇਤਿਹਾਸ 'ਚ ਇਕ ਨਵਾਂ ਪੰਨਾ ਜੋੜਨ ਜਾ ਰਹੀ ਹੈ।


About The Author

manju bala

manju bala is content editor at Punjab Kesari