ਮੌਜੂਦਾ ਭਾਰਤ ਦੀ ਕਹਾਣੀ ਹੈ ''ਸੱਤਯਮੇਵ ਜਯਤੇ''

Saturday, August 11, 2018 9:27 AM
ਮੌਜੂਦਾ ਭਾਰਤ ਦੀ ਕਹਾਣੀ ਹੈ ''ਸੱਤਯਮੇਵ ਜਯਤੇ''

ਮੁੰਬਈ(ਬਿਊਰੋ)— ਭ੍ਰਿਸ਼ਟਾਚਾਰ 'ਤੇ ਆਧਾਰਿਤ ਫਿਲਮ 'ਸੱਤਯਮੇਵ ਜਯਤੇ' 15 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। 90 ਦੇ ਦਹਾਕੇ ਨੂੰ ਦਰਸਾਉਂਦੀ ਇਸ ਫਿਲਮ ਵਿਚ ਜਾਨ ਅਬ੍ਰਾਹਿਮ ਤੋਂ ਇਲਾਵਾ ਮਨੋਜ ਵਾਜਪਾਈ ਅਤੇ ਆਇਸ਼ਾ ਸ਼ਰਮਾ ਮਹੱਤਵਪੂਰਨ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਆਇਸ਼ਾ ਇਸ ਫਿਲਮ ਰਾਹੀਂ ਬਾਲੀਵੁੱਡ 'ਚ ਡੈਬਿਊ ਕਰ ਰਹੀ ਹੈ। 'ਸੱਤਯਮੇਵ ਜਯਤੇ' ਮਿਲਾਪ ਜ਼ਾਵੇਰੀ ਦੇ ਡਾਇਰੈਕਸ਼ਨ 'ਚ ਬਣੀ ਹੈ ਅਤੇ ਇਸ ਫਿਲਮ ਨੂੰ ਭੂਸ਼ਣ ਕੁਮਾਰ ਅਤੇ ਨਿਖਿਲ ਅਡਵਾਨੀ ਨੇ ਪ੍ਰੋਡਿਊਸ ਕੀਤਾ ਹੈ। ਬਿਹਤਰੀਨ ਡਾਇਲਾਗਜ਼ ਦੀ ਭਰਮਾਰ ਵਾਲੀ ਇਹ ਐਕਸ਼ਨ ਥ੍ਰਿਲਰ ਫਿਲਮ ਹੈ। ਇਸ ਫਿਲਮ ਦੇ ਗਾਣੇ 'ਦਿਲਬਰ' ਵਿਚ ਐਕਟ੍ਰੈੱਸ ਨੋਰਾ ਫਤੇਹੀ ਨੇ ਜ਼ਬਰਦਸਤ ਡਾਂਸ ਕੀਤਾ ਹੈ, ਜੋ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫਿਲਮ ਦੀ ਪ੍ਰਮੋਸ਼ਨ ਲਈ ਦਿੱਲੀ ਪੁੱਜੇ  ਜਾਨ ਅਬ੍ਰਾਹਿਮ, ਮਨੋਜ ਵਾਜਪਾਈ, ਆਇਸ਼ਾ ਸ਼ਰਮਾ ਅਤੇ ਨਿਰਮਾਤਾ ਭੂਸ਼ਣ ਕੁਮਾਰ ਨੇ 'ਜਗ ਬਾਣੀ', 'ਨਵੋਦਿਆ ਟਾਈਮਜ਼', 'ਪੰਜਾਬ ਕੇਸਰੀ' ਤੇ 'ਹਿੰਦ ਸਮਾਚਾਰ' ਨਾਲ ਖਾਸ ਗੱਲਬਾਤ ਕੀਤੀ। 
ਸਿਰਫ ਦੇਸ਼ਭਗਤੀ ਵਾਲੀਆਂ ਫਿਲਮਾਂ ਨਹੀਂ ਚਾਹੁੰਦਾ
ਜਾਨ ਅਬ੍ਰਾਹਿਮ ਦਾ ਕਹਿਣਾ ਹੈ ਕਿ ਅਜਿਹਾ ਨਹੀਂ ਹੈ ਕਿ ਮੈਂ ਸਿਰਫ ਦੇਸ਼ਭਗਤੀ ਵਾਲੀਆਂ ਫਿਲਮਾਂ ਹੀ ਕਰਨਾ ਚਾਹੁੰਦਾ ਹਾਂ, ਬਲਕਿ ਮੈਂ ਤਾਂ ਹਰ ਜਾਨਰ ਦੀ ਫਿਲਮ ਵਿਚ ਕੰਮ ਕਰਨਾ ਚਾਹੁੰਦਾ ਹਾਂ। ਅੱਜ 79 ਦਿਨਾਂ ਤੋਂ ਬਾਅਦ ਵੀ ਮੇਰੀ ਫਿਲਮ 'ਪ੍ਰਮਾਣੂ' ਸਿਨੇਮਾ ਘਰਾਂ ਵਿਚ ਚੱਲ ਰਹੀ ਹੈ। ਇਸ ਨਾਲੋਂ ਵੱਡੀ ਗੱਲ ਕੀ ਹੋ ਸਕਦੀ ਹੈ। ਮੈਂ ਅਸਲ ਜ਼ਿੰਦਗੀ ਵਿਚ ਵੀ ਨਿਯਮਾਂ ਤੇ ਕਾਨੂੰਨਾਂ ਨਾਲ ਚੱਲਣ ਵਾਲਾ ਆਦਮੀ ਹਾਂ। 
ਸਿੱਖਣ ਨੂੰ ਮਿਲੇਗਾ ਬਹੁਤ ਕੁਝ
'ਪ੍ਰਮਾਣੂ' ਅਤੇ 'ਸੱਤਯਮੇਵ ਜਯਤੇ' ਦੇ ਸਬਜੈਕਟ 'ਤੇ ਗੱਲ ਕਰਦੇ ਹੋਏ ਜਾਨ ਕਹਿੰਦਾ ਹੈ ਕਿ 'ਪ੍ਰਮਾਣੂ' ਉਸ ਭਾਰਤ ਦੀ ਕਹਾਣੀ ਹੈ, ਜੋ ਪਹਿਲਾਂ ਸੀ, 'ਸੱਤਯਮੇਵ ਜਯਤੇ' ਉਸ ਭਾਰਤ ਦੀ ਕਹਾਣੀ ਹੈ, ਜੋ ਮੌਜੂਦਾ ਸਮੇਂ 'ਚ ਹੈ। ਜਦੋਂ ਮੈਂ ਅਤੇ ਮਨੋਜ ਨੇ ਇਸ ਦੀ ਸਕ੍ਰਿਪਟ ਪੜ੍ਹੀ ਤਾਂ ਸਾਨੂੰ ਦੋਵਾਂ ਨੂੰ ਵੀ ਕਾਫੀ ਪਸੰਦ ਆਈ। ਫਿਲਮ ਦੀ ਕਹਾਣੀ ਸੁਣਨ ਤੋਂ ਤੁਰੰਤ ਬਾਅਦ ਹੀ ਮੈਂ ਫਿਲਮ ਵਿਚ ਕੰਮ ਕਰਨ ਲਈ ਤੁਰੰਤ ਤਿਆਰ ਹੋ ਗਿਆ। ਇਸ ਫਿਲਮ ਵਿਚ ਬਹੁਤ ਸਾਰੇ ਟਵਿਸਟ ਅਤੇ ਟਰਨ ਹਨ। ਨਾਲ ਹੀ ਫਿਲਮ ਵਿਚ ਇਮੋਸ਼ਨਜ਼ ਅਤੇ ਐਕਸ਼ਨ ਸਭ ਕੁਝ ਹੈ। ਇਹ ਇਕ ਅਜਿਹੀ ਫਿਲਮ ਹੈ, ਜਿਸ ਨੂੰ ਸਾਰਿਆਂ ਨੂੰ ਦੇਖਣਾ ਚਾਹੀਦਾ ਹੈ। ਇਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ। 
ਚੋਣਾਂ ਲੜਨ ਦੇ ਆਉਂਦੇ ਹਨ ਬਹੁਤ ਸਾਰੇ ਆਫਰ : ਮਨੋਜ
ਮਨੋਜ ਨੇ ਦੱਸਿਆ ਕਿ ਜਦੋਂ-ਜਦੋਂ ਚੋਣਾਂ ਆਉਂਦੀਆਂ ਹਨ ਤਾਂ ਮੈਨੂੰ ਹਰ ਪਾਰਟੀ ਤੋਂ ਚੋਣ ਲੜਨ ਦੇ ਆਫਰ ਮਿਲਦੇ ਹਨ। ਪਤਾ ਨਹੀਂ, ਲੋਕਾਂ ਨੂੰ ਅਜਿਹਾ ਕੀ ਨਜ਼ਰ ਆਉਂਦਾ ਹੈ, ਜਦਕਿ ਮੇਰਾ ਦੂਰ-ਦੂਰ ਤੱਕ ਸਿਆਸਤ ਨਾਲ ਕੋਈ ਨਾਤਾ ਨਹੀਂ ਹੈ। ਮਨੋਜ ਦੱਸਦਾ ਹੈ ਕਿ ਉਸ ਦੇ ਜਿੰਨੇ ਵੀ ਦੋਸਤ ਹਨ, ਉਨ੍ਹਾਂ ਵਿਚੋਂ 80 ਫੀਸਦੀ ਆਈ. ਏ. ਐੱਸ. ਅਫਸਰ ਹਨ, ਜਿਨ੍ਹਾਂ ਵਿਚੋਂ ਕੁਝ ਬਹੁਤ ਸੀਨੀਅਰ ਵੀ ਹਨ। ਉਹ ਅਕਸਰ ਮੈਨੂੰ ਮਿਲਦੇ ਰਹਿੰਦੇ ਹਨ ਅਤੇ ਪਾਰਟੀ ਵੀ ਕਰਦੇ ਹਨ। ਮੈਨੂੰ ਉਨ੍ਹਾਂ ਨੂੰ ਮਿਲ ਕੇ ਬਹੁਤ ਚੰਗਾ ਲੱਗਦਾ ਹੈ। ਮੈਂ ਸਾਰਿਆਂ ਦੀ ਬਹੁਤ ਇੱਜ਼ਤ ਕਰਦਾ ਹਾਂ। ਉਨ੍ਹਾਂ ਦਾ ਜੋ ਅਹੁਦਾ ਹੈ, ਉਹ ਬਹੁਤ ਵੱਡੀ ਜ਼ਿੰਮੇਵਾਰੀ ਵਾਲਾ ਹੁੰਦਾ ਹੈ, ਉਹ ਸਾਡੇ ਸਾਰਿਆਂ ਦੀ 24 ਘੰਟੇ ਰੱਖਿਆ ਕਰਦੇ ਹਨ।
ਪੁਲਸ ਅਫਸਰਾਂ ਦੀ ਕਰਦਾ ਹਾਂ ਬਹੁਤ ਇੱਜ਼ਤ
ਮਨੋਜ ਦੱਸਦਾ ਹੈ ਕਿ ਇਸ ਫਿਲਮ ਵਿਚ ਮੇਰਾ ਕਿਰਦਾਰ ਇਕ ਅਜਿਹੇ ਪੁਲਸ ਅਫਸਰ ਦਾ ਹੈ, ਜੋ ਕ੍ਰਿਮੀਨਲਜ਼ ਤੋਂ 10 ਕਦਮ ਅੱਗੇ ਦੀ ਸੋਚਦਾ ਹੈ ਪਰ ਹਮੇਸ਼ਾ ਆਪਣੇ ਨਾਲ ਕੰਮ ਕਰਨ ਵਾਲੇ ਜੂਨੀਅਰਸ ਨੂੰ ਬਹੁਤ ਮਜ਼ਾਕੀਆ ਮਾਹੌਲ ਵਿਚ ਰੱਖਦਾ ਹੈ। ਉਥੇ ਹੀ ਉਹ ਆਪਣੇ ਘਰ ਵਿਚ ਬੇਟੇ ਅਤੇ ਪਤਨੀ ਨਾਲ ਇੰਨਾ ਸਿੱਧਾ ਹੈ ਕਿ ਉਹ ਦੋਵੇਂ ਹੀ ਉਸ ਦਾ ਮਜ਼ਾਕ ਉਡਾਉਂਦੇ ਹਨ। ਫਿਲਮ 'ਚ ਉਸ ਦਾ ਇਹ ਦੋ ਤਰ੍ਹਾਂ ਦਾ ਕਾਂਬੀਨੇਸ਼ਨ ਉਸ ਦੀ ਖਾਸੀਅਤ ਹੈ। 
ਕਮਰਸ਼ੀਅਲ ਸਿਨੇਮਾ ਦਾ ਵੱਡਾ ਡਾਇਰੈਕਟਰ ਬਣੇਗਾ ਮਿਲਾਪ
ਮਨੋਜ ਨੇ ਦੱਸਿਆ ਕਿ ਇਸ ਫਿਲਮ ਦੀ ਕਹਾਣੀ ਬਹੁਤ ਹੀ ਦਮਦਾਰ ਹੈ। ਇਕ ਮਸਾਲਾ ਫਿਲਮ ਵਿਚ ਜੋ ਕੁਝ ਵੀ ਚਾਹੀਦਾ ਹੈ, ਉਹ ਸਭ ਕੁਝ ਇਸ ਵਿਚ ਹੈ। ਮਿਲਾਪ ਜ਼ਾਵੇਰੀ ਨੇ ਬਹੁਤ ਚੰਗੀ ਕਹਾਣੀ ਲਿਖੀ ਹੈ। ਮੇਰਾ ਐਕਸਪੀਰੀਐਂਸ ਬਹੁਤ ਹੀ ਮਜ਼ੇਦਾਰ ਰਿਹਾ। ਮਨੋਜ ਨੇ ਮਿਲਾਪ ਦੀ ਤਾਰੀਫ ਕਰਦੇ ਹੋਏ ਇਹ ਵੀ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿਚ ਕਮਰਸ਼ੀਅਲ ਸਿਨੇਮਾ ਦਾ ਬਹੁਤ ਵੱਡਾ ਡਾਇਰੈਕਟਰ ਬਣੇਗਾ।
ਜਾਨ, ਮਨੋਜ ਸਰ ਨਾਲ ਕੰਮ ਕਰਨਾ ਕਿਸਮਤ ਦੀ ਗੱਲ : ਆਇਸ਼ਾ
ਆਇਸ਼ਾ ਦੱਸਦੀ ਹੈ ਕਿ ਇਹ ਮੇਰੀ ਪਹਿਲੀ ਫਿਲਮ ਹੈ ਅਤੇ ਇਸ ਦੇ ਲਈ ਮੈਂ ਨਿਖਿਲ ਸਰ ਅਤੇ ਭੂਸ਼ਨ ਸਰ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ। ਪਹਿਲੀ ਹੀ ਫਿਲਮ ਵਿਚ ਜਾਨ ਅਬ੍ਰਾਹਿਮ ਅਤੇ ਮਨੋਜ ਸਰ ਨਾਲ ਕੰਮ ਕਰਨਾ ਕਿਸਮਤ ਦੀ ਗੱਲ ਹੈ। ਇਸ ਤੋਂ ਇਲਾਵਾ ਜਦੋਂ ਆਇਸ਼ਾ ਕੋਲੋਂ ਪੁੱਛਿਆ ਕਿ ਕਿਸ ਖਾਸ ਵਜ੍ਹਾ ਕਾਰਨ ਉਨ੍ਹਾਂ ਨੇ ਇਹ ਫਿਲਮ ਕੀਤੀ ਤਾਂ ਉਸ ਨੇ ਕਿਹਾ ਕਿ ਜਦੋਂ ਤੁਸੀਂ ਇੰਡਸਟਰੀ ਵਿਚ ਕਦਮ ਰੱਖਦੇ ਹੋ ਤਾਂ ਤੁਸੀਂ ਫਿਲਮਾਂ ਨੂੰ ਨਹੀਂ ਚੁਣਦੇ ਬਲਕਿ ਫਿਲਮਾਂ ਤੁਹਾਨੂੰ ਚੁਣਦੀਆਂ ਹਨ। ਉਥੇ ਹੀ ਆਇਸ਼ਾ ਨੇ ਜਾਨ ਦੀ ਤਾਰੀਫ ਕਰਦੇ ਹੋਏ ਇਹ ਵੀ ਕਿਹਾ ਕਿ ਜਾਨ ਹਮੇਸ਼ਾ ਨਿਊਕਮਰ ਦਾ ਸਾਥ ਦਿੰਦਾ ਹੈ ਅਤੇ ਉਨ੍ਹਾਂ ਨਾਲ ਕੰਮ ਕਰਨ ਲਈ ਤਿਆਰ ਰਹਿੰਦਾ ਹੈ। 
ਇਕ ਲਾਈਨ 'ਚ ਸੁਣਾਇਆ ਗਿਆ ਸੀ ਫਿਲਮ ਦਾ ਆਈਡੀਆ : ਭੂਸ਼ਣ ਕੁਮਾਰ
ਭੂਸ਼ਣ ਦੱਸਦਾ ਹੈ ਕਿ ਸਾਡੀ ਫਿਲਮ ਕੁਰੱਪਸ਼ਨ 'ਤੇ ਆਧਾਰਿਤ ਹੈ। ਜਿਵੇਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਕੁਰੱਪਸ਼ਨ ਹਟਾਓ, ਇਸੇ ਨੂੰ ਅਸੀਂ ਆਪਣੀ ਫਿਲਮ ਦੀ ਟੈਗ ਲਾਈਨ 'ਬੇਈਮਾਨ ਪਿਟੇਗਾ ਔਰ ਕੁਰੱਪਸ਼ਨ ਮਿਟੇਗਾ' ਬਣਾਈ ਹੈ। ਇਸੇ ਇਕ ਲਾਈਨ ਰਾਹੀਂ ਮਿਲਾਪ ਨੇ ਮੈਨੂੰ ਫਿਲਮ ਦੇ ਸਬਜੈਕਟ ਦਾ ਆਈਡੀਆ ਦਿੱਤਾ ਅਤੇ ਤੁਰੰਤ ਹੀ ਅਸੀਂ ਇਸ ਦੇ ਲਈ ਰਾਜ਼ੀ ਹੋ ਗਏ ਕਿਉਂਕਿ ਅਸੀਂ ਅਜਿਹੀ ਫਿਲਮ ਦੇ ਕੰਟੈਂਟ 'ਤੇ ਜ਼ਿਆਦਾ ਫੋਕਸ ਕਰ ਰਹੇ ਹਾਂ, ਜੋ ਕੋਈ ਮੈਸੇਜ ਦਿੰਦੀ ਹੋਵੇ, ਜਿਸ ਨਾਲ ਲੋਕ ਖੁਦ ਨੂੰ ਰਿਲੇਟ ਕਰ ਸਕਣ। ਇਸ ਫਿਲਮ ਦੇ ਜ਼ਰੀਏ ਅਸੀਂ ਸਿਸਟਮ ਵਿਚ ਅੰਦਰ ਤੱਕ ਫੈਲੇ ਭ੍ਰਿਸ਼ਟਾਚਾਰ ਦੀ ਗੰਦਗੀ ਨੂੰ ਸਾਫ ਕਰਨ ਵਿਚ ਯੋਗਦਾਨ ਦੇ ਸਕੀਏ। 
ਟਰੇਲਰ ਲਾਂਚ ਹੁੰਦਿਆਂ ਹੀ ਮਿਲਿਆ ਨੋਟਿਸ
ਫਿਲਮ ਦੇ ਸਬਜੈਕਟ ਨੂੰ ਲੈ ਕੇ ਆਈ ਪ੍ਰੇਸ਼ਾਨੀ ਬਾਰੇ ਗੱਲ ਕਰਦੇ ਹੋਏ ਭੂਸ਼ਣ ਦੱਸਦਾ ਹੈ ਕਿ ਟਰੇਲਰ ਲਾਂਚ ਹੋਣ ਤੋਂ ਬਾਅਦ ਸਾਨੂੰ ਇਕ ਕਮਿਊਨਿਟੀ ਤੋਂ ਇਕ ਨੋਟਿਸ ਆਇਆ, ਜਿਸ ਵਿਚ ਇਹ ਕਿਹਾ ਗਿਆ ਸੀ ਕਿ ਅਸੀਂ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਹਾਂ।  ਇਸ ਤੋਂ ਬਾਅਦ ਅਸੀਂ ਉਨ੍ਹਾਂ ਨੂੰ ਉਹ ਸੀਨ ਦਿਖਾਇਆ, ਜਿਸ ਨੂੰ ਦੇਖ ਕੇ ਉਹ ਕਾਫੀ ਖੁਸ਼ ਹੋਏ ਅਤੇ ਉਨ੍ਹਾਂ ਦੀ ਨਾਰਾਜ਼ਗੀ ਦੂਰ ਹੋ ਗਈ। ਸੈਂਸਰ ਵਲੋਂ ਵੀ ਕੁਝ ਚੈਲੰਜ ਦਾ ਸਾਹਮਣਾ ਕਰਨਾ ਪਿਆ, ਜਿਸ ਦੇ ਲਈ ਅਸੀਂ ਸਾਰੀਆਂ ਚੀਜ਼ਾਂ ਨੂੰ ਐਕਸਪਲੇਨ ਕੀਤਾ।
ਭ੍ਰਿਸ਼ਟਾਚਾਰ ਖਿਲਾਫ ਹਮੇਸ਼ਾ ਸਟੈਂਡ ਲਿਆ
ਜਾਨ ਕਹਿੰਦਾ ਹੈ ਕਿ ਸਾਡੇ ਦੇਸ਼ 'ਚ ਕੋਈ ਅਜਿਹਾ ਨਾਗਰਿਕ ਨਹੀਂ ਹੋਵੇਗਾ, ਜੋ ਭ੍ਰਿਸ਼ਟਾਚਾਰ ਦਾ ਸ਼ਿਕਾਰ ਨਾ ਹੋਇਆ ਹੋਵੇ। ਭ੍ਰਿਸ਼ਟਾਚਾਰ ਸਾਨੂੰ ਰੋਜ਼ਾਨਾ ਜ਼ਿੰਦਗੀ ਵਿਚ ਦਿਸ ਜਾਂਦਾ ਹੈ ਪਰ ਫਰਕ ਇਸ ਗੱਲ ਨਾਲ ਪੈਂਦਾ ਹੈ ਕਿ ਤੁਸੀਂ ਉਸ ਨਾਲ ਕਿਸ ਤਰ੍ਹਾਂ ਡੀਲ ਕਰਦੇ ਹੋ। ਮੈਂ ਕਦੀ ਭ੍ਰਿਸ਼ਟਾਚਾਰ ਨੂੰ ਹੱਲਾਸ਼ੇਰੀ ਨਹੀਂ ਦਿੱਤੀ। ਜੇਕਰ ਮੇਰੇ ਨਾਲ ਕੁਝ ਗਲਤ ਹੋਇਆ ਵੀ ਤਾਂ ਮੈਂ ਹਮੇਸ਼ਾ ਉਸ ਦੇ ਖਿਲਾਫ ਕਦਮ ਚੁੱਕਿਆ। ਮੈਨੂੰ ਇਹ ਕਹਿਣਾ ਬਹੁਤ ਚੰਗਾ ਲੱਗਦਾ ਹੈ ਕਿ ਮੈਂ ਅਤੇ ਮੇਰਾ ਪਰਿਵਾਰ ਬਹੁਤ ਈਮਾਨਦਾਰ ਹੈ।


Edited By

Sunita

Sunita is news editor at Jagbani

Read More