ਹਾਕੀ ਖਿਡਾਰੀ ਸੰਦੀਪ ਸਿੰਘ ਨਾਲ ਉਸ ਦੇ ਸ਼ਾਹਬਾਦ ਸਥਿਤ ਘਰ 'ਚ ਜਾਣਗੇ ਦਿਲਜੀਤ ਦੁਸਾਂਝ

7/8/2018 6:53:42 PM

ਮੁੰਬਈ (ਬਿਊਰੋ)— ਅਭਿਨੇਤਾ ਦਿਲਜੀਤ ਦੁਸਾਂਝ ਆਪਣੀ ਅਗਾਮੀ ਬਾਇਓਪਿਕ 'ਸੂਰਮਾ' 'ਚ ਹਾਕੀ ਖਿਡਾਰੀ ਸੰਦੀਪ ਸਿੰਘ ਦੀ ਭੂਮਿਕਾ ਨਿਭਾਉਣ ਲਈ ਤਿਆਰ ਹਨ। ਹਾਕੀ ਖਿਡਾਰੀ ਸੰਦੀਪ ਸਿੰਘ ਦੀ ਭੂਮਿਕਾ ਨੂੰ ਹੂ-ਬ-ਹੂ ਵੱਡੇ ਪਰਦੇ 'ਤੇ ਉਤਾਰਨ ਲਈ ਦਿਲਜੀਤ ਨੇ ਸਖ਼ਤ ਮਿਹਨਤ ਕੀਤੀ ਹੈ। ਆਪਣੇ ਇਸ ਸਫਰ ਨੂੰ ਯਾਦਗਾਰ ਬਣਾਉਣ ਲਈ ਦਿਲਜੀਤ ਹਾਕੀ ਮਹਾਰਥੀ ਸੰਦੀਪ ਸਿੰਘ ਨਾਲ ਉਨ੍ਹਾਂ ਦੇ ਸ਼ਹਿਰ ਸ਼ਾਹਬਾਦ ਦਾ ਦੌਰਾ ਕਰਨਗੇ, ਜਿਥੇ ਦਿਲਜੀਤ ਨੂੰ ਸੰਦੀਪ ਸਿੰਘ ਦੀ ਜ਼ਿੰਦਗੀ ਨਾਲ ਜੁੜੀਆਂ ਮਹੱਤਵਪੂਰਨ ਚੀਜ਼ਾਂ ਨੂੰ ਹੋਰ ਨੇੜਿਓਂ ਦੇਖਣ ਦਾ ਮੌਕਾ ਮਿਲੇਗਾ।
PunjabKesari
ਇਸ ਦੌਰਾਨ ਦਿਲਜੀਤ ਨਾਲ ਸੰਦੀਪ ਸਿੰਘ ਆਪਣੇ ਸਕੂਲ ਜਾ ਕੇ ਬਚਪਨ ਦੀਆਂ ਮਿੱਠੀਆਂ ਯਾਦਾਂ ਤਾਜ਼ੀਆਂ ਕਰਨਗੇ ਤੇ ਨਾਲ ਹੀ ਉਸ ਹਾਕੀ ਗਰਾਊਂਡ ਦਾ ਵੀ ਦੌਰਾ ਕਰਨਗੇ, ਜਿਥੇ ਸੰਦੀਪ ਅਕਸਰ ਹਾਕੀ ਸਿੱਖਿਆ ਕਰਦੇ ਸਨ ਤੇ ਰੋਜ਼ਾਨਾ ਹਾਕੀ ਦੀ ਪ੍ਰੈਕਟਿਸ ਕਰਦੇ ਸਨ।
PunjabKesari
ਹਾਕੀ ਖਿਡਾਰੀ ਸੰਦੀਪ ਨੂੰ 12 ਸਾਲ ਪਹਿਲਾਂ ਟਰੇਨ ਦੇ ਹਾਦਸੇ 'ਚ ਗੋਲੀ ਲੱਗੀ ਸੀ, ਜਿਸ ਤੋਂ ਬਾਅਦ ਸੰਦੀਪ ਨੇ ਕਦੇ ਵੀ ਟਰੇਨ ਰਾਹੀਂ ਸਫਰ ਨਹੀਂ ਕੀਤਾ ਪਰ ਹੁਣ ਦਿਲਜੀਤ ਨਾਲ ਸੰਦੀਪ ਸਿੰਘ 12 ਸਾਲ ਦੇ ਲੰਮੇ ਅੰਤਰਾਲ ਤੋਂ ਬਾਅਦ ਟਰੇਨ ਦੀ ਸਵਾਰੀ ਦਾ ਆਨੰਦ ਮਾਣਨ ਲਈ ਤਿਆਰ ਹਨ। ਉਹ ਚੰਡੀਗੜ੍ਹ ਤੋਂ ਦਿੱਲੀ ਤਕ ਦਾ ਸਫਰ ਟਰੇਨ ਰਾਹੀਂ ਤੈਅ ਕਰਨਗੇ ਤੇ ਇਕ 'ਸੂਰਮਾ' ਵਾਂਗ ਆਪਣੇ ਡਰ ਤੋਂ ਉੱਭਰਨਗੇ। ਸੰਦੀਪ ਸਿੰਘ ਦੀ ਹਿੰਮਤ ਨਾਲ ਭਰੀ ਕਹਾਣੀ ਸਾਲ ਦੀਆਂ ਸਭ ਤੋਂ ਪ੍ਰੇਰਣਾਦਾਇਕ ਕਹਾਣੀਆਂ 'ਚੋਂ ਇਕ ਹੈ, ਜੋ ਛੇਤੀ ਹੀ ਵੱਡੇ ਪਰਦੇ 'ਤੇ ਦਰਸ਼ਕਾਂ ਦੇ ਰੂ-ਬ-ਰੂ ਹੋਣ ਲਈ ਤਿਆਰ ਹੈ।
PunjabKesariਸੰਦੀਪ ਨੂੰ ਦੁਨੀਆ ਦੇ ਸਭ ਤੋਂ ਬਿਹਤਰੀਨ ਡਰੈਗ-ਫਲਿਕਰਸ 'ਚੋਂ ਇਕ ਮੰਨਿਆ ਜਾਂਦਾ ਹੈ, ਜਿਨ੍ਹਾਂ ਦੀ ਸਪੀਡ 145 ਕਿਲੋਮੀਟਰ/ਪ੍ਰਤੀ ਘੰਟਾ ਹੈ ਤੇ ਉਨ੍ਹਾਂ ਦੀ ਇਸ ਸ਼ਾਨਦਾਰ ਸਪੀਡ ਦੇ ਚਲਦਿਆਂ ਉਨ੍ਹਾਂ ਨੂੰ 'ਫਲਿਕਰ ਸਿੰਘ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਦਿਲਜੀਤ ਦੁਸਾਂਝ ਫਿਲਮ 'ਚ ਸੰਦੀਪ ਸਿੰਘ ਦੇ ਕਿਰਦਾਰ 'ਚ ਨਜ਼ਰ ਆਉਣਗੇ ਤੇ ਤਾਪਸੀ ਪਨੂੰ ਤੇ ਅੰਗਦ ਬੇਦੀ ਫਿਲਮ 'ਚ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। 'ਸੂਰਮਾ' ਸੋਨੀ ਪਿਕਚਰਸ ਨੈੱਟਵਰਕ ਪ੍ਰੋਡਕਸ਼ਨਜ਼, ਚਿਤਰਾਂਗਦਾ ਸਿੰਘ ਤੇ ਦੀਪਕ ਸਿੰਘ ਵਲੋਂ ਨਿਰਮਿਤ ਹੈ। ਸੰਦੀਪ ਸਿੰਘ ਦੀ ਜ਼ਿੰਦਗੀ 'ਤੇ ਆਧਾਰਿਤ 'ਸੂਰਮਾ' 13 ਜੁਲਾਈ, 2018 ਨੂੰ ਨਜ਼ਦੀਕੀ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News