''ਦੋ ਦੂਣੀ ਪੰਜ'' ਦੇ ਸੰਗੀਤ ਦਾ ਚੱਲਿਆ ਜਾਦੂ, 11 ਜਨਵਰੀ ਨੂੰ ਫਿਲਮ ਹੋਵੇਗੀ ਰਿਲੀਜ਼

Thursday, January 3, 2019 11:02 AM
''ਦੋ ਦੂਣੀ ਪੰਜ'' ਦੇ ਸੰਗੀਤ ਦਾ ਚੱਲਿਆ ਜਾਦੂ, 11 ਜਨਵਰੀ ਨੂੰ ਫਿਲਮ ਹੋਵੇਗੀ ਰਿਲੀਜ਼

ਜਲੰਧਰ (ਬਿਊਰੋ) : ਕਹਾਣੀ ਅਤੇ ਕਿਰਦਾਰ ਫਿਲਮ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਪਰ ਇਨ੍ਹਾਂ ਦੀ ਤਾਰੀਫ ਤੋਂ ਪਹਿਲਾਂ ਸੰਗੀਤ ਹੈ, ਜੋ ਦਰਸ਼ਕਾਂ ਦਾ ਧਿਆਨ ਫਿਲਮ ਵੱਲ ਲੈ ਕੇ ਜਾਂਦਾ ਹੈ। ਜਦੋਂ ਰੈਪ ਦਾ ਸੁਪਰ ਸਟਾਰ ਬਾਦਸ਼ਾਹ ਅਤੇ ਅੰਮ੍ਰਿਤ ਮਾਨ ਇਕੱਠੇ ਹੋਣ ਤਾਂ ਕਮਾਲ ਹੋਣਾ ਕੁਦਰਤੀ ਹੈ। ਇਹੀ ਕਾਰਨ ਹੈ ਕਿ ਇਸ ਜੋੜੀ ਨੇ ਆਉਣ ਵਾਲੀ ਫਿਲਮ 'ਦੋ ਦੂਣੀ ਪੰਜ' ਦੇ ਸੰਗੀਤ ਨਾਲ ਦਰਸ਼ਕਾਂ ਦਾ ਦਿਲ ਲੁੱਟ ਲਿਆ ਹੈ।

'ਦੋ ਦੂਣੀ ਪੰਜ' ਦੇ ਦੋ ਗੀਤ 'ਜੈਕੇਟਾਂ ਲਾਈਟਾਂ ਵਾਲੀਆਂ' ਅਤੇ 'ਹੌਸਲਾ' ਪਹਿਲਾਂ ਹੀ ਰਿਲੀਜ਼ ਹੋ ਚੁੱਕੇ ਹਨ ਅਤੇ ਮਿਊਜ਼ਿਕ ਚਾਰਟਾਂ 'ਤੇ ਟਰੈਂਡ ਕਰ ਰਹੇ ਹਨ। ਫਿਲਮ ਦਾ ਵਿਸ਼ਾ ਬਹੁਤ ਗੰਭੀਰ ਨਜ਼ਰ ਆਉਂਦਾ ਹੈ ਪਰ ਇਸ ਦਾ ਟਰੇਲਰ ਜਜ਼ਬਾਤ, ਕਾਮੇਡੀ ਅਤੇ ਸੰਦੇਸ਼ ਦਾ ਪੂਰਾ ਪੈਕੇਜ ਹੈ। ਲੋਕ ਟਰੇਲਰ ਦਾ ਮਜ਼ਾ ਲੈ ਰਹੇ ਹਨ। ਫਿਲਮ ਦਾ ਪਹਿਲਾ ਗੀਤ 'ਜੈਕੇਟਾਂ ਲਾਈਟਾਂ ਵਾਲੀਆਂ' ਰਿਲੀਜ਼ ਹੋਇਆ, ਜਿਸ ਵਿਚ ਬਾਦਸ਼ਾਹ, ਅੰਮ੍ਰਿਤ ਮਾਨ ਅਤੇ ਈਸ਼ਾ ਰਿਖੀ ਹਨ ਅਤੇ ਇਸ ਗੀਤ ਨੇ ਪੂਰਾ ਮਾਹੌਲ ਹੀ ਬਦਲ ਦਿੱਤਾ। ਦੂਜੇ ਗੀਤ 'ਹੌਸਲਾ' ਨੇ ਮੁੜ ਫਿਲਮ ਦੇ ਵਿਸ਼ੇ ਨੂੰ ਉਜਾਗਰ ਕੀਤਾ।

ਫਿਲਮ ਦੇ ਪ੍ਰੋਡਿਊਸਰ ਬਾਦਸ਼ਾਹ ਨੇ ਕਿਹਾ ਕਿ ਜਦੋਂ ਅਸੀਂ ਫਿਲਮ ਅਤੇ ਇਸ ਦੇ ਵਿਸ਼ੇ 'ਤੇ ਕੰਮ ਕਰ ਰਹੇ ਸੀ ਤਾਂ ਮੈਨੂੰ ਡਰ ਸੀ ਕਿ ਇਹ ਫਿਲਮ ਜ਼ਿਆਦਾ ਗੰਭੀਰ ਨਾ ਬਣ ਜਾਵੇ ਅਤੇ ਲੋਕ ਬੋਰ ਨਾ ਹੋ ਜਾਣ ਪਰ ਫਿਰ ਅਸੀਂ ਇਸ ਦੇ ਮਿਊਜ਼ਿਕ ਵਿਚ ਹਰ ਰੰਗ ਸ਼ਾਮਲ ਕਰਕੇ ਇਸ ਨੂੰ ਹੋਰ ਦਿਲਚਸਪ ਬਣਾਉਣ ਦਾ ਫੈਸਲਾ ਕੀਤਾ। ਦੱਸਣਾ ਬਣਦਾ ਹੈ ਕਿ ਅੰਮ੍ਰਿਤ ਮਾਨ ਅਤੇ ਈਸ਼ਾ ਰਿਖੀ ਫਿਲਮ ਵਿਚ ਮੁੱਖ ਕਿਰਦਾਰ ਨਿਭਾ ਰਹੇ ਹਨ। ਫ਼ਿਲਮ ਦੀ ਕਹਾਣੀ, ਸਕਰੀਨ ਪਲੇਅ ਤੇ ਡਾਇਲਾਗ ਜੀਵਾ ਦੇ ਲਿਖੇ ਹੋਏ ਹਨ।


Edited By

Sunita

Sunita is news editor at Jagbani

Read More