ਪਿਆਰ ਦੇ ਇਕ ਵੱਖਰੇ ਅਹਿਸਾਸ ਨੂੰ ਮਹਿਸੂਸ ਕਰਵਾਏਗੀ ''ਜਲੇਬੀ''

Friday, October 12, 2018 9:18 AM
ਪਿਆਰ ਦੇ ਇਕ ਵੱਖਰੇ ਅਹਿਸਾਸ ਨੂੰ ਮਹਿਸੂਸ ਕਰਵਾਏਗੀ ''ਜਲੇਬੀ''

ਜ਼ਿੰਦਗੀ 'ਚ ਘੁਲੀ ਪਿਆਰ ਦੀ ਮਿਠਾਸ, ਉਸ 'ਚ ਆਉਣ ਵਾਲੀਆਂ ਪ੍ਰੇਸ਼ਾਨੀਆਂ ਅਤੇ ਇਨ੍ਹਾਂ ਸਭ ਕਾਰਨ ਪੈਦਾ ਹੋਈ ਕਸ਼ਮਕਸ਼ 'ਤੇ ਆਧਾਰਿਤ ਹੈ ਫਿਲਮ 'ਜਲੇਬੀ'। ਇਹ ਫਿਲਮ ਨਾ ਸਿਰਫ ਤੁਹਾਡੇ ਸਾਹਮਣੇ ਤੁਹਾਡੀ ਜ਼ਿੰਦਗੀ ਦੇ ਪੱਖਾਂ ਨੂੰ ਪਰਦੇ 'ਤੇ ਉਤਾਰੇਗੀ, ਸਗੋਂ ਤੁਹਾਨੂੰ ਪਿਆਰ ਦੇ ਵੱਖ ਅਰਥ ਵੀ ਸਿਖਾਏਗੀ। ਜ਼ਿੰਦਗੀ ਦੀਆਂ ਉਲਝਣਾਂ ਵਿਚ ਪਿਆਰ ਦੇ ਇਕ ਵੱਖਰੇ ਅਹਿਸਾਸ ਨੂੰ ਮਹਿਸੂਸ ਕਰਵਾਏਗੀ ਇਹ ਫਿਲਮ। ਪੁਸ਼ਪਦੀਪ ਭਾਰਦਵਾਜ ਵਲੋਂ ਨਿਰਦੇਸ਼ਤ ਇਸ ਫਿਲਮ ਵਿਚ ਰੀਆ ਚੱਕਰਵਰਤੀ ਅਤੇ ਵਰੁਣ ਮਿੱਤਰਾ ਵਰਗੇ ਸਿਤਾਰੇ ਪ੍ਰਮੁੱਖ ਭੂਮਿਕਾ ਵਿਚ ਹਨ। ਮਹੇਸ਼ ਭੱਟ ਅਤੇ ਮੁਕੇਸ਼ ਭੱਟ ਦੇ ਪ੍ਰੋਡਕਸ਼ਨ ਹਾਊਸ ਵਿਚ ਬਣੀ ਇਹ ਫਿਲਮ 12 ਅਕਤੂਬਰ ਨੂੰ ਰਿਲੀਜ਼ ਹੋਵੇਗੀ। ਫਿਲਮ ਦੀ ਪ੍ਰਮੋਸ਼ਨ ਲਈ ਦਿੱਲੀ ਪੁੱਜੇ ਮਹੇਸ਼ ਭੱਟ, ਪੁਸ਼ਪਦੀਪ ਭਾਰਦਵਾਜ, ਰੀਆ ਚੱਕਰਵਰਤੀ ਅਤੇ ਵਰੁਣ ਮਿੱਤਰਾ ਨੇ ਜਗ ਬਾਣੀ/ਨਵੋਦਿਆ ਟਾਈਮਜ਼/ਪੰਜਾਬ ਕੇਸਰੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ। ਪੜ੍ਹੋ ਮੁੱਖ ਅੰਸ਼-


ਤੁਹਾਡੀ ਰੂਹ 'ਚ ਦਾਖਲ ਹੋ ਜਾਏਗੀ 'ਜਲੇਬੀ' : ਮਹੇਸ਼ ਭੱਟ
ਇਸ 'ਜਲੇਬੀ' ਨੂੰ ਖਾਣ ਦੀ ਲੋੜ ਨਹੀਂ। ਇਹ ਤਾਂ ਸਿਰਫ ਵੇਖਣ ਨਾਲ ਹੀ ਤੁਹਾਡੀ ਰੂਹ ਵਿਚ ਦਾਖਲ ਹੋ ਜਾਏਗੀ। ਇਹ ਅਜਿਹੀ ਫਿਲਮ ਹੈ, ਜੋ ਤੁਹਾਨੂੰ ਇਕ ਨਜ਼ਰੀਆ ਦਿੰਦੀ ਹੈ, ਜੋ ਸ਼ਾਇਦ ਅੱਜ ਤੱਕ ਤੁਹਾਨੂੰ ਅਸੀਂ ਹਿੰਦੀ ਸਿਨੇਮਾ ਵਿਚ ਨਹੀਂ ਦੇ ਸਕੇ। ਜਿਵੇਂ-ਜਿਵੇਂ ਸਮੇਂ ਦੇ ਪਹੀਏ ਅੱਗੇ ਚਲਦੇ ਹਨ, ਸਮਾਜ ਅੱਗੇ ਵਧਦਾ ਹੈ ਅਤੇ ਉਸ ਦੀਆਂ ਪੁਰਾਣੀਆਂ ਧਾਰਨਾਵਾਂ ਤਬਦੀਲ ਹੁੰਦੀਆਂ ਹਨ, ਬਸ ਉਹੀ ਸਵਾਲ ਇਸ 'ਜਲੇਬੀ' ਵਿਚ ਹੈ। ਅਸੀਂ ਇਸ ਫਿਲਮ ਨੂੰ ਸਿਰਫ ਇਕ ਅਨੋਖੀ ਪ੍ਰੇਮ ਕਹਾਣੀ ਵਜੋਂ ਸ਼ੁਰੂ ਕੀਤਾ ਸੀ ਪਰ ਬਣਦੇ-ਬਣਦੇ ਇਸ ਵਿਚ ਹਰ ਤਰ੍ਹਾਂ ਦਾ ਸਵਾਦ ਆ ਗਿਆ। ਇਹ ਸਵਾਦ ਸਾਡਾ ਨਹੀਂ ਹੈ, ਅਵਾਮ ਅਤੇ ਇਨਸਾਨੀਅਤ ਦਾ ਹੈ।


ਇਹ ਸਭ ਮੇਰੇ ਖੰਭ
ਮਹੇਸ਼ ਭੱਟ ਇੰਡਸਟਰੀ ਵਿਚ ਨਵੇਂ ਚਿਹਰੇ ਲਿਆਉਣ ਲਈ ਜਾਣੇ ਜਾਂਦੇ ਹਨ। ਇਸ 'ਤੇ ਉਨ੍ਹਾਂ ਬੇਹੱਦ ਖੂਬਸੂਰਤੀ ਨਾਲ ਜਵਾਬ ਦਿੰਦੇ ਹੋਏ ਕਿਹਾ,''ਮੈਂ ਜਿਨ੍ਹਾਂ ਵਿਅਕਤੀਆਂ ਨੂੰ ਲਿਆਇਆ ਹਾਂ, ਉਨ੍ਹਾਂ ਨੇ ਮੈਨੂੰ ਸੰਵਾਰਿਆ ਹੈ। ਉਹ ਨਾ ਹੁੰਦੇ ਤਾਂ ਅੱਜ ਮੈਂ ਵੀ ਇਥੇ ਨਾ ਹੁੰਦਾ। ਉਨ੍ਹਾਂ ਦੀ ਬਦੌਲਤ ਮੈਂ ਇਥੋਂ ਤੱਕ ਪਹੁੰਚਿਆ ਹਾਂ। ਅਨੁਰਾਗ ਬਸੂ, ਜਾਨ ਅਬਰਾਹਿਮ, ਪ੍ਰੀਤਮ-ਇਹ ਸਭ ਰਾਈਟਰ, ਡਾਇਰੈਕਟਰ, ਐਕਟਰ-ਇਨ੍ਹਾਂ ਸਭ ਨੇ ਮੈਨੂੰ ਤਰਾਸ਼ਿਆ ਹੈ। ਕੰਮ ਕਰਦੇ-ਕਰਦੇ ਮੈਨੂੰ ਬਹੁਤ ਕੁਝ ਮਿਲਿਆ। ਇਹ ਸਭ ਮੇਰੇ ਖੰਭ ਹਨ।


ਵਾਈਫ ਦੇ ਟਵੀਟ ਨੇ ਹੈਰਾਨ ਕੀਤਾ
me too 'ਤੇ ਗੱਲਬਾਤ ਕਰਦਿਆਂ ਮਹੇਸ਼ ਭੱਟ ਕਹਿੰਦੇ ਹਨ,''ਥੋੜ੍ਹੀ ਦੇਰ ਪਹਿਲਾਂ ਮੈਂ ਆਪਣੀ ਵਾਈਫ ਦਾ ਟਵੀਟ ਵੇਖਿਆ ਅਤੇ ਹੈਰਾਨ ਰਹਿ ਗਿਆ। ਵਿੰਟਾ ਨੰਦਾ ਸਾਨੂੰ ਬਹੁਤ ਸਾਲਾਂ ਤੋਂ ਜਾਣਦੀ ਹੈ। ਉਹ ਬਹੁਤ ਹੀ ਮਜ਼ਬੂਤ ਔਰਤ ਹੈ। ਮੈਂ ਹੈਰਾਨ ਹਾਂ ਕਿ ਉਨ੍ਹਾਂ ਮੈਨੂੰ ਇੰਨੇ ਸਾਲਾਂ ਤੱਕ ਇਹ ਗੱਲ ਕਦੇ ਵੀ ਨਹੀਂ ਦੱਸੀ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਇਸ ਦੇ ਪਿੱਛੇ ਕੀ ਕਾਰਨ ਹੋਵੇਗਾ? ਮੈਨੂੰ ਲੱਗਦਾ ਹੈ ਕਿ ਜਿੰਨੇ ਵੱਡੇ ਜ਼ਖ਼ਮ ਹੁੰਦੇ ਹਨ, ਓਨੀ ਹੀ ਦੇਰ ਉਨ੍ਹਾਂ ਨੂੰ ਬਾਹਰ ਆਉਣ ਵਿਚ ਲੱਗਦੀ ਹੈ।''


ਨਿੱਜੀ ਰਿਸ਼ਤਿਆਂ 'ਚ me too ਦੀ ਨਾ ਕਰੋ ਵਰਤੋਂ
ਟਵਿਟਰ, ਇੰਸਟਾਗ੍ਰਾਮ ਤੇ ਫੇਸਬੁੱਕ ਇਕ ਸੀਮਤ ਪਲੇਟਫਾਰਮ ਹੈ। ਇਸ 'ਤੇ ਇਹ ਸਭ ਕਰਨ ਦਾ ਕੀ ਨਤੀਜਾ ਨਿਕਲੇਗਾ। ਮੇਰੇ ਕਹਿਣ ਦਾ ਭਾਵ ਇਹ ਨਹੀਂ ਹੈ ਕਿ ਇੰਝ ਕਰਨਾ ਗਲਤ ਹੈ ਪਰ ਤੁਹਾਡੇ ਪਹਿਲਾਂ ਕਿਸੇ ਨਾਲ ਨਿੱਜੀ ਸਬੰਧ ਹੋਇਆ ਕਰਦੇ ਸਨ, ਅੱਜ ਨਹੀਂ ਹਨ ਤਾਂ ਇਸ ਦਾ ਲਾਭ ਉਠਾਉਣਾ ਬਿਲਕੁਲ ਗਲਤ ਹੈ। ਦੋਵੇਂ ਪੱਖ ਵੇਖਣੇ ਬਹੁਤ ਜ਼ਰੂਰੀ ਹਨ।


ਸ਼ੁਰੂ ਤੋਂ ਕਰਦਾ ਹਾਂ ਨਾਰੀ ਦੀ ਇੱਜ਼ਤ
ਅਸੀਂ ਦੇਵੀ ਦੀ ਪੂਜਾ ਕਰਨ ਲਈ ਤਾਂ ਆਪਣੇ ਹੱਥ ਉਠਾਉਂਦੇ ਹਾਂ ਪਰ ਕੀ ਅਸੀਂ ਆਪਣੇ ਕੰਮ ਕਰਨ ਵਾਲੀ ਥਾਂ, ਸੜਕਾਂ 'ਤੇ ਚਲਦੇ ਸਮੇਂ ਔਰਤਾਂ ਦੀ ਇੱਜ਼ਤ ਕਰਦੇ ਹਾਂ? ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਅਸੀਂ ਕੋਈ ਵੀ ਐਕਸ਼ਨ ਲੈ ਲਈਏ, ਜਦੋ ਤੱਕ ਔਰਤਾਂ ਦਾ ਲੋਕਾਂ ਪ੍ਰਤੀ ਨਜ਼ਰੀਏ ਨਹੀਂ ਬਦਲੇਗਾ, ਉਦੋਂ ਤੱਕ ਕੁਝ ਵੀ ਨਹੀਂ ਬਦਲ ਸਕਦਾ।


ਤਹਿਜ਼ੀਬ ਨਾਲ ਕਹੀ ਗਈ ਹੈ ਮਾਡਰਨ ਗੱਲ-ਵਰੁਣ ਮਿੱਤਰਾ
ਫਿਲਮ 'ਚ ਮੇਰਾ ਕਿਰਦਾਰ ਦੇਵ ਦਾ ਹੈ। ਜਿਸ ਰਾਹੀਂ ਸਭ ਮੁੰਡਿਆਂ ਨੂੰ ਲੱਗੇਗਾ ਕਿ ਇਹ ਤਾਂ ਮੇਰੇ ਵਰਗਾ ਹੈ। ਇਹੀ ਨਹੀਂ ਦੇਵ ਦੇ ਕਿਰਦਾਰ 'ਚ ਸਾਡਾ ਸਭ ਦਾ ਥੋੜ੍ਹਾ-ਥੋੜ੍ਹਾ ਹਿੱਸਾ ਹੈ। ਪੁਸ਼ਪਦੀਪ ਦਾ ਬਚਪਨ ਹੈ ਤਾਂ ਭੱਟ ਸਾਹਿਬ ਦੇ ਜੀਵਨ ਦਾ ਵੀ ਕੁਝ ਅੰਸ਼ ਹੈ। ਖਾਸ ਗੱਲ ਇਹ ਹੈ ਕਿ ਇਸ ਵਿਚ ਬਹੁਤ ਹੀ ਤਹਿਜ਼ੀਬ ਨਾਲ ਮਾਡਰਨ ਗੱਲ ਕਹੀ ਗਈ ਹੈ। ਮੈਂ ਖੁਦ ਨੂੰ ਬਹੁਤ ਖੁਸ਼ਨਸੀਬ ਮੰਨਦਾ ਹਾਂ ਕਿ ਮਹੇਸ਼ ਭੱਟ ਸਾਹਿਬ ਨੇ ਮੈਨੂੰ ਇਸ ਫਿਲਮ ਲਈ ਚੁਣਿਆ।


ਪਿਆਰ ਦੀ ਕਹਾਣੀ ਹੈ 'ਜਲੇਬੀ'-ਪੁਸ਼ਪਦੀਪ ਭਾਰਦਵਾਜ
ਮੈਂ ਦਿੱਲੀ ਦਾ ਹੀ ਹਾਂ ਅਤੇ ਇਥੇ ਹੀ ਮੇਰਾ ਪਾਲਣ-ਪੋਸ਼ਣ ਹੋਇਆ ਹੈ। ਮੈਂ ਦਿੱਲੀ ਦੇ ਸਵਾਦ ਅਤੇ ਇਥੋਂ ਦੀ ਸੋਚ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ। ਮੈਨੂੰ ਲੱਗਾ ਕਿ ਫਿਲਮਾਂ ਵਿਚ ਅਸਲੀਅਤ ਉਦੋਂ ਹੀ ਆਏਗੀ ਜਦੋਂ ਇਸ ਫਿਲਮ ਦਾ ਐਕਟਰ ਵੀ ਦਿੱਲੀ ਦਾ ਹੀ ਹੋਵੇਗਾ। ਵਰੁਣ ਦੇ ਮਿਲਣ ਨਾਲ ਮੇਰਾ ਕੰਮ ਸੌਖਾ ਹੋ ਗਿਆ। ਵਰੁਣ ਇਸ ਵਿਚ ਖੁੱਲ੍ਹੇ ਦਿਲ ਵਾਲੇ ਮੁੰਡੇ ਦੇ ਕਿਰਦਾਰ ਵਿਚ ਹੈ।


ਭੱਟ ਸਾਹਿਬ ਮੇਰੇ ਲਈ ਜਾਦੂਗਰ
ਇਸ ਫਿਲਮ ਨੂੰ ਬਣਾਉਣ ਦਾ ਮੌਕਾ ਐਵੇਂ ਹੀ ਨਹੀਂ ਮਿਲਿਆ। ਮੈਂ ਬਹੁਤ ਮੁਸ਼ਕਲਾਂ 'ਚੋਂ ਲੰਘ ਕੇ ਇਥੇ ਪੁੱਜਾ ਹਾਂ। ਇਸ ਪਿੱਛੇ 14 ਸਾਲ ਦੀ ਮਿਹਨਤ ਵੀ ਹੈ। ਭੱਟ ਸਾਹਿਬ ਕਹਿੰਦੇ ਹਨ ਕਿ ਇਕ ਚੰਗੀ ਕਹਾਣੀ ਜਾਦੂਗਰ ਸਾਬਿਤ ਹੁੰਦੀ ਹੈ। ਮੇਰੇ ਲਈ ਭੱਟ ਸਾਹਿਬ ਹੀ ਜਾਦੂਗਰ ਹਨ। ਮੇਰੇ ਨਾਲ ਇਕ ਜਾਦੂ ਹੀ ਹੋਇਆ ਸੀ ਕਿ ਜਦੋਂ ਮੈਂ ਇਕੱਲਾ ਬੈਠ ਕੇ ਪਰਾਂਠੇ ਖਾ ਰਿਹਾ ਸੀ ਤਾਂ ਅਚਾਨਕ ਹੀ ਮੇਰਾ ਫੋਨ ਵੱਜਿਆ। ਫੋਨ ਭੱਟ ਸਾਹਿਬ ਦਾ ਸੀ। ਫਿਰ ਮੈਂ ਜਲਦੀ ਜਲਦੀ ਬਿਨਾਂ ਬੂਟ ਪਾਏ ਨਿੱਕਰ ਪਾ ਕੇ ਹੀ ਪਹੁੰਚ ਗਿਆ।


'ਜਲੇਬੀ' ਨਾਲ ਬਦਲਣਗੇ ਪਿਆਰ ਦੇ ਅਰਥ : ਰੀਆ ਚੱਕਰਵਰਤੀ
ਇਸ ਫਿਲਮ ਨੂੰ ਕਰਨ ਤੋਂ ਬਾਅਦ ਮੇਰੀ ਖੁਦ ਦੀ ਜ਼ਿੰਦਗੀ ਵਿਚ ਪਿਆਰ ਦੇ ਅਰਥ ਬਦਲ ਗਏ ਹਨ। ਇਸ ਫਿਲਮ ਵਿਚ ਮੇਰਾ ਕਿਰਦਾਰ ਅਜਿਹਾ ਹੈ, ਜੋ ਸਭ ਨੂੰ ਪਸੰਦ ਆਏਗਾ। ਇਹ ਸਭ ਦੀ ਕਹਾਣੀ ਹੈ। ਭਾਵੇਂ ਉਹ ਮੁੰਡਾ ਹੋਵੇ ਜਾਂ ਕੁੜੀ। ਸਭ ਇਸ ਨਾਲ ਖੁਦ ਨੂੰ ਜੁੜਿਆ ਮਹਿਸੂਸ ਕਰਨਗੇ। ਇਹ ਫਿਲਮ ਉਹ ਨਹੀਂ ਹੈ, ਜਿਸ ਵਿਚ ਕੋਈ ਪਿਆਰ ਵਿਚ ਗਿਟਾਰ ਅਤੇ ਵਾਇਲਨ ਵਜਾਉਂਦਾ ਹੈ। ਇਹ ਉਹ ਕਹਾਣੀ ਹੈ, ਜਿਸ ਵਿਚ ਇਹ ਵਿਖਾਇਆ ਗਿਆ ਹੈ ਕਿ ਤੇਰੀ (ਮੁੰਡਾ) ਜ਼ਿੰਦਗੀ ਤੇਰੀ ਹੈ, ਮੇਰੀ (ਕੁੜੀ) ਜ਼ਿੰਦਗੀ ਮੇਰੀ ਹੈ। ਤੇਰੇ ਹਾਲਾਤ ਵੱਖ ਹਨ ਤੇ ਮੇਰੇ ਵੱਖ ਹਨ।
 


Edited By

Sunita

Sunita is news editor at Jagbani

Read More