ਸੰਦੀਪ ਸਿੰਘ ਦੇ ''ਸੂਰਮਾ'' ਬਣਨ ਦੀ ਦਾਸਤਾਨ ਬਿਆਨ ਕਰਨਗੇ ਦਿਲਜੀਤ ਦੋਸਾਂਝ

Thursday, July 12, 2018 9:35 AM
ਸੰਦੀਪ ਸਿੰਘ ਦੇ ''ਸੂਰਮਾ'' ਬਣਨ ਦੀ ਦਾਸਤਾਨ ਬਿਆਨ ਕਰਨਗੇ ਦਿਲਜੀਤ ਦੋਸਾਂਝ

ਮੁੰਬਈ (ਬਿਊਰੋ)— ਬਾਲੀਵੁੱਡ ਦੀ ਇਕ ਹੋਰ ਬਾਇਓਪਿਕ ਰਿਲੀਜ਼ ਲਈ ਤਿਆਰ ਹੈ। 13 ਜੁਲਾਈ ਭਾਵ ਇਸ ਸ਼ੁੱਕਰਵਾਰ ਰਿਲੀਜ਼ ਹੋ ਰਹੀ 'ਸੂਰਮਾ' 'ਚ ਹਾਕੀ ਦੇ ਮਹਾਨ ਖਿਡਾਰੀ ਤੇ ਭਾਰਤੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਦੀ ਜ਼ਿੰਦਗੀ ਦੇ ਸਫਰ ਨੂੰ ਦਿਖਾਇਆ ਜਾਵੇਗਾ। ਇਸ ਨੂੰ ਪਰਦੇ 'ਤੇ ਜਿਊਂਦਾ ਕਰਦੇ ਨਜ਼ਰ ਆਉਣਗੇ ਅਭਿਨੇਤਾ ਤੇ ਗਾਇਕ ਦਿਲਜੀਤ ਦੋਸਾਂਝ। ਫਿਲਮ ਦਾ ਨਿਰਦੇਸ਼ਨ ਸ਼ਾਦ ਅਲੀ ਨੇ ਕੀਤਾ ਹੈ ਤੇ ਇਸ ਦੀ ਨਿਰਮਾਤਾ ਅਭਿਨੇਤਰੀ ਚਿਤਰਾਂਗਦਾ ਸਿੰਘ ਹੈ। ਫਿਲਮ 'ਚ ਤਾਪਸੀ ਪਨੂੰ ਤੇ ਅੰਗਦ ਬੇਦੀ ਵੀ ਅਹਿਮ ਭੂਮਿਕਾਵਾਂ 'ਚ ਹਨ। ਫਿਲਮ ਪ੍ਰਮੋਸ਼ਨ ਲਈ ਦਿੱਲੀ ਪਹੁੰਚੇ ਦਿਲਜੀਤ ਦੋਸਾਂਝ ਤੇ ਸੰਦੀਪ ਸਿੰਘ ਨੇ ਨਵੋਦਿਆ ਟਾਈਮਸ/ਜਗ ਬਾਣੀ ਨਾਲ ਖਾਸ ਗੱਲਬਾਤ ਕੀਤੀ।
ਖੁਸ਼ਨਸੀਬ ਹਾਂ, ਮੇਰੀ ਬਾਇਓਪਿਕ ਬਣੀ : ਸੰਦੀਪ
ਸੰਦੀਪ ਸਿੰਘ ਕਹਿੰਦੇ ਹਨ, ''ਮੇਰੀ ਜ਼ਿੰਦਗੀ ਕਾਫੀ ਮੁਸ਼ਕਲਾਂ ਨਾਲ ਭਰੀ ਰਹੀ ਹੈ। ਮੈਂ ਖੁਸ਼ਨਸੀਬ ਹਾਂ ਕਿ ਮੇਰੀ ਜ਼ਿੰਦਗੀ 'ਤੇ ਬਾਇਓਪਿਕ ਬਣਾਈ ਗਈ ਹੈ। ਬਹੁਤ ਖੁਸ਼ੀ ਹੁੰਦੀ ਹੈ ਜਦ ਤੁਸੀਂ ਖੁਦ ਆਪਣੀ ਜ਼ਿੰਦਗੀ ਨੂੰ ਪਰਦੇ 'ਤੇ ਉਤਰਦੇ ਹੋਏ ਦੇਖਦੇ ਹੋ। ਦਿਲਜੀਤ ਨੇ ਮੇਰੇ ਕਿਰਦਾਰ ਨੂੰ ਪਰਦੇ 'ਤੇ ਸ਼ਾਨਦਾਰ ਢੰਗ ਨਾਲ ਨਿਭਾਇਆ ਹੈ। ਮੇਰਾ ਕਿਰਦਾਰ ਉਨ੍ਹਾਂ ਨਾਲੋਂ ਚੰਗਾ ਕੋਈ ਨਹੀਂ ਨਿਭਾ ਸਕਦਾ ਸੀ। ਉਨ੍ਹਾਂ ਨੇ ਮੇਰੀਆਂ ਭਾਵਨਾਵਾਂ ਤੇ ਮੇਰੇ ਦਰਦ ਨੂੰ ਵਧੀਆ ਢੰਗ ਨਾਲ ਦਿਖਾਇਆ ਹੈ। ਅਸਲੀਅਤ ਨੂੰ ਪਰਦੇ 'ਤੇ ਲਿਆਉਣਾ ਕਾਫੀ ਮੁਸ਼ਕਲ ਹੁੰਦਾ ਹੈ।''
ਜ਼ਰੂਰ ਕਰਾਂਗਾ ਐਕਟਿੰਗ
ਉਨ੍ਹਾਂ ਦਾ ਕਹਿਣਾ ਹੈ, ''ਮੇਰੇ ਕੋਲ ਫਿਲਮਾਂ ਦੇ ਕਈ ਆਫਰ ਆ ਰਹੇ ਹਨ। ਵੈਸੇ ਅਜੇ ਕੁਝ ਪਲਾਨ ਨਹੀਂ ਕੀਤਾ ਪਰ ਮੈਂ ਉਂਝ ਹੀ ਫਿਲਮਾਂ 'ਚ ਨਹੀਂ ਆਉਣਾ ਚਾਹੁੰਦਾ, ਕੁਝ ਸਿੱਖ ਕੇ ਆਉਣਾ ਚਾਹੁੰਦਾ ਹਾਂ। ਸ਼ੂਟਿੰਗ ਦੇ ਸਮੇਂ ਦਿਲਜੀਤ ਤੋਂ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ। ਮੈਨੂੰ ਜਿਵੇਂ ਹੀ ਚੰਗਾ ਮੌਕਾ ਮਿਲੇਗਾ ਮੈਂ ਐਕਟਿੰਗ ਜ਼ਰੂਰ ਕਰਾਂਗਾ।''
ਮਾਇਨੇ ਰੱਖਦਾ ਹੈ ਪਰਿਵਾਰ ਦਾ ਸੰਘਰਸ਼
ਉਹ ਕਹਿੰਦੇ ਹਨ, ''ਕਿਸੇ ਵੀ ਇਨਸਾਨ ਦੀ ਤਰੱਕੀ ਦੇ ਪਿੱਛੇ ਉਸ ਦੇ ਪਰਿਵਾਰ ਦਾ ਸੰਘਰਸ਼ ਬਹੁਤ ਮਾਇਨੇ ਰੱਖਦਾ ਹੈ। ਮੇਰਾ ਅਸਲੀ ਸੂਰਮਾ ਮੇਰਾ ਭਰਾ ਤੇ ਮੇਰੇ ਮਾਂ-ਬਾਪ ਹਨ, ਜਿਨ੍ਹਾਂ ਦੇ ਕਾਰਨ ਅੱਜ ਮੈਂ ਇਸ ਮੁਕਾਮ 'ਤੇ ਹਾਂ। ਮੈਨੂੰ ਆਪਣੀ ਜ਼ਿੰਦਗੀ ਦਾ ਹਰ ਪਲ ਯਾਦ ਹੈ ਜੋ ਵੀ ਮੇਰੇ ਨਾਲ ਹੋਇਆ। ਮੈਨੂੰ ਕਦੇ ਡਰ ਨਹੀਂ ਲੱਗਦਾ, ਰੋਣਾ ਨਹੀਂ ਆਉਂਦਾ ਤੇ ਕਿਸੇ ਚੀਜ਼ ਦੀ ਜ਼ਿਆਦਾ ਖੁਸ਼ੀ ਵੀ ਨਹੀਂ ਹੁੰਦੀ। ਸਹੀ ਸ਼ਬਦਾਂ 'ਚ ਦੱਸਾਂ ਤਾਂ ਮੈਨੂੰ ਜ਼ਮੀਨ ਨਾਲ ਜੁੜੇ ਰਹਿਣਾ ਪਸੰਦ ਹੈ। ਮੈਨੂੰ ਉਹ ਸਭ ਯਾਦ ਹੈ ਜਦ ਮੈਨੂੰ ਗੋਲੀ ਲੱਗੀ ਸੀ ਤਾਂ ਕਿਵੇਂ ਮੈਨੂੰ ਹਸਪਤਾਲ ਲਿਜਾਇਆ ਗਿਆ ਤੇ ਮੇਰਾ ਆਪ੍ਰੇਸ਼ਨ ਹੋਇਆ। ਇਸ ਕਾਰਨ ਨਾਲ ਵੀ ਮੇਰਾ ਕਿਰਦਾਰ ਨਿਭਾਉਣ 'ਚ ਦਿਲਜੀਤ ਨੂੰ ਜ਼ਿਆਦਾ ਪ੍ਰੇਸ਼ਾਨੀ ਨਹੀਂ ਹੋਈ ਕਿਉਂਕਿ ਮੈਂ ਉਸ ਨੂੰ ਸਭ ਦੱਸਦਾ ਰਿਹਾਂ, ਜਿਸ ਨਾਲ ਉਸ ਨੂੰ ਸਾਰਾ ਦਰਦ ਫਿਲਮ 'ਚ ਉਤਾਰਨ 'ਚ ਥੋੜ੍ਹੀ ਆਸਾਨੀ ਰਹੀ।''
ਜੋ ਦਿਸਦਾ ਹੈ ਉਹੀ ਵਿਕਦਾ ਹੈ
ਉਨ੍ਹਾਂ ਦਾ ਕਹਿਣਾ ਹੈ, ''ਕ੍ਰਿਕਟ ਦੇ ਮੁਕਾਬਲੇ ਹਾਕੀ ਨੂੰ ਉਹ ਦਰਜਾ ਇਸ ਲਈ ਨਹੀਂ ਮਿਲ ਸਕਿਆ ਕਿਉਂਕਿ ਅਸੀਂ ਬੱਚਿਆਂ ਨੂੰ ਸ਼ੁਰੂ ਤੋਂ ਕ੍ਰਿਕਟ ਬਾਰੇ ਦੱਸਦੇ ਹਾਂ। ਟੀ. ਵੀ. 'ਤੇ ਵੀ ਜ਼ਿਆਦਾਤਰ ਕ੍ਰਿਕਟ ਹੀ ਦੇਖਦੇ ਹਾਂ ਤੇ ਉਨ੍ਹਾਂ ਦੇ ਆਸਪਾਸ ਵੀ ਕ੍ਰਿਕਟ ਨਾਲ ਜੁੜੀਆਂ ਗੱਲਾਂ ਹੀ ਹੁੰਦੀਆਂ ਹਨ ਤਾਂ ਜੋ ਦਿਸਦਾ ਹੈ, ਉਹੀ ਵਿਕਦਾ ਹੈ। ਮੈਂ ਸਿਰਫ ਇਹ ਕਹਿਣਾ ਚਾਹੁੰਗਾ ਕਿ ਇਸ ਫਿਲਮ ਨਾਲ ਬੱਚਿਆਂ, ਵੱਡਿਆਂ ਤੇ ਬਜ਼ੁਰਗਾਂ ਸਾਰਿਆਂ ਨੂੰ ਕੁਝ ਨਾ ਕੁਝ ਸਿੱਖਣ ਨੂੰ ਮਿਲੇਗਾ।''
ਕਹਾਣੀ ਨੇ ਆਪਣੇ ਵੱਲ ਖਿੱਚਿਆ : ਦਿਲਜੀਤ
ਦਿਲਜੀਤ ਦੋਸਾਂਝ ਕਹਿੰਦੇ ਹਨ, ''ਸੰਦੀਪ ਸਿੰਘ ਦੀ ਜ਼ਿੰਦਗੀ ਪ੍ਰੇਰਣਾਦਾਇਕ ਹੈ। ਮੈਨੂੰ ਇਸ ਫਿਲਮ ਦੀ ਕਹਾਣੀ ਨੇ ਆਪਣੇ ਵੱਲ ਖਿੱਚਿਆ ਤੇ ਮੈਂ ਹਾਕੀ ਸਿੱਖਣਾ ਸ਼ੁਰੂ ਕਰ ਦਿੱਤਾ। ਉਂਝ ਮੇਰੇ ਪਾਪਾ ਹਾਕੀ ਖੇਡਦੇ ਸਨ ਤੇ ਮੈਨੂੰ ਵੀ ਕਹਿੰਦੇ ਸਨ। ਮੈਂ ਘਰ ਤੋਂ ਹਾਕੀ ਲੈ ਕੇ ਨਿਕਲ ਜਾਂਦਾ ਸੀ ਪਰ ਮੈਦਾਨ ਤੱਕ ਨਹੀਂ ਪਹੁੰਚਦਾ ਸੀ। ਇਸ ਕਾਰਨ ਪਾਪਾ ਤੋਂ ਝਿੜਕਾਂ ਪੈਂਦੀਆਂ ਸਨ। ਪਾਪਾ ਚਾਹੁੰਦੇ ਸਨ ਕਿ ਮੈਂ ਹਾਕੀ ਲੈ ਕੇ ਇੱਧਰ-ਉੱਧਰ ਗਲੀਆਂ 'ਚ ਘੁੰਮਣ ਦੀ ਬਜਾਏ ਮੈਦਾਨ 'ਤੇ ਜਾ ਕੇ ਖੇਡਾਂ।''
ਸੈੱਟ 'ਤੇ ਮੌਜੂਦ ਰਹਿੰਦੇ ਸਨ ਸੰਦੀਪ
ਦਿਲਜੀਤ ਅਨੁਸਾਰ, ''ਸੰਦੀਪ ਤੇ ਉਨ੍ਹਾਂ ਦੇ ਵੱਡੇ ਭਰਾ ਬਿਕਰਮਜੀਤ ਸਿੰਘ ਹਰ ਸਮੇਂ ਸੈੱਟ 'ਤੇ ਮੌਜੂਦ ਹੁੰਦੇ ਸਨ, ਇਸ ਕਾਰਨ ਕੰਮ ਥੋੜ੍ਹਾ ਆਸਾਨ ਹੋ ਜਾਂਦਾ ਸੀ। ਉਹ ਤੁਰੰਤ ਗਲਤ ਤੇ ਸਹੀ ਦੱਸ ਦਿੰਦੇ ਸਨ। ਜਦ ਖੁਦ ਚੈਂਪੀਅਨ ਤੁਹਾਨੂੰ ਸਿਖਾ ਰਿਹਾ ਹੋਵੇ ਤਾਂ ਕੰਮ ਆਸਾਨ ਹੋ ਜਾਂਦਾ ਹੈ। ਇਸੇ ਕਾਰਨ ਮੈਨੂੰ ਹਾਕੀ ਸਿੱਖਣ 'ਚ ਵੀ ਜ਼ਿਆਦਾ ਪ੍ਰੇਸ਼ਾਨੀ ਨਹੀਂ ਹੋਈ।''
ਐਕਸ਼ਨ ਫਿਲਮਾਂ ਦੀ ਚਾਹਤ
ਉਨ੍ਹਾਂ ਦਾ ਕਹਿਣਾ ਹੈ, ''ਮੈਂ ਐਕਸ਼ਨ ਫਿਲਮਾਂ ਕਰਨਾ ਚਾਹੁੰਦਾ ਹਾਂ ਪਰ ਸਿਰਫ ਭਰੋਸੇਮੰਦ ਲੋਕਾਂ ਨਾਲ। ਮੈਂ ਆਪਣੇ ਆਪ ਨਾਲ ਬਹੁਤ ਪਿਆਰ ਕਰਦਾ ਹਾਂ। ਜੋ ਮੈਨੂੰ ਸੁਰੱਖਿਅਤ ਰੱਖ ਕੇ ਐਕਸ਼ਨ ਕਰਵਾਏਗਾ ਉਨ੍ਹਾਂ ਨਾਲ ਮੈਂ ਕੰਮ ਕਰਨਾ ਚਾਹਾਂਗਾ। ਹਾਲਾਂਕਿ ਮੈਨੂੰ ਡਰ ਬਹੁਤ ਲੱਗਦਾ ਹੈ। ਪੂਰੀ ਤਰ੍ਹਾਂ ਟ੍ਰੇਨਿੰਗ ਲੈਣ ਤੋਂ ਬਾਅਦ ਹੀ ਮੈਂ ਅਜਿਹਾ ਕਰਾਂਗਾ।''
ਸਕੂਲ 'ਚ ਗਲਤ ਪੜ੍ਹਾਇਆ ਗਿਆ
ਦਿਲਜੀਤ ਕਹਿੰਦੇ ਹਨ, ''ਇਹ ਸਾਡੀ ਮਾੜੀ ਕਿਸਮਤ ਹੈ ਕਿ ਅਸੀਂ ਦੇਸ਼ 'ਚ ਹਾਕੀ ਨੂੰ ਓਨਾ ਪ੍ਰਮੋਟ ਨਹੀਂ ਕਰ ਸਕੇ, ਜਿਸ ਦੀ ਇਹ ਖੇਡ ਹੱਕਦਾਰ ਹੈ। ਮੈਨੂੰ ਇਹ ਜਾਣ ਕੇ ਹੈਰਾਨੀ ਹੋਈ ਕਿ ਹਾਕੀ ਨੂੰ ਦੇਸ਼ ਦੇ ਕੌਮੀ ਖੇਡ ਦੇ ਤੌਰ 'ਤੇ ਅਧਿਕਾਰਤ ਤੌਰ 'ਤੇ ਸਨਮਾਨ ਨਹੀਂ ਮਿਲਿਆ ਹੈ ਜਦਕਿ ਇਸ ਬਾਰੇ ਸਾਨੂੰ ਬਚਪਨ ਤੋਂ ਸਕੂਲਾਂ 'ਚ ਗਲਤ ਪੜ੍ਹਾਇਆ ਜਾਂਦਾ ਰਿਹਾ। ਮੈਂ ਤਾਂ ਇਹ ਸੋਚਦਾ ਹਾਂ ਕਿ ਪਤਾ ਨਹੀਂ ਹੋਰ ਕੀ-ਕੀ ਗਲਤ ਪੜ੍ਹਾਇਆ ਗਿਆ ਹੋਵੇਗਾ।''
ਪੈਸਿਆਂ ਦਾ ਹੈ ਬੜਾ ਫਰਕ
ਉਨ੍ਹਾਂ ਦਾ ਕਹਿਣਾ ਹੈ, ''ਪੰਜਾਬੀ ਤੇ ਬਾਲੀਵੁੱਡ ਫਿਲਮਾਂ 'ਚ ਸਭ ਤੋਂ ਵੱਡਾ ਫਰਕ ਪੈਸਿਆਂ ਦਾ ਹੈ। ਬਾਲੀਵੁੱਡ 'ਚ ਬਹੁਤ ਪੈਸਾ ਹੈ ਜਦਕਿ ਪੰਜਾਬੀ ਫਿਲਮ ਇੰਡਸਟਰੀ 'ਚ ਘੱਟ ਹੈ। ਸਭ ਤੋਂ ਵੱਡੀ ਗੱਲ ਪੰਜਾਬੀ ਜਾਣਨ ਤੇ ਸਮਝਣ ਵਾਲੇ ਲੋਕ ਘੱਟ ਹਨ, ਜਿਸ ਕਾਰਨ ਪੰਜਾਬੀ ਫਿਲਮਾਂ ਨੂੰ ਦਰਸ਼ਕ ਵੀ ਘੱਟ ਹੀ ਮਿਲਦੇ ਹਨ। ਹੁਣ ਦਰਸ਼ਕ ਘੱਟ ਹੋਣ ਤਾਂ ਅਹਿਮੀਅਤ ਵੀ ਓਨੀ ਨਹੀਂ ਮਿਲਦੀ। ਹਾਲਾਂਕਿ ਮਿਹਨਤ ਦੋਵਾਂ 'ਚ ਬਰਾਬਰ ਹੀ ਹੁੰਦੀ ਹੈ।''


Edited By

Chanda Verma

Chanda Verma is news editor at Jagbani

Read More