ਰਿਲੀਜ਼ ਹੋਇਆ ਆਯੁਸ਼ਮਾਨ ਖੁਰਾਨਾ ਦੀ ਫਿਲਮ ''ਡ੍ਰੀਮ ਗਰਲ'' ਦਾ ਟਰੇਲਰ

Tuesday, August 13, 2019 11:16 AM
ਰਿਲੀਜ਼ ਹੋਇਆ ਆਯੁਸ਼ਮਾਨ ਖੁਰਾਨਾ ਦੀ ਫਿਲਮ ''ਡ੍ਰੀਮ ਗਰਲ'' ਦਾ ਟਰੇਲਰ

ਮੁੰਬਈ(ਬਿਊਰੋ)— ਆਯੁਸ਼ਮਾਨ ਖੁਰਾਨਾ ਦੀ ਫਿਲਮ 'ਡ੍ਰੀਮ ਗਰਲ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ। ਬੀਤੇ ਕੁਝ ਸਮੇਂ ਤੋਂ ਇਸ ਫਿਲਮ ਦੀ ਸੋਸ਼ਲ ਮੀਡੀਆ 'ਤੇ ਖੂਬ ਚਰਚਾ ਹੋ ਰਹੀ ਸੀ ਅਤੇ ਪੂਜਾ ਨਾਂ ਦੀ ਲੜਕੀ ਦੀ ਆਵਾਜ਼ ਵਾਇਰਲ ਹੋ ਰਹੀ ਸੀ, ਜਿਸ ਤੋਂ ਹੁਣ ਪਰਦਾ ਉੱਠ ਗਿਆ ਹੈ। ਇਹ ਪੂਜਾ ਕੋਈ ਹੋਰ ਨਹੀ ਸਗੋਂ ਬਾਲੀਵੁੱਡ ਐਕਟਰ ਆਯੁਸ਼ਮਾਨ ਖੁਰਾਨਾ ਹੈ। ਫਿਲਮ 'ਚ ਆਯੁਸ਼ਮਾਨ ਅਜਿਹੇ ਵਿਅਕਤੀ ਦਾ ਕਿਰਦਾਰ ਨਿਭਾ ਰਹੇ ਹਨ, ਜੋ ਆਪਣੀ ਆਵਾਜ਼ ਬਦਲ ਸਕਦਾ ਹੈ। ਫਿਲਮ ਦੀ ਕਹਾਣੀ ਇਕ ਬੇਰੁਜ਼ਗਾਰ 'ਤੇ ਆਧਾਰਿਤ ਹੈ, ਜੋ ਨੌਕਰੀ ਲਈ ਇਕ ਕਾਲ ਸੈਂਟਰ 'ਚ ਕੰਮ ਕਰਦਾ ਹੈ ਤੇ ਲੜਕੀ ਦੀ ਆਵਾਜ਼ 'ਚ ਗੱਲ ਕਰਦਾ ਹੈ। ਆਯੁਸ਼ਮਾਨ ਟਰੇਲਰ 'ਚ ਸਾਰਿਆਂ ਨਾਲ ਲੜਕੀ ਦੀ ਆਵਾਜ਼ 'ਚ ਪੂਜਾ ਬਣ ਕੇ ਗੱਲ ਕਰਦਾ ਹੈ। ਫਿਲਮ 'ਚ ਆਯੁਸ਼ਮਾਨ ਦੀ ਮੁਲਾਕਾਤ ਨੁਸਰਤ ਭਰੂਚਾ ਨਾਲ ਹੁੰਦੀ ਹੈ।

ਇਸ ਤੋਂ ਬਾਅਦ ਆਯੁਸ਼ਮਾਨ ਦੀ ਜ਼ਿੰਦਗੀ 'ਚ ਸ਼ੁਰੂ ਹੁੰਦਾ ਹੈ ਪ੍ਰੇਸ਼ਾਨੀਆਂ ਦਾ ਦੌਰ। ਫਿਲਮ ਦੇ ਟਰੇਲਰ 'ਚ ਤੁਹਾਨੂੰ ਮਜ਼ੇਦਾਰ ਡਾਇਲਾਗਸ ਦੇ ਨਾਲ ਯੂਪੀ ਦਾ ਟੱਚ ਨਜ਼ਰ ਆਵੇਗਾ। ਇਸ 'ਚ ਕਾਮੇਡੀ ਦਾ ਤੜਕਾ ਲਾਇਆ ਗਿਆ ਹੈ। ਫਿਲਮ ਦਾ ਡਾਇਰੈਕਸ਼ਨ ਰਾਜ ਸ਼ਾਂਡਿਲਿਆ ਨੇ ਕੀਤਾ ਹੈ, ਜੋ ਪਹਿਲਾਂ ਲੇਖਕ ਰਹੇ ਹਨ। ਫਿਲਮ 'ਚ ਆਯੁਸ਼ਮਾਨ ਖੁਰਾਨਾ ਤੇ ਨੁਸਰਤ ਭਰੂਚਾ ਤੋਂ ਇਲਾਵਾ ਅੰਨੂ ਕਪੂਰ, ਮਨਦੀਪ ਸਿੰਘ ਤੇ ਵਿਜੇ ਰਾਜ ਵਰਗੇ ਕਈ ਕਲਾਕਾਰ ਹਨ। ਫਿਲਮ 13 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


About The Author

manju bala

manju bala is content editor at Punjab Kesari