''ਯਾਰਾ ਵੇ'' ''ਚ ਗਗਨ ਕੋਕਰੀ ਤੇ ਯੁਵਰਾਜ ਹੰਸ ਕਰਨਗੇ ਕਮਾਲ

Saturday, March 9, 2019 9:29 AM
''ਯਾਰਾ ਵੇ'' ''ਚ ਗਗਨ ਕੋਕਰੀ ਤੇ ਯੁਵਰਾਜ ਹੰਸ ਕਰਨਗੇ ਕਮਾਲ

ਜਲੰਧਰ (ਬਿਊਰੋ) : ਮਸ਼ਹੂਰ ਪੰਜਾਬੀ ਗਾਇਕ ਗਗਨ ਕੋਕਰੀ, ਜਿਸ ਦੀ ਥੋੜ੍ਹਾ ਸਮਾਂ ਪਹਿਲਾਂ ਆਈ ਪਲੇਠੀ ਪੰਜਾਬੀ ਫਿਲਮ 'ਲਾਟੂ' ਸਫਲ ਰਹੀ ਸੀ, ਦੀ ਨਵੀਂ ਫਿਲਮ 'ਯਾਰਾ ਵੇ' 5 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਉਨ੍ਹਾਂ ਨਾਲ ਨੌਜਵਾਨ ਦਿਲਾਂ ਦੀ ਧੜਕਣ ਯੁਵਰਾਜ ਹੰਸ ਵੀ ਦਿਖਾਈ ਦੇਣਗੇ। ਫਿਲਮ ਦਾ ਟ੍ਰੇਲਰ 11 ਮਾਰਚ ਨੂੰ ਰਿਲੀਜ਼ ਹੋਵੇਗਾ। ਸੋਸ਼ਲ ਮੀਡੀਆ 'ਤੇ ਫਿਲਮ ਦੇ ਪੋਸਟਰ ਲਗਾਤਾਰ ਵਾਇਰਲ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਫਿਲਮ ਦੀ ਕਹਾਣੀ 1947 ਦੇ ਦੋ ਮਿੱਤਰਾਂ ਦੀ ਹੈ। ਫਿਲਮ ਦੇ ਪੋਸਟਰ 'ਤੇ ਵੀ ਲਿਖਿਆ ਹੋਇਆ ਹੈ, 'ਇਹ ਕਹਾਣੀ ਹਥਿਆਰਾਂ ਦੀ ਨਹੀਂ, ਸੰਤਾਲੀ ਦੇ ਯਾਰਾਂ ਦੀ ਹੈ।'

ਫਿਲਮ 'ਚ ਰਘਬੀਰ ਬੋਲੀ ਦਾ ਵੀ ਅਹਿਮ ਕਿਰਦਾਰ ਹੈ। ਇਸ ਤੋਂ ਇਲਾਵਾ ਯੋਗਰਾਜ ਸਿੰਘ, ਬੀ.ਐੱਨ.ਸ਼ਰਮਾ, ਮੋਨਿਕਾ ਗਿੱਲ, ਸਰਦਾਰ ਸੋਹੀ, ਨਿਰਮਲ ਰਿਸ਼ੀ, ਹੌਬੀ ਧਾਲੀਵਾਲ, ਗੁਰਪ੍ਰੀਤ ਭੰਗੂ, ਮਲਕੀਤ ਰੌਣੀ ਤੇ ਰਾਣਾ ਜੰਗ ਬਹਾਦਰ ਦੀ ਅਦਾਕਾਰੀ ਕਮਾਲ ਹੈ। ਫਿਲਮ ਦੇ ਨਿਰਦੇਸ਼ਕ ਰਾਕੇਸ਼ ਮਹਿਤਾ ਨੇ ਕਿਹਾ ਕਿ ਇਹ ਫਿਲਮ ਸਾਨੂੰ ਅਤੀਤ ਦੇ ਝਲਕਾਰੇ ਪਵਾਉਣ ਦੇ ਨਾਲ-ਨਾਲ ਦੋ ਜਿਗਰੀ ਯਾਰਾਂ ਦੀ ਸਾਂਝ, ਹਾਸਾ ਠੱਠਾ, ਪੇਂਡੂ ਸੱਭਿਆਚਾਰ ਤੇ ਜ਼ਿੰਦਗੀ ਦੀ ਸਾਦਗੀ ਬਾਰੇ ਦੱਸੇਗੀ।

ਫਿਲਮ ਦਾ ਸੰਗੀਤ ਗੁਰਮੀਤ ਸਿੰਘ ਨੇ ਤਿਆਰ ਕੀਤਾ ਹੈ। ਸਕਰੀਨ ਪਲੇਅ ਅਤੇ ਸੰਵਾਦ ਰੁਪਿੰਦਰ ਇੰਦਰਜੀਤ ਦੇ ਹਨ। ਪ੍ਰੋਡਿਊਸਰ ਬੱਲੀ ਸਿੰਘ ਕੱਕੜ ਹਨ। ਉਨ੍ਹਾਂ ਕਿਹਾ ਕਿ ਫਿਲਮ ਪ੍ਰਤੀ ਸਾਰੀ ਟੀਮ ਬਹੁਤ ਆਸਵੰਦ ਹੈ। ਇਸ ਦੀ ਦੁਨੀਆ ਭਰ ਵਿਚ ਡਿਸਟ੍ਰੀਬਿਊਸ਼ਨ 'ਓਮ ਜੀ ਗਰੁੱਪ' ਵੱਲੋਂ ਕੀਤੀ ਜਾ ਰਹੀ ਹੈ। ਟ੍ਰੇਲਰ ਦਰਸ਼ਕਾਂ ਨੂੰ ਪ੍ਰਭਾਵਿਤ ਕਰੇਗਾ ਅਤੇ ਜਿੰਨਾ ਖੂਬਸੂਰਤ ਟ੍ਰੇਲਰ ਹੋਵੇਗਾ, ਉਸ ਨਾਲੋਂ ਕਈ ਗੁਣਾ ਵੱਧ ਖੂਬਸੂਰਤ ਫਿਲਮ ਹੋਵੇਗੀ।


Edited By

Sunita

Sunita is news editor at Jagbani

Read More