ਦਿਲਾਂ ਨੂੰ ਧੜਕਾਏਗੀ ਜਾਨਹਵੀ ਕਪੂਰ ਅਤੇ ਈਸ਼ਾਨ ਖੱਟੜ ਦੀ ਫਿਲਮ 'ਧੜਕ'

7/19/2018 9:47:38 AM

ਮੁੰਬਈ(ਬਿਊਰੋ)— ਜਾਨਹਵੀ ਕਪੂਰ ਅਤੇ ਈਸ਼ਾਨ ਖੱਟੜ ਦੀ ਪਹਿਲੀ ਫਿਲਮ 'ਧੜਕ' 20 ਜੁਲਾਈ ਯਾਨੀ ਇਸ ਸ਼ੁੱਕਰਵਾਰ ਰਿਲੀਜ਼ ਹੋ ਰਹੀ ਹੈ। ਜਾਨਹਵੀ ਮਰਹੂਮ ਅਭਿਨੇਤਰੀ ਸ਼੍ਰੀਦੇਵੀ ਦੀ ਬੇਟੀ ਹੈ, ਜਿਸ ਕਾਰਨ ਲੋਕਾਂ 'ਚ ਫਿਲਮ ਨੂੰ ਲੈ ਕੇ ਉਤਸੁਕਤਾ ਬਣੀ ਹੋਈ ਹੈ। ਫਿਲਮ ਵਿਚ ਆਸ਼ੂਤੋਸ਼ ਰਾਣਾ ਵੀ ਅਹਿਮ ਕਿਰਦਾਰ 'ਚ ਹੈ। ਫਿਲਮ ਦਾ ਨਿਰਦੇਸ਼ਨ ਸ਼ਸ਼ਾਂਕ ਖੇਤਾਨ ਨੇ ਕੀਤਾ ਹੈ। ਸ਼ਸ਼ਾਂਕ ਇਸ ਤੋਂ ਪਹਿਲਾਂ 'ਹੰਪਟੀ ਸ਼ਰਮਾ ਕੀ ਦੁਲਹਨੀਆ' ਅਤੇ 'ਬਦਰੀਨਾਥ ਕੀ ਦੁਲਹਨੀਆ' ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਫਿਲਮ ਬਣੀ ਹੈ। 'ਧੜਕ' ਮਰਾਠੀ ਬਲਾਕਬਸਟਰ ਫਿਲਮ 'ਸੈਰਾਟ' ਦੀ ਰੀਕ੍ਰੀਏਸ਼ਨ ਹੈ। ਫਿਲਮ ਦੀ ਪ੍ਰਮੋਸ਼ਨ ਲਈ ਦਿੱਲੀ ਪਹੁੰਚੇ ਜਾਨਹਵੀ ਅਤੇ ਈਸ਼ਾਨ ਨੇ ਨਵੋਦਿਆ ਟਾਈਮਜ਼/ਜਗ ਬਾਣੀ ਨਾਲ ਖਾਸ ਗੱਲਬਾਤ ਕੀਤੀ। 
ਫਿਲਮ 'ਚ ਪਿਆਰੀ ਜਿਹੀ ਪ੍ਰੇਮ ਕਹਾਣੀ : ਜਾਨਹਵੀ
ਫਿਲਮ ਬਾਰੇ ਜਾਨਹਵੀ ਕਪੂਰ ਦੱਸਦੀ ਹੈ, ''ਮੈਂ ਇਕ ਅਮੀਰ ਨੇਤਾ ਦੀ ਬੇਟੀ ਪਾਰਥਵੀ ਦੇ ਕਿਰਦਾਰ ਵਿਚ ਹਾਂ ਅਤੇ ਈਸ਼ਾਨ ਖੱਟੜ ਗਰੀਬ ਲੜਕੇ ਮਧੂਕਰ ਦੇ ਰੋਲ 'ਚ ਹੈ। ਫਿਲਮ ਵਿਚ ਦੋਹਾਂ ਦੀ ਪਿਆਰੀ ਜਿਹੀ ਪ੍ਰੇਮ ਕਹਾਣੀ ਹੈ, ਜਿਸ ਵਿਚ ਉਨ੍ਹਾਂ ਵਿਚਾਲੇ ਨੋਕ-ਝੋਕ ਅਤੇ ਲੁਕਣ-ਮੀਟੀ ਨੂੰ ਦਿਖਾਇਆ ਗਿਆ ਹੈ। ਪਾਰਥਵੀ ਉਦੈਪੁਰ ਦੀ ਰਾਜਕੁਮਾਰੀ ਹੈ। ਉਸ ਦੀ ਵੱਖਰੀ ਨੇਚਰ ਹੈ। ਇਥੋਂ ਤਕ ਕਿ ਮਧੂਕਰ ਵੀ ਉਸ ਤੋਂ ਡਰਦਾ ਹੈ। ਸ਼ੂਟਿੰਗ ਦੌਰਾਨ ਸਾਨੂੰ ਅਜਿਹਾ ਲੱਗਦਾ ਸੀ ਕਿ ਸਾਡੇ ਕਿਰਦਾਰ ਅਸਲ ਜ਼ਿੰਦਗੀ ਵਿਚ ਇਕ-ਦੂਜੇ ਵਰਗੇ ਹਨ। ਪਾਰਥਵੀ ਇਸ਼ਾਨ ਵਰਗੀ ਹੈ ਅਤੇ ਮਧੂਕਰ ਜਾਨਹਵੀ ਵਰਗਾ।''
ਇਹ ਸਾਡੀ ਪਹਿਲੀ ਦੌੜ
'ਧੜਕ' ਤੋਂ ਹੀ ਫਿਲਮੀ ਸਫਰ ਦੀ ਸ਼ੁਰੂਆਤ ਕਿਉਂ, ਇਸ ਸਵਾਲ 'ਤੇ ਜਾਨਹਵੀ ਕਹਿੰਦੀ ਹੈ, ''ਮੈਂ ਅਜੇ ਇਸ ਮੁਕਾਮ 'ਤੇ ਨਹੀਂ ਹਾਂ ਕਿ ਮੈਨੂੰ ਖੁਦ ਕਿਸੇ ਫਿਲਮ ਨੂੰ ਚੁਣਨ ਦਾ ਮੌਕਾ ਮਿਲੇ। ਮੈਨੂੰ ਇਸ ਫਿਲਮ ਨੇ ਆਪਣਾ ਹਿੱਸਾ ਬਣਨ ਦਾ ਮੌਕਾ ਦਿੱਤਾ। ਮੇਰੇ ਲਈ ਇਹੀ ਬਹੁਤ ਵੱਡੀ ਗੱਲ ਹੈ। ਇਹ ਸਾਡੀ ਸ਼ੁਰੂਆਤ ਹੈ। ਅਜਿਹਾ ਲੱਗ ਰਿਹਾ ਹੈ ਕਿ ਇਹ ਸਾਡੀ ਪਹਿਲੀ ਦੌੜ ਹੈ। ਰੱਬ ਨੇ ਚਾਹਿਆ ਤਾਂ ਇਸ ਤੋਂ ਬਾਅਦ ਕਈ ਹੋਰ ਦੌੜਾਂ ਹੋਣਗੀਆਂ।''
ਰਾਜਸਥਾਨ ਨੂੰ ਜਾਣਿਆ-ਸਮਝਿਆ
ਉਨ੍ਹਾਂ ਦਾ ਕਹਿਣਾ ਹੈ, ''ਸਾਡੇ ਲਈ ਇਹ ਬਹੁਤ ਵੱਡੀ ਗੱਲ ਹੈ ਕਿ ਸਾਨੂੰ ਇੰਨੀ ਖੂਬਸੂਰਤ ਕਹਾਣੀ ਦੁਹਰਾਉਣ ਅਤੇ ਕਿਸੇ ਦੂਜੇ ਢੰਗ ਨਾਲ ਪੇਸ਼ ਕਰਨ ਦਾ ਮੌਕਾ ਮਿਲਿਆ। ਫਿਲਮ ਲਈ ਅਸੀਂ ਰਾਜਸਥਾਨ ਦਾ ਰਹਿਣ-ਸਹਿਣ ਜਾਣਿਆ, ਬਹੁਤ ਲੋਕਾਂ ਨਾਲ ਗੱਲ ਕੀਤੀ ਅਤੇ ਇਥੋਂ ਦੇ ਕਲਚਰ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਸਭ ਤੋਂ ਮੁਸ਼ਕਿਲ ਮੇਵਾੜ ਦੀ ਭਾਸ਼ਾ ਨੂੰ ਸਿੱਖਣਾ ਰਿਹਾ।''
ਆਪਣੇ ਕੰਮ ਨਾਲ ਪਿਆਰ
ਜਾਨਹਵੀ ਦਾ ਕਹਿਣਾ ਹੈ, ''ਸ਼ਸ਼ਾਂਕ ਅਜਿਹੇ ਨਿਰਦੇਸ਼ਕ ਹਨ, ਜਿਨ੍ਹਾਂ ਨਾਲ ਸੈੱਟ 'ਤੇ ਮਾਹੌਲ ਹਮੇਸ਼ਾ ਖੁਸ਼ਨੁਮਾ ਰਹਿੰਦਾ ਹੈ। ਉਹ ਹਾਂ-ਪੱਖੀ ਸੋਚ ਵਾਲੇ ਇਨਸਾਨ ਹਨ। ਹਰ ਕੋਈ ਉਨ੍ਹਾਂ ਨਾਲ ਦਿਲੋਂ ਕੰਮ ਕਰਦਾ ਹੈ। ਫਿਲਮ ਵਿਚ ਸਾਰਿਆਂ ਨੇ ਸ਼ਿੱਦਤ ਨਾਲ ਕੰਮ ਕੀਤਾ। ਸ਼ਸ਼ਾਂਕ ਹਰ ਚੀਜ਼ ਤਰੀਕੇ ਨਾਲ ਸਮਝਾਉਂਦੇ ਹਨ। ਉਥੇ ਹੀ ਈਸ਼ਾਨ ਅਤੇ ਮੈਂ ਆਪਣੇ ਕੰਮ ਨਾਲ ਬਹੁਤ ਪਿਆਰ ਕਰਦੇ ਹਾਂ।''
'ਧੜਕ' ਲਈ ਕੰਨ ਵਿੰਨ੍ਹਵਾਏ : ਇਸ਼ਾਨ
ਫਿਲਮ 'ਚ ਆਪਣੇ ਕਿਰਦਾਰ ਬਾਰੇ ਈਸ਼ਾਨ ਦਾ ਕਹਿਣਾ ਹੈ, ''ਦੇਖੋ, ਕਿਸੇ ਵੀ ਕਿਰਦਾਰ ਵਿਚ ਜਜ਼ਬ ਹੋਣ ਲਈ ਛੋਟੀ ਤੋਂ ਛੋਟੀ ਚੀਜ਼ 'ਤੇ ਧਿਆਨ ਦੇਣਾ ਜ਼ਰੂਰੀ ਹੁੰਦਾ ਹੈ, ਜਿਵੇਂ ਰਾਜਸਥਾਨ ਦੇ ਲੋਕਾਂ ਦੀਆਂ ਅੱਖਾਂ ਦਾ ਰੰਗ ਥੋੜ੍ਹਾ ਹਲਕਾ ਹੁੰਦਾ ਹੈ, ਜਿਸ ਲਈ ਅਸੀਂ ਲੈੱਨਜ਼ ਪਾਏ। ਇਸ ਤੋਂ ਇਲਾਵਾ ਵਾਲਾਂ ਦਾ ਕਲਰ ਅਤੇ ਕੱਪੜਿਆਂ 'ਤੇ ਬਹੁਤ ਧਿਆਨ ਦਿੱਤਾ। ਇਸੇ ਲਈ ਮੈਂ ਆਪਣੇ ਕੰਨ ਵੀ ਵਿੰਨ੍ਹਵਾਏ।''
ਸ਼ਸ਼ਾਂਕ ਦਾ ਕੰਮ ਪਸੰਦ
ਪਹਿਲੀ ਫਿਲਮ 'ਧੜਕ' ਹੀ ਕਿਉਂ, ਦੇ ਸਵਾਲ 'ਤੇ ਈਸ਼ਾਨ ਖੱਟੜ ਕਹਿੰਦਾ ਹੈ, ''ਹੋਇਆ ਇਹ ਕਿ ਕਰਨ ਜੌਹਰ ਸਰ ਨੇ ਮੈਨੂੰ 3-4 ਵਾਰ ਫੋਨ ਕੀਤਾ ਅਤੇ ਮਿਲਣ ਲਈ ਆਪਣੇ ਆਫਿਸ ਬੁਲਾਇਆ। ਸ਼ਾਇਦ ਉਹ ਮੈਨੂੰ ਮਿਲ ਕੇ ਜਾਣਨਾ ਚਾਹੁੰਦੇ ਸਨ ਕਿ ਮੈਂ ਇਸ ਫਿਲਮ ਦੇ ਲਾਇਕ ਹਾਂ ਵੀ ਜਾਂ ਨਹੀਂ। ਮੈਂ ਉਸ ਸਮੇਂ ਕਰਨ ਸਰ ਨੂੰ ਕਿਹਾ ਕਿ ਮੈਂ ਸ਼ਸ਼ਾਂਕ ਸਰ ਨੂੰ ਮਿਲਣਾ ਚਾਹੁੰਦਾ ਹਾਂ। ਮੈਂ ਉਨ੍ਹਾਂ ਨੂੰ ਸਿਰਫ ਉਂਝ ਹੀ ਮਿਲਣਾ ਚਾਹੁੰਦਾ ਸੀ, ਕਿਸੇ ਫਿਲਮ ਦੇ ਸਿਲਸਿਲੇ 'ਚ ਨਹੀਂ।  ਅਸਲ ਵਿਚ ਮੈਂ ਉਨ੍ਹਾਂ ਦੀ ਪਹਿਲੀ ਫਿਲਮ ਦੇਖੀ ਸੀ, ਮੈਨੂੰ ਉਨ੍ਹਾਂ ਦਾ ਕੰਮ ਬਹੁਤ ਪਸੰਦ ਹੈ। ਉਹ ਆਪਣੀਆਂ ਫਿਲਮਾਂ ਦੀ ਸਕ੍ਰਿਪਟ ਖੁਦ ਲਿਖਦੇ ਹਨ।''
ਸ਼ਸ਼ਾਂਕ ਨਾਲ ਦੇਖੀ 'ਸੈਰਾਟ'
ਈਸ਼ਾਨ ਕਹਿੰਦਾ ਹੈ, ''ਮੈਂ ਤੇ ਨਿਰਦੇਸ਼ਕ ਸ਼ਸ਼ਾਂਕ ਖੇਤਾਨ ਦੋ-ਤਿੰਨ ਵਾਰ ਮਿਲੇ। ਸਾਡੀਆਂ ਮੁਲਾਕਾਤਾਂ ਦੌਰਾਨ ਸ਼ਸ਼ਾਂਕ ਨੇ ਨਾਸਿਕ ਵਿਚ 'ਸੈਰਾਟ' ਦੇਖੀ। 'ਸੈਰਾਟ' ਦੇਖਦੇ ਹੀ ਸ਼ਸ਼ਾਂਕ ਦੇ ਦਿਮਾਗ ਵਿਚ ਆਈਡੀਆ ਆਇਆ ਕਿ ਉਨ੍ਹਾਂ ਨੂੰ ਇਹ ਫਿਲਮ ਬਣਾਉਣੀ ਚਾਹੀਦੀ ਹੈ। ਉਥੇ ਹੀ ਮੈਂ ਉਨ੍ਹੀਂ ਦਿਨੀਂ ਉਨ੍ਹਾਂ ਨੂੰ ਮਿਲ ਰਿਹਾ ਸੀ ਤਾਂ ਉਹ ਮੈਨੂੰ ਥੋੜ੍ਹਾ ਜਾਣ ਗਏ ਸਨ। ਇਤਫਾਕ ਨਾਲ ਉਨ੍ਹਾਂ ਨੂੰ ਲੱਗਾ ਕਿ ਮੈਂ ਇਸ ਫਿਲਮ ਲਈ ਬਿਹਤਰ ਰਹਾਂਗਾ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News