ਰੂੜੀਵਾਦੀ ਪ੍ਰਥਾ ਨੂੰ ਅਨੋਖੇ ਅੰਦਾਜ਼ ’ਚ ਪੇਸ਼ ਕਰੇਗੀ ‘ਜਬਰੀਆ ਜੋੜੀ’

7/28/2019 9:08:31 AM

ਇਕ ਰੂੜੀਵਾਦੀ ਪ੍ਰਥਾ ਨੂੰ ਬਹੁਤ ਹੀ ਅਨੋਖੇ ਅੰਦਾਜ਼ ਵਿਚ ਲੋਕਾਂ ਸਾਹਮਣੇ ਪੇਸ਼ ਕਰਨ ਵਾਲੀ ਸਿਧਾਰਥ ਮਲਹੋਤਰਾ ਅਤੇ ਪਰਿਣੀਤੀ ਚੋਪੜਾ ਦੇ ਅਭਿਨੈ ਵਾਲੀ ਫਿਲਮ ‘ਜਬਰੀਆ ਜੋੜੀ’ ਆਪਣੀ ਅਨੋਖੀ ਕਹਾਣੀ ਕਾਰਨ ਲਗਾਤਾਰ ਦਰਸ਼ਕਾਂ ਦਾ ਧਿਆਨ ਆਪਣੀ ਵੱਲ ਆਕਰਸ਼ਤ ਕਰ ਰਹੀ ਹੈ। ਇਹ ਫਿਲਮ ਬਿਹਾਰ ਵਿਚ ਹੋਣ ਵਾਲੇ ਪਕੜਵਾ ਵਿਆਹ ’ਤੇ ਆਧਾਰਤ ਹੈ। ਜਿਸ ਦੀ ਕਹਾਣੀ ਬਹੁਤ ਹੀ ਮਜ਼ਾਕੀਆ ਤਰੀਕੇ ਨਾਲ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਲਮ ਵਿਚ ਜਿਥੇ ਸਿਧਾਰਥ ਠੇਠ ਬਿਹਾਰੀ ਦਾ ਕਿਰਦਾਰ ਨਿਭਾ ਰਹੇ ਹਨ। ਉਥੇ ਪਰਿਣੀਤੀ ਟ੍ਰੈਡੀਸ਼ਨਲ ਬਿਹਾਰੀ ਵਿਦ ਵੈਸਟਰਨ ਟੱਚ ਦੇ ਰੋਲ ਵਿਚ ਨਜ਼ਰ ਆਵੇਗੀ। ਨਾਲ ਹਨ ਜਾਵੇਦ ਜਾਫਰੀ, ਅਪਾਰ ਸ਼ਕਤੀ ਖੁਰਾਣਾ, ਸੰਜੇ ਮਿਸ਼ਰਾ ਅਤੇ ਚੰਦਨ ਰਾਏ ਸਾਨਿਆਲ ਜਿਹੇ ਦਮਦਾਰ ਕਿਰਦਾਰ। 2 ਅਗਸਤ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਦੀ ਪ੍ਰਮੋਸ਼ਨ ਲਈ ਦਿੱਲੀ ਪਹੁੰਚੇ ਸਿਧਾਰਥ ਤੇ ਪਰਿਣੀਤੀ ਨੇ ਜਗ ਬਾਣੀ/ਪੰਜਾਬ ਕੇਸਰੀ/ਨਵੋਦਯਾ ਟਾਈਮਸ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਦੇ ਮੁੱਖ ਅੰਸ਼ :

ਸਾਡੀ ਫਿਲਮ ਨੂੰ ਮਿਲਿਆ ਨਵਾਂ ਨਾਂ

ਸਿਧਾਰਥ ਮਲਹੋਤਰਾ

ਪਹਿਲਾਂ ਇਸ ਫਿਲਮ ਦਾ ਨਾਂ ‘ਸ਼ਾਰਟਗੰਨ ਸ਼ਾਦੀ’ ਰੱਖਿਆ ਗਿਆ ਸੀ ਪਰ ਜਦੋਂ ਅਸੀਂ ਫਿਲਮ ਦੀ ਭਾਸ਼ਾ ਸਿੱਖਣ ਲਈ ਪ੍ਰੈਕਟਸ ਕਰ ਰਹੇ ਸੀ ਤਾਂ ਮੈਂ ‘ਜਬਰਨ ਸ਼ਾਦੀ’ ਸ਼ਬਦ ਸੁਣਿਆ। ਇਸ ਨਾਲ ਜੁੜੇ ਹੋਰ ਵੀ ਸ਼ਬਦਾਂ ਦੇ ਬਾਰੇ ਮੈਂ ਪਤਾ ਕੀਤਾ ਤਾਂ ‘ਜਬਰੀਆ’ ਸ਼ਬਦ ਮਿਲਿਆ ਜੋ ਮੈਨੂੰ ਦਿਲਚਸਪ ਲੱਗਾ। ਇਸ ਦੇ ਨਾਲ ਹੀ ਮੈਂ ‘ਜੋੜੀ’ ਸ਼ਬਦ ਲਗਾ ਕੇ ਸਾਰਿਆਂ ਨੂੰ ਮੈਂ ਫਿਲਮ ਦੇ ਨਾਂ ਬਾਰੇ ਦੱਸਿਆ ਅਤੇ ਇਸ ਤਰ੍ਹਾਂ ਸਾਡੀ ਫਿਲਮ ਨੂੰ ਨਵਾਂ ਨਾਂ ਮਿਲ ਗਿਆ।

ਇਸ ਫਿਲਮ ਨਾਲ ਤੋੜਨਾ ਚਾਹੁੰਦਾ ਹਾਂ ਮੇਰੇ ਬਾਰੇ ਬਣੀ ਧਾਰਨਾ

ਇਸ ਫਿਲਮ ਵਿਚ ਅਜਿਹਾ ਕੁਝ ਵੀ ਨਹੀਂ ਹੈ ਜੋ ਮੈਂ ਪਹਿਲਾਂ ਕੀਤਾ ਹੈ। ਇਸ ਲਈ ਬਤੌਰ ਇਕ ਐਕਟਰ ਇਹ ਕਾਫੀ ਰੋਮਾਂਚਕ ਸੀ ਮੇਰੇ ਲਈ। ਕਦੇ-ਕਦੇ ਕੁਝ ਜਾਨਰ ਦੀਆਂ ਫਿਲਮਾਂ ਨਾ ਕਰਨ ਕਾਰਨ ਲੋਕ ਇਹ ਮੰਨ ਲੈਂਦੇ ਹਨ ਕਿ ਤੁਸੀਂ ਉਸ ਨੂੰ ਨਹੀਂ ਕਰ ਸਕਦੇ, ਇਸ ਧਾਰਨਾ ਨੂੰ ਤੋੜਨਾ ਵੀ ਮੇਰੇ ਲਈ ਬਹੁਤ ਜ਼ਰੂਰੀ ਸੀ ਜਿਸ ਕਾਰਨ ਮੈਂ ਇਸ ਫਿਲਮ ਨੂੰ ਚੁਣਿਆ। ਇਸ ਫਿਲਮ ਦਾ ਕੰਸੈਪਟ ਅਤੇ ਕਹਿਣ ਦਾ ਤਰੀਕਾ ਇੰਨਾ ਅਨੋਖਾ ਹੈ ਕਿ ਮੈਂ ਤੁਰੰਤ ਇਸ ਨਾਲ ਕਨੈਕਟ ਹੋ ਗਿਆ।

ਉਮੀਦ ਕਦੇ ਨਹੀਂ ਛੱਡਣੀ ਚਾਹੀਦੀ

ਜਦੋਂ ਕੋਈ ਚੀਜ਼ ਮੇਰੇ ਤਰੀਕੇ ਨਾਲ ਨਹੀਂ ਹੁੰਦੀ ਤਾਂ ਮੈਂ ਉਸ ’ਤੇ ਹੋਰ ਜ਼ਿਆਦਾ ਮਿਹਨਤ ਕਰਦਾ ਹਾਂ। ਉਸ ਨਾਲ ਮੈਂ ਹੋਰ ਜ਼ਿਆਦਾ ਮੋਟੀਵੇਟ ਹੋ ਜਾਂਦਾ ਹਾਂ ਕੁਝ ਨਵਾਂ ਕਰਨ ਲਈ ਅਤੇ ਆਪਣੇ ਕੰਮ ਨੂੰ ਹੋਰ ਜ਼ਿਆਦਾ ਬੇਹਤਰੀ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਬਾਲੀਵੁੱਡ ਵਿਚ ਅਜਿਹਾ ਕੋਈ ਵੀ ਸੁਪਰ ਸਟਾਰ ਨਹੀਂ ਹੈ ਜਿਸ ਦੀਆਂ ਸਾਰੀਆਂ ਫਿਲਮਾਂ ਹਿੱਟ ਰਹੀਆਂ ਹੋਣ। ਕਈ ਸ਼ੁੱਕਰਵਾਰ ਅਜਿਹੇ ਹੋਣਗੇ ਜਿਹੜੇ ਤੁਹਾਡੇ ਲਈ ਚੰਗੇ ਨਹੀਂ ਹੁੰਦੇ ਅਤੇ ਕਈ ਅਜਿਹੇ ਜੋ ਤੁਹਾਨੂੰ ਵੱਡੀ ਸਫਲਤਾ ਦੇ ਕੇ ਜਾਂਦੇ ਹਨ। ਬੱਸ ਸਾਨੂੰ ਕੰਮ ਕਰਦੇ ਰਹਿਣਾ ਚਾਹੀਦਾ ਹੈ ਅਤੇ ਉਮੀਦ ਕਦੇ ਨਹੀਂ ਛੱਡਣੀ ਚਾਹੀਦੀ।

ਅਸਫਲਤਾ ਬਹੁਤ ਕੁਝ ਸਿਖਾ ਦਿੰਦੀ ਹੈ : ਪਰਿਣੀਤੀ ਚੋਪੜਾ

ਕਦੇ-ਕਦੇ ਇਨਸਾਨ ਨੂੰ ਖੁਦ ਨਹੀਂ ਪਤਾ ਹੁੰਦਾ ਕਿ ਉਸ ਦੇ ਅੰਦਰ ਕਿੰਨੀ ਸਮਰਥਾ ਹੈ। ਜਦੋਂ ਅਸੀਂ ਬੁਰੇ ਦੌਰ ਵਿਚੋਂ ਲੰਘਦੇ ਹਾਂ ਉਦੋਂ ਇਨ੍ਹਾਂ ਚੀਜ਼ਾਂ ਦਾ ਅਹਿਸਾਸ ਹੁੰਦਾ ਹੈ। ਮੈਂ ਹਮੇਸ਼ਾ ਤੋਂ ਸਿਰਫ ਇਕ ਹੀ ਗੱਲ ਕਹਿੰਦੀ ਆਈ ਹਾਂ ਕਿ ਤੁਹਾਨੂੰ ਸਫਲਤਾ ਕੁਝ ਵੀ ਨਹੀਂ ਸਿਖਾਉਂਦੀ ਪਰ ਅਸਫਲਤਾ ਬਹੁਤ ਕੁਝ ਸਿਖਾ ਦਿੰਦੀ ਹੈ। ਇਹ ਅਸਫਲਤਾ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਹੈ, ਫਿਰ ਭਾਵੇਂ ਉਹ ਪਰਸਨਲ ਹੋਵੇ ਜਾਂ ਪ੍ਰੋਫੈਸ਼ਨਲ। ਮੇਰੇ ਨਾਲ ਵੀ ਇਹੀ ਹੋਇਆ। ਮੈਨੂੰ ਕਾਫੀ ਕੁਝ ਸਿੱਖਣ ਤੇ ਸੋਚਣ ਨੂੰ ਮਿਲਿਆ। ਹੁਣ ਫਿਲਮਾਂ ਨੂੰ ਦੇਖਣ ਦਾ ਮੇਰਾ ਨਜ਼ਰੀਆ ਬਦਲ ਚੁੱਕਾ ਹੈ। ਉਹ ਗੱਲ ਵੱਖਰੀ ਹੈ ਕਿ ਅਸੀਂ ਕਿਸੇ ਵੀ ਫਿਲਮ ਦੀ ਕਿਸਮਤ ਨਹੀਂ ਤੈਅ ਕਰ ਸਕਦੇ ਜੋ ਕਿ ਬਾਲੀਵੁਡ ਦਾ ਸਭ ਤੋਂ ਵੱਡਾ ਜੂਆ ਹੈ।

ਫਿਲਮ ਦੇ ਕਰੈਕਟਰ ਤੋਂ ਲੱਗ ਰਿਹਾ ਸੀ ਡਰ

ਪਹਿਲਾਂ ਇਸ ਰੋਲ ਨੂੰ ਲੈ ਕੇ ਮੈਂ ਕਾਫੀ ਡਰੀ ਹੋਈ ਸੀ। ਇਸ ਫਿਲਮ ਵਿਚ ਆਪਣੇ ਰੋਲ ਲਈ ਮੈਂ ਆਪਣੀ ਲੁੱਕ ਅਤੇ ਪ੍ਰਸਨੈਲਟੀ ’ਤੇ ਕਾਫੀ ਕੰਮ ਕੀਤਾ। ਇਸ ਦੇ ਨਾਲ-ਨਾਲ ਮੈਂ ਆਪਣੀ ਭਾਸ਼ਾ ਵੱਲ ਵੀ ਕਾਫੀ ਧਿਆਨ ਦਿੱਤਾ ਕਿਉਂਕਿ ਮੈਂ ਨਹੀਂ ਚਾਹੁੰਦੀ ਸੀ ਕਿ ਮੇਰੇ ਤੋਂ ਕੋਈ ਗਲਤੀ ਹੋਵੇ। ਇਹ ਮੇਰੇ ਹੁਣ ਤਕ ਦੇ ਕੈਰੀਅਰ ਦੀ ਸਭ ਤੋਂ ਵੱਖਰੀ ਫਿਲਮ ਹੈ।

ਤਬਦੀਲੀ ਜ਼ਰੂਰੀ ਹੈ

ਪਕੜਵਾ ਵਿਆਹ ਦਾ ਕੰਸੈਪਟ ਇੰਨਾ ਅਨੋਖਾ ਹੈ ਕਿ ਉਸ ਵਿਚ ਵੱਖਰੀ ਤਰ੍ਹਾਂ ਦੀ ਲੜਕੀ ਕੋਲ ਪਾਵਰ ਹੁੰਦੀ ਹੈ ਉਹ ਲੜਕੇ ਨੂੰ ਕਿਡਨੈਪ ਕਰਦੀ ਹੈ ਜੋ ਕਿ ਗਲਤ ਹੈ ਪਰ ਦਾਜ ਪ੍ਰਥਾ ਕਾਰਨ ਉਸ ਨੂੰ ਮਜਬੂਰੀ ਵਿਚ ਅਜਿਹਾ ਕਰਨਾ ਪੈਂਦਾ ਹੈ, ਜ਼ਰੂਰੀ ਹੈ ਇਸ ਨੂੰ ਬਦਲਿਆ ਜਾਵੇ। ਅਸੀਂ 2019 ਵਿਚ ਆ ਗਏ ਹਾਂ ਪਰ ਸ਼ਰਮ ਦੀ ਗੱਲ ਹੈ ਕਿ ਅਸੀਂ ਅਜੇ ਵੀ ਦਾਜ ਦੀ ਗੱਲ ਕਰ ਰਹੇ ਹਾਂ। ਪਕੜਵਾ ਵਿਆਹ ਜਿਹੀਆਂ ਚੀਜ਼ਾਂ ਵੀ ਹੋ ਰਹੀਆਂ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News