ਰੋਮਾਂਚਕ ਪ੍ਰੇਮ ਕਹਾਣੀ ਹੈ 'ਦਿਲ ਜੰਗਲੀ'

3/6/2018 7:08:19 PM

ਅਦਾਕਾਰ ਤੋਂ ਨਿਰਮਾਤਾ ਬਣੇ ਜੈਕੀ ਭਗਨਾਨੀ ਵਲੋਂ ਪ੍ਰੋਡਿਊਸ ਫਿਲਮ 'ਦਿਲ ਜੰਗਲੀ' ਵਿਚ ਤਾਪਸੀ ਪੰਨੂ ਅਤੇ ਸਾਕਿਬ ਸਲੀਮ ਧੁੰਮਾਂ ਪਾਉਣ ਨੂੰ ਤਿਆਰ ਹਨ। ਇਹ ਪਿਆਰ ਅਤੇ ਦੋਸਤੀ 'ਤੇ ਆਧਾਰਿਤ ਫਿਲਮ ਹੈ। ਇਸ ਫਿਲਮ ਰਾਹੀਂ ਮਸ਼ਹੂਰ ਆਰਜੇ ਅਭਿਲਾਸ਼ ਥਪਲਿਆਲ ਵੀ ਬਾਲੀਵੁੱਡ ਵਿਚ ਕਦਮ ਰੱਖਣ ਜਾ ਰਹੇ ਹਨ। ਫਿਲਮ ਦੀ ਨਿਰਦੇਸ਼ਕ ਆਲੀਆ ਸੇਨ ਹੈ। 'ਦਿਲ ਜੰਗਲੀ' ਵਿਚ ਤਾਪਸੀ ਇੰਗਲਿਸ਼ ਕਾਉਂਸਲਰ ਅਤੇ ਸਾਕਿਬ ਜਿਮ ਟ੍ਰੇਨਰ ਦੇ ਕਿਰਦਾਰ ਵਿਚ ਨਜ਼ਰ ਆਉਣਗੇ। ਇਸ ਵਿਚ ਦਿਖਾਇਆ ਗਿਆ ਹੈ ਕਿ ਕਿਵੇਂ ਇਕ ਮਜ਼ਾਕ ਨਾਲ ਦੋਸਤੀ ਪਿਆਰ ਵਿਚ ਬਦਲ ਜਾਂਦੀ ਹੈ। ਫਿਲਮ 9 ਮਾਰਚ ਨੂੰ ਸਿਨੇਮਾਘਰਾਂ ਵਿਚ ਦਸਤਕ ਦੇਵੇਗੀ। ਫਿਲਮ ਪ੍ਰਮੋਸ਼ਨ ਲਈ ਦਿੱਲੀ ਪਹੁੰਚੀ ਤਾਪਸੀ ਪੰਨੂ, ਸਾਕਿਬ ਸਲੀਮ ਅਤੇ ਆਲੀਆ ਸੇਨ ਨੇ ਜਗ ਬਾਣੀ/ਨਵੋਦਿਆ ਟਾਈਮਸ ਨਾਲ ਖਾਸ ਗੱਲਬਾਤ ਕੀਤੀ।

ਪੇਸ਼ ਹਨ ਮੁਖ ਅੰਸ਼ :

ਤਾਪਸੀ ਪੰਨੂ
ਮੇਰਾ ਕਿਰਦਾਰ ਇੰਗਲਿਸ਼ ਕਾਊਂਸਲਰ ਦਾ ਹੈ

ਫਿਲਮ ਵਿਚ ਮੇਰਾ ਕਿਰਦਾਰ ਇਕ ਇੰਗਲਿਸ਼ ਕਾਉਂਸਰਲਰ ਦਾ ਹੈ, ਜੋ ਲੋਕਾਂ ਨੂੰ ਅੰਗਰੇਜ਼ੀ ਸਿਖਾਉਂਦੀ ਹੈ। ਹਰ ਚੀਜ਼ ਨੂੰ ਲੈ ਕੇ ਉਸਦਾ ਆਪਣਾ ਇਕ ਵੱਖਰਾ ਹੀ ਨਜ਼ਰੀਆ ਹੈ। ਉਸ ਨੂੰ ਲਗਦਾ ਹੈ ਕਿ ਜ਼ਿੰਦਗੀ ਵਿਚ ਸਭ ਚੰਗਾ ਹੀ ਹੁੰਦਾ ਹੈ। ਉਸ ਨੂੰ ਜੋ ਚੰਗਾ ਲਗਦਾ ਹੈ ਉਹ ਓਹੀ ਕਰਦੀ ਹੈ। ਇਸ ਵਿਚ ਮੇਰੀ ਲੁਕ ਕਾਫੀ ਵੱਖ ਹੈ। ਇਸ ਲਈ ਮੈਂ ਸਾਡੀ ਨਿਰਦੇਸ਼ਕ ਆਲੀਆ ਨੂੰ ਧੰਨਵਾਦ ਕਹਿਣਾ ਚਾਹਾਂਗੀ, ਕਿਉਂਕਿ ਉਸ ਨੂੰ ਪਤਾ ਸੀ ਕਿ ਫਿਲਮ ਵਿਚ ਅਸਲ ਵਿਚ ਮੇਰੀ ਲੁਕ ਕਿਹੋ ਜਿਹੀ ਹੋਣੀ ਚਾਹੀਦੀ ਹੈ।

ਕੁਝ ਵੱਖਰੀ ਹੈ ਇਹ ਲਵ ਸਟੋਰੀ
ਫਿਲਮ ਵਿਚ ਦਿਖਾਇਆ ਗਿਆ ਹੈ ਕਿ 20-21 ਸਾਲ ਦੀ ਉਮਰ ਵਾਲੇ ਪਿਆਰ ਅਤੇ 29-30 ਸਾਲ ਦੀ ਉਮਰ ਵਾਲੇ ਪਿਆਰ ਵਿਚ ਕੀ ਫਰਕ ਹੈ। ਇਕ ਤਰ੍ਹਾਂ ਨਾਲ ਫਿਲਮ ਵਿਚ ਮੇਰਾ ਡਬਲ ਰੋਲ ਹੈ। ਪਹਿਲੇ ਹਿੱਸੇ ਵਿਚ ਮੈਂ 21-22 ਸਾਲ ਦੀ ਲੜਕੀ ਹਾਂ ਅਤੇ ਦੂਜੇ ਹਿੱਸੇ ਵਿਚ ਕੁਝ ਵੱਖ ਹੈ, ਜੋ ਤੁਹਾਨੂੰ ਦੇਖਣ 'ਤੇ ਹੀ ਪਤਾ ਲੱਗੇਗਾ। ਮੇਰਾ ਕਿਰਦਾਰ ਬੇਹੱਦ ਰੋਮਾਂਟਿਕ ਹੈ ਪਰ ਅਸਲ ਜ਼ਿੰਦਗੀ ਵਿਚ ਮੈਂ ਬਿਲਕੁਲ ਉਲਟ ਹਾਂ। ਕੈਮਰੇ ਦੇ ਸਾਹਮਣੇ ਮੈਨੂੰ ਇਸ ਤਰ੍ਹਾਂ ਦੇ ਸੀਨ ਕਰਨ ਵਿਚ ਸ਼ਰਮ ਆਉਂਦੀ ਹੈ। ਮੈਂ ਖੁਦ ਨੂੰ ਅਸਹਿਜ ਮਹਿਸੂਸ ਕਰਦੀ ਹਾਂ। ਉਸ ਸਮੇਂ ਮੇਰਾ ਜੋ ਹਾਲ ਹੁੰਦਾ ਹੈ, ਉਸ ਨੂੰ ਸਿਰਫ ਮੈਂ ਹੀ ਜਾਣਦੀ ਹਾਂ।

ਮਿਊਜ਼ਿਕ ਵੀਡੀਓ ਦੇਖ ਕੇ ਆਈਡੀਆ ਆਇਆ
ਮੈਂ ਸਾਕਿਬ ਨਾਲ ਇਕ ਮਿਊਜ਼ਿਕ ਵੀਡੀਓ ਐਲਬਮ ਵਿਚ ਕੰਮ ਕਰ ਚੁੱਕੀ ਹਾਂ। ਉਸੇ ਦੌਰਾਨ ਮੇਰੀ ਅਤੇ ਸਾਕਿਬ ਦੀ ਕੈਮਿਸਟਰੀ ਦੇਖ ਕੇ ਨਿਰਦੇਸ਼ਕ ਦੇ ਦਿਮਾਗ ਵਿਚ ਇਸ ਫਿਲਮ ਨੂੰ ਬਣਾਉਣ ਦਾ ਆਈਡੀਆ ਆਇਆ। ਉਸ ਮਿਊਜ਼ਿਕ ਐਲਬਮ ਨੂੰ ਵੀ ਆਲੀਆ ਸੇਨ ਨੇ ਹੀ ਡਾਇਰੈਕਟ ਕੀਤਾ ਸੀ।

ਆਲੀਆ ਸੇਨ
ਹਰ ਕਿਸੇ ਦਾ ਦਿਲ ਕਦੀ ਨਾ ਕਦੀ ਜੰਗਲੀ ਹੁੰਦਾ ਹੈ

ਮੈਂ ਇਹ ਸਟੋਰੀ ਕੁਝ ਸੋਚ ਕੇ ਨਹੀਂ ਲਿਖੀ ਸੀ। ਬਸ ਇਕ ਪਿਆਰੀ ਜਿਹੀ ਲਵ ਸਟੋਰੀ ਬਣਾਉਣ ਦਾ ਮਨ ਸੀ ਤਾਂ ਬਣਾ ਦਿੱਤੀ। ਮੈਨੂੰ ਲਗਦਾ ਹੈ ਕਿ ਹਰ ਕਿਸੇ ਦਾ ਦਿਲ ਕਿਸੇ ਨਾ ਕਿਸੇ 'ਤੇ ਕਦੀ ਨਾ ਕਦੀ ਜ਼ਰੂਰ ਜੰਗਲੀ ਹੁੰਦਾ ਹੈ, ਓਹੀ ਇਸ ਫਿਲਮ ਵਿਚ ਦਿਖਾਇਆ ਗਿਆ ਹੈ। ਇਹ ਫਿਲਮ ਤੁਹਾਨੂੰ ਬਿਲਕੁਲ ਅਸਲ ਲੱਗੇਗੀ।

ਫਿਲਮ ਵਿਚ ਡ੍ਰਾਮੈਟਿਕ ਅੰਦਾਜ਼ ਨਹੀਂ ਹੈ
ਇਸ ਫਿਲਮ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਵਿਚ ਪਿਆਰ ਨੂੰ ਕਿਤੋਂ ਵੀ ਡ੍ਰਾਮੈਟਿਕ ਅੰਦਾਜ਼ ਵਿਚ ਪੇਸ਼ ਨਹੀਂ ਕੀਤਾ ਗਿਆ ਹੈ। ਇਥੇ ਤੁਹਾਨੂੰ ਅਜਿਹਾ ਪਿਆਰ ਦਿਖਾਈ ਦੇਵੇਗਾ ਜੋ ਬਹੁਤ ਹੀ ਸੌਖਾਲਾ ਹੈ। ਜੀਵਨ ਦੇ ਹਰ ਪੜਾਅ 'ਤੇ ਪਿਆਰ ਦੇ ਮਾਇਨੇ ਬਦਲ ਜਾਂਦੇ ਹਨ।  ਟੀਨਏਜ ਦੇ ਸਮੇਂ ਜੋ ਪਿਆਰ ਦੀ ਮਾਸੂਮੀਅਤ ਸੀ ਉਹ ਵੱਡੀ ਉਮਰ ਵਿਚ ਕਿਥੇ ਮਿਲਦੀ ਹੈ। ਮੈਨੂੰ ਇਸ ਫਿਲਮ ਲਈ ਇਕ ਰੋਮਾਂਟਿਕ ਗਾਣਾ ਚਾਹੀਦਾ ਸੀ ਅਤੇ 'ਗਜ਼ਬ ਕਾ ਹੈ ਦਿਨ' ਗਾਣੇ ਤੋਂ ਚੰਗਾ ਕੋਈ ਰੋਮਾਂਟਿਕ ਗਾਣਾ ਨਹੀਂ ਲੱਗਾ। ਸਭ ਲੋਕਾਂ ਨੂੰ ਇਹੀ ਗਾਣਾ ਪਸੰਦ ਆਇਆ ਤਾਂ ਅਸੀਂ ਇਸੇ ਗਾਣੇ ਨੂੰ ਆਪਣੀ ਫਿਲਮ ਵਿਚ ਰੱਖ ਲਿਆ।

ਸਾਕਿਬ ਸਲੀਮ
ਖੁੱਲ੍ਹ ਕੇ ਪਿਆਰ ਕਰੋ

ਦਿਲ ਦੀਵਾਨਾ ਹੋਤਾ ਹੈ ਜਾਂ ਦਿਲ ਤੋ ਪਾਗਗਲ ਹੈ, ਤੁਸੀਂ ਇਹ ਸਭ ਸੁਣਿਆ ਹੋਵੇਗਾ ਪਰ ਹੁਣ ਦਿਲ ਜੰਗਲੀ ਹੋਇਆ ਹੈ। ਸੱਚ ਵਿਚ ਮੇਰਾ ਦਿਲ ਬਹੁਤ ਹੀ ਜੰਗਲੀ ਹੈ। ਮੈਨੂੰ ਲਗਦਾ ਹੈ ਕਿ ਸਾਨੂੰ ਪਿਆਰ ਖੁੱਲ੍ਹ ਕੇ ਕਰਨਾ ਚਾਹੀਦਾ ਹੈ। ਅੱਜ ਅਸੀਂ ਇਕ ਅਜਿਹੇ ਸਮਾਜ ਵਿਚ ਰਹਿ ਰਹੇ ਹਾਂ, ਜਿਥੇ ਲੋਕ ਆਪਣਾ ਮਾਂ-ਬਾਪ ਨਾਲ ਵੀ ਖੁੱਲ੍ਹ ਕੇ ਪਿਆਰ ਦਾ ਇਜ਼ਹਾਰ ਨਹੀਂ ਕਰਦੇ। ਮੈਨੂੰ ਲਗਦਾ ਹੈ ਕਿ ਜਦੋਂ ਅਸੀਂ ਟੀਨਏਜ ਵਿਚ ਹੁੰਦੇ ਹਾਂ ਤਾਂ ਜਿਆਦਾ ਖੁੱਲ੍ਹੇ ਅਤੇ ਜੰਗਲੀ ਹੁੰਦੇ ਹਾਂ। ਪਰ ਜਿਵੇਂ-ਜਿਵੇਂ ਵੱਡੇ ਹੁੰਦੇ ਜਾਂਦੇ ਹਾਂ, ਇਨ੍ਹਾਂ ਸਭ ਚੀਜਾਂ 'ਤੇ ਕੰਡੀਸ਼ਨ ਲਗਾ ਦਿੱਤੀਆਂ ਜਾਂਦੀਆਂ ਹਨ। ਇਸ ਲਈ ਮੈਨੂੰ ਲਗਦਾ ਹੈ ਕਿ ਵੱਡਾ ਹੋਣਾ ਇਕ ਮੁਸੀਬਤ ਵਰਗਾ ਹੈ। 70 ਸਾਲ ਦੇ ਹੋਣ ਤੋਂ ਬਾਅਦ ਤੁਸੀਂ ਆਪਣੀ ਪਤਨੀ ਨੂੰ ਆਈ ਲਵ ਯੂ ਕਿਉਂ ਨਹੀਂ ਬੋਲ ਸਕਦੇ ਹੋ? ਮੈਨੂੰ ਲਗਦਾ ਹੈ ਕਿ ਤੁਹਾਨੂੰ ਹਰ ਰੋਜ਼ ਅਤੇ ਹਰ ਉਮਰ ਵਿਚ ਬੋਲਣਾ ਚਾਹੀਦਾ ਹੈ ਕਿ ਤੁਸੀਂ ਉਸ ਨਾਲ ਪਿਆਰ ਕਰਦੇ ਹੋ।

ਪਿਆਰ ਦੀ ਪਰਿਭਾਸ਼ਾ
ਮੇਰੇ ਲਈ ਪਿਆਰ ਦੀ ਪਰਿਭਾਸ਼ਾ ਕੁਝ ਵੱਖਰੀ ਹੈ। ਮੈਂ ਸੋਚਦਾ ਹਾਂ ਕਿ ਜਦੋਂ ਤੁਸੀਂ ਆਪਣੇ-ਆਪ ਨਾਲੋਂ ਜਿਆਦਾ ਸਾਹਮਣੇ ਵਾਲੇ ਬਾਰੇ ਸੋਚਣ ਲਗਦੇ ਹੋ ਤਾਂ ਸਹੀ ਅਰਥਾਂ ਵਿਚ ਇਹੀ ਪਿਆਰ ਹੈ। ਤੁਸੀਂ ਹਮੇਸ਼ਾ ਉਨ੍ਹਾਂ ਲਈ ਸੋਚੋ ਅਤੇ ਉਨ੍ਹਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ ਕਰੋ, ਇਹੀ ਤਾਂ ਪਿਆਰ ਹੈ। ਜੇ ਪਿਆਰ ਸੱਚਾ ਹੈ ਤਾਂ ਕਦੀ ਵੀ ਬੋਰੀਅਤ ਨਹੀਂ ਹੁੰਦੀ, ਉਸ ਵਿਚ ਹਮੇਸ਼ਾ ਇਕ ਤਾਜ਼ਗੀ ਬਣੀ ਰਹਿੰਦੀ ਹੈ।

ਸਾਡੇ ਵਿਚਾਲੇ ਚੰਗੀ ਬਾਂਡਿੰਗ ਹੈ
ਤਾਪਸੀ ਸਭ ਤੋਂ ਵੱਖ ਹੈ ਅਤੇ ਉਹ ਬਿਲਕੁਲ ਸੱਚੀ ਹੈ। ਅੱਜ ਦੇ ਜ਼ਮਾਨੇ ਵਿਚ ਅਜਿਹੇ ਲੋਕ ਨਹੀਂ ਮਿਲਦੇ। ਉਹ ਜੋ ਵੀ ਮਹਿਸੂਸ ਕਰਦੀ ਹੈ, ਉਸ ਨੂੰ ਬੋਲਣ ਵਿਚ ਝਿਜਕਦੀ ਨਹੀਂ ਹੈ। ਉਹ ਬਿਲਕੁਲ ਬਿੰਦਾਸ ਹੈ। ਜੋ ਵੀ ਕਰਦੀ ਹੈ, ਪੂਰੇ ਦਿਲ ਨਾਲ ਕਰਦੀ ਹੈ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਟੀਮ ਵਿਚ ਜਿਆਦਾਤਰ ਲੋਕ ਦਿੱਲੀ ਤੋਂ ਹੀ ਹਨ। ਅਸੀਂ ਸਭ ਵਟਸਐਪ 'ਤੇ ਇਕ ਗਰੁੱਪ ਰਾਹੀਂ ਜੁੜੇ ਹੋਏ ਹਾਂ, ਜਿਸ ਵਿਚ 3 ਲੜਕੇ ਅਤੇ 6 ਲੜਕੀਆਂ ਹਨ। ਸਾਡੇ ਸਾਰਿਆਂ ਵਿਚਾਲੇ ਇਕ ਬਿਹਤਰੀਨ ਬਾਂਡਿੰਗ ਬਣ ਗਈ ਹੈ।

ਯੰਗ ਲੋਕਾਂ ਨੇ ਯੰਗ ਲੋਕਾਂ ਲਈ ਬਣਾਈ ਫਿਲਮ
'ਦਿਲ ਜੰਗਲੀ' ਦੀ ਸ਼ੂਟਿੰਗ ਦੌਰਾਨ ਸਾਨੂੰ ਬਹੁਤ ਮਜ਼ਾ ਆਇਆ। ਫਿਲਮ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਵਿਚ ਜਿਆਦਾਤਰ ਯੰਗ ਲੋਕ ਹਨ। ਸਟਾਰਕਾਸਟ ਤੋਂ ਲੈ ਕੇ ਡਾਇਰੈਕਟਰ ਅਤੇ ਪੂਰੀ ਪ੍ਰੋਡਕਸ਼ਨ ਟੀਮ ਯੰਗ ਲੋਕਾਂ ਨਾਲ ਭਰੀ ਹੋਈ ਸੀ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਯੰਗ ਲੋਕਾਂ ਨੇ ਯੰਗ ਲੋਕਾਂ ਲਈ ਇਹ ਫਿਲਮ ਬਣਾਈ ਹੈ। ਸ਼ੂਟਿੰਗ ਦੌਰਾਨ ਅਸੀਂ ਸਭ ਜ਼ੋਰ ਨਾਲ ਭਰੇ ਰਹਿੰਦੇ ਸੀ। ਲਗਭਗ 6-7 ਮਹੀਨੇ ਤੱਕ ਅਸੀਂ ਇਕ ਪਰਿਵਾਰ ਵਾਂਗ ਰਹੇ, ਉਸ ਤੋਂ ਬਾਅਦ ਆਪਣੇ-ਆਪਣੇ ਕੰਮ ਵਿਚ ਰੁਝ ਗਏ।

ਦਿਲ ਜੰਗਲੀ ਦੀ ਕਹਾਣੀ 1970 ਵਿਚ ਆਈ ਫਿਲਮ 'ਮੇਰਾ ਨਾਮ ਜੋਕਰ' ਨਾਲ ਰਲਦੀ-ਮਿਲਦੀ ਹੈ। ਦਰਅਸਲ ਮੇਰਾ ਨਾਮ ਜੋਕਰ ਵਿਚ ਇਕ ਸਟੂਡੈਂਟ ਨੂੰ ਟੀਚਰ ਨਾਲ ਪਿਆਰ ਹੋ ਜਾਂਦਾ ਹੈ। ਇਸ ਫਿਲਮ ਵਿਚ ਵੀ ਅਜਿਹਾ ਹੀ ਕੁਝ ਦੇਖਣ ਨੂੰ ਮਿਲੇਗਾ। ਬਸ ਫਰਕ ਇੰਨਾ ਹੈ ਕਿ 'ਦਿਲ ਜੰਗਲੀ' ਵਿਚ ਟੀਚਰ ਅਤੇ ਸਟੂਡੈਂਟ ਦੀ ਉਮਰ ਲਗਭਗ ਬਰਾਬਰ ਹੈ ਅਤੇ ਟੀਚਰ ਕਿਸੇ ਕਾਲਜ ਵਿਚ ਨਹੀਂ ਪੜਾਉਂਦੀ ਸਗੋਂ ਇੰਗਲਿਸ਼ ਕਲਾਸਿਸ ਲੈਂਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News