ਸਫਲਤਾ ਦੇ ਨਵੇਂ ਰਿਕਾਰਡ ਬਣਾਏਗੀ ‘ਚੱਲ ਮੇਰਾ ਪੁੱਤ’

7/18/2019 9:32:41 AM

ਜਲੰਧਰ(ਬਿਊਰੋ)- ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਦੀ ਮੁੱਖ ਭੂਮਿਕਾ ਵਾਲੀ ਫ਼ਿਲਮ ‘ਚੱਲ ਮੇਰਾ ਪੁੱਤ’ ਦਾ ਟ੍ਰੇਲਰ ਸੋਮਵਾਰ ਨੂੰ ਰਿਲੀਜ਼ ਹੋਇਆ ਹੈ। ਇਸ ਟ੍ਰੇਲਰ ਨੇ ਇਕ ਵਾਰ ਫਿਰ ਤੋਂ ਅਮਰਿੰਦਰ ਗਿੱਲ ਦੇ ਦਰਸ਼ਕਾਂ ਨੂੰ ਬਾਗੋਬਾਗ ਕਰ ਦਿੱਤਾ ਹੈ। ਇਸ ਵਾਰ ਅਮਰਿੰਦਰ ਦੀ ਇਸ ਫ਼ਿਲਮ ਦੀ ਖਾਸ ਗੱਲ ਇਹ ਹੈ ਕਿ ਇਸ ਵਿਚ ਪਾਕਿਸਤਾਨ ਦੇ ਨਾਮਵਰ ਕਾਮੇਡੀਅਨ ਅਕਰਮ ਉਦਾਸ, ਇਫਤਕਾਰ ਠਾਕੁਰ ਅਤੇ ਨਾਸੁਰ ਚੁਨੌਟੀ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਫ਼ਿਲਮ ਦੇ ਟ੍ਰੇਲਰ ਵਿਚ ਇਹ ਕਾਮੇਡੀਅਨ ਆਪਣੇ ਨਿਰਾਲੇ ਅੰਦਾਜ਼ ਨਾਲ ਢਿੱਡੀਂ ਪੀੜਾਂ ਪਾਉਂਦੇ ਨਜ਼ਰ ਆਉਂਦੇ ਹਨ। 26 ਜੁਲਾਈ ਨੂੰ ਰਿਲੀਜ਼ ਹੋ ਰਹੀ ਨਿਰਦੇਸ਼ਕ ਜਨਜੋਤ ਸਿੰਘ ਦੀ ਇਸ ਫ਼ਿਲਮ ਦੀ ਕਹਾਣੀ ਰਾਕੇਸ਼ ਧਵਨ ਨੇ ਲਿਖੀ ਹੈ। ਨਿਰਮਾਤਾ ਕਾਰਜ ਗਿੱਲ ਤੇ ਆਸ਼ੂ ਮੁਨੀਸ਼ ਸਾਹਨੀ ਵੱਲੋਂ ਪ੍ਰੋਡਿਊਸ ਕੀਤੀ ਗਈ ਇਹ ਫ਼ਿਲਮ ਲੰਡਨ ਦੀ ਕਹਾਣੀ ਹੈ, ਜਿਥੇ ਫ਼ਿਲਮ ਦਾ ਹੀਰੋ ਯਾਨੀ ਅਮਰਿੰਦਰ ਗਿੱਲ ਵੱਖ-ਵੱਖ ਕੰਮ ਕਰ ਕੇ ਆਪਣਾ ਗੁਜ਼ਾਰਾ ਕਰਨ ਦੇ ਨਾਲ-ਨਾਲ ਪਿੱਛੇ ਪੰਜਾਬ ’ਚ ਆਪਣੇ ਪਰਿਵਾਰ ਦਾ ਵੀ ਖਿਆਲ ਰੱਖ ਰਿਹਾ ਹੈ। ਉਹ ਨਾਲ-ਨਾਲ ਉਥੇ ਪੱਕਾ ਹੋਣ ਲਈ ਵੀ ਕੋਸ਼ਿਸ਼ਾਂ ਕਰ ਰਿਹਾ ਹੈ। ਦਰਅਸਲ ਇਹ ਅਜਿਹੀ ਪੰਜਾਬੀ ਫਿਲਮ ਹੈ, ਜੋ ਵਿਦੇਸ਼ਾਂ ਦੀ ਚਕਾਚੌਂਧ ਦਿਖਾਉਣ ਦੀ ਥਾਂ ਉਥੇ ਰਹਿੰਦੇ ਪੰਜਾਬੀਆਂ ਦੀ ਜ਼ਿੰਦਗੀ ਦੇ ਅਸਲ ਸੱਚ ਨੂੰ ਪੇਸ਼ ਕਰਦੀ ਹੈ। ਇਹੀ ਨਹੀਂ ਉਥੇ ਰਹਿ ਕੇ ਰੋਟੀ ਖਾਤਰ ਪਾਪੜ ਵੇਲਣੇ ਅਤੇ ਨਾਲ-ਨਾਲ ਉਥੋਂ ਦੇ ਪੱਕੇ ਵਾਸੀ ਬਣਨ ਦੀਆਂ ਕੋਸ਼ਿਸ਼ਾਂ ’ਚ ਲੱਗੇ ਨੌਜਵਾਨਾਂ ਦੀ ਗਾਥਾ ਨੂੰ ਵੀ ਪਰਦੇ ’ਤੇ ਲਿਆਂਦਾ ਜਾ ਰਿਹਾ ਹੈ।

ਇਸ ’ਚ ਕੋਈ ਸ਼ੱਕ ਨਹੀਂ ਹੈ ਕਿ ਵਿਦੇਸ਼ਾਂ ’ਚ ਰਹਿੰਦੇ ਪੰਜਾਬੀ ਪੁੱਤ ਅਕਸਰ ਆਪਣੀਆਂ ਦੁੱਖ ਤਕਲੀਫ਼ਾਂ ਤੇ ਮਜਬੂਰੀਆਂ ਨੂੰ ਆਪਣੇ ਪਰਿਵਾਰ ਤੇ ਰਿਸ਼ਤੇਦਾਰਾਂ ਮੂਹਰੇ ਜ਼ਾਹਰ ਨਹੀਂ ਹੋਣ ਦਿੰਦੇ। ਸਭ ਨੂੰ ਲੱਗਦਾ ਹੈ ਕਿ ਉਹ ਵਿਦੇਸ਼ਾਂ ਵਿਚ ਮੌਜਾਂ ਮਾਣ ਰਹੇ ਹਨ। ਇਸੇ ਲਈ ਕੋਈ ਨਾ ਕੋਈ ਰਿਸ਼ਤੇਦਾਰ ਜਾਂ ਜਾਣਕਾਰ ਉਨ੍ਹਾਂ ਨੂੰ ਕਿਸੇ ਨਾ ਕਿਸੇ ਚੀਜ਼ ਲਈ ਸੁਨੇਹਾ ਘੱਲਦਾ ਰਹਿੰਦਾ ਹੈ। ਇਸ ਫ਼ਿਲਮ ਜ਼ਰੀਏ ਇਸ ਹਾਲਾਤਾ ’ਤੇ ਖੁਸ਼ੀਆਂ ਦੇ ਸਿੱਕੇ ਦਾ ਦੂਜਾ ਪਾਸਾ ਫ਼ਿਲਮ ਜ਼ਰੀਏ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਫ਼ਿਲਮ ਦਾ ਸਿਰਲੇਖ ਅਤੇ ਇਸ ਦਾ ਟਾਈਟਲ ਗੀਤ ਵੀ ਇਹੀ ਇਸ਼ਾਰਾ ਕਰਦਾ ਹੈ ਕਿ ਜਿੰਨੀ ਮਰਜ਼ੀ ਥਕਾਵਟ ਹੋਵੇ ਜਾਂ ਕੋਈ ਹੋਰ ਮਜਬੂਰੀ ਜੇ ਵਿਦੇਸ਼ ’ਚ ਰਹਿਣਾ ਹੈ ਤੇ ਸੁਪਨੇ ਪੂਰੇ ਕਰਨੇ ਹਨ ਤਾਂ ਕੰਮ ਤਾਂ ਕਰਨਾ ਹੀ ਪੈਣਾ ਹੈ। ਫ਼ਿਲਮ ਦਾ ਟ੍ਰੇਲਰ ਕਈ ਪੱਖੋਂ ਦਿਲਚਸਪੀ ਪੈਦਾ ਕਰਦਾ ਹੈ। ਆਸ ਕੀਤੀ ਜਾ ਰਹੀ ਹੈ ਕਿ ਇਹ ਫ਼ਿਲਮ ਵੀ ਅਮਰਿੰਦਰ ਗਿੱਲ ਦੀਆਂ ਪਹਿਲੀਆਂ ਫਿਲਮਾਂ ਵਾਂਗ ਹੀ ਸਫਲਤਾ ਦੇ ਨਵੇਂ ਰਿਕਾਰਡ ਸਥਾਪਤ ਕਰੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News