ਇਸ ਬਾਇਓਪਿਕ 'ਚ ਤਿੰਨ Looks 'ਚ ਨਜ਼ਰ ਆਉਣਗੇ ਗਿੱਪੀ, ਪੰਜਾਬੀ ਸਿਨੇਮਾ ਦੇ ਕੱਦ 'ਚ ਵੀ ਹੋਵੇਗਾ ਵਾਧਾ

6/27/2017 3:56:12 PM

ਜਲੰਧਰ— ਪਾਲੀਵੁੱਡ ਇੰਡਸਟਰੀ 'ਚ ਖਾਸ ਮੁਕਾਮ ਹਾਸਲ ਕਰ ਚੁੱਕੀਆਂ 'ਅੰਗਰੇਜ਼' ਤੇ 'ਨਿੱਕਾ ਜੈਲਦਾਰ' ਵਰਗੀਆਂ ਫ਼ਿਲਮਾਂ ਨਾਲ ਸਫ਼ਲਤਾ ਦਾ ਨਵਾਂ ਇਤਿਹਾਸ ਲਿਖਣ ਵਾਲੇ ਉੱਘੇ ਫ਼ਿਲਮ ਨਿਰਦੇਸ਼ਕ ਸਿਮਰਜੀਤ ਸਿੰਘ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦੀ ਬਾਇਓਪਿਕ ਫ਼ਿਲਮ ਬਣਾਉਣ ਜਾ ਰਹੇ ਹਨ। ਇਸ ਫ਼ਿਲਮ 'ਚ ਸੂਬੇਦਾਰ ਜੋਗਿੰਦਰ ਸਿੰਘ ਦੀ ਭੂਮਿਕਾ ਗਿੱਪੀ ਗਰੇਵਾਲ ਨਿਭਾਉਂਦੇ ਨਜ਼ਰ ਆਉਣਗੇ। ਫ਼ਿਲਮ ਦੀ ਨਾਇਕਾ 'ਅੰਗਰੇਜ਼' ਫ਼ਿਲਮ ਨਾਲ ਚਰਚਾ 'ਚ ਆਈ ਅਦਿੱਤੀ ਸ਼ਰਮਾ ਹੈ। ਫ਼ਿਲਮ ਦੀ ਸ਼ੂਟਿੰਗ 21 ਜੁਲਾਈ ਤੋਂ ਰਾਜਸਥਾਨ ਦੇ ਸੂਰਤਗੜ ਇਲਾਕੇ 'ਚ ਕੀਤੀ ਜਾਵੇਗੀ। ਜਾਣਕਾਰੀ ਮੁਤਾਬਕ ਪੰਜਾਬੀ ਸਿਨੇਮਾ ਨੂੰ ਐਮੀ ਵਿਰਕ ਦੇ ਰੂਪ 'ਚ ਨਵਾਂ ਹੀਰੋ ਦੇਣ ਵਾਲੇ ਸਿਮਰਜੀਤ ਸਿੰਘ ਤੇ ਗਿੱਪੀ ਗਰੇਵਾਲ ਪਹਿਲੀ ਵਾਰ ਇੱਕਠੇ ਕੰਮ ਕਰ ਰਹੇ ਹਨ। 
ਇੱਥੇ ਇਹ ਦੱਸਣਯੋਗ ਹੈ ਕਿ ਮੋਗਾ ਜ਼ਿਲੇ ਨਾਲ ਸਬੰਧਿਤ ਸੂਬੇਦਾਰ ਜੋਗਿੰਦਰ ਸਿੰਘ ਉਹ ਹਸਤੀ ਹੈ ਜਿਸ ਨੇ ਸਾਲ 1962 'ਚ ਭਾਰਤ ਤੇ ਚਾਇਨਾ ਦੀ ਲੜਾਈ ਦੌਰਾਨ ਦੇਸ਼ ਦੀ ਪਹਿਲੀ ਸਿੱਖ ਰੈਜੀਮੈਂਟ ਦੇ 25 ਜਵਾਨਾਂ ਨਾਲ ਮਿਲ ਕੇ ਬਰਮਾ 'ਚ ਚਾਇਨਾ ਦੇ 1 ਹਜ਼ਾਰ ਫ਼ੌਜੀਆਂ ਨਾਲ ਕਰੀਬ 6 ਘੰਟੇ ਮੁਕਾਬਲਾ ਕੀਤਾ ਸੀ। ਇਸ ਲੜਾਈ ਦੌਰਾਨ ਬਹਾਦਰੀ ਦਾ ਸਬੂਤ ਦਿੰਦਿਆਂ ਸ਼ਹੀਦ ਹੋਏ ਸੂਬੇਦਾਰ ਜੋਗਿੰਦਰ ਸਿੰਘ ਨੂੰ 'ਪਰਮਵੀਰ ਚੱਕਰ' ਨਾਲ ਨਵਾਜ਼ਿਆ ਗਿਆ ਸੀ। ਇਸ ਮਹਾਨ ਸੂਰਬੀਰ 'ਤੇ ਫ਼ਿਲਮ ਬਣਾਉਣ ਆਪਣੇ ਆਪ 'ਚ ਇਕ ਸਨਮਾਨਯੋਗ ਕਾਰਜ ਹੈ। ਇਸ ਉਪਰਾਲੇ ਨਾਲ ਨਾ ਕੇਵਲ ਨੌਜਵਾਨਾਂ ਖ਼ਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਇਸ ਯੋਧੇ ਬਾਰੇ ਗਿਆਨ ਹੋਵੇਗਾ ਬਲਕਿ ਪੰਜਾਬੀ ਸਿਨੇਮੇ ਦੇ ਕੱਦ 'ਚ ਵੀ ਹੋਰ ਵਾਧਾ ਹੋਵੇਗਾ।
ਇਸ ਫ਼ਿਲਮ ਲਈ ਗਿੱਪੀ ਗਰੇਵਾਲ ਨੂੰ ਵੀ ਸਖ਼ਤ ਮਿਹਨਤ ਕਰਨੀ ਪਵੇਗੀ। ਉਹ ਇਸ ਫ਼ਿਲਮ 'ਚ ਤਿੰਨ ਤਰਾਂ ਦੇ ਵੱਖਰੇ ਵੱਖਰੇ ਗੈਟਅੱਪ 'ਚ ਨਜ਼ਰ ਆਉਣਗੇ। ਜੇ ਇਕ ਗੈਟਅੱਪ ਲਈ ਭਾਰ ਘਟਾਉਣਾ ਪਵੇਗਾ ਤੇ ਦੂਜੇ ਲਈ ਵਧਾਉਣਾ। ਇਸ ਪ੍ਰਾਜੈਕਟ ਨੂੰ ਰਾਸ਼ਿਦ ਰੰਗਰੇਜ ਨੇ ਹੀ ਡਿਜ਼ਾਈਨ ਕੀਤਾ ਹੈ। ਫ਼ਿਲਮ 'ਚ ਪੰਜਾਬੀ ਸਿਨੇਮੇ ਦੇ ਕਈ ਨਾਮੀਂ ਚਿਹਰੇ ਵੀ ਅਹਿਮ ਭੂਮਿਕਾ 'ਚ ਨਜ਼ਰ ਆਉਂਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News