ਗੁਰਪ੍ਰੀਤ ਕੌਰ ਚੱਢਾ ਦੀ ਪੰਜਾਬੀ ਫਿਲਮਾਂ ਬਣਾਉਣ ਵਾਲਿਆਂ ਨੂੰ ਸਲਾਹ

11/28/2018 3:24:16 PM

ਜਲੰਧਰ (ਬਿਊਰੋ)— ਭਾਰਤ 'ਚ ਫਿਲਮਾਂ ਨੂੰ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (ਸੀ. ਬੀ. ਐੱਫ. ਸੀ.) ਜਾਂ ਸੈਂਸਰ ਬੋਰਡ ਵਲੋਂ ਫਿਲਮਾਂ ਨੂੰ ਪਾਸ ਕੀਤਾ ਜਾਂਦਾ ਹੈ। ਕੋਈ ਫਿਲਮ ਰਿਲੀਜ਼ ਹੋਣ ਦੇ ਕਾਬਿਲ ਹੈ ਜਾਂ ਨਹੀਂ, ਇਸ ਦਾ ਫੈਸਲਾ ਸੈਂਸਰ ਬੋਰਡ ਕਰਦਾ ਹੈ। ਹਾਲਾਂਕਿ ਸੈਂਸਰ ਬੋਰਡ ਤੋਂ ਫਿਲਮ ਪਾਸ ਕਰਵਾਉਣ ਦੇ ਕੁਝ ਨਿਯਮ ਬਣਾਏ ਗਏ ਹਨ, ਜੋ ਪੰਜਾਬੀ ਫਿਲਮ ਇੰਡਸਟਰੀ ਜ਼ਿਆਦਾਤਰ ਫਾਲੋਅ ਨਹੀਂ ਕਰਦੀ।

ਇਸ ਸਬੰਧੀ ਅਸੀਂ ਖਾਸ ਗੱਲਬਾਤ ਸਾਬਕਾ ਸੈਂਸਰ ਬੋਰਡ ਮੈਂਬਰ, ਅਦਾਕਾਰਾ ਤੇ ਪ੍ਰੋਡਿਊਸਰ ਗੁਰਪ੍ਰੀਤ ਕੌਰ ਚੱਢਾ ਨਾਲ ਕੀਤੀ। ਗੁਰਪ੍ਰੀਤ ਕੌਰ ਚੱਢਾ ਨੇ ਕਿਹਾ ਕਿ ਆਮ ਤੌਰ 'ਤੇ ਫਿਲਮਾਂ ਨੂੰ ਪਾਸ ਕਰਵਾਉਣ ਲਈ ਕੁਲ 68 ਦਿਨ ਦਾ ਸਮਾਂ ਲੱਗਦਾ ਹੈ। ਇਸ ਸਮਾਂ ਹੱਦ ਅੰਦਰ ਇਹ ਫੈਸਲਾ ਕੀਤਾ ਜਾਂਦਾ ਹੈ ਕਿ ਫਿਲਮ 'ਚੋਂ ਕੀ-ਕੀ ਕੱਟਣਾ ਹੈ ਤੇ ਕੀ ਸੁਧਾਰ ਕੀਤਾ ਜਾਣਾ ਹੈ। ਹਾਲਾਂਕਿ ਜ਼ਿਆਦਾਤਰ ਪੰਜਾਬੀ ਫਿਲਮਾਂ ਇਸ ਨਿਯਮ ਨੂੰ ਫਾਲੋਅ ਨਹੀਂ ਕਰਦੀਆਂ।

PunjabKesari

ਗੁਰਪ੍ਰੀਤ ਕੌਰ ਨੇ ਦੱਸਿਆ ਕਿ ਪੰਜਾਬੀ ਫਿਲਮਾਂ ਰਿਲੀਜ਼ ਡੇਟ ਤੋਂ 10-15 ਦਿਨ ਪਹਿਲਾਂ ਸੈਂਸਰ ਹੋਣ ਲਈ ਆਉਂਦੀਆਂ ਹਨ। ਇੰਨੇ ਘੱਟ ਸਮੇਂ 'ਚ ਉਹ ਆਪਣੀ ਫਿਲਮ ਜਲਦੀ ਤੋਂ ਜਲਦੀ ਸਰਟੀਫਾਈਡ ਹੋਣ ਦੀ ਮੰਗ ਵੀ ਕਰਦੇ ਹਨ, ਜੋ ਗਲਤ ਹੈ। ਸੈਂਸਰ ਬੋਰਡ ਦੀ ਮੈਂਬਰ ਰਹਿਣ ਦੇ ਨਾਤੇ ਗੁਰਪ੍ਰੀਤ ਕੌਰ ਚੱਢਾ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਫਿਲਮ ਦੀ ਸ਼ੂਟਿੰਗ ਖਤਮ ਹੋਣ ਤੋਂ ਬਾਅਦ ਉਸ ਦੇ ਪੋਸਟ ਪ੍ਰੋਡਕਸ਼ਨ ਦਾ ਕੰਮ ਸ਼ੁਰੂ ਹੋਣ ਦੇ ਨਾਲ ਹੀ ਸੈਂਸਰ ਬੋਰਡ ਕੋਲੋਂ ਸਰਟੀਫਿਕੇਟ ਹਾਸਲ ਕਰਨ ਲਈ ਅਪਲਾਈ ਕਰ ਦੇਣ। ਲੇਟ ਫਿਲਮਾਂ ਸਰਟੀਫਿਕੇਟ ਲਈ ਦੇਣ ਦਾ ਨਤੀਜਾ ਇਹ ਰਹਿੰਦਾ ਹੈ ਕਿ ਫਿਲਮ ਦੀ ਰਿਲੀਜ਼ ਡੇਟ ਅੱਗੇ ਵਧਾਉਣੀ ਪੈਂਦੀ ਹੈ। ਅਜਿਹਾ ਇਕ ਨਹੀਂ, ਸਗੋਂ ਕਈ ਪੰਜਾਬੀ ਫਿਲਮਾਂ ਨਾਲ ਹੋਇਆ ਹੈ।

PunjabKesari

ਦੱਸਣਯੋਗ ਹੈ ਕਿ ਹਰ ਸਾਲ ਸੈਂਸਰ ਬੋਰਡ ਕੋਲ ਲਗਭਗ 2000 ਫਿਲਮਾਂ ਸਰਟੀਫਿਕੇਟਸ਼ਨ ਲਈ ਆਉਂਦੀਆਂ ਹਨ, ਜਿਨ੍ਹਾਂ 'ਚੋਂ ਸਿਰਫ ਉਨ੍ਹਾਂ ਫਿਲਮਾਂ ਨੂੰ ਸਰਟੀਫਿਕੇਟ ਨਹੀਂ ਦਿੱਤਾ ਜਾਂਦਾ, ਜੋ ਇਕ ਨਿਰਧਾਰਿਤ ਸਰਟੀਫਿਕੇਸ਼ਨ ਕੈਟਾਗਰੀ ਦੇ ਅੰਦਰ ਫਿੱਟ ਨਹੀਂ ਬੈਠਦੀਆਂ। ਇਸ ਦੀ ਵੱਡੀ ਉਦਾਹਰਣ 'ਉੜਤਾ ਪੰਜਾਬ' ਫਿਲਮ ਹੈ, ਜਿਸ ਨੂੰ ਸਰਟੀਫਿਕੇਟ ਦੇਣ ਸਮੇਂ ਸੈਂਸਰ ਬੋਰਡ ਦੀ ਭੂਮਿਕਾ 'ਤੇ ਸਵਾਲ ਚੁੱਕੇ ਗਏ ਸਨ ਤੇ ਸਾਬਕਾ ਸੈਂਸਰ ਬੋਰਡ ਮੁਖੀ ਪਹਿਲਾਜ ਨਿਹਲਾਨੀ ਸੁਰਖੀਆਂ 'ਚ ਰਹੇ ਸਨ। ਦੱਸਣਯੋਗ ਹੈ ਕਿ ਗੁਰਪ੍ਰੀਤ ਕੌਰ ਚੱਢਾ ਦੀ ਆਖਰੀ ਰਿਲੀਜ਼ ਹੋਈ ਪੰਜਾਬੀ ਫਿਲਮ 'ਕਿਰਦਾਰ ਏ ਸਰਦਾਰ' ਸੀ, ਜਿਹੜੀ ਇਕ ਖੂਬਸੂਰਤ ਵਿਸ਼ੇ 'ਤੇ ਬਣੀ ਪੰਜਾਬੀ ਫਿਲਮ ਹੈ। ਇਸ ਤੋਂ ਇਲਾਵਾ ਗੁਰਪ੍ਰੀਤ ਕੌਰ ਚੱਢਾ 'ਰੱਜੋ' ਨਾਂ ਦੀ ਪੰਜਾਬੀ ਫਿਲਮ 'ਚ ਕੰਮ ਕਰ ਰਹੇ ਹਨ। ਇਹ ਫਿਲਮ ਮਹਿਲਾ ਸਸ਼ਕਤੀਕਰਨ 'ਤੇ ਆਧਾਰਿਤ ਹੈ, ਜਿਹੜੀ ਬਹੁਤ ਜਲਦ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

ਕਿੰਨੇ ਤਰ੍ਹਾਂ ਦੇ ਹੁੰਦੇ ਹਨ ਸਰਟੀਫਿਕੇਟਸ?

ਯੂ ਸਰਟੀਫਿਕੇਟ : ਇਹ ਸਰਟੀਫਿਕੇਟ ਅਜਿਹੀਆਂ ਫਿਲਮਾਂ ਨੂੰ ਦਿੱਤਾ ਜਾਂਦਾ ਹੈ, ਜੋ ਹਰ ਤਰ੍ਹਾਂ ਦੇ ਦਰਸ਼ਕ ਨੂੰ ਦਿਖਾਈ ਜਾਣ ਲਈ ਠੀਕ ਹੈ। ਅਜਿਹੀਆਂ ਫਿਲਮਾਂ ਦਾ ਪ੍ਰਸਾਰਣ/ਸਕ੍ਰੀਨਿੰਗ ਹਰ ਤਰ੍ਹਾਂ ਦੇ ਦਰਸ਼ਕ ਵਰਗਾਂ ਲਈ ਕੀਤੀ ਜਾ ਸਕਦੀ ਹੈ।

ਯੂ/ਏ ਸਰਟੀਫਿਕੇਟ : ਇਸ ਸਰਟੀਫਿਕੇਟ ਵਾਲੀਆਂ ਫਿਲਮਾਂ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਨਾਲ ਦਿਖਾਈਆਂ ਜਾ ਸਕਦੀਆਂ ਹਨ।

ਏ ਸਰਟੀਫਿਕੇਟ : ਇਸ ਤਰ੍ਹਾਂ ਦੀਆਂ ਫਿਲਮਾਂ ਸਿਰਫ 18 ਸਾਲ ਤੋਂ ਵੱਧ ਉਮਰ ਵਾਲਿਆਂ ਨੂੰ ਦਿਖਾਈਆਂ ਜਾ ਸਕਦੀਆਂ ਹਨ। ਆਮ ਤੌਰ 'ਤੇ ਬੋਲਡ ਸੀਨਜ਼ ਜਾਂ ਐਡਲਟ ਕਾਮੇਡੀ ਵਾਲੀਆਂ ਫਿਲਮਾਂ ਨੂੰ ਇਸ ਤਰ੍ਹਾਂ ਦੇ ਸਰਟੀਫਿਕੇਟ ਦਿੱਤੇ ਜਾਂਦੇ ਹਨ।

ਐੱਸ ਸਰਟੀਫਿਕੇਟ : ਇਸ ਤਰ੍ਹਾਂ ਦਾ ਸਰਟੀਫਿਕੇਟ ਸਪੈਸ਼ਲ ਆਡੀਅੰਸ ਲਈ ਦਿੱਤਾ ਜਾਂਦਾ ਹੈ। ਯਾਨੀ ਕਿ ਕਿਸੇ ਫਿਲਮ ਨੂੰ ਸਿਰਫ ਡਾਕਟਰਾਂ ਜਾਂ ਫੌਜੀਆਂ ਨੂੰ ਦਿਖਾਇਆ ਜਾਣਾ ਹੈ ਤਾਂ ਉਸ ਨੂੰ ਇਹ ਸਰਟੀਫਿਕੇਟ ਦਿੱਤਾ ਜਾਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News