ਪੜ੍ਹੋ ਵੀਡੀਓ ਡਾਇਰੈਕਟਰ ਜਸ਼ਨ ਨੰਨੜ ਨਾਲ ਕੀਤੀ ਖਾਸ ਗੱਲਬਾਤ

Monday, April 24, 2017 10:04 PM
ਪੜ੍ਹੋ ਵੀਡੀਓ ਡਾਇਰੈਕਟਰ ਜਸ਼ਨ ਨੰਨੜ ਨਾਲ ਕੀਤੀ ਖਾਸ ਗੱਲਬਾਤ
ਜਲੰਧਰ (ਰਾਹੁਲ ਸਿੰਘ)— ਜਸ਼ਨ ਨੰਨੜ ਪੰਜਾਬੀ ਮਿਊਜ਼ਿਕ ਜਗਤ ਦਾ ਇਕ ਜਾਣਿਆ-ਪਛਾਣਿਆ ਨਾਂ ਬਣ ਚੁੱਕਾ ਹੈ। ਕਈ ਹਿੱਟ ਗੀਤ ਡਾਇਰੈਕਟ ਕਰ ਚੁੱਕੇ ਜਸ਼ਨ ਨੰਨੜ ਦਾ ਹਾਲ ਹੀ ''ਚ ਗੀਤ ''ਜੱਟ ''ਤੇ ਜਵਾਨੀ'' ਰਿਲੀਜ਼ ਹੋਇਆ ਹੈ। ਗੀਤ ਨੂੰ ਅਰਮਾਨ ਬੇਦਿਲ ਨੇ ਗਾਇਆ ਹੈ। ਇਸ ਸਬੰਧੀ ਜਸ਼ਨ ਨਾਲ ਖਾਸ ਗੱਲਬਾਤ ਕੀਤੀ ਗਈ, ਜੋ ਹੇਠ ਲਿਖੇ ਅਨੁਸਾਰ ਹੈ—
ਸਵਾਲ : ''ਜੱਟ ''ਤੇ ਜਵਾਨੀ'' ਦਾ ਕੰਸੈਪਟ ਕਿਵੇਂ ਆਇਆ ਦਿਮਾਗ ''ਚ?
ਜਵਾਬ : ਇਹ ਗੀਤ ਦੋ ਸਾਲਾਂ ਤੋਂ ਮੇਰੇ ਕੋਲ ਸੀ। ਉਦੋਂ ਇਹ ਗੀਤ ਫਤਿਹ ਸ਼ੇਰਗਿੱਲ ਨੇ ਗਾਇਆ ਸੀ। ਵੀਡੀਓ ਦਾ ਕੋਈ ਸਬੱਬ ਨਹੀਂ ਬਣ ਸਕਿਆ ਸੀ ਤੇ ''ਲਾਵਾਂ'' ਗੀਤ ਤੋਂ ਬਾਅਦ ਮੈਨੂੰ ਇਹ ਗੀਤ ਇੰਨਾ ਪਸੰਦ ਸੀ ਕਿ ਮੈਂ ਚਾਹੁੰਦਾ ਸੀ ਕਿ ਇਸ ਦੀ ਵੀਡੀਓ ਬਣਾਈ ਜਾਵੇ। ਫਤਿਹ ਨੂੰ ਬੇਨਤੀ ਕਰਕੇ ਕਿਸੇ ਤਰ੍ਹਾਂ ਇਹ ਗੀਤ ਅਸੀਂ ਲਿਆ ਤੇ ਮੁੜ ਕੰਪੋਜ਼ ਕਰਕੇ ਰਿਲੀਜ਼ ਕੀਤਾ।
ਸਵਾਲ : ਆਪਣਾ ਡਾਇਰੈਕਟ ਕੀਤਾ ਤੁਹਾਡਾ ਫੇਵਰੇਟ ਗੀਤ ਕਿਹੜਾ ਹੈ?
ਜਵਾਬ : ਮੈਨੂੰ ''ਲਾਵਾਂ'' ਗੀਤ ਬਹੁਤ ਪਸੰਦ ਹੈ ਕਿਉਂਕਿ ਜਿਹੜੀਆਂ ਮੇਰੀਆਂ ਵੀਡੀਓਜ਼ ਸਮਾਜਿਕ ਮੁੱਦਿਆਂ ''ਤੇ ਹੁੰਦੀਆਂ ਹਨ, ਮੈਨੂੰ ਉਹ ਜ਼ਿਆਦਾ ਆਪਣੇ ਦਿਲ ਦੇ ਨੇੜੇ ਲੱਗਦੀਆਂ ਹਨ।
ਸਵਾਲ : ਅਭਿਨੇਤਾ ਬਣਨ ਦਾ ਕੋਈ ਪਲਾਨ?
ਜਵਾਬ : ਮੈਂ ਇਕ-ਦੋ ਵੀਡੀਓਜ਼ ਕੀਤੀਆਂ ਹਨ ਪਰ ਜੇਕਰ ਮੈਂ ਕੈਮਰੇ ਦੇ ਅੱਗੇ ਚਲਾ ਜਾਵਾਂਗਾ ਤਾਂ ਪਿੱਛੇ ਕੋਈ ਦੇਖਣ ਲਈ ਨਹੀਂ ਹੁੰਦਾ। ਹਾਲਾਂਕਿ ਜਦੋਂ ਸਮਾਂ ਹੁੰਦਾ ਹੈ, ਉਦੋਂ ਮੈਂ ਜ਼ਰੂਰ ਕੋਸ਼ਿਸ਼ ਕਰਦਾ ਹਾਂ ਵੀਡੀਓ ''ਚ ਨਜ਼ਰ ਆਉਣ ਦੀ।
ਸਵਾਲ : ਆਉਣ ਵਾਲਾ ਪ੍ਰਾਜੈਕਟ ਕਿਹੜਾ ਹੈ?
ਜਵਾਬ : ਗੈਰੀ ਸੰਧੂ ਨਾਲ ਆਸਟ੍ਰੇਲੀਆ ''ਚ ਇਕ ਗੀਤ ਸ਼ੂਟ ਕੀਤਾ ਹੈ, ਜੋ ਬਹੁਤ ਜਲਦ ਰਿਲੀਜ਼ ਹੋ ਜਾਵੇਗਾ।
ਸਵਾਲ : ਤੁਹਾਡਾ ਗਾਇਕੀ ''ਚ ਆਉਣ ਦਾ ਕੋਈ ਪਲਾਨ?
ਜਵਾਬ : ਗਾਇਕੀ ਅਜਿਹੀ ਲਾਈਨ ਹੈ, ਜਿਸ ''ਚ ਪ੍ਰਸਿੱਧੀ ਬਹੁਤ ਛੇਤੀ ਮਿਲਦੀ ਹੈ। ਮੈਂ ਕੋਸ਼ਿਸ਼ ਜ਼ਰੂਰ ਕੀਤੀ ਹੈ ਕਿਉਂਕਿ ਅਸੀਂ ਜ਼ਿਆਦਾਤਰ ਸਟੂਡੀਓ ''ਚ ਹੀ ਹੁੰਦੇ ਹਾਂ ਤੇ ਮੈਨੂੰ ਇਹ ਵੀ ਪਤਾ ਲੱਗ ਚੁੱਕਾ ਹੈ ਕਿ ਮੈਂ ਕਦੇ ਸਿੰਗਰ ਨਹੀਂ ਬਣ ਸਕਦਾ।
ਸਵਾਲ : ਤੁਹਾਡਾ ਫੇਵਰੇਟ ਗਾਇਕ, ਜਿਸ ਨਾਲ ਤੁਸੀਂ ਕੰਮ ਕਰਨਾ ਚਾਹੁੰਦੇ ਹੋ?
ਜਵਾਬ : ਇਸ ਤਰ੍ਹਾਂ ਦਾ ਕੁਝ ਨਹੀਂ ਹੈ ਕਿਉਂਕਿ ਮੈਂ ਕਦੇ ਸਿੰਗਰ ਨੂੰ ਤਰਜੀਹ ਨਹੀਂ ਦਿੰਦਾ। ਗੀਤ ਸੋਹਣਾ ਹੋਣਾ ਚਾਹੀਦਾ ਹੈ, ਜਿਸ ਨੂੰ ਮੈਂ ਖੂਬਸੂਰਤ ਢੰਗ ਨਾਲ ਨਿਭਾਅ ਸਕਾਂ।
ਸਵਾਲ : ਫਿਲਮ ਡਾਇਰੈਕਟ ਕਰਨ ਬਾਰੇ ਸੋਚਿਆ ਹੈ?
ਜਵਾਬ : ਕਾਫੀ ਪਲਾਨ ਹਨ। ਮੈਂ ਤੇ ਵੱਡਾ ਗਰੇਵਾਲ ਅਸੀਂ ਇਕੱਠੇ ਰਹਿੰਦੇ ਹਾਂ। ਬਹੁਤ ਸੋਹਣੇ ਕੰਸੈਪਟ ਅਸੀਂ ਕੀਤੇ ਹਨ ਤੇ ਅਸੀਂ ਚਾਹੁੰਦੇ ਹਾਂ ਕਿ ਜਦੋਂ ਵੀ ਕੋਈ ਫਿਲਮ ਆਵੇ ਤਾਂ ਉਹ ਕੁਝ ਅਲੱਗ ਹੋਵੇ। ਪੰਜਾਬ ਦੇ ਲੋਕ ਐਂਟਰਟੇਨਮੈਂਟ ਤੇ ਕਾਮੇਡੀ ਵਾਲੀਆਂ ਫਿਲਮਾਂ ਦੇਖਣਾ ਪਸੰਦ ਕਰਦੇ ਹਨ। ਮੈਂ ਕੁਝ ਵੱਖਰਾ ਲੈ ਕੇ ਆਉਣਾ ਚਾਹੁੰਦਾ ਹਾਂ, ਜਿਸ ਦਾ ਅਜੇ ਸਹੀ ਸਮਾਂ ਨਹੀਂ ਹੈ।