ਲੱਚਰ ਗਾਇਕੀ ਦੇ ਪਸਾਰ 'ਚ ਲੋਕਾਂ ਦਾ ਵੀ ਉਨਾ ਦੋਸ਼, ਜਿੰਨਾ ਗਾਇਕਾਂ ਦਾ : ਹਰਜੀਤ ਹਰਮਨ

12/13/2017 2:54:20 PM

ਜਲੰਧਰ (ਰਾਹੁਲ ਸਿੰਘ)— ਪੰਜਾਬੀ ਗਾਇਕ ਹਰਜੀਤ ਹਰਮਨ ਬੀਤੇ ਦਿਨੀਂ 'ਜਗ ਬਾਣੀ' ਦੇ ਦਫਤਰ ਪੁੱਜੇ। ਇਸ ਦੌਰਾਨ ਹਰਜੀਤ ਹਰਮਨ ਨੇ ਆਪਣੇ ਗਾਇਕੀ ਸਫਰ 'ਚ ਆਉਂਦੀਆਂ ਮੁਸ਼ਕਿਲਾਂ ਤੇ ਬਦਲਦੇ ਗਾਇਕੀ ਦੌਰ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। ਹਰਜੀਤ ਹਰਮਨ ਸਾਫ-ਸੁੱਥਰੀ ਗਾਇਕੀ ਨਾਲ ਲੋਕਾਂ ਵਿਚਾਲੇ ਮਕਬੂਲ ਹਨ। ਉਨ੍ਹਾਂ ਕੋਲੋਂ ਜਦੋਂ ਵੱਧ ਰਹੀ ਲੱਚਰ ਤੇ ਭੜਕਾਊ ਗਾਇਕੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਦੇ ਪਸਾਰ 'ਚ ਸੁਣਨ ਵਾਲਿਆਂ ਦਾ ਵੀ ਉਨਾ ਹੀ ਦੋਸ਼ ਹੈ, ਜਿੰਨਾ ਲੱਚਰ ਤੇ ਭੜਕਾਊ ਗੀਤ ਗਾਉਣ ਵਾਲਿਆਂ ਦਾ ਹੈ।
ਉਨ੍ਹਾਂ ਕਿਹਾ ਕਿ ਪੁਰਾਣੇ ਸਮੇਂ 'ਚ ਟੀ. ਵੀ. ਤੇ ਰੇਡੀਓ ਹੁੰਦੇ ਸਨ ਤੇ ਉਦੋਂ ਇਸ ਤਰ੍ਹਾਂ ਦੀ ਗਾਇਕੀ ਕੋਈ ਵੀ ਘਰਾਂ 'ਚ ਬੈਠ ਕੇ ਨਹੀਂ ਸੁਣਦਾ ਸੀ ਪਰ ਹੁਣ ਜਦੋਂ ਅਸੀਂ ਟੀ. ਵੀ. ਆਨ ਕਰਦੇ ਹਾਂ ਤਾਂ ਹਰ ਪਾਸੇ ਇਹੀ ਸਭ ਦੇਖਣ ਨੂੰ ਮਿਲਦਾ ਹੈ। ਗਾਇਕਾਂ ਨੂੰ ਚਾਹੀਦਾ ਹੈ ਕਿ ਕੋਈ ਵੀ ਗੀਤ ਕਰਨ ਤੋਂ ਪਹਿਲਾਂ ਉਹ ਆਪਣੇ ਘਰਦਿਆਂ ਨੂੰ ਜ਼ਰੂਰ ਦਿਖਾਉਣ। ਜੇਕਰ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਆਪਣੇ ਘਰ 'ਚ ਨਹੀਂ ਦਿਖਾ ਸਕਦੇ ਤਾਂ ਉਨ੍ਹਾਂ ਨੂੰ ਬਾਹਰ ਲੋਕਾਂ ਤਕ ਵੀ ਅਜਿਹੇ ਗੀਤ ਪਹੁੰਚਾਉਣ ਦਾ ਕੋਈ ਹੱਕ ਨਹੀਂ ਹੈ।
ਹਰਜੀਤ ਹਰਮਨ ਕੋਲੋਂ ਪੰਜਾਬੀ ਗੀਤਾਂ ਲਈ ਸੈਂਸਰ ਬੋਰਡ ਬਣਾਏ ਜਾਣ ਬਾਰੇ ਵੀ ਪੁੱਛਿਆ ਗਿਆ। ਇਸ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਅੱਜਕਲ ਜਿਸ ਤਰ੍ਹਾਂ ਦੇ ਗੀਤ ਦੇਖਣ ਤੇ ਸੁਣਨ ਨੂੰ ਮਿਲਦੇ ਹਨ, ਉਨ੍ਹਾਂ ਨੂੰ ਮੁੱਖ ਰੱਖਦਿਆਂ ਸੈਂਸਰ ਬੋਰਡ ਜ਼ਰੂਰ ਬਣਾਇਆ ਜਾਣਾ ਚਾਹੀਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News