ਇਸ ਸਾਲ ਦਾ ਸਭ ਤੋਂ ਅਣਕਿਆਸਾ ਰੋਮਾਂਸ ‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’

2/6/2019 9:21:51 AM

ਕੁਝ ਪ੍ਰੇਮ ਕਹਾਣੀਆਂ ਅਸਾਨ ਨਹੀਂ ਹੁੰਦੀਆਂ, ਕੁਝ ਅਜਿਹੀ ਹੀ ਪ੍ਰੇਮ ਕਹਾਣੀ ’ਤੇ ਆਧਾਰਿਤ ਹੈ ਫਿਲਮ ‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’। ਇਹ ਫਿਲਮ ਇਕ ਅਜਿਹੇ ਸਬਜੈਕਟ ’ਤੇ ਆਧਾਰਤ ਹੈ, ਜਿਸ ਦੇ ਬਾਰੇ ਗੱਲ ਕਰਨਾ ਮੁਸ਼ਕਲ ਤਾਂ ਹੈ ਪਰ ਸਮਾਜ ਨੂੰ ਇਸ ਦੀ ਬਹੁਤ ਲੋੜ ਹੈ। ਫਿਲਮ ਆਪਣੀਆਂ ਸਾਰੀਆਂ ਗੁੰਝਲਾਂ ਵਿਚ ਵੀ ਪਿਆਰ ਦੀ ਗੱਲ ਕਰਦੀ ਹੈ ਅਤੇ ਸਮਾਜ ਨੂੰ ਉਸ ਨਾਲ ਬੰਨ੍ਹਦੀ ਹੈ ਭਾਵੇਂ ਫਿਰ ਇਹ ਨਾਮੁਮਕਿਨ ਸੁਪਨਾ ਹੋਵੇ ਜਾਂ ਫਿਰ ਦੁਬਾਰਾ ਪਿਆਰ ਦੀ ਭਾਲ ਜਾਂ ਫਿਰ ਬਿਨਾਂ ਕਿਸੇ ਜੱਜਮੈਂਟ ਦੇ ਸਮਝਾਉਣਾ। ਫਿਲਮ ‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’ ਜਿਹੀ ਲੀਕ ਤੋਂ ਹਟ ਕੇ ਇਸ ਫਿਲਮ ਦੇ ਰਾਹੀਂ ਡੈਬਿਊ ਕਰਨ ਵਾਲੀ ਡਾਇਰੈਕਟਰ ਸ਼ੈਲੀ ਚੋਪੜਾ ਅਤੇ ਵਿਧੂ ਵਿਨੋਦ ਚੋਪੜਾ ਨੇ ਕਮਰਸ਼ੀਅਲ ਸਿਨੇਮਾ ਦੀ ਸੂਰਤ ਬਦਲਣ ਦੀ ਕੋਸ਼ਿਸ਼ ਕੀਤੀ ਹੈ। ਸਮਲਿੰਗੀ ਰਿਸ਼ਤੇ ’ਤੇ ਗੱਲ ਕਰਦੀ ਇਹ ਫਿਲਮ ਫੈਮਿਲੀ ਅਤੇ ਪਿਓ-ਧੀ ਦੇ ਰਿਸ਼ਤੇ ਨੂੰ ਬਾਖੂਬੀ ਦਿਖਾਉਂਦੀ ਹੈ। ਫਿਲਮ ਵਿਚ ਸੋਨਮ ਕਪੂਰ ਤੋਂ ਇਲਾਵਾ ਅਨਿਲ ਕਪੂਰ, ਜੂਹੀ ਚਾਵਲਾ, ਰਾਜ ਕੁਮਾਰ ਰਾਓ ਤੇ ਹੋਰ ਪ੍ਰਸਿੱਧ ਕਲਾਕਾਰ ਮੁੱਖ ਭੂਮਿਕਾ ਵਿਚ ਹਨ। ਫਿਲਮ ਰਿਲੀਜ਼ ਹੋਣ ਤੋਂ ਬਾਅਦ ਬਾਕਸ ਆਫਿਸ ’ਤੇ ਪ੍ਰਸ਼ੰਸਕਾਂ ਦੀ ਮਿਲ ਰਹੀ ਵਾਹ-ਵਾਹ ਦੇ ਵਿਚਕਾਰ ਫਿਲਮ ਦੀ ਸਟਾਰ ਕਾਸਟ ਨੇ ਪੰਜਾਬ ਕੇਸਰੀ/ਨਵੋਦਯਾ ਟਾਈਮ/ਜਗ ਬਾਣੀ/ਹਿੰਦ ਸਮਾਚਾਰ ਨਾਲ ਗੱਲਬਾਤ ਕੀਤੀ।

ਫਿਲਮ ਦੇ ਜ਼ਰੀਏ ਮੈਸੇਜ : ਵਿਧੂ ਵਿਨੋਦ ਚੋਪੜਾ
ਸ਼ੈਲੀ ਨੇ ਜਦੋਂ ਪਹਿਲੀ ਵਾਰ ਮੈਨੂੰ ਇਸ ਦੀ ਕਹਾਣੀ ਸੁਣਾਈ ਤਾਂ ਮੈਂ ਅੱਖ ਬੰਦ ਕਰ ਕੇ ਬੋਲਿਆ ਕਿ ਜਿੰਨਾ ਵੀ ਪੈਸਾ ਲੱਗੇ, ਤੁਸੀਂ ਇਸ ਫਿਲਮ ਨੂੰ ਬਣਾਓ। ਸਿਰਫ ਮੈਂ ਹੀ ਨਹੀਂ, ਇਥੇ ਬੈਠੇ ਸੋਨਮ, ਰਾਜ, ਅਨਿਲ, ਜੂਹੀ ਅਤੇ ਰੇਜਿਨਾ ਸਾਰਿਆਂ ਨੇ ਪਹਿਲੀ ਵਾਰ ’ਚ ਹੀ ਇਸ ਫਿਲਮ ਲਈ ਹਾਂ ਕਰ ਦਿੱਤੀ ਸੀ। ਮੈਂ ਫਿਲਮ ਦੇ ਜ਼ਰੀਏ ਕੋਈ ਮੈਸੇਜ ਦੇਣ ਤੋਂ ਡਰਦਾ ਨਹੀਂ ਹਾਂ। ਜੇਕਰ ਕੋਈ ਵਿਵਾਦ ਹੁੰਦਾ ਹੈ ਤਾਂ ਮੈਨੂੰ ਕਈ ਦਿਨ ਬਾਅਦ ਪਤਾ ਲੱਗਦਾ ਹੈ ਕਿਉਂਕਿ ਮੈਂ ਸੋਸ਼ਲ ਮੀਡੀਆ ’ਤੇ ਨਹੀਂ ਹਾਂ।

ਫਿਲਮਾਂ ਲਿਆ ਸਕਦੀਆਂ ਹਨ ਸੋਸਾਇਟੀ ’ਚ ਤਬਦੀਲੀ
ਮੈਂ ਚਾਹੁੰਦਾ ਹਾਂ ਇਸ ਤਰ੍ਹਾਂ ਦੀਆਂ ਫਿਲਮਾਂ ਬਣਨ। ਫਿਲਮ ਇਕ ਅਜਿਹਾ ਮਾਧਿਅਮ ਹੈ ਜਿਸ ਦੇ ਰਾਹੀਂ ਸਮਾਜ ਵਿਚ ਤਬਦੀਲੀ ਲਿਆਂਦੀ ਜਾ ਸਕਦੀ ਹੈ। ਮੈਨੂੰ ਲੱਗਦਾ ਹੈ ਕਿ ਫਿਲਮ ਮੇਕਰ ਦੀ ਇਹ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਕਿ ਉਹ ਕੁਝ ਨਾ ਕੁਝ ਅਜਿਹਾ ਮੈਸੇਜ ਜ਼ਰੂਰ ਲਿਆਉਣ, ਜਿਸ ਨਾਲ ਲੋਕਾਂ ਨੂੰ ਚੰਗਾ ਸੁਨੇਹਾ ਮਿਲ ਸਕੇ।

ਭਾਵਨਾਤਮਕ ਕਹਾਣੀ ਹੈ : ਸ਼ੈਲੀ ਚੋਪੜਾ
ਸਾਡੇ ਦੇਸ਼ ਦੀ ਸਭਿਅਤਾ ਹੈ ਕਿ ਅਸੀਂ ਕਹਾਣੀਆਂ ਤੋਂ ਸਿੱਖਦੇ ਹਾਂ। ਬਚਪਨ ਵਿਚ ਸਾਨੂੰ ਤਰ੍ਹਾਂ-ਤਰ੍ਹਾਂ ਦੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਸਨ, ਜਿਨ੍ਹਾਂ ਨੂੰ ਸੁਣ ਕੇ ਮਜ਼ਾ ਆਉਂਦਾ ਸੀ। ਮੈਂ ਇਸੇ ਸਭਿਅਤਾ ਨੂੰ ਧਿਆਨ ਵਿਚ ਰੱਖ ਕੇ ਫਿਲਮ ਬਣਾਈ ਹੈ, ਜਿਸ ਨੂੰ ਦੇਖ ਕੇ ਲੋਕਾਂ ਦੀ ਸੋਚ ਵਿਚ ਤਬਦੀਲੀ ਆਵੇ।

ਚੰਗੀ ਕਹਾਣੀ ਦੀ ਭਾਲ ’ਚ ਰਹਿੰਦਾ ਹਾਂ : ਰਾਜ ਕੁਮਾਰ ਰਾਵ
ਫਿਲਮ ਨੂੰ ਕਰਨਾ ਜਾਂ ਨਾ ਕਰਨਾ ਤੁਹਾਡੇ ਹੱਥ ਵਿਚ ਹੁੰਦਾ ਹੈ। ਜਿਹੜੀ ਸਕ੍ਰਿਪਟ ਤੁਹਾਨੂੰ ਚੰਗੀ ਲੱਗੇ, ਉਹੀ ਕਰੋ। ਮੈਂ ਇਹ ਨਹੀਂ ਸੋਚਦਾ ਕਿ ਮੈਨੂੰ ਸਿਰਫ ਸੋਲੋ ਲੀਡ ਐਕਟਰ ਵਾਲੀ ਫਿਲਮ ਹੀ ਮਿਲੇ। ਮੈਨੂੰ ਚੰਗੀ ਕਹਾਣੀ ਦੀ ਭਾਲ ਰਹਿੰਦੀ ਹੈ। ਇਹ ਬਹੁਤ ਪਿਆਰੀ ਫਿਲਮ ਹੈ ਤੇ ਅਜਿਹੀਆਂ ਫਿਲਮਾਂ ਘੱਟ ਹੀ ਆਉਂਦੀਆਂ ਹਨ, ਜੋ ਇੰਟਰਟੇਨਮੈਂਟ ਵੀ ਕਰਨ ਤੇ ਇਕ ਸੁਨੇਹਾ ਵੀ ਦੇਵੇ।

ਸਕ੍ਰਿਪਟ ਸੁਣਦਿਆਂ ਹੀ ਹਾਂ ਕਰ ਦਿੱਤੀ ਸੀ : ਜੂਹੀ ਚਾਵਲਾ
ਮੈਂ ਜਿਸ ਦਿਨ ਸ਼ੈਲੀ ਜੀ ਨਾਲ ਬੈਠ ਕੇ ਸਕ੍ਰਿਪਟ ਸੁਣੀ, ਉਸੇ ਦਿਨ ਹਾਂ ਕਰ ਦਿੱਤੀ ਸੀ। ਇਸ ਦੀ ਕਹਾਣੀ ਵਿਚ ਉਹ ਹਰ ਚੀਜ਼ ਹੈ, ਜੋ ਦਰਸ਼ਕ ਚਾਹੁੰਦੇ ਹਨ। ਹਾਸਾ-ਮਜ਼ਾਕ ਵੀ ਕਾਫੀ ਹੈ। ਇਹ ਦੋਸਤਾਂ ਦੀ ਕਹਾਣੀ ਹੈ, ਜਿਸ ਵਿਚ ਲਵ, ਰੋਮਾਂਸ, ਡਰਾਮਾ ਤੇ ਹੋਰ ਬਹੁਤ ਕੁਝ ਹੈ।

ਖੁਸ਼ਕਿਸਮਤ ਹਾਂ : ਰੇਜਿਨਾ ਕੈਸੇਂਦ੍ਰਾ
ਮੇਰੀ ਪਹਿਲੀ ਤਾਮਿਲ ਫਿਲਮ ਵੀ ਮਹਿਲਾ ਡਾਇਰੈਕਟਰ ਨਾਲ ਸੀ ਅਤੇ ਇਹ ਬਾਲੀਵੁਡ ਡੈਬਿਊ ਫਿਲਮ ਵੀ ਮਹਿਲਾ ਡਾਇਰੈਕਟਰ ਨਾਲ ਹੈ। ਮੈਂ ਫੈਮੀਨਿਸਟ ਨਹੀਂ ਹਾਂ ਪਰ ਇਕ ਭਾਵਨਾਤਮਕ ਤੌਰ ’ਤੇ ਜੁੜੀ ਹੋਈ ਹਾਂ। ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਚੰਗਾ ਪ੍ਰੋਡਕਸ਼ਨ ਹਾਊਸ ਮਿਲਿਆ ਅਤੇ ਚੰਗੇ ਕੋ-ਸਟਾਰ ਮਿਲੇ। ਸਮਲਿੰਗੀ ਰਿਸ਼ਤਿਆਂ ਦੀ ਗੱਲ ਕਰਦੀ ਇਹ ਫਿਲਮ ਫੈਮਿਲੀ ਅਤੇ ਪਿਓ-ਧੀ ਦੇ ਸੰਜੀਦਾ ਰਿਸ਼ਤਿਆਂ ਨੂੰ ਦਰਸਾਉਂਦੀ ਹੈ।

ਬੱਚਿਆਂ ਤੋਂ ਹਮੇਸ਼ਾ ਸਿੱਖਣ ਨੂੰ ਮਿਲਿਆ
ਮੈਨੂੰ ਲੱਗਦਾ ਹੈ ਕਿ ਬੱਚਿਆਂ ਤੋਂ ਹਮੇਸ਼ਾ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੈ। ਫਿਲਮ ਦੌਰਾਨ ਮੈਂ ਰਾਜਕੁਮਾਰ ਅਤੇ ਸੋਨਮ ਤੋਂ ਬਹੁਤ ਕੁਝ ਸਿੱਖਿਆ ਹੈ। ਨੌਜਵਾਨ ਬੱਚਿਆਂ ਦਾ ਕੰਮ ਕਰਨ ਦਾ ਤਰੀਕਾ ਵੱਖਰਾ ਹੀ ਹੁੰਦਾ ਹੈ। ਇਸੇ ਕਾਰਨ ਕੰਪਨੀ ਵਿਚ ਯੰਗਸਟਰ ਨੂੰ ਰੱਖਿਆ ਜਾਂਦਾ ਹੈ। ਉਨ੍ਹਾਂ ਕੋਲ ਨਵੀਂ ਸੋਚ ਤੇ ਆਈਡੀਆਜ਼ ਹੁੰਦੇ ਹਨ। ਮੈਂ ਤਾਂ ਹਮੇਸ਼ਾ ਨਵੇਂ ਬੱਚਿਆਂ ਨਾਲ ਕੰਮ ਕਰ ਕੇ ਉਨ੍ਹਾਂ ਤੋਂ ਸਿੱਖਣ ਲਈ ਤਿਆਰ ਰਹਿੰਦਾ ਹਾਂ।

ਮੈਂ ਸਟਾਰ ਬਣਨ ਨਹੀਂ ਆਈ : ਸੋਨਮ ਕਪੂਰ
ਮੈਂ ਕੋਈ ਵੀ ਫਿਲਮ ਇਹ ਸੋਚ ਕੇ ਨਹੀਂ ਕਰਦੀ ਕਿ ਇਹ ਫਿਲਮ ਮੇਰੇ ਕਰੀਅਰ ਨੂੰ ਕਿਥੇ ਲੈ ਜਾਵੇਗੀ ਅਤੇ ਇਕ ਕਲਾਕਾਰ ਹੋਣ ਦੇ ਨਾਤੇ ਤੁਹਾਡਾ ਕੰਮ ਹੈ ਐਕਟਿੰਗ ਕਰਨਾ। ਭਾਵੇਂ ਉਹ ਜਿਹੋ-ਜਿਹਾ ਵੀ ਕਿਰਦਾਰ ਹੋਵੇ। ਉਂਝ ਇਸ ਫਿਲਮ ਦਾ ਕਿਰਦਾਰ ਮੇਰੇ ਬਿਲਕੁਲ ਅਾਪੋਜ਼ਿਟ ਹੈ। ਉਹ ਬਹੁਤ ਸ਼ਰਮੀਲੀ ਤੇ ਦੱਬੀ ਜਿਹੀ ਕੁੜੀ ਹੈ। ਮੈਂ ਇਸ ਫਿਲਮ ਨਗਰੀ ਵਿਚ ਸਟਾਰ ਬਣਨ ਨਹੀਂ ਆਈ। ਸਟਾਰ ਬਣ ਵੀ ਗਈ ਹਾਂ ਤਾਂ ਉਹ ਤੁਹਾਡੀ ਮਿਹਰਬਾਨੀ ਹੈ। ਇਕ ਕਲਾਕਾਰ ਹੋਣ ਦੇ ਨਾਤੇ ਇਸ ਤਰ੍ਹਾਂ ਦੇ ਕਿਰਦਾਰ ਨਿਭਾਉਣਾ ਤੁਹਾਡੀ ਜ਼ਿੰਮੇਵਾਰੀ ਹੈ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News