'ਫੈਨ ਫਾਲੋਇੰਗ' ਗੀਤ ਨਾਲ ਮੁੜ ਚਰਚਾ 'ਚ ਪੰਜਾਬੀ ਗਾਇਕ ਸਮੀਰ (ਵੀਡੀਓ)

3/5/2018 7:25:04 PM

ਜਲੰਧਰ (ਬਿਊਰੋ)— ਪੰਜਾਬੀ ਗਾਇਕ ਸਮੀਰ ਦੇ ਨਵੇਂ ਗੀਤ 'ਫੈਨ ਫਾਲੋਇੰਗ' ਦਾ ਆਡੀਓ ਰਿਲੀਜ਼ ਹੋਇਆ ਹੈ, ਜਿਹੜਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਸਮੀਰ ਦਾ ਇਹ ਦੂਜਾ ਸਿੰਗਲ ਟਰੈਕ ਹੈ। ਇਸ ਤੋਂ ਪਹਿਲਾਂ ਸਮੀਰ ਤਿੰਨ ਮਿਊਜ਼ਿਕ ਐਲਬਮਾਂ ਤੇ ਇਕ ਸਿੰਗਲ ਟਰੈਕ ਕਰ ਚੁੱਕੇ ਹਨ। 'ਫੈਨ ਫਾਲੋਇੰਗ' ਗੀਤ ਨੂੰ ਸਮੀਰ ਨੇ ਬਹੁਤ ਹੀ ਖੂਬਸੂਰਤੀ ਨਾਲ ਨਿਭਾਇਆ ਹੈ।
ਗੀਤ ਦੇ ਬੋਲ ਬਲਜੀਤ ਸਲਾਨੀ ਨੇ ਲਿਖੇ ਹਨ, ਜਦਕਿ ਇਸ ਨੂੰ ਸੰਗੀਤ ਰਾਂਝਾ ਯਾਰ ਨੇ ਦਿੱਤਾ ਹੈ। ਗੀਤ ਮੰਗਲਾ ਰਿਕਾਰਡਸ ਦੇ ਬੈਨਰ ਹੇਠ 23 ਫਰਵਰੀ ਨੂੰ ਰਿਲੀਜ਼ ਹੋਇਆ। ਗੀਤ ਨੂੰ ਪ੍ਰੋਡਿਊਸ ਮਨਪ੍ਰੀਤ ਸੋਢੀ ਨੇ ਕੀਤਾ ਹੈ।
ਦੱਸਣਯੋਗ ਹੈ ਕਿ ਸਮੀਰ ਦੀ ਪਹਿਲੀ ਐਲਬਮ 'ਸ਼ੌਕੀਨੀ' ਸੀ, ਜਿਸ ਦਾ ਗੀਤ 'ਨੀਂ ਤੂੰ ਪੱਟ ਤੀ ਸ਼ਕੀਨੀ ਨੇ' ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। ਇਸ ਤੋਂ ਬਾਅਦ ਸਮੀਰ ਨੇ 'ਲਵ ਯੂ' ਐਲਬਮ ਨਾਲ ਸਰੋਤਿਆਂ ਦੀ ਕਚਿਹਰੀ 'ਚ ਹਾਜ਼ਰੀ ਭਰੀ। 'ਲਵ ਯੂ' ਐਲਬਮ ਦਾ ਗੀਤ 'ਅਸੀਂ ਕਹਿ ਕੇ ਉਸ ਨੂੰ ਲਵ ਯੂ ਉਸ ਦੀ ਯਾਰੀ ਤੋਂ ਵੀ ਗਏ' ਅੱਜ ਵੀ ਸੁਣਿਆ ਜਾਂਦਾ ਹੈ।

ਸਮੀਰ ਦਾ ਪਹਿਲਾ ਸਿੰਗਲ ਟਰੈਕ 'ਯਾਰ ਅਣਮੁੱਲੇ' ਐਲਬਮ 'ਚੋਂ 'ਗੱਭਰੂ ਨੂੰ ਰੱਖ ਤਾ ਦੀਵਾਨਾ ਕਰਕੇ' ਸੀ, ਜਿਹੜਾ ਸਾ ਰੇ ਗਾ ਮਾ ਕੰਪਨੀ ਵਲੋਂ ਰਿਲੀਜ਼ ਕੀਤਾ ਗਿਆ ਸੀ। ਸਮੀਰ ਨੇ ਗਾਇਕੀ ਸਫਰ ਦੀ ਸ਼ੁਰੂਆਤ 2007 'ਚ ਕੀਤੀ ਸੀ। ਹਾਲਾਂਕਿ ਇਸ ਤੋਂ ਪਹਿਲਾਂ ਵੀ ਸਮੀਰ ਦੀਆਂ ਕੋਸ਼ਿਸ਼ਾਂ ਜਾਰੀ ਸਨ।
ਮਿਹਨਤ ਬਾਰੇ ਸਮੀਰ ਦੀ ਵੱਖਰੀ ਹੀ ਰਾਏ ਹੈ। ਸਮੀਰ ਦਾ ਕਹਿਣਾ ਹੈ ਕਿ ਸਾਡੀ ਮਿਹਨਤ ਕਰਨੀ ਉਦੋਂ ਤਕ ਸਫਲ ਨਹੀਂ ਰਹਿੰਦੀ, ਜਦੋਂ ਤਕ ਰੱਬ ਦੀ ਮਿਹਰ ਨਹੀਂ ਹੁੰਦੀ। ਕੁਝ ਲੋਕ ਹਦੋਂ ਵੱਧ ਮਿਹਨਤ ਕਰਦੇ ਹਨ ਪਰ ਉਨ੍ਹਾਂ ਨੂੰ ਫਲ ਨਹੀਂ ਮਿਲਦਾ ਤੇ ਕੁਝ ਥੋੜ੍ਹੀ ਮਿਹਨਤ ਨਾਲ ਹੀ ਸਫਲ ਹੋ ਜਾਂਦੇ ਹਨ। ਸਮੀਰ ਦਾ ਕਹਿਣਾ, 'ਰੱਬ ਦੇ ਹੁਕਮ ਨਾਲ ਹੀ ਸਾਰਾ ਕੁਝ ਹੁੰਦਾ ਹੈ। ਜਦੋਂ ਮਾਲਕ ਨੇ ਕਿਰਪਾ ਕਰਨੀ ਹੋਵੇ ਉਹ ਆਪ ਹੀ ਬੰਦੇ ਦੇ ਅੰਦਰ ਵੜ ਕੇ ਕੰਮ ਕਰਵਾ ਦਿੰਦੇ ਹਨ। ਫਿਰ ਇਸ ਨੂੰ ਤੁਸੀਂ ਮਿਹਨਤ ਕਹਿ ਲਵੋ ਜਾਂ ਕੁਝ ਇਹ ਤੁਹਾਡੀ ਆਪਣੀ ਸੋਚ ਹੈ।'
PunjabKesari
ਸਮੀਰ ਦੀ ਗਾਇਕੀ ਸਫਰ ਦੀ ਸ਼ੁਰੂਆਤ ਭਾਵੇਂ 2007 'ਚ ਹੋਈ ਪਰ ਗੀਤ ਰਿਲੀਜ਼ 2008 'ਚ ਹੋਇਆ। ਗਾਇਕੀ ਦੇ ਚਲਦਿਆਂ ਸਮੀਰ ਮੋਹਾਲੀ ਰਹਿਣ ਲੱਗ ਪਏ। ਇਥੇ ਉਨ੍ਹਾਂ ਨੇ ਸ਼ੋਅਜ਼ ਕਰਨੇ ਸ਼ੁਰੂ ਕੀਤੇ। ਗੀਤ ਰਿਲੀਜ਼ ਕਰਵਾਉਣ ਲਈ ਸਮੀਰ ਨੂੰ ਕਈ ਕੰਪਨੀਆਂ ਦੇ ਚੱਕਰ ਕੱਟਣੇ ਪਏ। ਝੂਠੇ ਵਾਅਦੇ ਤਾਂ ਉਨ੍ਹਾਂ ਨਾਲ ਬਹੁਤ ਹੋਏ ਪਰ ਕਿਸੇ ਨੇ ਬਾਂਹ ਨਹੀਂ ਫੜੀ। ਅਖੀਰ ਸਭ ਸਹੀ ਹੋਇਆ ਤੇ ਉਸ ਦਾ ਨਤੀਜਾ ਤੁਹਾਡੇ ਸਾਹਮਣੇ ਹੈ। ਅਦਾਕਾਰੀ ਦੇ ਖੇਤਰ 'ਚ ਆਉਣ ਬਾਰੇ ਜਦੋਂ ਸਮੀਰ ਕੋਲੋਂ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਜ਼ਰੂਰ ਉਹ ਇਸ ਖੇਤਰ 'ਚ ਆਉਣਾ ਚਾਹੁਣਗੇ ਪਰ ਫਿਲਹਾਲ ਉਹ ਪ੍ਰੋਡਿਊਸਰ ਦੀ ਉਡੀਕ 'ਚ ਹਨ, ਜੋ ਉਨ੍ਹਾਂ ਨੂੰ ਟੈਲੇਂਟ ਨੂੰ ਵਧੀਆ ਕਿਰਦਾਰ ਰਾਹੀਂ ਪਰਦੇ 'ਤੇ ਲੈ ਕੇ ਆਉਣ। ਸਮੀਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕੋਸ਼ਿਸ਼ ਅੱਗੇ ਹੋਰ ਵਧੀਆ ਗੀਤ ਲੈ ਕੇ ਆਉਣ ਦੀ ਰਹੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News