Exclusive Interview : ਮੁੰਨਾ ਮਾਈਕਲ : ਟਾਈਗਰ ਦਾ 'ਜੈਕਸਨ ਅਵਤਾਰ'

7/19/2017 2:10:12 PM

ਬਾਲੀਵੁੱਡ ਦੇ ਉੱਭਰਦੇ ਅਭਿਨੇਤਾ ਟਾਈਗਰ ਸ਼ਰਾਫ ਦੀ ਚੌਥੀ ਫਿਲਮ 'ਮੁੰਨਾ ਮਾਈਕਲ' 21 ਜੁਲਾਈ ਯਾਨੀ ਇਸੇ ਸ਼ੁੱਕਰਵਾਰ ਰਿਲੀਜ਼ ਹੋ ਰਹੀ ਹੈ। 'ਹੀਰੋਪੰਤੀ', 'ਬਾਗੀ' ਅਤੇ 'ਏ ਫਲਾਇੰਗ ਜੱਟ' ਵਿਚ ਕੰਮ ਕਰ ਚੁੱਕੇ ਟਾਈਗਰ ਆਪਣੀ ਅਗਲੀ ਫਿਲਮ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਆਪਣੀ ਇਸ ਫਿਲਮ ਨੂੰ ਉਹ ਮਹਾਨ ਪੌਪ ਕਲਾਕਾਰ ਮਾਈਕਲ ਜੈਕਸਨ ਨੂੰ ਸ਼ਰਧਾਂਜਲੀ ਮੰਨਦੇ ਹਨ। ਇਸ ਫਿਲਮ 'ਚ ਉਹ ਮਾਈਕਲ ਵਾਂਗ ਡਾਂਸ ਕਰਦੇ ਨਜ਼ਰ ਆਉਣਗੇ, ਜਿਸ ਲਈ ਉਨ੍ਹਾਂ ਨੇ ਆਪਣੇ ਮੂਵਸ ਨੂੰ ਸਟੀਕ ਬਣਾਉਣ ਲਈ ਬਹੁਤ ਪਸੀਨਾ ਵਹਾਇਆ ਹੈ। ਸਾਬਿਰ ਖਾਨ ਨਿਰਦੇਸ਼ਿਤ ਇਸ ਫਿਲਮ 'ਚ ਟਾਈਗਰ ਨਾਲ ਨਿਧੀ ਅਗਰਵਾਲ ਅਤੇ ਨਵਾਜ਼ੂਦੀਨ ਸਿੱਦੀਕੀ ਕਿਰਦਾਰ ਨਿਭਾ ਰਹੇ ਹਨ। ਹਾਲ ਹੀ 'ਚ ਫਿਲਮ ਪ੍ਰਮੋਸ਼ਨ ਲਈ ਟਾਈਗਰ ਤੇ ਨਿਧੀ ਦਿੱਲੀ ਸਥਿਤ ਨਵੋਦਿਆ ਟਾਈਮਜ਼/ਜਗ ਬਾਣੀ ਦੇ ਦਫਤਰ ਪਹੁੰਚੇ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼ :
PunjabKesari
ਡਾਂਸ ਤੋਂ ਇਲਾਵਾ ਵੀ ਬਹੁਤ ਕੁਝ
ਟਾਈਗਰ ਦੱਸਦੇ ਹਨ, ''ਇਸ ਫਿਲਮ 'ਚ ਮੈਂ ਮਾਈਕਲ ਜੈਕਸਨ ਦੇ ਪ੍ਰਸ਼ੰਸਕ ਦਾ ਕਿਰਦਾਰ ਨਿਭਾਇਆ ਹੈ। ਇਹ ਫਿਲਮ ਸਿਰਫ ਡਾਂਸਿੰਗ 'ਤੇ ਆਧਾਰਿਤ ਨਹੀਂ ਹੈ। ਅਸੀਂ ਫਿਲਮ 'ਚ ਮਾਈਕਲ ਜੈਕਸਨ ਨੂੰ ਸ਼ਰਧਾਂਜਲੀ ਦਿੰਦੇ ਹੋਏ 'ਬੇਪਰਵਾਹ' ਗਾਣਾ ਸ਼ੂਟ ਕੀਤਾ ਹੈ, ਜੋ ਮੇਰੇ ਲਈ ਸੁਪਨਾ ਪੂਰਾ ਹੋਣ ਵਾਂਗ ਸੀ। ਹਰ ਸ਼ਾਟ ਅਤੇ ਟੇਕ ਤੋਂ ਬਾਅਦ ਮੈਂ ਉਲਟੀ ਕਰਦਾ ਸੀ ਕਿਉਂਕਿ ਮੈਂ ਹਰ ਸ਼ਾਟ 'ਚ ਆਪਣਾ ਸਾਰਾ ਜ਼ੋਰ ਲਾ ਦਿੰਦਾ ਸੀ। ਇਸ ਫਿਲਮ 'ਚ ਕਾਫੀ ਡਾਂਸ ਹੈ ਪਰ ਇਸ 'ਚ ਡਾਂਸਿੰਗ ਤੋਂ ਇਲਾਵਾ ਵੀ ਬਹੁਤ ਕੁਝ ਹੈ। ਮੇਰੇ ਅਤੇ ਨਵਾਜ਼ ਦਰਮਿਆਨ ਇਸ 'ਚ ਵੱਖਰੀ ਤਰ੍ਹਾਂ ਦੀ ਕੈਮਿਸਟਰੀ ਦਿਖਾਈ ਗਈ ਹੈ। ਫਿਲਮ 'ਚ ਸਾਨੂੰ ਵੱਖ-ਵੱਖ ਤਰ੍ਹਾਂ ਦੇ ਇਨਸਾਨਾਂ ਦੇ ਰੂਪ 'ਚ ਦਿਖਾਇਆ ਗਿਆ ਹੈ, ਜਿਨ੍ਹਾਂ 'ਚ ਕਈ ਤਰ੍ਹਾਂ ਦੀਆਂ ਸਮਾਨਤਾਵਾਂ ਵੀ ਹਨ, ਜੋ ਪਰਦੇ 'ਤੇ ਦੇਖਣ 'ਚ ਕਾਫੀ ਮਜ਼ੇਦਾਰ ਲੱਗੇਗਾ।

ਨਵਾਜ਼ੂਦੀਨ ਤੋਂ ਕਾਫੀ ਕੁਝ ਸਿੱਖਿਆ
ਟਾਈਗਰ ਮੁਤਾਬਕ, ''ਪਹਿਲੀ ਵਾਰ ਜਦੋਂ ਇੰਨੇ ਵੱਡੇ ਕਲਾਕਾਰ (ਨਵਾਜ਼ੂਦੀਨ ਸਿੱਦੀਕੀ) ਨਾਲ ਕੰਮ ਕਰਨਾ ਸੀ ਤਾਂ ਮੈਂ ਬਹੁਤ ਡਰਿਆ ਹੋਇਆ ਸੀ ਪਰ ਜਦੋਂ ਕੰਮ ਕੀਤਾ ਤਾਂ ਪਤਾ ਲੱਗਾ ਕਿ ਉਹ ਬਹੁਤ ਹੀ ਸਿੱਧੇ ਤੇ ਚੰਗੇ ਹਨ। ਉਹ ਅਜਿਹੇ ਕਲਾਕਾਰ ਹਨ, ਜਿਨ੍ਹਾਂ ਤੋਂ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ ਅਤੇ ਮੈਂ ਉਨ੍ਹਾਂ ਤੋਂ ਕਾਫੀ ਕੁਝ ਸਿੱਖਿਆ ਵੀ ਹੈ। ਨਵਾਜ਼ ਸਰ ਬਹੁਤ ਮਿਹਨਤ ਨਾਲ ਇਥੋਂ ਤਕ ਪਹੁੰਚੇ ਹਨ। ਇੰਨੀ ਤਾਰੀਫ ਅਤੇ ਸਫਲਤਾ ਮਿਲਣ ਦੇ ਬਾਵਜੂਦ ਉਹ ਸਾਧਾਰਨ ਹਨ। ਉਨ੍ਹਾਂ ਦਾ ਕਹਿਣਾ ਹੈ, ''ਹਾਲੀਵੁੱਡ ਅਤੇ ਬਾਲੀਵੁੱਡ ਫਿਲਮਾਂ ਦੇ ਬਜਟ 'ਚ ਬਹੁਤ ਫਰਕ ਹੁੰਦਾ ਹੈ। ਦੋਵਾਂ ਦੀ ਕੋਈ ਤੁਲਨਾ ਨਹੀਂ ਹੋ ਸਕਦੀ। ਮੈਂ ਖੁਦ ਹਾਲੀਵੁੱਡ ਫਿਲਮ 'ਸਪਾਈਡਰਮੈਨ' ਵਿਚ ਸਪਾਈਡਰ ਬਣਨਾ ਚਾਹੁੰਦਾ ਹਾਂ, ਜਿਵੇਂ ਕਿ ਮੈਂ ਹਮੇਸ਼ਾ ਤੋਂ ਕਿਹਾ ਹੈ ਕਿ ਅਜੇ ਮੇਰਾ ਸੁਪਨਾ ਅੱਧਾ ਪੂਰਾ ਹੋਇਆ ਹੈ। ਉਮੀਦ ਹੈ ਕਿ ਅੱਗੇ ਜਾ ਕੇ ਇਹ ਸੁਪਨਾ ਵੀ ਪੂਰਾ ਹੋ ਜਾਵੇਗਾ।''

40 ਦੀ ਉਮਰ 'ਚ ਡਾਂਸ ਸਿੱਖਣਾ ਵੱਡੀ ਗੱਲ
ਟਾਈਗਰ ਕਹਿੰਦੇ ਹਨ, ''ਨਵਾਜ਼ ਸਰ ਨਾਨ-ਡਾਂਸਰ ਹਨ ਪਰ ਡਾਂਸ ਸਿੱਖਣਾ ਚਾਹੁੰਦੇ ਹਨ। ਮੇਰੇ ਹਿਸਾਬ ਨਾਲ ਡਾਂਸ ਸਿੱਖਣਾ ਜ਼ਿਆਦਾ ਮੁਸ਼ਕਿਲ ਹੈ। ਸਿਖਾਉਣਾ ਜ਼ਿਆਦਾ ਆਸਾਨ ਹੈ ਕਿਉਂਕਿ ਸਿਖਾਉਣ ਸਮੇਂ ਤਕਨੀਕ ਪਤਾ ਹੁੰਦੀ ਹੈ ਕਿ ਅਜਿਹਾ ਕਰਨਾ ਹੈ। 40 ਸਾਲ ਦੀ ਉਮਰ 'ਚ ਡਾਂਸ ਸਿੱਖਣਾ ਬਹੁਤ ਵੱਡੀ ਗੱਲ ਹੈ, ਫਿਰ ਵੀ ਨਵਾਜ਼ ਸਰ ਨੇ ਬਹੁਤ ਚੰਗਾ ਕੀਤਾ ਹੈ।''

'ਪਾਪਾ ਦੇ ਮੋਢਿਆਂ 'ਤੇ ਬੈਠ ਕੇ ਦੇਖਿਆ ਸੀ ਉਹ ਕੰਸਰਟ'
ਭਿਨੇਤਾ ਨੇ ਕਿਹਾ, ''ਮੈਂ ਅੱਜ ਜੋ ਕੁਝ ਹਾਂ, ਮਾਈਕਲ ਜੈਕਸਨ ਦੀ ਵਜ੍ਹਾ ਨਾਲ ਹਾਂ। ਮੈਂ ਬਚਪਨ ਤੋਂ ਉਨ੍ਹਾਂ ਦਾ ਫੈਨ ਹਾਂ। ਜਦੋਂ ਮੈਂ ਪੰਜ ਸਾਲ ਦਾ ਸੀ, ਉਦੋਂ ਮਾਈਕਲ ਜੈਕਸਨ ਕੰਸਰਟ ਲਈ ਮੁੰਬਈ ਆਏ ਸਨ ਤੇ ਮੈਂ ਉਹ ਕੰਸਰਟ ਪਾਪਾ (ਅਭਿਨੇਤਾ ਜੈਕੀ ਸ਼ਰਾਫ) ਦੇ ਮੋਢਿਆਂ 'ਤੇ ਬੈਠ ਕੇ ਦੇਖਿਆ ਸੀ। ਬਸ ਮਾਈਕਲ ਜੈਕਸਨ ਨਾਲ ਦੀਵਾਨਗੀ ਦੀ ਇਹ ਕਹਾਣੀ ਉਦੋਂ ਤੋਂ ਸ਼ੁਰੂ ਹੋ ਗਈ ਸੀ। ਉਨ੍ਹਾਂ ਦਾ ਕਹਿਣਾ ਹੈ, ''ਫਿਲਮ ਦਾ ਗਾਣਾ 'ਡਿੰਗ ਡਾਂਗ' ਮੇਰੇ ਪਿਤਾ ਲਈ ਟ੍ਰਿਬਿਊਟ ਹੈ। ਇਸ ਗਾਣੇ 'ਚ ਮੈਂ ਆਪਣੇ ਪਿਤਾ ਦੇ ਅੰਦਾਜ਼ 'ਚ ਕੱਪੜੇ ਪਾਏ ਹਨ। ਮੇਰੇ ਪਿਤਾ ਮੇਰੇ ਦੋਸਤ ਹਨ। ਉਹ ਮੇਰੇ ਪਹਿਲੇ ਹੀਰੋ ਹਨ। ਉਨ੍ਹਾਂ ਦੀ ਵਜ੍ਹਾ ਨਾਲ ਮੈਂ ਇੰਡਸਟਰੀ 'ਚ ਹਾਂ। ਇਸ ਲਈ ਉਨ੍ਹਾਂ ਲਈ ਇਹ ਕਰਨਾ ਤਾਂ ਬਣਦਾ ਹੈ।''

PunjabKesari
ਛੋਟੇ ਸ਼ਹਿਰ ਦੀ ਲੜਕੀ ਦੇ ਸੁਪਨੇ
ਅਭਿਨੇਤਰੀ ਨਿਧੀ ਅਗਰਵਾਲ ਦੱਸਦੀ ਹੈ, ''ਮੈਂ ਇਸ ਵਿਚ ਡਾਲੀ ਨਾਂ ਦੀ ਲੜਕੀ ਦੇ ਕਿਰਦਾਰ ਵਿਚ ਹਾਂ, ਜੋ ਛੋਟੇ ਸ਼ਹਿਰ ਮੇਰਠ ਦੀ ਹੈ। ਡਾਲੀ ਦੇ ਬਹੁਤ ਸਾਰੇ ਸੁਪਨੇ ਹਨ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਉਹ ਮੇਰਠ ਤੋਂ ਦਿੱਲੀ ਅਤੇ ਦਿੱਲੀ ਤੋਂ ਮੁੰਬਈ ਜਾਂਦੀ ਹੈ। ਉਹ ਪਹਿਲਾਂ ਡਾਂਸਰ ਬਣਨਾ ਚਾਹੁੰਦੀ ਹੈ, ਫਿਰ ਐਕਟਰ ਅਤੇ ਇਸ ਤਰ੍ਹਾਂ ਉਸਦੀਆਂ ਇੱਛਾਵਾਂ ਵਧਦੀਆਂ ਜਾਂਦੀਆਂ ਹਨ।''

ਮੁਸ਼ਕਿਲ ਸੀ ਇਥੋਂ ਤਕ ਪਹੁੰਚਣਾ
ਨਿਧੀ ਮੁਤਾਬਿਕ, ''ਫਿਲਮ ਜਗਤ ਨਾਲ ਮੇਰਾ ਕੋਈ ਸੰਪਰਕ ਨਹੀਂ ਸੀ। ਮੈਂ ਵਪਾਰਕ ਘਰਾਣੇ ਤੋਂ ਆਈ ਹਾਂ। ਇਥੋਂ ਤਕ ਪਹੁੰਚਣਾ ਕਾਫੀ ਮੁਸ਼ਕਿਲ ਸੀ ਪਰ ਅਜਿਹਾ ਨਹੀਂ ਹੈ ਕਿ ਹੁਣ ਚੀਜ਼ਾਂ ਮੇਰੇ ਲਈ ਬਿਲਕੁਲ ਆਸਾਨ ਹੋ ਗਈਆਂ ਹਨ। ਪਹਿਲਾਂ ਮੈਨੂੰ ਲੱਗਦਾ ਸੀ ਕਿ ਇਕ ਫਿਲਮ ਕਰ ਲਵਾਂਗੀ ਤਾਂ ਫਿਰ ਸਭ ਕੁਝ ਆਸਾਨ ਹੋ ਜਾਵੇਗਾ ਪਰ ਅਜਿਹਾ ਕੁਝ ਵੀ ਨਹੀਂ ਹੁੰਦਾ ਹੈ। ਇਕ ਵਾਰ ਜਦੋਂ ਤੁਹਾਨੂੰ ਫਿਲਮ ਮਿਲ ਜਾਂਦੀ ਹੈ ਤਾਂ ਉਸ ਤੋਂ ਬਾਅਦ ਦਬਾਅ ਵਧ ਜਾਂਦਾ ਹੈ ਅਤੇ ਫਿਰ ਇਹ ਕਦੇ ਘੱਟ ਨਹੀਂ ਹੁੰਦਾ ਹੈ।''

'ਇਥੇ ਹਾਂ ਫਿਲਮਾਂ ਦੇਖਣ ਦੇ ਸ਼ੌਕ ਕਰਕੇ'
ਅਭਿਨੇਤਰੀ ਦਾ ਕਹਿਣਾ ਹੈ, ''ਮੈਨੂੰ ਬਚਪਨ ਤੋਂ ਫਿਲਮਾਂ ਦੇਖਣ ਦਾ ਬਹੁਤ ਸ਼ੌਕ ਹੈ ਅਤੇ ਇਸੇ ਵਜ੍ਹਾ ਕਰਕੇ ਮੈਂ ਅੱਜ ਇਥੇ ਹਾਂ। ਦੀਪਿਕਾ ਪਾਦੁਕੋਣ ਮੈਨੂੰ ਕਾਫੀ ਪਸੰਦ ਹੈ।'' ਉਹ ਦੱਸਦੀ ਹੈ, ''ਨਵਾਜ਼ ਸਰ ਸੈੱਟ 'ਤੇ ਚੁੱਪਚਾਪ ਬੈਠੇ ਰਹਿੰਦੇ ਹਨ। ਉਨ੍ਹਾਂ ਦੇ ਸ਼ਾਂਤ ਸੁਭਾਅ ਤੋਂ ਵੀ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ। ਉਥੇ ਹੀ ਟਾਈਗਰ ਨੇ ਮੈਨੂੰ ਬੁਨਿਆਦੀ ਚੀਜ਼ਾਂ ਸਿਖਾਈਆਂ, ਜਿਵੇਂ ਕੈਮਰੇ ਦਾ ਸਾਹਮਣਾ ਕਰਨਾ। ਮੈਂ ਲੱਕੀ ਹਾਂ, ਜੋ ਮੈਨੂੰ ਪਹਿਲੀ ਹੀ ਫਿਲਮ ਵਿਚ ਟਾਈਗਰ ਅਤੇ ਨਵਾਜ਼ ਸਰ ਨਾਲ ਕੰਮ ਕਰਨ ਦਾ ਮੌਕਾ ਮਿਲਿਆ।'' ਨਿਧੀ ਇਹ ਵੀ ਕਹਿੰਦੀ ਹੈ, ''ਮਾਰਸ਼ਲ ਆਰਟ ਹੋਵੇ ਜਾਂ ਐਕਸ਼ਨ ਜਾਂ ਫਿਰ ਡਾਂਸ, ਹਰ ਚੀਜ਼ ਵਿਚ ਟਾਈਗਰ ਬੈਸਟ ਹੈ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News