'ਗੋਲਕ ਬੁਗਨੀ ਬੈਂਕ ਤੇ ਬਟੂਆ' ਲਾਏਗੀ ਨੋਟਬੰਦੀ ਨੂੰ ਕਾਮੇਡੀ ਦਾ ਤੜਕਾ

4/11/2018 4:53:22 PM

ਇਸ ਸ਼ੁੱਕਰਵਾਰ ਕਾਮੇਡੀ ਨਾਲ ਭਰਪੂਰ ਪੰਜਾਬੀ ਫਿਲਮ 'ਗੋਲਕ ਬੁਗਨੀ ਬੈਂਕ ਤੇ ਬਟੂਆ' ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਹਰੀਸ਼ ਵਰਮਾ, ਸਿਮੀ ਚਾਹਲ, ਅਮਰਿੰਦਰ ਗਿੱਲ, ਅਦਿਤੀ ਸ਼ਰਮਾ, ਬੀ. ਐੱਨ. ਸ਼ਰਮਾ, ਜਸਵਿੰਦਰ ਭੱਲਾ ਤੇ ਗੁਰਸ਼ਬਦ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ ਨੂੰ ਸ਼ਿਤਿਜ ਚੌਧਰੀ ਨੇ ਡਾਇਰੈਕਟ ਕੀਤਾ ਹੈ। ਇਸ ਦੇ ਪ੍ਰੋਡਿਊਸਰ ਕਾਰਜ ਗਿੱਲ ਤੇ ਤਲਵਿੰਦਰ ਹੇਅਰ ਹਨ। ਕਹਾਣੀ ਤੇ ਸਕ੍ਰੀਨਪਲੇਅ ਫਿਲਮ ਦਾ ਧੀਰਜ ਰਤਨ ਨੇ ਲਿਖਿਆ ਹੈ। ਫਿਲਮ ਦੀ ਪ੍ਰਮੋਸ਼ਨ ਲਈ ਅੱਜ ਖਾਸ ਤੌਰ 'ਤੇ 'ਜਗ ਬਾਣੀ' ਦੇ ਦਫਤਰ ਹਰੀਸ਼ ਵਰਮਾ, ਸਿਮੀ ਚਾਹਲ, ਗੁਰਸ਼ਬਦ ਤੇ ਬੀਰ ਸਿੰਘ ਨੇ ਸ਼ਿਕਰਤ ਕੀਤੀ। ਇਸ ਦੌਰਾਨ ਸਾਡੇ ਪ੍ਰਤੀਨਿਧੀ ਰਾਹੁਲ ਸਿੰਘ ਨੇ ਫਿਲਮ ਦੀ ਟੀਮ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼—

ਸਵਾਲ : ਫਿਲਮ ਦਾ ਟਾਈਟਲ ਕਾਫੀ ਮਜ਼ੇਦਾਰ ਹੈ। ਇਹ ਕਿਵੇਂ ਰੱਖਿਆ?
ਹਰੀਸ਼ ਵਰਮਾ : ਟਾਈਟਲ ਸਾਡਾ ਉਸ ਮੁੱਦੇ 'ਤੇ ਹੈ, ਜਿਸ ਨੇ ਸਾਨੂੰ ਸਭ ਨੂੰ ਕਾਫੀ ਪ੍ਰਭਾਵਿਤ ਕੀਤਾ ਸੀ, ਜਿਹੜਾ ਪੈਸਿਆਂ ਨਾਲ ਸਬੰਧਤ ਹੈ। ਇਸ ਕਰ ਕੇ ਫਿਲਮ ਦਾ ਟਾਈਟਲ ਰੱਖਿਆ ਗਿਆ 'ਗੋਲਕ ਬੁਗਨੀ ਬੈਂਕ ਤੇ ਬਟੂਆ'। ਜਿਸ ਤਰੀਕੇ ਨਾਲ ਰਿਧਮ ਬੁਆਏਜ਼, ਅਮਰਿੰਦਰ ਗਿੱਲ ਤੇ ਕਾਰਜ ਗਿੱਲ ਜੀ ਮਿਲ ਕੇ ਕੰਮ ਕਰਦੇ ਹਨ, ਉਸ ਤਰੀਕੇ ਨਾਲ ਟਾਈਟਲ 'ਤੇ ਵੀ ਬੜਾ ਕੰਮ ਕੀਤਾ ਗਿਆ ਹੈ। ਸੋਚ ਸਮਝ ਕੇ ਟਾਈਟਲ ਚੁਣਿਆ ਗਿਆ ਹੈ। ਬੀਰ ਸਿੰਘ ਨੇ ਇਸ ਫਿਲਮ ਦਾ ਟਾਈਟਲ ਦਿੱਤਾ ਹੈ। ਇਸ ਨਾਲ ਇਕ ਫਾਇਦਾ ਇਹ ਜ਼ਰੂਰ ਹੋਇਆ ਕਿ ਨਵੀਂ ਪੀੜ੍ਹੀ ਦੇ ਬੱਚਿਆਂ ਨੂੰ ਬੁਗਨੀ ਦਾ ਜ਼ਰੂਰ ਪਤਾ ਲੱਗ ਜਾਵੇਗਾ।

ਸਵਾਲ : ਸਕ੍ਰਿਪਟ ਸੁਣਨ ਤੋਂ ਬਾਅਦ ਪਹਿਲੀ ਗੱਲ ਦਿਮਾਗ 'ਚ ਕਿਹੜੀ ਆਈ?
ਹਰੀਸ਼ ਵਰਮਾ : ਮੈਂ ਰਿਧਮ ਬੁਆਏਜ਼ ਨਾਲ ਕੰਮ ਕਰਨਾ ਚਾਹੁੰਦਾ ਸੀ ਕਿਉਂਕਿ ਉਨ੍ਹਾਂ ਦੀਆਂ ਸਾਰੀਆਂ ਫਿਲਮਾਂ ਬਹੁਤ ਖੂਬਸੂਰਤ ਹਨ। ਮੈਂ ਇਕ ਐਕਟਰ ਹਾਂ ਤੇ ਮੈਂ ਅਜਿਹੇ ਪ੍ਰੋਡਕਸ਼ਨ ਹਾਊਸ ਨਾਲ ਕੰਮ ਕਰਨਾ ਚਾਹੁੰਦਾ ਸੀ ਜਿਨ੍ਹਾਂ ਨੂੰ ਸਕ੍ਰਿਪਟ ਦੀ ਸਮਝ ਹੋਵੇ। ਉਹ ਜਿਹੜੀਆਂ ਫਿਲਮਾਂ ਬਣਾਉਂਦੇ ਹਨ, ਉਨ੍ਹਾਂ ਦਾ ਕੋਈ ਮਤਲਬ ਹੁੰਦਾ ਹੈ। ਮੈਂ ਛੋਟੇ ਹੁੰਦੇ ਤੋਂ ਹੀ ਚੰਗੀਆਂ ਫਿਲਮਾਂ ਦੇਖਦਾ ਆਇਆ ਹਾਂ ਤੇ ਹੁਣ ਵੀ ਵਰਲਡ ਸਿਨੇਮਾ ਨੂੰ ਫਾਲੋਅ ਕਰਦਾ ਹਾਂ। ਮੈਂ ਸਕ੍ਰਿਪਟ ਸੁਣਦਿਆਂ ਹੀ ਇਸ ਫਿਲਮ ਨੂੰ ਹਾਂ ਕਰ ਦਿੱਤੀ ਸੀ ਕਿਉਂਕਿ ਇਹ ਬਹੁਤ ਹੀ ਖੂਬਸੂਰਤ ਫਿਲਮ ਹੈ।
ਸਿਮੀ ਚਾਹਲ : ਮੈਂ ਸਕ੍ਰਿਪਟ ਸੁਣਨ ਤੋਂ ਬਾਅਦ ਕਾਫੀ ਉਤਸ਼ਾਹਿਤ ਸੀ। ਇਕ ਕਲਾਕਾਰ ਹੋਣ ਦੇ ਨਾਤੇ ਮੈਂ ਹਮੇਸ਼ਾ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਫਿਲਮ 'ਚ ਕਿਰਦਾਰ ਦੀ ਅਹਿਮੀਅਤ ਮੇਰੇ ਲਈ ਸਭ ਤੋਂ ਜ਼ਰੂਰੀ ਹੈ, ਜੋ ਇਸ ਫਿਲਮ 'ਚ ਸੀ। ਸਕ੍ਰਿਪਟ ਸੁਣਨ ਤੋਂ ਬਾਅਦ ਮੈਂ ਤਾਂ ਇਹੀ ਸੋਚਦੀ ਸੀ ਕਿ ਕਦੋਂ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਵੇ ਤੇ ਕਦੋਂ ਫਿਲਮ ਵੱਡੇ ਪਰਦੇ 'ਤੇ ਰਿਲੀਜ਼ ਹੋਵੇ।

ਸਵਾਲ : ਨੋਟਬੰਦੀ ਨੇ ਤੁਹਾਨੂੰ ਕਿੰਨਾ ਕੁ ਪ੍ਰਭਾਵਿਤ ਕੀਤਾ?
ਹਰੀਸ਼ ਵਰਮਾ : ਨੋਟਬੰਦੀ ਨੇ ਪ੍ਰਭਾਵਿਤ ਤਾਂ ਬਹੁਤ ਕੀਤਾ ਪਰ ਇਕ ਗੱਲ ਦਾ ਬਚਾਅ ਰਿਹਾ ਕਿ ਮੈਨੂੰ ਲਾਈਨਾਂ 'ਚ ਨਹੀਂ ਲੱਗਣਾ ਪਿਆ। ਦੇਸ਼ ਦੇ ਜ਼ਿਆਦਾਤਰ ਲੋਕ ਪ੍ਰਭਾਵਿਤ ਹੋਏ ਤੇ ਦੁਖੀ ਕਰਨ ਵਾਲੀਆਂ ਘਟਨਾਵਾਂ ਵੀ ਵਾਪਰੀਆਂ, ਜੋ ਫਿਲਮ 'ਚ ਦਿਖਾਈਆਂ ਗਈਆਂ ਹਨ। ਹਾਲਾਂਕਿ ਅਸੀਂ ਇਸ ਨੂੰ ਐਂਟਰਟੇਨਿੰਗ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ 'ਚ ਨੋਟਬੰਦੀ ਨੂੰ ਕਾਮੇਡੀ ਦਾ ਤੜਕਾ ਲਾਇਆ ਗਿਆ ਹੈ।
ਸਿਮੀ ਚਾਹਲ : ਮੈਂ ਕੈਨੇਡਾ ਵਿਚ ਸੀ। ਮੈਂ ਇੰਨਾ ਪ੍ਰਭਾਵਿਤ ਨਹੀਂ ਹੋਈ ਪਰ ਮੇਰੀ ਮੰਮੀ ਨੂੰ ਲਾਈਨਾਂ 'ਚ ਜ਼ਰੂਰ ਲੱਗਣਾ ਪਿਆ ਸੀ।

ਸਵਾਲ : ਤੁਸੀਂ ਸਾਰੇ ਪੁਰਾਣੇ ਨੋਟ ਬਦਲਵਾ ਲਏ ਸਨ ਜਾਂ ਕੁਝ ਬਾਕੀ ਰਹਿ ਗਏ ਸਨ?
ਹਰੀਸ਼ ਵਰਮਾ : ਮੇਰੇ ਨੋਟਬੰਦੀ ਤੋਂ ਬਾਅਦ 8000 ਹਜ਼ਾਰ ਰੁਪਏ ਕੁਝ ਸਮਾਂ ਪਹਿਲਾਂ ਹੀ ਨਿਕਲੇ ਹਨ। ਉਹ ਸਾਰੇ ਨੋਟ 500 ਦੇ ਸਨ।
ਸਿਮੀ ਚਾਹਲ : ਜ਼ਿਆਦਾ ਨਹੀਂ, ਮੇਰੇ ਕੋਲ ਸਿਰਫ 1 ਹਜ਼ਾਰ ਰੁਪਏ ਹੀ ਬਦਲਵਾਉਣ ਵਾਲੇ ਰਹਿ ਗਏ ਸਨ, ਜੋ 500 ਦੇ ਸਨ।

ਸਵਾਲ : ਫਿਲਮ 'ਚ ਨਿਭਾਏ ਆਪਣੇ ਕਿਰਦਾਰਾਂ ਬਾਰੇ ਦੱਸੋ?
ਸਿਮੀ ਚਾਹਲ : ਮੈਂ ਮਿਸ਼ਰੀ ਦਾ ਕਿਰਦਾਰ ਨਿਭਾਅ ਰਹੀ ਹਾਂ। ਮਿਸ਼ਰੀ ਬਹੁਤ ਜ਼ਿਆਦਾ ਖੂਬਸੂਰਤ ਤੇ ਕਮਾਲ ਦਾ ਕਿਰਦਾਰ ਹੈ। ਅਜਿਹਾ ਕਿਰਦਾਰ ਸਾਡੇ ਆਲੇ-ਦੁਆਲੇ ਹਮੇਸ਼ਾ ਘੁੰਮਦਾ ਰਹਿੰਦਾ ਹੈ। ਆਮ ਤੌਰ 'ਤੇ ਕੁੜੀਆਂ ਚੁੱਪ ਰਹਿੰਦੀਆਂ ਪਰ ਮਿਸ਼ਰੀ ਚੁੱਪ ਨਹੀਂ ਰਹਿੰਦੀ। ਹਰ ਗੱਲ ਇਸ ਤਰ੍ਹਾਂ ਕਰਦੀ ਹੈ ਕਿ ਤੁਹਾਨੂੰ ਪਤਾ ਨਹੀਂ ਲੱਗੇਗਾ ਕਿ ਤੁਹਾਡੀ ਤਾਰੀਫ ਕੀਤੀ ਗਈ ਹੈ ਜਾਂ ਬੇਇੱਜ਼ਤੀ। ਮਿੱਠਾ-ਮਿੱਠਾ ਬੋਲ ਕੇ ਤੁਹਾਡੀ ਲਾਹ-ਪਾਹ ਕਰ ਦਿੰਦੀ ਹੈ ਪਰ ਮਿਸ਼ਰੀ ਇਕ ਬਹੁਤ ਪਿਆਰੀ ਕੁੜੀ ਹੈ, ਜਿਸ ਨੂੰ ਰਿਸ਼ਤਿਆਂ, ਪਿਆਰ ਦੀ ਕਦਰ ਹੈ।
ਹਰੀਸ਼ ਵਰਮਾ : ਨੀਟਾ ਬਹੁਤ ਹੀ ਪਿਆਰਾ ਕਿਰਦਾਰ ਹੈ। ਉਹ ਹਮੇਸ਼ਾ ਹੱਸਦਾ ਹੀ ਰਹਿੰਦਾ ਹੈ। ਜਦੋਂ ਗਾਹਕ ਸਾਹਮਣੇ ਬੈਠਾ ਹੁੰਦਾ ਹੈ ਤਾਂ ਚਿਹਰੇ 'ਤੇ ਮੁਸਕਾਨ ਰਹਿੰਦੀ ਹੈ। ਆਪਣੇ ਆਪ ਨੂੰ ਬਹੁਤ ਹੀ ਜ਼ਿੰਮੇਵਾਰ ਸਮਝਦਾ ਹੈ। ਹਾਲਾਂਕਿ ਉਸ ਤੋਂ ਜਾਣਬੁੱਝ ਕੇ ਗਲਤੀ ਹੋ ਜਾਂਦੀ ਹੈ ਪਰ ਆਪਣੇ ਵੱਲੋਂ ਉਹ ਕੋਸ਼ਿਸ਼ ਕਰਦਾ ਕਿ ਉਹ ਹਰ ਚੀਜ਼ ਠੀਕ ਕਰੇ, ਵਧੀਆ ਕਰੇ ਤੇ ਕਿਸੇ ਦੇ ਭਲੇ ਲਈ ਕਰੇ।

ਸਵਾਲ : ਨੋਟਬੰਦੀ ਬਹੁਤ ਹੀ ਗੰਭੀਰ ਮੁੱਦਾ ਹੈ। ਇਸ ਲਈ ਕਿੰਨੀ ਕੁ ਰਿਸਰਚ ਹੋਈ?
ਸਿਮੀ ਚਾਹਲ : ਸਾਰੀ ਟੀਮ ਨੇ ਬਹੁਤ ਰਿਸਰਚ ਕੀਤੀ ਹੈ। 2-3 ਮਹੀਨੇ ਫਿਲਮ ਦੀ ਪ੍ਰੀ-ਪ੍ਰੋਡਕਸ਼ਨ ਚੱਲੀ। ਇਹ ਇਕ ਗੰਭੀਰ ਮੁੱਦਾ ਹੈ। ਰਿਧਮ ਬੁਆਏਜ਼ ਦੀ ਟੀਮ ਕਾਫੀ ਸ਼ਾਨਦਾਰ ਹੈ। ਫਿਲਮ 'ਚ ਜਿਹੜੀ ਵੀ ਚੀਜ਼ ਦਿਖਾਈ ਗਈ ਹੈ, ਉਹ ਬਹੁਤ ਹੀ ਪਿਆਰ, ਹਾਸੇ ਤੇ ਧਿਆਨ ਨਾਲ ਦਿਖਾਈ ਗਈ ਹੈ।

ਸਵਾਲ : ਫਿਲਮ ਦੀ ਸ਼ੂਟਿੰਗ ਕਿੱਥੇ-ਕਿੱਥੇ ਹੋਈ?
ਹਰੀਸ਼ ਵਰਮਾ : ਫਿਲਮ ਦੀ ਜ਼ਿਆਦਾਤਰ ਸ਼ੂਟਿੰਗ ਬੱਸੀ ਪਠਾਣਾਂ ਵਿਖੇ ਹੋਈ। ਜਿਹੜੇ ਬਾਜ਼ਾਰ ਤੇ ਦੁਕਾਨਾਂ ਫਿਲਮ 'ਚ ਦਿਖਾਈਆਂ ਗਈਆਂ ਹਨ, ਉਹ ਅਸਲ ਲੋਕੇਸ਼ਨ ਦੀਆਂ ਹੀ ਹਨ। ਅਮਰਿੰਦਰ ਗਿੱਲ ਤੇ ਅਦਿਤੀ ਸ਼ਰਮਾ ਦਾ ਇਕ ਭਾਗ ਰੋਪੜ 'ਚ ਸ਼ੂਟ ਹੋਇਆ ਤੇ ਕੁਝ ਸ਼ੂਟਿੰਗ ਹਿਮਾਚਲ 'ਚ ਹੋਈ।

ਸਵਾਲ : ਅੱਜ ਦੇ ਪੰਜਾਬੀ ਸਿਨੇਮਾ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ?
ਹਰੀਸ਼ ਵਰਮਾ : ਪਾਲੀਵੁੱਡ ਬਹੁਤ ਜ਼ਿਆਦਾ ਅੱਗੇ ਵਧ ਰਿਹਾ ਹੈ। ਇਸ 'ਚ ਬਹੁਤ ਵੱਡਾ ਯੋਗਦਾਨ ਰਿਧਮ ਬੁਆਏਜ਼ ਦਾ ਵੀ ਹੈ। ਸਕ੍ਰਿਪਟ ਅਜਿਹੀ ਚੀਜ਼ ਹੈ ਜਿਹੜੀ ਤੁਹਾਨੂੰ ਇੱਜ਼ਤ ਦਿਵਾਉਂਦੀ ਹੈ। ਇਸ ਤੋਂ ਬਾਅਦ ਕਲਾਕਾਰਾਂ, ਡਾਇਰੈਕਟਰ, ਪ੍ਰੋਡਿਊਸਰ ਤੇ ਮਿਊਜ਼ਿਕ ਦੀ ਵਾਰੀ ਆਉਂਦੀ ਹੈ। ਜੇ ਫਿਲਮ ਬਣਾਉਣੀ ਹੈ ਤਾਂ ਚੰਗੀ ਸਕ੍ਰਿਪਟ 'ਤੇ ਮਿਹਨਤ ਕੀਤੀ ਜਾਵੇ।
ਸਿਮੀ ਚਾਹਲ : ਕੁਝ ਸਾਲਾਂ 'ਚ ਪਾਲੀਵੁੱਡ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਅਜਿਹੇ ਸਮੇਂ ਮੈਂ ਵੀ ਯੋਗਦਾਨ ਪਾ ਰਹੀ ਹਾਂ। ਬਹੁਤ ਜ਼ਿਆਦਾ ਵਧੀਆ ਸਕ੍ਰਿਪਟਾਂ ਬਣ ਰਹੀਆਂ ਹਨ। ਲੋਕ ਰਿਸਕ ਲੈਣ ਨੂੰ ਤਿਆਰ ਹਨ ਤੇ ਬਹੁਤ ਜ਼ਿਆਦਾ ਤਜਰਬੇ ਹੋ ਰਹੇ ਹਨ। ਹੁਣ ਉਹ ਸਮਾਂ ਨਹੀਂ ਹੈ ਕਿ ਕੁਝ ਵੀ ਦਰਸ਼ਕਾਂ ਸਾਹਮਣੇ ਤੁਸੀਂ ਪਰੋਸੋਗੇ ਤਾਂ ਉਹ ਦੇਖ ਲੈਣਗੇ।

ਸਵਾਲ : ਸ਼ਿਤਿਜ ਚੌਧਰੀ ਨੇ ਫਿਲਮ ਡਾਇਰੈਕਟ ਕੀਤੀ ਹੈ। ਉਨ੍ਹਾਂ ਬਾਰੇ ਦੱਸੋ?
ਸਿਮੀ ਚਾਹਲ : ਮੈਂ ਉਨ੍ਹਾਂ ਨਾਲ ਪਹਿਲੀ ਵਾਰ ਕੰਮ ਕਰ ਰਹੀ ਹਾਂ। ਫਿਲਮ ਦੀ ਜ਼ਿਆਦਾਤਰ ਟੀਮ ਨਾਲ ਵੀ ਮੈਂ ਪਹਿਲੀ ਵਾਰ ਕੰਮ ਕਰ ਰਹੀ ਹਾਂ। ਮੈਂ ਉਨ੍ਹਾਂ ਦੀ ਫਰੇਮਿੰਗ ਦੀ ਬਹੁਤ ਵੱਡੀ ਫੈਨ ਹਾਂ। ਬਹੁਤ ਹੀ ਸ਼ਾਂਤ ਤੇ ਆਰਾਮ ਨਾਲ ਉਹ ਕੰਮ ਕਰਦੇ ਹਨ।

ਸਵਾਲ : ਕੀ ਇਹ ਗੱਲ ਸੱਚ ਹੈ ਕਿ ਟਰੇਲਰ ਫਿਲਮ ਦਾ ਸਿਰਫ 10 ਫੀਸਦੀ ਹੈ?
ਹਰੀਸ਼ ਵਰਮਾ : ਬਿਲਕੁਲ, ਟਰੇਲਰ 'ਚ ਕੁਝ ਲੋਕ ਜ਼ਿਆਦਾਤਰ ਸਾਰੀ ਫਿਲਮ ਦਿਖਾ ਦਿੰਦੇ ਹਨ ਪਰ ਇਸ 'ਚ ਅਜਿਹਾ ਨਹੀਂ ਹੈ। ਟਰੇਲਰ ਵਾਕਈ ਫਿਲਮ ਦਾ ਸਿਰਫ 10 ਫੀਸਦੀ ਹੀ ਹੈ। ਸਾਨੂੰ ਵੀ ਸਮਝ ਨਹੀਂ ਲੱਗ ਰਿਹਾ ਸੀ ਕਿ ਇਸ 'ਚ ਕੀ ਦਿਖਾਇਆ ਜਾਵੇ ਤੇ ਕੀ ਕੱਟਿਆ ਜਾਵੇ। ਇਥੋਂ ਤੱਕ ਕਿ ਟਰੇਲਰ ਵੀ ਇਕ ਤੋਂ ਜ਼ਿਆਦਾ ਬਣਾਏ ਗਏ ਸਨ।

ਸਵਾਲ : ਫਿਲਮ 'ਚ ਰੋਲ ਕਿਵੇਂ ਮਿਲਿਆ?
ਗੁਰਸ਼ਬਦ : ਫਿਲਮ ਦੀ ਪੂਰੀ ਟੀਮ ਬੈਠੀ ਹੋਈ ਸੀ। ਦੋਧੀ ਦੇ ਕਿਰਦਾਰ ਲਈ ਕੋਈ ਲੱਭ ਨਹੀਂ ਰਿਹਾ ਸੀ। ਅਮਰਿੰਦਰ ਗਿੱਲ ਭਾਜੀ ਨੇ ਅਚਾਨਕ ਮੈਨੂੰ ਦੇਖਿਆ ਤੇ ਕਿਹਾ ਕਿ ਇਹ ਦੋਧੀ ਵਰਗਾ ਲੱਗ ਰਿਹਾ ਹੈ। ਫਿਰ ਉਨ੍ਹਾਂ ਨੇ ਮੈਨੂੰ ਕਿਹਾ ਕਿ ਇਹ ਕਿਰਦਾਰ ਤੂੰ ਕਰ ਤੇ ਮੈਂ ਵੀ ਹਾਮੀ ਭਰ ਦਿੱਤੀ। 

ਸਵਾਲ : ਫਿਲਮ ਦਾ ਸੰਗੀਤ ਕਾਫੀ ਹਿੱਟ ਹੋ ਰਿਹਾ ਹੈ। ਤੁਹਾਡਾ ਫੇਵਰੇਟ ਗੀਤ ਕਿਹੜਾ ਹੈ?
ਸਿਮੀ ਚਾਹਲ : ਮੈਂ ਫੇਵਰੇਟ 'ਚ ਯਕੀਨ ਨਹੀਂ ਰੱਖਦੀ ਤੇ ਇਸ ਫਿਲਮ ਦੇ ਸਾਰੇ ਗੀਤ ਬਹੁਤ ਵਧੀਆ ਹਨ। ਕਿਸੇ ਇਕ ਗੀਤ ਨੂੰ ਫੇਵਰੇਟ ਕਹਿਣਾ ਗਲਤ ਹੋਵੇਗਾ। ਭਾਵੇਂ ਉਹ 'ਐਸੀ ਤੈਸੀ' ਗੀਤ ਹੋਵੇ, 'ਸੈਲਫੀ', 'ਲੱਖ ਵਾਰੀ' ਜਾਂ ਫਿਰ 'ਤੂੰ ਤੇ ਮੈਂ', ਹਰੇਕ ਗੀਤ ਅਲੱਗ ਅਹਿਸਾਸ ਵਾਲਾ ਹੈ।

'ਫਿਲਮ ਦੀ ਕਹਾਣੀ ਆਮ ਕਹਾਣੀਆਂ ਨਾਲੋਂ ਥੋੜ੍ਹੀ ਹਟ ਕੇ ਹੈ। ਇਕ ਆਮ ਜ਼ਿੰਦਗੀ ਦੇ ਬੇਹੱਦ ਕਰੀਬ ਰਹਿਣ ਵਾਲੀ ਇਸ ਫਿਲਮ 'ਚ ਕੰਮ ਕਰਨਾ ਮੇਰੇ ਲਈ ਵੀ ਆਪਣੀ ਯੋਗਤਾ ਦਾ ਪ੍ਰਦਰਸ਼ਨ ਕਰਨ ਦਾ ਨਵਾਂ ਮੌਕਾ ਸਾਬਿਤ ਹੋਵੇਗਾ।' —ਹਰੀਸ਼ ਵਰਮਾ
'ਇਸ ਫਿਲਮ 'ਚ ਕੰਮ ਕਰਨਾ ਮੇਰੇ ਲਈ ਬਹੁਤ ਹੀ ਖੁਸ਼ਕਿਸਮਤੀ ਵਾਲੀ ਗੱਲ ਹੈ। ਇਸ ਫਿਲਮ ਨਾਲ ਜੁੜਨ ਦਾ ਮੌਕਾ ਮਿਲਣਾ ਹੀ ਮੇਰੇ ਲਈ ਖੁਸ਼ੀ ਦੀ ਗੱਲ ਹੈ ਤੇ ਮੈਨੂੰ ਇਸ ਫਿਲਮ ਤੋਂ ਬਹੁਤ ਜ਼ਿਆਦਾ ਉਮੀਦਾਂ ਹਨ।' —ਸਿਮੀ ਚਾਹਲ



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News