ਫ਼ਿਲਮ ''ਦਾਸਤਾਨ-ਏ-ਮੀਰੀ ਪੀਰੀ'' ਦੀ ਰਿਲੀਜ਼ ਟਲੀ

Wednesday, June 5, 2019 9:34 PM
ਫ਼ਿਲਮ ''ਦਾਸਤਾਨ-ਏ-ਮੀਰੀ ਪੀਰੀ'' ਦੀ ਰਿਲੀਜ਼ ਟਲੀ

ਚੰਡੀਗੜ੍ਹ (ਬਿਊਰੋ)— 'ਦਾਸਤਾਨ-ਏ-ਮੀਰੀ ਪੀਰੀ' ਬਹੁਤ ਲੰਮੇ ਤੋਂ ਹੁਣ ਤਕ ਵਿਵਾਦਾਂ 'ਚ ਚੱਲ ਰਹੀ ਸੀ। ਕੁਝ ਦਿਨ ਪਹਿਲਾਂ ਐੱਸ. ਜੀ. ਪੀ. ਸੀ. ਕਮੇਟੀ ਨੇ ਕੁਝ ਕਾਰਨਾਂ ਕਰਕੇ ਫ਼ਿਲਮ ਦੀ ਰਿਲੀਜ਼ 'ਤੇ ਰੋਕ ਲਗਾ ਦਿੱਤੀ ਸੀ। ਦੁਨੀਆ ਭਰ ਦੇ ਲੋਕਾਂ ਨੇ ਫ਼ਿਲਮ ਨੂੰ ਰਿਲੀਜ਼ ਕਰਨ ਦੀ ਮੰਗ ਕੀਤੀ। ਹਾਲ ਹੀ 'ਚ ਯੂ. ਕੇ. 'ਚ ਰਹਿੰਦੇ ਲੋਕਾਂ ਵਲੋਂ ਫ਼ਿਲਮ ਤੋਂ ਰੋਕ ਹਟਾਉਣ ਲਈ ਰੋਡ ਸ਼ੋਅ ਕੀਤਾ ਗਿਆ। ਸਿੱਖ ਧਰਮ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਮੌਕੇ ਛਟਮਪੀਰ ਤੇ ਵਾਈਟ ਹਿੱਲ ਸਟੂਡੀਓਜ਼ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਐਨੀਮੇਟਿਡ ਫਿਲਮ ਰਿਲੀਜ਼ ਨਹੀਂ ਹੋ ਰਹੀ ਹੈ।

ਜਿਸ ਤਰ੍ਹਾਂ ਇਸ ਪੰਜਾਬੀ ਫ਼ਿਲਮ 'ਦਸਤਾਨ-ਏ-ਮੀਰੀ ਪੀਰੀ' ਦੇ ਨਾਮ ਤੋਂ ਪਤਾ ਲੱਗ ਰਿਹਾ ਹੈ ਕਿ ਇਹ ਫ਼ਿਲਮ ਮੀਰੀ-ਪੀਰੀ ਦੇ ਇਤਿਹਾਸ ਨੂੰ ਦਰਸਾਏਗੀ। 1604 ਈ: ਦੇ ਆਧਾਰ 'ਤੇ ਇਹ ਫ਼ਿਲਮ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੈ ਤੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਨੂੰ ਮੁਗਲ ਸਾਮਰਾਜ ਦੀਆਂ ਪੀੜਾਂ ਵਿਰੁੱਧ ਲੜਨ ਲਈ ਦੁਨਿਆਵੀ (ਸਿਆਸੀ) ਤੇ ਰੂਹਾਨੀ ਅਧਿਕਾਰ ਦੀ ਵਰਤੋਂ ਕੀਤੀ ਸੀ। ਇਸ ਐਨੀਮੇਟਿਡ ਫਿਲਮ ਦਾ ਨਿਰਦੇਸ਼ਨ ਵਿਨੋਦ ਲਾਂਜੇਵਰ ਵਲੋਂ ਕੀਤਾ ਗਿਆ ਹੈ। ਕਹਾਣੀ ਗੁਰਜੋਤ ਸਿੰਘ ਆਹਲੂਵਾਲੀਆ ਵਲੋਂ ਲਿਖੀ ਗਈ ਹੈ, ਜੋ ਇਸ ਫਿਲਮ ਦੇ ਸਹਿ-ਨਿਰਦੇਸ਼ਕ ਵੀ ਹਨ।

ਫਿਲਮ 'ਚ ਖੋਜ ਦਾ ਕੰਮ ਡਾ. ਏ. ਐੱਸ. ਗੋਗੋਆਣੀ ਨੇ ਕੀਤਾ ਹੈ। ਸਾਗਾ ਕੋਟੀਕਰ ਤੇ ਸਾਹਨੀ ਸਿੰਘ ਨੇ ਫ਼ਿਲਮ ਦੇ ਸਕ੍ਰੀਨਪਲੇਅ ਨੂੰ ਲਿਖਿਆ ਹੈ। ਫ਼ਿਲਮ ਨੂੰ ਸੰਗੀਤ ਕੁਲਜੀਤ ਸਿੰਘ ਨੇ ਦਿੱਤਾ ਹੈ। ਬੈਕਗਰਾਊਂਡ ਸਕੋਰ ਅਨਾਮਿਕ ਚੌਹਾਨ ਵਲੋਂ ਦਿੱਤਾ ਗਿਆ ਹੈ। ਐਨੀਮੇਸ਼ਨ ਬਰੂਮਹਾ ਸਟੂਡੀਓਜ਼ ਵਿਖੇ ਕੀਤੀ ਗਈ ਹੈ। ਸਾਰਾ ਪ੍ਰਾਜੈਕਟ ਮੇਜਰ ਸਿੰਘ ਸੰਧੂ, ਦਿਲਰਾਜ ਸਿੰਘ ਗਿੱਲ, ਨਵਦੀਪ ਕੌਰ ਗਿੱਲ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਨੋਬਲਪ੍ਰੀਤ ਸਿੰਘ ਤੇ ਬਲਰਾਜ ਸਿੰਘ ਫ਼ਿਲਮ ਦੇ ਸਹਿ-ਨਿਰਮਾਤਾ ਹਨ। ਬਾਲੀਵੁੱਡ ਅਭਿਨੇਤਾ ਰਜ਼ਾ ਮੁਰਾਦ ਨੇ ਇਸ ਫਿਲਮ ਨੂੰ ਆਪਣੀ ਆਵਾਜ਼ ਦਿੱਤੀ ਹੈ। ਮਸ਼ਹੂਰ ਬਾਲੀਵੁੱਡ ਗਾਇਕ ਕੈਲਾਸ਼ ਖੇਰ ਨੇ ਫ਼ਿਲਮ ਦੇ ਟਾਈਟਲ ਟਰੈਕ ਨੂੰ ਆਵਾਜ਼ ਦਿੱਤੀ ਹੈ। ਦੋ ਹੋਰ ਗਾਇਕਾਂ ਉਸਤਾਦ ਰਾਸ਼ਿਦ ਖਾਨ ਤੇ ਸ਼ਫਕਤ ਅਮਾਨਤ ਅਲੀ ਨੇ ਵੀ ਫਿਲਮ ਦੇ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਹੈ।

ਫਿਲਮ ਦਾ ਵਿਸ਼ਵ ਵਿਤਰਣ ਵਾਈਟ ਹਿੱਲ ਸਟੂਡੀਓਜ਼ ਵਲੋਂ ਕੀਤਾ ਗਿਆ ਹੈ। ਅਜੇ ਤਕ ਫਿਲਮ ਦੀ ਅਗਲੀ ਰਿਲੀਜ਼ ਦੀ ਤਾਰੀਖ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਫਿਰ ਵੀ ਐੱਸ. ਜੀ. ਪੀ. ਸੀ. ਦੀ ਸਬ ਕਮੇਟੀ ਨੇ ਆਪਣਾ ਫੈਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੌਪ ਦਿੱਤਾ ਹੈ ਤੇ ਆਖ਼ਰੀ ਫੈਸਲਾ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਹੀ ਲਿਆ ਜਾਵੇਗਾ।


Edited By

Rahul Singh

Rahul Singh is news editor at Jagbani

Read More