''ਦਾਸਤਾਨ-ਏ-ਮੀਰੀ ਪੀਰੀ'' ਫਿਲਮ ਦਾ ਟਾਈਟਲ ਟਰੈਕ ਚਰਚਾ ''ਚ

Friday, May 17, 2019 8:44 AM
''ਦਾਸਤਾਨ-ਏ-ਮੀਰੀ ਪੀਰੀ'' ਫਿਲਮ ਦਾ ਟਾਈਟਲ ਟਰੈਕ ਚਰਚਾ ''ਚ

ਜਲੰਧਰ (ਬਿਊਰੋ) — ਦੁਨੀਆ ਭਰ 'ਚ 5 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਧਾਰਮਿਕ 3ਡੀ ਐਨੀਮੇਟਿਡ ਫਿਲਮ 'ਦਾਸਤਾਨ-ਏ-ਮੀਰੀ ਪੀਰੀ' ਜਿਥੇ ਆਪਣੇ ਟ੍ਰੇਲਰ ਨੂੰ ਲੈ ਕੇ ਸੁਰਖੀਆਂ 'ਚ ਹੈ, ਉਥੇ ਹਾਲ ਹੀ 'ਚ ਫਿਲਮ ਦਾ ਟਾਈਟਲ ਟਰੈਕ ਰਿਲੀਜ਼ ਹੋਇਆ ਹੈ। ਇਸ ਟਾਈਟਲ ਟਰੈਕ ਨੂੰ ਮਸ਼ਹੂਰ ਬਾਲੀਵੁੱਡ ਗਾਇਕ ਕੈਲਾਸ਼ ਖੇਰ ਨੇ ਆਪਣੀ ਸੁਰੀਲੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਵ੍ਹਾਈਟ ਹਿੱਲ ਮਿਊਜ਼ਿਕ ਦੇ ਯੂਟਿਊਬ ਚੈਨਲ 'ਤੇ ਰਿਲੀਜ਼ ਹੋਇਆ 'ਦਾਸਤਾਨ-ਏ-ਮੀਰੀ ਪੀਰੀ' ਦਾ ਟਾਈਟਲ ਟਰੈਕ ਹੁਣ ਤਕ 1 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ ਦੇ ਬੋਲ ਬੀਰ ਸਿੰਘ ਨੇ ਲਿਖੇ ਹਨ, ਜੋ ਦਿਲ ਨੂੰ ਛੂੰਹਦੇ ਹਨ, ਜਦਕਿ ਸੰਗੀਤ ਕੁਲਜੀਤ ਸਿੰਘ ਨੇ ਦਿੱਤਾ ਹੈ।

ਫਿਲਮ ਦੀ ਗੱਲ ਕਰੀਏ ਤਾਂ ਇਸ 'ਚ ਮੀਰੀ-ਪੀਰੀ ਦੇ ਇਤਿਹਾਸ ਦੀ ਗੱਲ ਕੀਤੀ ਗਈ ਹੈ। 1604 ਈ. 'ਤੇ ਆਧਾਰਿਤ ਇਹ ਫਿਲਮ ਸਿੱਖਾਂ ਦੇ 5ਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੇ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੁਗਲਾਂ ਦੇ ਅੱਤਿਆਚਾਰਾਂ ਦੇ ਖਿਲਾਫ ਦੋ ਤਲਵਾਰਾਂ ਮੀਰੀ ਤੇ ਪੀਰੀ ਧਾਰਨ ਕਰਨ ਨੂੰ ਸਮਰਪਿਤ ਹੈ। ਮੀਰੀ ਤੇ ਪੀਰੀ ਦੋਵੇਂ ਸੰਸਾਰਕ ਤੇ ਅਧਿਆਤਮਕ ਸ਼ਕਤੀ ਨੂੰ ਦਰਸਾਉਂਦੀਆਂ ਹਨ। ਸਿੱਖਾਂ ਦੇ 5ਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਛਟਮਪੀਰ ਪ੍ਰੋਡਕਸ਼ਨਜ਼ ਤੇ ਵ੍ਹਾਈਟ ਹਿੱਲ ਸਟੂਡੀਓ ਵਲੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਐਨੀਮੇਟਿਡ ਫਿਲਮ ਰਿਲੀਜ਼ ਲਈ ਤਿਆਰ ਹੈ। ਹਾਲ ਹੀ 'ਚ ਫਿਲਮ ਦੇ ਮੇਕਰਜ਼ ਨੇ ਇਸ ਫਿਲਮ ਦਾ ਮਿਊਜ਼ਿਕ ਲਾਂਚ ਕੀਤਾ। ਪੂਰੇ ਸੰਸਾਰ 'ਚ ਦਰਸ਼ਕਾਂ ਵਲੋਂ ਟ੍ਰੇਲਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਐਨੀਮੇਟਿਡ ਫਿਲਮ ਨੂੰ ਵਿਨੋਦ ਲਾਂਜੇਵਰ ਨੇ ਡਾਇਰੈਕਟ ਕੀਤਾ ਹੈ। ਇਸ ਕਹਾਣੀ ਨੂੰ ਗੁਰਜੋਤ ਸਿੰਘ ਆਹਲੂਵਾਲੀਆ ਨੇ ਲਿਖਿਆ ਹੈ, ਜੋ ਇਸ ਫਿਲਮ ਦੇ ਸਹਿ-ਨਿਰਦੇਸ਼ਕ ਵੀ ਹਨ।

ਰਿਸਰਚ ਨੂੰ ਡਾ. ਆਈ. ਐੱਸ. ਗੋਗੋਆਣੀ ਨੇ ਸੰਪੂਰਨ ਕੀਤਾ ਹੈ। ਫਿਲਮ ਦਾ ਸਕ੍ਰੀਨਪਲੇਅ ਸਾਗਰ ਕੋਟੀਕਰ ਤੇ ਸਾਹਨੀ ਸਿੰਘ ਨੇ ਲਿਖਿਆ ਹੈ। ਫਿਲਮ ਨੂੰ ਸੰਗੀਤ ਕੁਲਜੀਤ ਸਿੰਘ ਨੇ ਦਿੱਤਾ ਹੈ। ਫਿਲਮ ਦਾ ਬੈਕਗਰਾਊਂਡ ਸਕੋਰ ਅਨਾਮਿਕ ਚੌਹਾਨ ਨੇ ਦਿੱਤਾ ਹੈ। ਬਰੂਮਹਾ ਸਟੂਡੀਓਜ਼ ਨੇ ਇਸ ਫਿਲਮ ਦੀ ਐਨੀਮੇਸ਼ਨ ਕੀਤੀ ਹੈ। ਪੂਰੇ ਪ੍ਰਾਜੈਕਟ ਨੂੰ ਮੇਜਰ ਸਿੰਘ ਸੰਧੂ, ਦਿਲਰਾਜ ਸਿੰਘ ਗਿੱਲ ਤੇ ਨਵਦੀਪ ਕੌਰ ਗਿੱਲ ਨੇ ਪ੍ਰੋਡਿਊਸ ਕੀਤਾ ਹੈ। ਨੋਬਲਪ੍ਰੀਤ ਸਿੰਘ, ਬਲਰਾਜ ਸਿੰਘ ਤੇ ਮਨਮੋਹਨ ਸਿੰਘ ਮਾਰਸ਼ਲ ਫਿਲਮ ਦੇ ਕੋ-ਪ੍ਰੋਡਿਊਸਰ ਹਨ। ਬਾਲੀਵੁੱਡ ਅਦਾਕਾਰ ਰਜ਼ਾ ਮੁਰਾਦ ਨੇ ਇਸ ਨੂੰ ਆਪਣੀ ਆਵਾਜ਼ ਦਿੱਤੀ ਹੈ। ਉਸਤਾਦ ਰਾਸ਼ਿਦ ਖਾਨ ਤੇ ਸ਼ਫ਼ਕਤ ਅਮਾਨਤ ਅਲੀ ਨੇ ਵੀ ਆਪਣੀ ਆਵਾਜ਼ ਫ਼ਿਲਮ ਦੇ ਗੀਤਾਂ ਨੂੰ ਦਿੱਤੀ ਹੈ। 'ਦਾਸਤਾਨ-ਏ-ਮੀਰੀ ਪੀਰੀ' ਫਿਲਮ ਦਾ ਵਿਸ਼ਵ ਵਿਤਰਣ ਵ੍ਹਾਈਟ ਹਿੱਲ ਸਟੂਡੀਓਜ਼ ਨੇ ਕੀਤਾ ਹੈ।


Edited By

Sunita

Sunita is news editor at Jagbani

Read More