‘ਹਾਈ ਐਂਡ ਯਾਰੀਆਂ’ ਨਾਲ ਮੁਸਕਾਨ ਸੇਠੀ ਦੀ ਪਾਲੀਵੁੱਡ ’ਚ ਐਂਟਰੀ

2/10/2019 9:12:43 AM

ਪੰਜਾਬੀ ਫਿਲਮ ‘ਹਾਈ ਐਂਡ ਯਾਰੀਆਂ’ 22 ਫਰਵਰੀ, 2019 ਨੂੰ ਦੁਨੀਆ ਭਰ ’ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ’ਚ ਜੱਸੀ ਗਿੱਲ, ਰਣਜੀਤ ਬਾਵਾ ਤੇ ਨਿੰਜਾ ਮੁੱਖ ਭੂਮਿਕਾ ਨਿਭਾਅ ਰਹੇ ਹਨ। ਇਨ੍ਹਾਂ ਦੇ ਨਾਲ ਫੀਮੇਲ ਲੀਡ ’ਚ ਮੁਸਕਾਨ ਸੇਠੀ, ਨਵਨੀਤ ਕੌਰ ਢਿੱਲੋਂ ਤੇ ਆਰੂਸ਼ੀ ਸ਼ਰਮਾ ਵੀ ਅਹਿਮ ਭੂਮਿਕਾ ’ਚ ਹਨ। ਫਿਲਮ ਨੂੰ ਪੰਕਜ ਬੱਤਰਾ ਨੇ ਡਾਇਰੈਕਟਰ ਕੀਤਾ ਹੈ। ਹਾਲ ਹੀ ’ਚ ਫਿਲਮ ਦੀ ਮੁੱਖ ਅਦਾਕਾਰਾ ਮੁਸਕਾਨ ਸੇਠੀ ਨਾਲ ‘ਜਗ ਬਾਣੀ’ ਦੇ ਪ੍ਰਤੀਨਿਧੀ ਰਾਹੁਲ ਸਿੰਘ ਵਲੋਂ ਖਾਸ ਗੱਲਬਾਤ ਕੀਤੀ ਗਈ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼—

‘ਹਾਈ ਐਂਡ ਯਾਰੀਆਂ’ ਫਿਲਮ ਕਿਵੇਂ ਆਫਰ ਹੋਈ?
ਫਿਲਮ ਦੇ ਡਾਇਰੈਕਟਰ ਪੰਕਜ ਬੱਤਰਾ ਨੇ ਮੇਰਾ ਇਕ ਆਡੀਸ਼ਨ ਦੇਖਿਆ ਸੀ। ਉਨ੍ਹਾਂ ਨੂੰ ਉਹ ਆਡੀਸ਼ਨ ਪਸੰਦ ਆਇਆ, ਫਿਰ ਉਨ੍ਹਾਂ ਨੇ ਮੇਰੇ ਨਾਲ ਗੱਲ ਕੀਤੀ। ਇਸ ਤੋਂ ਬਾਅਦ ਮੈਂ ਫਿਲਮ ਲਈ ਸਕ੍ਰੀਨ ਟੈਸਟ ਦਿੱਤਾ। ਜਦੋਂ ਮੈਨੂੰ ਮੇਰਾ ਕਿਰਦਾਰ ਦੱਸਿਆ ਗਿਆ ਤਾਂ ਪਤਾ ਲੱਗਾ ਕਿ ਮੇਰੀ ਜੋੜੀ ਰਣਜੀਤ ਬਾਵਾ ਨਾਲ ਬਣਾਈ ਗਈ ਹੈ। ਇਕ ਫਰੈੱਸ਼ ਸਕ੍ਰਿਪਟ ਲੱਗੀ, ਜਿਸ ਲਈ ਮੈਂ ਫਿਲਮ ਨੂੰ ਹਾਂ ਕੀਤੀ।

ਫਿਲਮ ’ਚ ਤੁਸੀਂ ਕਿਹੜਾ ਕਿਰਦਾਰ ਨਿਭਾਅ ਰਹੇ ਹੋ?
ਫਿਲਮ ’ਚ ਮੈਂ ਮੈਂਡੀ ਨਾਂ ਦੀ ਕੁੜੀ ਦਾ ਕਿਰਦਾਰ ਨਿਭਾਅ ਰਹੀ ਹਾਂ। ਮੈਂਡੀ ਲੰਡਨ ’ਚ ਪੜ੍ਹਦੀ ਇਕ ਕੁੜੀ ਹੈ, ਜਿਸ ਦੀਆਂ ਜੜ੍ਹਾਂ ਪੰਜਾਬ ਨਾਲ ਜੁੜੀਆਂ ਹਨ ਕਿਉਂਕਿ ਉਸ ਦੇ ਮਾਤਾ-ਪਿਤਾ ਪੰਜਾਬੀ ਹਨ। ਮੈਂਡੀ ਆਪਣੇ ਸੱਭਿਆਚਾਰ ਨਾਲ ਜੁੜੀ ਹੋਈ ਕੁੜੀ ਹੈ। ਮੈਂ ਮੈਂਡੀ ਦੇ ਕਿਰਦਾਰ ਨੂੰ ਅਸਲ ਜ਼ਿੰਦਗੀ ਦੇ ਵੀ ਨਜ਼ਦੀਕ ਮੰਨਦੀ ਹਾਂ ਕਿਉਂਕਿ ਉਸ ਦੇ ਅਹਿਸਾਸ ਬਿਲਕੁਲ ਮੇਰੇ ਵਾਂਗ ਹਨ।

ਰਣਜੀਤ ਬਾਵਾ ਨਾਲ ਸਕ੍ਰੀਨ ਸਾਂਝੀ ਕਰਨ ਦਾ ਤਜਰਬਾ ਕਿਵੇਂ ਦਾ ਰਿਹਾ?
ਰਣਜੀਤ ਬਾਵਾ ਬਹੁਤ ਟੈਲੇਂਟਿਡ ਹਨ, ਇਸ ਲਈ ਉਨ੍ਹਾਂ ਨਾਲ ਕੰਮ ਕਰਨਾ ਵੀ ਸ਼ਾਨਦਾਰ ਰਿਹਾ। ਉਨ੍ਹਾਂ ਦੇ ਗੀਤਾਂ ਤੇ ਫਿਲਮਾਂ ਦੀ ਮੈਂ ਪਹਿਲਾਂ ਤੋਂ ਹੀ ਫੈਨ ਹਾਂ। ਰਣਜੀਤ ਜਿੰਨੇ ਟੈਲੇਂਟਿਡ ਹਨ, ਉਨਾ ਹੀ ਵਧੀਆ ਉਨ੍ਹਾਂ ਦਾ ਸੁਭਾਅ ਹੈ। ਉਨ੍ਹਾਂ ਨਾਲ ਕੰਮ ਕਰਕੇ ਬਹੁਤ ਸਹਿਜ ਮਹਿਸੂਸ ਕੀਤਾ।

ਹੁਣ ਤਕ ਦੇ ਸਫਰ ’ਚ ਕਿੰਨੇ ਕੁ ਉਤਾਰ-ਚੜ੍ਹਾਅ ਦੇਖਣ ਨੂੰ ਮਿਲੇ?
ਮੈਂ ਆਪਣਾ ਕਰੀਅਰ ਟੀ. ਵੀ. ਐਡਸ ਤੋਂ ਸ਼ੁਰੂ ਕੀਤਾ। ਫਿਰ ਮੈਂ ਇਕ ਬਾਲੀਵੁੱਡ ਮਿਊਜ਼ਿਕ ਐਲਬਮ ਕੀਤੀ। ਪੁਰੀ ਜਗਨਨਾਥ ਨਾਲ ਇਕ ਫਿਲਮ ਵੀ ਕੀਤੀ, ਜਿਸ ਦਾ ਨਾਂ ਸੀ ‘ਪੈਸਾ ਵਸੂਲ’। ਇਹ ਇਕ ਲਾਈਫ ਟਰਨਿੰਗ ਈਵੈਂਟ ਸੀ ਮੇਰੀ ਜ਼ਿੰਦਗੀ ’ਚ। ਇਸ ਤੋਂ ਬਾਅਦ ਮੈਨੂੰ ਪਾਲੀਵੁੱਡ ’ਚ ਪੰਕਜ ਬੱਤਰਾ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਮੇਰਾ ਸਫਰ ਬਹੁਤ ਸ਼ਾਨਦਾਰ ਰਿਹਾ ਹੈ। ਉਤਾਰ-ਚੜ੍ਹਾਅ ਵੱਖ-ਵੱਖ ਇੰਡਸਟਰੀ ਦੇ ਅਲੱਗ-ਅਲੱਗ ਰਹੇ ਪਰ ਸਫਰ ਦੌਰਾਨ ਮਜ਼ਾ ਬਹੁਤ ਆਇਆ। ਇਸ ਦੌਰਾਨ ਮੈਂ ਖੁਦ ਨੂੰ ਟੈਸਟ ਕੀਤਾ ਤੇ ਵੱਖ-ਵੱਖ ਕਿਰਦਾਰ ਨਿਭਾਉਣ ਦਾ ਮੌਕਾ ਮਿਲਿਆ।

ਪੰਕਜ ਬੱਤਰਾ ਨਾਲ ਕੰਮ ਕਰਨ ਦਾ ਤਜਰਬਾ ਕਿਵੇਂ ਦਾ ਰਿਹਾ?
ਉਨ੍ਹਾਂ ਨਾਲ ਕੰਮ ਕਰਨਾ ਸੁਪਨੇ ਦੇ ਸੱਚ ਹੋਣ ਵਰਗਾ ਹੈ। ਉਨ੍ਹਾਂ ਬਾਰੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਉਹ ਫਰੈੱਸ਼ ਆਈਡੀਆ ਲੈ ਕੇ ਆਉਂਦੇ ਹਨ। ਉਨ੍ਹਾਂ ਦਾ ਵਿਜ਼ਨ ਬਹੁਤ ਹੀ ਅਪ-ਟੂ-ਡੇਟ ਹੈ। ਮੈਨੂੰ ਉਨ੍ਹਾਂ ਨਾਲ ਕੰਮ ਕਰਕੇ ਇੰਝ ਮਹਿਸੂਸ ਹੋਇਆ ਕਿ ਉਹ ਬਹੁਤ ਹੀ ਫਿਊਚਰਿਸਟਿਕ ਡਾਇਰੈਕਟਰ ਹਨ। ਮੇਰੇ ਅੰਦਰੋਂ ਉਨ੍ਹਾਂ ਨੇ ਮੈਂਡੀ ਦਾ ਕਿਰਦਾਰ ਬਹੁਤ ਵਧੀਆ ਢੰਗ ਨਾਲ ਕਢਵਾਇਆ ਹੈ।

ਤੁਹਾਡੀਆਂ ਬਾਲੀਵੁੱਡ ਫਿਲਮਾਂ ਵੀ ਆ ਰਹੀਆਂ ਹਨ। ਉਨ੍ਹਾਂ ਬਾਰੇ ਕੁਝ ਦੱਸੋ?
ਮੈਂ ਦੋ ਬਾਲੀਵੁੱਡ ਫਿਲਮਾਂ ਕਰ ਰਹੀ ਹਾਂ, ਜਿਨ੍ਹਾਂ ’ਚੋਂ ਇਕ ਦਾ ਨਾਂ ਹੈ ‘ਸਈਓਨੀ’, ਜੋ ਰਾਹੁਲ ਰਾਏ ਦੇ ਨਾਲ ਹੈ। ਇਸ ਫਿਲਮ ਨੂੰ ਨਿਤਿਨ ਕੁਮਾਰ ਗੁਪਤਾ ਨੇ ਡਾਇਰੈਕਟ ਕੀਤਾ ਹੈ। ਇਹ ਫਿਲਮ 2-3 ਮਹੀਨਿਆਂ ਤਕ ਰਿਲੀਜ਼ ਹੋ ਜਾਵੇਗੀ। ਦੂਜੀ ਕਾਮੇਡੀ ਫਿਲਮ ਹੈ, ਜਿਸ ਦਾ ਨਾਂ ਹੈ ‘ਕਯਾ ਮਸਤੀ ਕਯਾ ਧੂਮ’। ਇਸ ਫਿਲਮ ਨੂੰ ਚੰਦ੍ਰਕਾਂਤ ਸਿੰਘ ਨੇ ਡਾਇਰੈਕਟ ਕੀਤਾ ਹੈ। ਇਸ ਫਿਲਮ ਦਾ ਪਹਿਲਾ ਸ਼ੈਡਿਊਲ ਸ਼ੂਟ ਹੋ ਚੁੱਕਾ ਹੈ ਤੇ ਦੂਜਾ ਸ਼ੈਡਿਊਲ ਅਜੇ ਬਾਕੀ ਹੈ।

ਕਿਸ ਪ੍ਰਾਜੈਕਟ ਨੂੰ ਆਪਣੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਮੰਨਦੇ ਹੋ?
ਮੈਂ ‘ਪੈਸਾ ਵਸੂਲ’ ਫਿਲਮ ਨੂੰ ਆਪਣੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਮੰਨਦੀ ਹਾਂ। ਇਹ ਮੇਰੀ ਤੇਲਗੂ ਡੈਬਿਊ ਫਿਲਮ ਸੀ। ਇਹ ਫਿਲਮ ਮੇਰੀ ਬਾਲ ਕ੍ਰਿਸ਼ਨ ਨਾਲ ਸੀ। ਪੁਰੀ ਜਗਨਨਾਥ ਫਿਲਮ ਦੇ ਡਾਇਰੈਕਟਰ ਸਨ। ਮੈਂ ਬਹੁਤ ਲੱਕੀ ਹਾਂ ਕਿ ‘ਪੈਸਾ ਵਸੂਲ’ ਮੇਰੀ ਪਹਿਲੀ ਫਿਲਮ ਸੀ, ਜੋ ਮੇਰੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਵੀ ਸਾਬਿਤ ਹੋਈ।

ਤੁਹਾਨੂੰ ਗਾਇਕੀ ਦਾ ਵੀ ਸ਼ੌਕ ਹੈ। ਕੀ ਤੁਸੀਂ ਆਪਣਾ ਕੋਈ ਗੀਤ ਰਿਲੀਜ਼ ਕਰੋਗੇ?
ਮੈਨੂੰ ਗਾਇਕੀ ਦਾ ਸ਼ੌਕ ਤਾਂ ਬਹੁਤ ਹੈ ਪਰ ਇਹ ਨਹੀਂ ਜਾਣਦੀ ਕਿ ਮੈਂ ਕਿੰਨਾ ਵਧੀਆ ਗਾਉਂਦੀ ਹਾਂ। ਜੇਕਰ ਰੱਬ ਦੀ ਮਿਹਰ ਰਹੀ ਤਾਂ ਭਵਿੱਖ ’ਚ ਜ਼ਰੂਰ ਕੋਸ਼ਿਸ਼ ਕਰਾਂਗੀ ਕਿ ਮੇਰਾ ਵੀ ਕੋਈ ਗੀਤ ਰਿਲੀਜ਼ ਹੋਵੇ ਪਰ ਫਿਲਹਾਲ ਮੇਰਾ ਧਿਆਨ ਐਕਟਿੰਗ ਵੱਲ ਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News