ਫਿਰੋਜ਼ ਖਾਨ ਨੇ ਸਾਂਝੇ ਕੀਤੇ ਜ਼ਿੰਦਗੀ ਨਾਲ ਜੁੜੇ ਖਾਸ ਪਲ, ਪੜ੍ਹੋ ਇੰਟਰਵਿਊ

7/29/2017 5:31:26 PM

ਜਲੰਧਰ, (ਰਾਹੁਲ ਸਿੰਘ)— ਪੰਜਾਬੀ ਗਾਇਕ ਫਿਰੋਜ਼ ਖਾਨ ਨੂੰ ਕਿਸੇ ਪਛਾਣ ਦੀ ਲੋੜ ਨਹੀਂ ਹੈ। ਫਿਰੋਜ਼ ਖਾਨ ਨੇ ਹਰ ਜ਼ੋਨਰ ਦਾ ਗੀਤ ਗਾਇਆ ਹੈ। ਉਨ੍ਹਾਂ ਦੀ ਮਿੱਠੀ ਆਵਾਜ਼ ਹਰ ਕਿਸੇ ਨੂੰ ਦੀਵਾਨਾ ਬਣਾ ਦਿੰਦੀ ਹੈ। ਫਿਰੋਜ਼ ਖਾਨ ਦਾ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਦਾ ਸਫਰ ਕਿਹੋ-ਜਿਹਾ ਰਿਹਾ, ਇਸ ਬਾਰੇ ਅਸੀਂ ਉਨ੍ਹਾਂ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼—

ਸਵਾਲ : ਗਾਇਕੀ 'ਚ ਆਉਣ ਦਾ ਸਬੱਬ ਕਿਵੇਂ ਬਣਿਆ?
ਜਵਾਬ :
ਜੀ ਬਿਲਕੁਲ, ਮੈਂ ਜਦੋਂ ਤੋਂ ਸੁਰਤ ਸੰਭਾਲੀ ਹੈ ਗਾ ਹੀ ਰਿਹਾ ਹਾਂ। ਮੈਂ ਛੋਟਾ ਹੁੰਦਾ 'ਜੋਗੀਆਂ ਦੇ ਕੰਨਾਂ ਵਿਚ ਕੱਚ ਦੀਆਂ ਮੁੰਦਰਾਂ' ਗੀਤ ਬਹੁਤ ਗਾਇਆ ਹੈ। ਇਸ ਗੀਤ ਨੇ ਹੀ ਰਿਸ਼ਤੇਦਾਰਾਂ 'ਚ ਵੀ ਮੈਨੂੰ ਬਹੁਤ ਪਛਾਣ ਦਿਵਾਈ।

ਸਵਾਲ : ਬਚਪਨ 'ਚ ਕਿਸ ਸਮੇਂ ਤੁਹਾਨੂੰ ਗਾਇਕੀ ਕਰਕੇ ਪਛਾਣ ਮਿਲੀ?
ਜਵਾਬ :
ਮੈਨੂੰ ਯਾਦ ਹੈ ਉਸ ਸਮੇਂ ਮੈਂ ਪ੍ਰਾਇਮਰੀ ਸਕੂਲ ਧਲੇਰ ਕਲਾਂ ਵਿਖੇ ਤੀਜੀ ਜਮਾਤ 'ਚ ਪੜ੍ਹਦਾ ਹੁੰਦਾ ਸੀ। ਮੈਂ ਉਸ ਦੌਰਾਨ ਸਕੂਲ 'ਚ ਆਪਣਾ ਫੇਵਰੇਟ ਗੀਤ 'ਜੋਗੀਆਂ ਦੇ ਕੰਨਾਂ ਵਿਚ ਕੱਚ ਦੀਆਂ ਮੁੰਦਰਾਂ' ਹੀ ਗਾਇਆ ਸੀ। ਉਸ ਦਿਨ ਤੋਂ ਬਾਅਦ ਮੈਂ ਆਪਣੇ ਪਿੰਡ 'ਚ ਕਲਾਕਾਰ ਮੰਨ ਲਿਆ ਗਿਆ ਸੀ।

ਸਵਾਲ : ਕੀ ਤੁਹਾਡੇ ਪਰਿਵਾਰ ਦਾ ਪਿਛੋਕੜ ਵੀ ਗਾਇਕੀ ਤੋਂ ਹੀ ਹੈ?
ਜਵਾਬ :
ਮੇਰਾ ਨਾਨਕੇ ਪਰਿਵਾਰ 'ਚ ਬਹੁਤ ਸ਼ਾਨਦਾਰ ਕੱਵਾਲ ਹੋਏ ਹਨ। ਮੈਂ ਪਰਿਵਾਰ 'ਚੋਂ ਹੀ ਆਪਣਾ ਗੁਰੂ ਧਾਰਿਆ, ਜਿਨ੍ਹਾਂ ਦਾ ਨਾਂ ਹੈ 'ਸ਼ੌਕਤ ਅਲੀ ਮਧੋਈ ਜੀ। ਅੱਜ ਵੀ ਜਦੋਂ ਕੱਵਾਲੀ ਦੀ ਗੱਲ ਆਉਂਦੀ ਹੈ ਤਾਂ ਮੇਰੀਆਂ ਨਜ਼ਰਾਂ 'ਚ ਉਹ ਪੰਜਾਬ ਦੇ ਨੰਬਰ ਇਕ ਕੱਵਾਲ ਹਨ।

ਸਵਾਲ : ਗਾਇਕੀ 'ਚ ਆਉਣ ਦੌਰਾਨ ਪਰਿਵਾਰ ਨੇ ਕਿੰਨੀ ਸੁਪੋਰਟ ਕੀਤੀ?
ਜਵਾਬ :
ਸ਼ੁਰੂ-ਸ਼ੁਰੂ 'ਚ ਮੇਰੇ ਮਾਤਾ-ਪਿਤਾ ਨਹੀਂ ਚਾਹੁੰਦੇ ਸਨ ਕਿ ਮੈਂ ਗਾਇਕੀ ਵੱਲ ਜਾਵਾਂ ਕਿਉਂਕਿ ਉਨ੍ਹਾਂ ਨੇ ਆਪਣੇ ਸਮੇਂ 'ਚ ਬਹੁਤ ਸਾਰੇ ਕਲਾਕਾਰ ਅਰਸ਼ ਤੋਂ ਫਰਸ਼ ਤਕ ਆਉਂਦੇ ਦੇਖੇ ਸਨ। ਉਹ ਚਾਹੁੰਦੇ ਸਨ ਕਿ ਮੈਂ ਪੜ੍ਹ-ਲਿਖ ਕੇ ਸਰਕਾਰੀ ਨੌਕਰੀ 'ਤੇ ਲੱਗ ਜਾਵਾਂ ਪਰ ਬਾਅਦ 'ਚ ਜਦੋਂ ਐਲਬਮ ਰਿਲੀਜ਼ ਹੋਈ ਫਿਰ ਉਨ੍ਹਾਂ ਨੇ ਪੂਰਾ ਸਾਥ ਦੇਣਾ ਸ਼ੁਰੂ ਕਰ ਦਿੱਤਾ।

ਸਵਾਲ : ਗਾਇਕ ਬਣਨ ਦਾ ਜਨੂੰਨ ਕਦੋਂ ਵਧਿਆ ਸੀ?
ਜਵਾਬ :
ਮੈਂ ਬਚਪਨ ਤੋਂ ਹੀ ਗਾ ਰਿਹਾ ਸੀ ਪਰ ਕਾਲਜ ਜਾ ਕੇ ਮੇਰਾ ਜਨੂੰਨ ਗਾਇਕੀ ਪ੍ਰਤੀ ਬਹੁਤ ਜ਼ਿਆਦਾ ਵਧ ਗਿਆ। ਇਸ ਦੌਰਾਨ ਮੇਰੇ ਭਰਾਵਾਂ ਨੇ ਵੀ ਇਹੀ ਕਿਹਾ ਕਿ ਮੈਨੂੰ ਹੁਣ ਗਾਇਕ ਬਣ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ ਫਿਰ 1996 'ਚ ਮੇਰੀ ਪਹਿਲੀ ਐਲਬਮ 'ਤੇਰੀ ਮੈਂ ਹੋ ਨਾ ਸਕੀ' ਰਿਲੀਜ਼ ਹੋਈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਿਆਰ ਮਿਲਿਆ।

ਸਵਾਲ : ਤੁਸੀਂ ਕਈ ਸਿੰਗਿੰਗ ਰਿਐਲਿਟੀ ਸ਼ੋਅਜ਼ 'ਚ ਜੱਜ ਦੀ ਭੂਮਿਕਾ ਨਿਭਾਈ ਹੈ, ਤਜਰਬਾ ਕਿਹੋ-ਜਿਹਾ ਰਿਹਾ?
ਜਵਾਬ :
ਤਜਰਬਾ ਬਹੁਤ ਵਧੀਆ ਰਿਹਾ। ਅਸਲ 'ਚ ਮੈਨੂੰ ਕਿਸੇ ਨੂੰ ਜੱਜ ਕਰਕੇ ਉਸ ਨੂੰ ਸ਼ੋਅ ਤੋਂ ਬਾਹਰ ਕਰਨਾ ਚੰਗਾ ਨਹੀਂ ਲੱਗਦਾ। ਸ਼ਾਇਦ ਇਸੇ ਲਈ ਮੈਂ ਸ਼ੋਅ 'ਚ ਪੂਰੇ ਸੀਜ਼ਨ ਲਈ ਜੱਜ ਨਹੀਂ ਬਣਦਾ। ਮੈਨੂੰ ਇਕ ਦਿਨ ਲਈ ਸੈਲੇਬ੍ਰਿਟੀ ਜੱਜ ਬਣਨਾ ਬੇਹੱਦ ਵਧੀਆ ਲੱਗਦਾ ਹੈ। 

ਸਵਾਲ : ਤੁਸੀਂ ਕਿਸ ਨੂੰ ਸੁਣਨਾ ਪਸੰਦ ਕਰਦੇ ਹੋ?
ਜਵਾਬ :
ਮੈਂ ਸਭ ਤੋਂ ਜ਼ਿਆਦਾ ਸਰਦੂਲ ਸਿਕੰਦਰ ਤੇ ਹੰਸ ਰਾਜ ਹੰਸ ਜੀ ਨੂੰ ਸੁਣਦਾ ਹਾਂ। ਮੈਨੂੰ ਅੱਜ ਵੀ ਯਾਦ ਹੈ ਕਿ ਹੰਸ ਰਾਜ ਹੰਸ ਜੀ ਦੇ ਗੀਤ ਮੈਨੂੰ ਜ਼ੁਬਾਨੀ ਯਾਦ ਹੁੰਦੇ ਸਨ। ਉਨ੍ਹਾਂ ਦੀ ਕੋਈ ਐਲਬਮ ਆਉਣ ਦੀ ਦੇਰ ਹੁੰਦੀ ਸੀ ਤੇ ਗੀਤ ਮੈਂ ਯਾਦ ਕਰ ਲੈਂਦਾ ਸੀ। ਸ਼ੁਰੂਆਤੀ ਦੌਰ 'ਚ ਉਨ੍ਹਾਂ ਦੇ ਕਈ ਗੀਤ ਮੈਂ ਸਟੇਜਾਂ 'ਤੇ ਗਾਏ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News