'ਭੁਜ ਦਿ ਪ੍ਰਾਈਡ ਆਫ ਇੰਡੀਆ' 'ਚ ਐਮੀ ਵਿਰਕ ਨਾਲ ਨਜ਼ਰ ਆਵੇਗੀ ਇਹ ਪੰਜਾਬੀ ਅਦਾਕਾਰਾ

Monday, September 9, 2019 2:40 PM
'ਭੁਜ ਦਿ ਪ੍ਰਾਈਡ ਆਫ ਇੰਡੀਆ' 'ਚ ਐਮੀ ਵਿਰਕ ਨਾਲ ਨਜ਼ਰ ਆਵੇਗੀ ਇਹ ਪੰਜਾਬੀ ਅਦਾਕਾਰਾ

ਮੁੰਬਈ (ਬਿਊਰੋ) — ਬਾਲੀਵੁੱਡ ਸਟਾਰ ਅਜੇ ਦੇਵਗਨ ਅਤੇ ਨਾਮੀਂ ਮਿਊਜ਼ਿਕ ਤੇ ਫਿਲਮ ਕੰਪਨੀ 'ਟੀ-ਸੀਰੀਜ਼' ਵੱਲੋਂ ਬਣਾਈ ਜਾ ਰਹੀ ਹਿੰਦੀ ਫਿਲਮ 'ਭੁਜ ਦਿ ਪ੍ਰਾਈਡ ਆਫ ਇੰਡੀਆ' 'ਚ ਪੰਜਾਬੀ ਫਿਲਮ ਇੰਡਸਟਰੀ ਦੇ ਦੋ ਨਾਮੀਂ ਸਿਤਾਰੇ ਐਮੀ ਵਿਰਕ ਅਤੇ ਇਹਾਨਾ ਢਿੱਲੋਂ ਵੀ ਨਜ਼ਰ ਆਉਣਗੇ। ਇਸ ਫਿਲਮ 'ਚ ਅਜੇ ਦੇਵਗਨ ਤੋਂ ਇਲਾਵਾ ਸੰਜੇ ਦੱਤ, ਸੋਨਾਕਸ਼ੀ ਸਿਨ੍ਹਾ ਅਤੇ ਪਰਿਣੀਤੀ ਚੋਪੜਾ ਸਮੇਤ ਕਈ ਹੋਰ ਵੱਡੇ ਚਿਹਰੇ ਨਜ਼ਰ ਆਉਣਗੇ। ਇਹ ਫਿਲਮ ਸਾਲ 1971 ਦੀ ਜੰਗ ਦੌਰਾਨ ਗੁਜਰਾਤ 'ਚ ਵਾਪਰੀਆਂ ਘਟਨਾਵਾਂ 'ਤੇ ਅਧਾਰਿਤ ਹੈ।

ਅਭਿਸ਼ੇਕ ਦੁਧਾਇਆ ਵੱਲੋਂ ਨਿਰਦੇਸ਼ਤ ਕੀਤੀ ਜਾ ਰਹੀ ਇਹ ਫਿਲਮ ਦਰਅਸਲ 1971 ਦੀ ਜੰਗ ਦੌਰਾਨ ਭੁਜ ਏਅਰਪੋਰਟ ਦੇ ਇੰਚਾਰਜ ਵਿਜੇ ਕਾਰਣਿਕ 'ਤੇ ਅਧਾਰਿਤ ਹੈ, ਜਿਸ ਨੇ ਕਰੀਬ 300 ਔਰਤਾਂ ਦੀ ਮਦਦ ਨਾਲ ਹਵਾਈ ਸੈਨਾ ਦੇ ਏਅਰਸਟ੍ਰਿਪ ਦੀ ਮੁਰੰਮਤ ਕੀਤੀ ਸੀ, ਜਿਸ ਨਾਲ ਭਾਰਤੀ ਸੈਨਾ ਨੇ ਪਾਕਿਸਤਾਨੀ ਸੈਨਾ ਨੂੰ ਕਰਾਰਾ ਜਵਾਬ ਦਿੱਤਾ ਸੀ। ਇਹ ਫਿਲਮ ਅਗਲੇ ਸਾਲ 2020 'ਚ 14 ਅਗਸਤ ਨੂੰ ਰਿਲੀਜ਼ ਹੋਵੇਗੀ।


ਦੱਸਣਯੋਗ ਹੈ ਕਿ ਐਮੀ ਵਿਰਕ ਦੀ ਇਹ ਦੂਜੀ ਹਿੰਦੀ ਫਿਲਮ ਹੈ। ਇਸ ਤੋਂ ਪਹਿਲਾਂ ਐਮੀ ਵਿਰਕ ਨੇ ਡੈਬਿਊ ਹਿੰਦੀ ਫਿਲਮ '83' ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਇਹ ਫਿਲਮ ਕ੍ਰਿਕਟ 'ਤੇ ਅਧਾਰਿਤ ਹੈ, ਜਿਸ 'ਚ ਕਈ ਹੋਰ ਵੀ ਪੰਜਾਬੀ ਸਿਤਾਰੇ ਨਜ਼ਰ ਆਉਣਗੇ। ਇਸ ਤੋਂ ਇਲਾਵਾ ਇਹਾਨਾ ਢਿੱਲੋਂ ਵੀ ਹਿੰਦੀ ਫਿਲਮ 'ਹੇਟ ਸਟੋਰੀ 4' ਤੋਂ ਬਾਅਦ ਇਸ ਫਿਲਮ ਰਾਹੀਂ ਕਿਸੇ ਵੱਡੀ ਹਿੰਦੀ ਫਿਲਮ 'ਚ ਨਜ਼ਰ ਆਵੇਗੀ।


Edited By

Sunita

Sunita is news editor at Jagbani

Read More