ਦੁਨੀਆ ਭਰ 'ਚ ਰਿਲੀਜ਼ ਹੋਈ ਅੰਮ੍ਰਿਤ ਮਾਨ ਤੇ ਬਾਦਸ਼ਾਹ ਦੀ 'ਦੋ ਦੂਣੀ ਪੰਜ'

1/11/2019 9:17:46 AM

ਜਲੰਧਰ (ਬਿਊਰੋ) — ਸਾਡੇ ਸਿੱਖਿਆ ਢਾਂਚੇ 'ਤੇ ਬਾ-ਕਮਾਲ ਵਿਅੰਗ ਕਰਨ ਵਾਲੀ ਪੰਜਾਬੀ ਫਿਲਮ 'ਦੋ ਦੂਣੀ ਪੰਜ' 11 ਜਨਵਰੀ ਯਾਨੀ ਅੱਜ ਦੁਨੀਆਭਰ ਵਿਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੀ ਸਮੁੱਚੀ ਟੀਮ ਬੇਹੱਦ ਉਤਸ਼ਾਹਿਤ ਹੈ ਤੇ ਉਸ ਤੋਂ ਵੱਧ ਉਤਸ਼ਾਹ ਦਰਸ਼ਕਾਂ ਵਿਚ ਹੈ। ਜ਼ਿਕਰਯੋਗ ਹੈ ਕਿ ਹੁਣ ਤੱਕ ਕਿਸੇ ਵੀ ਪੰਜਾਬੀ ਫਿਲਮ ਵਿਚ ਵਿਗੜ ਰਹੇ ਸਿੱਖਿਆ ਤਾਣੇ-ਬਾਣੇ 'ਤੇ ਵਿਅੰਗ ਨਹੀਂ ਕੀਤਾ ਗਿਆ, ਸੋ 'ਦੋ ਦੂਣੀ ਪੰਜ' ਦੀ ਦਰਸ਼ਕਾਂ ਵਿਚ ਜ਼ਬਰਦਸਤ ਉਡੀਕ ਸੀ। 'ਦੋ ਦੂਣੀ ਪੰਜ' ਨੂੰ 'ਅੱਪਰਾ ਫਿਲਮਜ਼' ਵੱਲੋਂ ਪੇਸ਼ ਕੀਤਾ ਗਿਆ ਹੈ। ਇਸ ਬੈਨਰ ਦੀ ਇਹ ਪਹਿਲੀ ਫਿਲਮ ਹੈ ਅਤੇ ਇਸ ਫਿਲਮ ਦੇ ਨਿਰਮਾਤਾ ਮਸ਼ਹੂਰ ਗਾਇਕ ਤੇ ਰੈਪ ਸਟਾਰ ਬਾਦਸ਼ਾਹ ਹਨ। ਬਾਦਸ਼ਾਹ ਦਾ ਕਹਿਣਾ ਹੈ ਕਿ ਉਹ ਹਿੰਦੀ ਫਿਲਮਾਂ ਲਈ ਕੰਮ ਕਰ ਰਹੇ ਹਨ ਪਰ ਉਨ੍ਹਾਂ ਦੀ ਦਿਲੀ ਇੱਛਾ ਸੀ ਕਿ ਪਹਿਲੀ ਫਿਲਮ ਪੰਜਾਬੀ ਵਿਚ ਬਣਾਉਣੀ ਹੈ ਅਤੇ ਅਜਿਹੀ ਫਿਲਮ ਦਾ ਨਿਰਮਾਣ ਕਰਨਾ ਹੈ, ਜੋ ਕਿਸੇ ਵੱਡੇ ਮਸਲੇ 'ਤੇ ਕੇਂਦਰਿਤ ਵੀ ਹੋਵੇ ਅਤੇ ਦਰਸ਼ਕਾਂ ਦਾ ਮਨੋਰੰਜਨ ਵੀ ਕਰੇ।

'ਦੋ ਦੂਣੀ ਪੰਜ' ਦੇ ਨਾਇਕ ਅੰਮ੍ਰਿਤ ਮਾਨ ਹਨ। ਅੰਮ੍ਰਿਤ ਮਾਨ ਮੁਤਾਬਕ, 'ਫਿਲਮ ਦੇ ਪ੍ਰਚਾਰ ਲਈ ਪੂਰੀ ਟੀਮ ਨੇ ਬੇਹੱਦ ਮਿਹਨਤ ਕੀਤੀ। ਈਸ਼ਾ ਰਿਖੀ ਫਿਲਮ ਦੀ ਹੀਰੋਇਨ ਹੈ। ਬਾਕੀ ਕਲਾਕਾਰਾਂ ਵਿਚ ਕਰਮਜੀਤ ਅਨਮੋਲ, ਸਰਦਾਰ ਸੋਹੀ, ਮਲਕੀਤ ਰੌਣੀ, ਰਾਣਾ ਰਣਬੀਰ, ਹਾਰਬੀ ਸੰਘਾ, ਨਿਰਮਲ ਰਿਸ਼ੀ ਆਦਿ ਹਨ। ਸਾਰਿਆਂ ਨੇ ਕਮਾਲ ਦਾ ਕੰਮ ਕੀਤਾ ਹੈ।' ਉਨ੍ਹਾਂ ਕਿਹਾ ਕਿ ਫਿਲਮ ਦੇ ਟਰੇਲਰ ਨੂੰ ਜਿਸ ਕਦਰ ਹੁੰਗਾਰਾ ਮਿਲਿਆ ਹੈ, ਉਹ ਬੇਮਿਸਾਲ ਹੈ। ਫਿਲਮ ਇਕ ਨੌਜਵਾਨ ਦਾ ਹਾਲ ਬਿਆਨ ਕਰੇਗੀ, ਜਿਸ ਨੂੰ ਡਿਗਰੀਆਂ ਦਾ ਥੱਬਾ ਚੁੱਕੀ ਰੱਖਣ ਦੇ ਬਾਵਜੂਦ ਕਿਧਰੇ ਰੁਜ਼ਗਾਰ ਨਹੀਂ ਮਿਲਦਾ।'

ਅੰਮ੍ਰਿਤ ਮਾਨ ਨੇ ਕਿਹਾ ਕਿ ਇਸ ਫਿਲਮ ਦੀ ਦੁਨੀਆਭਰ ਵਿਚ ਡਿਸਟ੍ਰੀਬਿਊਸ਼ਨ 'ਵ੍ਹਾਈਟ ਹਿੱਲ' ਵੱਲੋਂ ਕੀਤੀ ਜਾ ਰਹੀ ਹੈ। ਅਸੀਂ ਜਿੱਥੇ ਜਿੱਥੇ ਵੀ ਗਏ, ਦਰਸ਼ਕਾਂ ਵੱਲੋਂ ਇਹੀ ਕਿਹਾ ਗਿਆ ਕਿ ਉਹ 11 ਜਨਵਰੀ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਫ਼ਿਲਮ ਪੰਜਾਬੀ ਸਿਨੇਮੇ ਵਿਚ ਨਵਾਂ ਕੀਰਤੀਮਾਨ ਸਥਾਪਤ ਕਰੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News