ਮੂਵੀ ਰੀਵਿਊ : 'ਡਾਕੂਆਂ ਦਾ ਮੁੰਡਾ'

8/11/2018 2:20:51 PM

'ਡਾਕੂਆਂ ਦਾ ਮੁੰਡਾ', ਇਹ ਕਹਾਣੀ ਹੈ ਨਸ਼ਿਆਂ ਦੀ ਦਲਦਲ 'ਚੋਂ ਬਾਹਰ ਨਿਕਲੇ ਲੇਖਕ ਤੇ ਪੱਤਰਕਾਰ ਮਿੰਟੂ ਗੁਰੂਸਰੀਆ ਦੀ। ਦਰਸਅਸਲ ਮਿੰਟੂ ਗੁਰੂਸਰੀਆ ਨੇ ਆਪਣੀ ਜ਼ਿੰਦਗੀ 'ਤੇ ਇਕ ਕਿਤਾਬ ਲਿਖੀ ਸੀ, ਜਿਸ ਦਾ ਨਾਂ 'ਡਾਕੂਆਂ ਦਾ ਮੁੰਡਾ' ਹੀ ਸੀ। ਇਸੇ ਕਿਤਾਬ 'ਤੇ ਇਹ ਫਿਲਮ ਆਧਾਰਿਤ ਹੈ। ਹੁਣ ਤਕ 'ਡਾਕੂਆਂ ਦਾ ਮੁੰਡਾ' ਕਿਤਾਬ ਦੇ 10 ਐਡੀਸ਼ਨ ਜਾਰੀ ਹੋ ਚੁੱਕੇ ਹਨ ਤੇ 11ਵਾਂ ਐਡੀਸ਼ਨ ਵੀ ਜਲਦ ਰਿਲੀਜ਼ ਕਰ ਦਿੱਤਾ ਜਾਵੇਗਾ। ਅੱਜ 'ਡਾਕੂਆਂ ਦਾ ਮੁੰਡਾ' ਫਿਲਮ ਸਿਨੇਮਾਘਰਾਂ 'ਚ ਰਿਲੀਜ਼ ਹੋਈ ਹੈ। 

 'ਡਾਕੂਆਂ ਦਾ ਮੁੰਡਾ' ਫਿਲਮ 'ਚ ਕਮਾਲ ਦਾ ਅਭਿਨੈ ਕੀਤਾ ਮਿੰਟੂ ਗੁਰੂਸਰੀਆ 

ਦੇਵ ਖਰੋੜ ਪਰਦੇ 'ਤੇ ਮਿੰਟੂ ਗੁਰੂਸਰੀਆ ਦਾ ਕਿਰਦਾਰ ਨਿਭਾਅ ਰਹੇ ਹਨ, ਜੋ ਪਹਿਲਾਂ ਰੁਪਿੰਦਰ ਗਾਂਧੀ ਦੀ ਜ਼ਿੰਦਗੀ 'ਤੇ ਬਣੀਆਂ ਦੋ ਫਿਲਮਾਂ 'ਚ ਨਜ਼ਰ ਆ ਚੁੱਕੇ ਹਨ। ਦੇਵ ਖਰੋੜ ਦੀ ਅਦਾਕਾਰੀ ਬਾਕਮਾਲ ਹੈ। ਅਦਾਕਾਰੀ ਪੱਖੋਂ ਸਹਿ-ਕਲਾਕਾਰਾਂ ਜਗਜੀਤ ਸੰਧੂ, ਲੱਕੀ ਧਾਲੀਵਾਲ, ਪੂਜਾ ਵਰਮਾ, ਸੁਖਦੀਪ ਸੁੱਖ, ਅਨੀਤਾ ਮੀਤ, ਹਰਦੀਪ ਗਿੱਲ ਤੇ ਕੁਲਜਿੰਦਰ ਸਿੱਧੂ ਨੇ ਵੀ ਸ਼ਾਨਦਾਰ ਕੰਮ ਕੀਤਾ ਹੈ। ਫਿਲਮ 'ਚ ਕੁਲਜਿੰਦਰ ਸਿੱਧੂ ਨੂੰ ਵਿਲੇਨ ਦੇ ਕਿਰਦਾਰ 'ਚ ਦਿਖਾਇਆ ਗਿਆ ਹੈ ਪਰ ਉਨ੍ਹਾਂ ਦਾ ਰੋਲ ਫਿਲਮ 'ਚ ਕੁਝ ਜ਼ਿਆਦਾ ਨਹੀਂ ਹੈ।

ਫਿਲਮ ਨੂੰ ਮਨਦੀਪ ਬੈਨੀਪਾਲ ਨੇ ਡਾਇਰੈਕਟ ਕੀਤਾ ਹੈ, ਜਿਹੜੇ 'ਯੋਧਾ', 'ਸਾਡਾ ਹੱਕ' ਤੇ 'ਏਕਮ' ਵਰਗੀਆਂ ਫਿਲਮਾਂ ਬਣਾ ਚੁੱਕੇ ਹਨ। ਡਾਇਰੈਕਸ਼ਨ ਪੱਖੋਂ ਫਿਲਮ ਦਾ ਪਹਿਲਾ ਭਾਗ ਮਨਦੀਪ ਬੈਨੀਪਾਲ ਨੇ ਵਧੀਆ ਢੰਗ ਨਾਲ ਸੰਭਾਲਿਆ। ਹਰ ਉਹ ਚੀਜ਼ ਪਹਿਲੇ ਭਾਗ 'ਚ ਦੇਖਣ ਨੂੰ ਮਿਲੀ, ਜਿਸ ਨਾਲ ਦਰਸ਼ਕ ਐਂਟਰਟੇਨ ਹੁੰਦੇ ਹਨ ਤੇ ਹਾਲ 'ਚ ਤਾੜੀਆਂ ਤੇ ਸੀਟੀਆਂ ਵੱਜਦੀਆਂ ਹਨ। ਉਥੇ ਦੂਜਾ ਭਾਗ ਥੋੜ੍ਹਾ ਹੌਲੀ ਹੋ ਜਾਂਦਾ ਹੈ ਤੇ ਜਿੰਨਾ ਮਜ਼ਾ ਤੁਹਾਨੂੰ ਇੰਟਰਵਲ ਤੋਂ ਪਹਿਲਾਂ ਆਉਂਦਾ ਹੈ, ਉਨਾ ਸ਼ਾਇਦ ਤੁਹਾਨੂੰ ਇੰਟਰਵਲ ਤੋਂ ਬਾਅਦ ਨਹੀਂ ਆਵੇਗਾ। ਦੂਜੇ ਭਾਗ 'ਚ ਭਾਵੁਕ ਕਰਨ ਵਾਲੇ ਕਈ ਦ੍ਰਿਸ਼ ਹਨ, ਜਿਨ੍ਹਾਂ ਨੂੰ ਬਿਹਤਰ ਕੀਤਾ ਜਾ ਸਕਦਾ ਸੀ।

ਜੇਕਰ ਤੁਸੀਂ 'ਸੰਜੂ' ਫਿਲਮ ਦੇਖੀ ਹੈ ਤਾਂ ਉਸ ਨਾਲ ਮਿਲਦੇ ਜੁਲਦੇ ਦ੍ਰਿਸ਼ ਇਸ ਫਿਲਮ 'ਚ ਜ਼ਰੂਰ ਦੇਖਣ ਨੂੰ ਮਿਲਣਗੇ। ਜਿਵੇਂ ਨਸ਼ੇ, ਪਿਓ-ਪੁੱਤ ਦੀ ਸਾਂਝ, ਨਸ਼ਿਆਂ ਨੂੰ ਛੱਡ ਸਾਧਾਰਨ ਜ਼ਿੰਦਗੀ 'ਚ ਵਾਪਸ ਆਉਣਾ ਤੇ ਹੈਪੀ ਐਂਡਿੰਗ।

ਫਿਲਮ ਦੇ ਡਾਇਲਾਗਸ ਗੁਰਪ੍ਰੀਤ ਭੁੱਲ ਨੇ ਲਿਖੇ ਹਨ। ਹਾਲਾਂਕਿ ਜ਼ਿਆਦਾ ਡਾਇਲਾਗਸ ਤੁਹਾਨੂੰ ਫਿਲਮ 'ਚ ਸੁਣਨ ਨੂੰ ਨਹੀਂ ਮਿਲਣਗੇ। ਫਿਲਮ ਦੇ ਗੀਤ ਕਾਫੀ ਪਸੰਦ ਕੀਤੇ ਜਾ ਰਹੇ ਹਨ ਤੇ ਫਿਲਮ 'ਚ ਇਨ੍ਹਾਂ ਨੂੰ ਚੰਗੀ ਤਰ੍ਹਾਂ ਫਿੱਟ ਕੀਤਾ ਗਿਆ ਹੈ।

ਹੁਣ ਸਵਾਲ ਇਹ ਆਉਂਦਾ ਹੈ ਕਿ ਇਹ ਫਿਲਮ ਦੇਖੀ ਜਾਵੇ ਜਾਂ ਨਹੀਂ? ਜੇਕਰ ਤੁਸੀਂ ਮਿੰਟੂ ਗੁਰੂਸਰੀਆ ਦੀ ਜ਼ਿੰਦਗੀ ਤੋਂ ਪ੍ਰਭਾਵਿਤ ਹੋ ਤਾਂ ਤੁਹਾਨੂੰ ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਹੈ। ਜੇਕਰ ਤੁਹਾਨੂੰ ਦੇਵ ਖਰੋੜ ਦੀ ਅਦਾਕਾਰੀ ਪਸੰਦ ਹੈ ਤਾਂ ਤੁਹਾਨੂੰ ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਹੈ ਤੇ ਜੇਕਰ ਤੁਸੀਂ ਇਹ ਜਾਣਨਾ ਚਾਹੁੰਦੇ ਹਨ ਕਿ ਨਸ਼ਿਆਂ 'ਚ ਪਏ ਵਿਅਕਤੀ ਦੀ ਹਾਲਤ ਕਿਹੋ-ਜਿਹੀ ਹੋ ਜਾਂਦੀ ਹੈ ਤੇ ਉਨ੍ਹਾਂ ਤੋਂ ਛੁਟਕਾਰਾ ਕਿਸ ਤਰ੍ਹਾਂ ਨਾਲ ਪਾਉਣਾ ਹੈ ਤਾਂ ਹਾਂ ਇਹ ਫਿਲਮ ਤੁਹਾਨੂੰ ਜ਼ਰੂਰ ਦੇਖਣੀ ਚਾਹੀਦੀ ਹੈ। ਅਸੀਂ ਇਸ ਫਿਲਮ ਨੂੰ 5 ਵਿਚੋਂ 3.5 ਸਟਾਰ ਦਿੰਦੇ ਹਾਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Rahul Singh

This news is Edited By Rahul Singh

Related News