ਹੇਮਾ ਮਾਲਿਨੀ ਦਾ ਪਾਲੀਵੁੱਡ ਫਿਲਮ ਇੰਡਸਟਰੀ ਲਈ ਮੋਹ, ਜਲਦ ਲੈ ਕੇ ਆ ਰਹੀ ਪੰਜਾਬੀ ਫਿਲਮ

Saturday, October 27, 2018 10:11 AM
ਹੇਮਾ ਮਾਲਿਨੀ ਦਾ ਪਾਲੀਵੁੱਡ ਫਿਲਮ ਇੰਡਸਟਰੀ ਲਈ ਮੋਹ, ਜਲਦ ਲੈ ਕੇ ਆ ਰਹੀ ਪੰਜਾਬੀ ਫਿਲਮ

ਜਲੰਧਰ(ਬਿਊਰੋ)— ਅੱਜ ਦੀ ਤਾਰੀਖ 'ਚ ਪਾਲੀਵੁੱਡ ਕਿਸੇ ਦੂਜੀ ਫਿਲਮ ਇੰਡਸਟਰੀ ਤੋਂ ਘੱਟ ਨਹੀਂ ਹੈ। ਆਏ ਦਿਨ ਨਵੀਆਂ-ਨਵੀਆਂ ਫਿਲਮਾਂ ਦਾ ਐਲਾਨ ਹੋ ਰਿਹਾ ਹੈ, ਜਿਨ੍ਹਾਂ 'ਚ ਵੱਖਰੇ-ਵੱਖਰੇ ਤਜਰਬੇ ਹੋ ਰਹੇ ਹਨ। ਅਜਿਹੇ 'ਚ ਪਾਲੀਵੁੱਡ ਲਈ ਵੱਡੀ ਖਬਰ ਆਈ ਹੈ ਕਿ ਬਾਲੀਵੁੱਡ ਡਰੀਮ ਗਰਲ ਹੇਮਾ ਮਾਲਿਨੀ ਹੁਣ ਪੰਜਾਬੀ ਫਿਲਮ 'ਮਿੱਟੀ, ਵਿਰਾਸਤ ਬੱਬਰਾਂ ਦੀ' ਨੂੰ ਪ੍ਰੋਡਿਊਸ ਕਰੇਗੀ। ਜੀ ਹਾਂ, ਹੇਮਾ ਫਿਲਮ ਨੂੰ ਪ੍ਰੋਡਿਊਸ ਕਰ ਰਹੀ ਹੈ। ਇਸ ਦੇ ਮਹੂਰਤ ਲਈ ਹੇਮਾ ਮਾਲਿਨੀ ਚੰਡੀਗੜ੍ਹ ਵੀ ਆਈ ਸੀ। ਇਸ ਬਾਰੇ ਹੇਮਾ ਨੇ ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਕਿਹਾ, ''ਪੰਜਾਬੀ ਫਿਲਮ ਨਾਲ ਜੁੜਨਾ ਮਾਣ ਦੀ ਗੱਲ ਹੈ। 'ਮਿੱਟੀ, ਵਿਰਾਸਤ ਬੱਬਰਾਂ ਦੀ' ਹੇਮਾ ਮਾਲਿਨੀ, ਵਿੰਕੀ ਰਾਏ ਨਾਲ ਮਿਲ ਕੇ ਐੱਚ. ਐੱਮ. ਕ੍ਰੀਏਸ਼ਨ ਤੇ ਉੱਤਰਾ ਫੂਡ ਪ੍ਰਾਈਵੇਟ ਦੇ ਬੈਨਰ ਹੇਠ ਬਣੇਗੀ। ਫਿਲਮ ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਸ਼ੂਟਿੰਗ ਪੰਜਾਬ ਦੀਆਂ ਵੱਖ-ਵੱਖ ਲੋਕੇਸ਼ਨਾਂ 'ਤੇ ਕੀਤੀ ਜਾਵੇਗੀ। ਜੇਕਰ ਫਿਲਮ ਦੀ ਡਾਇਰੈਕਸ਼ਨ ਦੀ ਗੱਲ ਕਰੀਏ ਤਾਂ ਇਸ ਨੂੰ ਹਿਰਦੇ ਸ਼ੈਟੀ ਡਾਇਰੈਕਟ ਕਰ ਰਹੇ ਹਨ। 'ਮਿੱਟੀ, ਵਿਰਾਸਤ ਬੱਬਰਾਂ ਦੀ' 'ਚ ਲਖਵਿੰਦਰ ਕੰਡੋਲਾ ਲੀਡ ਰੋਲ 'ਚ ਨਜ਼ਰ ਆਉਣਗੇ, ਜਦੋਂਕਿ ਉਨ੍ਹਾਂ ਨਾਲ ਕੁਲਜਿੰਦਰ ਸਿੱਧੂ, ਨਿਸ਼ਾਵਨ ਭੁੱਲਰ, ਜਪਜੀ ਖਹਿਰਾ, ਅਕਿਸ਼ਤਾ ਸਰੀਨ, ਕੰਵਲਜੀਤ ਸਿੰਘ ਤੇ ਲੱਕੀ ਧਾਲੀਵਾਲ ਜਿਹੇ ਹੋਰ ਕਈ ਸਟਾਰ ਨਜ਼ਰ ਆਉਣਗੇ। ਇਸ ਬਾਰੇ ਲਖਵਿੰਦਰ ਨੇ ਕਿਹਾ, “ਇਸ ਫ਼ਿਲਮ ਨੂੰ 'ਮਿੱਟੀ' ਦਾ ਅਗਲਾ ਐਪੀਸੋਡ ਕਿਹਾ ਜਾ ਸਕਦਾ ਹੈ। ਫਿਲਮ ਦਾ ਵਿਸ਼ਾ ਵੱਖਰਾ ਹੈ ਤੇ ਮੰਤਵ ਵੀ ਵੱਖਰਾ ਹੈ। ਇਸ ਦੇ ਨਾਲ ਫਿਲਮ ਪੰਜਾਬ ਦੇ ਮੌਜੂਦਾ ਹਾਲਾਤ ਨਾਲ 1920 ਦੇ ਸਮੇਂ ਚੱਲੀ ਬੱਬਰ ਲਹਿਰ ਨੂੰ ਵੀ ਪਰਦੇ 'ਤੇ ਪੇਸ਼ ਕਰੇਗੀ।'' ਇਸ ਤੋਂ ਬਾਅਦ ਜਪਜੀ ਖਹਿਰਾ ਨੇ ਕਿਹਾ, “ਉਹ ਫਿਲਮ ਦਾ ਮੁੱਖ ਹਿੱਸਾ ਹੈ, ਜਿਸ ਦੇ ਕਿਰਦਾਰ ਦੁਆਲੇ ਫਿਲਮ ਦੀ ਕਹਾਣੀ ਘੁੰਮਦੀ ਹੈ। ਇਸੇ ਮੌਕੇ 'ਮਿੱਟੀ, ਵਿਰਾਸਤ ਬੱਬਰਾਂ ਦੀ' ਦਾ ਪੋਸਟਰ ਵੀ ਰਿਲੀਜ਼ ਹੋ ਗਿਆ ਹੈ। ਇਹ ਫਿਲਮ ਅਗਲੇ ਸਾਲ 1 ਮਾਰਚ ਨੂੰ ਰਿਲੀਜ਼ ਹੋਣੀ ਹੈ।


Edited By

Sunita

Sunita is news editor at Jagbani

Read More