‘ਕਾਕੇ ਦਾ ਵਿਆਹ’ ਦੇਵੇਗੀ ਕਾਮੇਡੀ ਤੇ ਕਨਫਿਊਜ਼ਨ ਦਾ ਡਬਲ ਡੋਜ਼

2/1/2019 9:33:57 AM

ਪੰਜਾਬੀ ਫਿਲਮ ‘ਕਾਕੇ ਦਾ ਵਿਆਹ’ 1 ਫਰਵਰੀ ਨੂੰ ਦੁਨੀਆਭਰ ’ਚ ਰਿਲੀਜ਼ ਹੋਵੇਗੀ। ਫਿਲਮ ’ਚ ਜੌਰਡਨ ਸੰਧੂ ਤੇ ਪ੍ਰਭ ਗਰੇਵਾਲ ਮੁੱਖ ਭੂਮਿਕਾ ਨਿਭਾਅ ਰਹੇ ਹਨ। ਦੋਵਾਂ ਦੇ ਨਾਲ ਪ੍ਰੀਤੀ ਸਪਰੂ, ਹਾਰਬੀ ਸੰਘਾ, ਕਰਮਜੀਤ ਅਨਮੋਲ ਤੇ ਨਿਰਮਲ ਰਿਸ਼ੀ ਵੀ ਅਹਿਮ ਕਿਰਦਾਰਾਂ ’ਚ ਹਨ। ਫਿਲਮ ਨੂੰ ਰਾਏ ਯੁਵਰਾਜ ਬੈਂਸ ਨੇ ਡਾਇਰੈਕਟ ਕੀਤਾ ਹੈ। ਫਿਲਮ ਦੇ ਪ੍ਰੋਡਿਊਸਰ ਵਿਨੀਤ ਉਪਾਧਿਆ ਤੇ ਰਾਏ ਯੁਵਰਾਜ ਬੈਂਸ ਹਨ। ਫਿਲਮ ਦੀ ਪ੍ਰਮੋਸ਼ਨ ਦੇ ਸਿਲਸਿਲੇ ’ਚ ਜੌਰਡਨ ਸੰਧੂ, ਪ੍ਰਭ ਗਰੇਵਾਲ, ਪ੍ਰੀਤੀ ਸਪਰੂ ਤੇ ਹਾਰਬੀ ਸੰਘਾ ‘ਜਗ ਬਾਣੀ’ ਦੇ ਦਫਤਰ ਪੁੱਜੇ, ਜਿਥੇ ਉਨ੍ਹਾਂ ਨੇ ਸਾਡੀ ਪ੍ਰਤੀਨਿਧੀ ਨੇਹਾ ਮਨਹਾਸ ਨਾਲ ਖਾਸ ਮੁਲਾਕਾਤ ਕੀਤੀ। ਪੇਸ਼ ਹਨ ਮੁਲਾਕਾਤ ਦੇ ਮੁੱਖ ਅੰਸ਼—

ਜੌਰਡਨ ਸੰਧੂ
‘ਕਾਕੇ ਦਾ ਵਿਆਹ’ ਤੁਹਾਡੀ ਡੈਬਿਊ ਫਿਲਮ ਹੈ। ਕਿਸ ਤਰ੍ਹਾਂ ਦਾ ਤਜਰਬਾ ਰਿਹਾ?

ਬਹੁਤ ਵਧੀਆ ਤੇ ਪਾਜ਼ੇਟਿਵ ਮਹਿਸੂਸ ਹੋ ਰਿਹਾ ਹੈ। ਸਾਰੀ ਟੀਮ ਨੇ ਮਿਹਨਤ ਕੀਤੀ ਹੈ ਤੇ ਇਹ ਫਿਲਮ ਬਣਾਈ ਹੈ। ਇਹ ਇਕ ਫੈਮਿਲੀ ਐਂਟਰਟੇਨਮੈਂਟ, ਕਾਮੇਡੀ ਤੇ ਫੈਮਿਲੀ ਡਰਾਮਾ ਫਿਲਮ ਹੈ। ਪਹਿਲੀ ਫਿਲਮ ਲਈ ਡਰ ਤਾਂ ਹੁੰਦਾ ਹੀ ਹੈ ਪਰ ਇਸ ਦੇ ਨਾਲ ਖੁਸ਼ੀ ਤੇ ਉਤਸ਼ਾਹ ਬਹੁਤ ਜ਼ਿਆਦਾ ਹੈ ਕਿ ਜੋ ਅਸੀਂ ਮਿਹਨਤ ਕੀਤੀ ਹੈ, ਦਰਸ਼ਕ ਉਸ ਨੂੰ ਦੇਖਣ ਜਾ ਰਹੇ ਹਨ।

ਫਿਲਮ ’ਚ ਕੀ ਖਾਸ ਲੱਗਾ, ਜਿਸ ਲਈ ਤੁਸੀਂ ਹਾਂ ਕੀਤੀ?
ਵਿਆਹਾਂ ’ਤੇ ਪਹਿਲਾਂ ਵੀ ਫਿਲਮਾਂ ਬਣਦੀਆਂ ਆਈਆਂ ਹਨ ਪਰ ਸਾਡੀ ਫਿਲਮ ’ਚ ਇਕ ਵੱਖਰਾ ਵਿਆਹ ਦਿਖਾਇਆ ਗਿਆ ਹੈ। ਵਿਆਹ ਲਈ ਇਕ ਮੁੰਡਾ ਤੇ ਕੁੜੀਆਂ ਤਿੰਨ-ਤਿੰਨ। ਕਾਮੇਡੀ ਵਾਲੀ ਕਨਫਿਊਜ਼ਨ ਫਿਲਮ ’ਚ ਦੇਖਣ ਨੂੰ ਮਿਲੇਗੀ। ਕਈ ਵਾਰ ਇੰਝ ਹੁੰਦਾ ਹੈ ਕਿ ਜੋ ਫਿਲਮ ਅਸੀਂ ਦੇਖਦੇ ਹਾਂ, ਉਸ ’ਚ ਜੋ ਦਿਖਾਇਆ ਜਾਂਦਾ ਹੈ, ਉਹ ਅਸਲ ’ਚ ਹੁੰਦਾ ਨਹੀਂ। ਇਕ ਧੱਕਾ ਜਿਹਾ ਮਹਿਸੂਸ ਹੁੰਦਾ ਹੈ। ਸਾਨੂੰ ਕਹਾਣੀ ਵਧੀਆ ਲੱਗੀ, ਕੰਸੈਪਟ ਵਧੀਆ ਲੱਗਾ। ਇਸੇ ਕਰਕੇ ਇਹ ਫਿਲਮ ਕਰਨ ਦਾ ਫੈਸਲਾ ਲਿਆ।

‘ਸੂਬੇਦਾਰ ਜੋਗਿੰਦਰ ਸਿੰਘ’ ਫਿਲਮ ’ਚ ਤੁਸੀਂ ਕੈਮੀਓ ਕਰ ਚੁੱਕੇ ਹੋ। ਉਸ ਕਿਰਦਾਰ ਨੂੰ ਕਿੰਨਾ ਪਿਆਰ ਮਿਲਿਆ ਦਰਸ਼ਕਾਂ ਕੋਲੋਂ?
ਜਦੋਂ ਮੇਰਾ ਪਹਿਲਾ ਗੀਤ ਆਇਆ ਸੀ ‘ਮੁੱਛ ਫੁੱਟ ਗੱਭਰੂ’, ਇਸ ਗੀਤ ਦੇ 3 ਮਹੀਨਿਆਂ ਬਾਅਦ ਹੀ ਮੈਨੂੰ ਇਕ ਫਿਲਮ ਆਫਰ ਹੋਈ ਸੀ। ਉਹ ਫਿਲਮ ਅਸੀਂ ਕੀਤੀ ਨਹੀਂ। ਉਦੋਂ ਸਾਨੂੰ ਇੰਝ ਲੱਗਾ ਕਿ ਸਾਨੂੰ ਥੋੜ੍ਹਾ ਤਿਆਰ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਉਡੀਕ ਕੀਤੀ ਤੇ ਆਪਣੇ ਆਪ ਨੂੰ ਤਿਆਰ ਕਰਦੇ ਰਹੇ। ਗੀਤ ਵੀ ਨਾਲ-ਨਾਲ ਸ਼ੂਟ ਹੋਏ ਤੇ ਕਾਫੀ ਕੁਝ ਸਿੱਖਦੇ ਰਹੇ। ਜਦੋਂ ‘ਸੂਬੇਦਾਰ ਜੋਗਿੰਦਰ ਸਿੰਘ’ ਦਾ ਮੇਰਾ ਪਹਿਲੇ ਦਿਨ ਦਾ ਪਹਿਲਾ ਸੀਨ ਸੀ ਤਾਂ ਮੈਂ ਰੱਬ ਦਾ ਨਾਂ ਲੈ ਕੇ ਸ਼ੁਰੂਆਤ ਕੀਤੀ ਤੇ ਸਭ ਨੇ ਕਿਹਾ ਕਿ ਮੈਂ ਵਧੀਆ ਕੀਤਾ ਹੈ। ਹੌਲੀ-ਹੌਲੀ ਫਿਲਮ ਸ਼ੂਟ ਹੋਈ ਤੇ ਜਿੰਨਾ ਵੀ ਮੇਰਾ ਕਿਰਦਾਰ ਸੀ, ਉਹ ਵਧੀਆ ਉੱਭਰ ਕੇ ਆਇਆ। ਦਰਸ਼ਕਾਂ ਨੇ ਪਿਆਰ ਦਿੱਤਾ ਤੇ ਮੈਨੂੰ ਵੀ ਲੱਗਾ ਕਿ ਹਾਂ ਸਾਨੂੰ ਪੂਰੀ ਫਿਲਮ ਕਰ ਲੈਣੀ ਚਾਹੀਦੀ ਹੈ।

ਇਸ ਮਹੀਨੇ ਤੁਹਾਡੀਆਂ ਦੋ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਕੀ ਕਹੋਗੇ ਇਸ ਬਾਰੇ?
ਇਹ ਰੱਬ ਦੀ ਮਿਹਰ ਹੈ ਤੇ ਲੋਕਾਂ ਦਾ ਪਿਆਰ ਹੈ ਕਿਉਂਕਿ ਕਲਾਕਾਰ ਦੀ ਕੋਈ ਔਕਾਤ ਨਹੀਂ ਹੁੰਦੀ। 1 ਫਰਵਰੀ ਨੂੰ ‘ਕਾਕੇ ਦਾ ਵਿਆਹ’ ਤੋਂ ਬਾਅਦ 14 ਫਰਵਰੀ ਨੂੰ ‘ਕਾਲਾ ਸ਼ਾਹ ਕਾਲਾ’ ਫਿਲਮ ਆ ਰਹੀ ਹੈ। ਇਕ ਮਹੀਨੇ ’ਚ ਦੋ ਫਿਲਮਾਂ ਆ ਰਹੀਆਂ ਹਨ। ਉਮੀਦ ਹੈ ਕਿ ਦੋਵਾਂ ਫਿਲਮਾਂ ਨੂੰ ਦਰਸ਼ਕ ਪਿਆਰ ਦੇਣਗੇ।

ਪ੍ਰਭ ਗਰੇਵਾਲ
ਤੁਹਾਡੀ ਵੀ ਇਹ ਡੈਬਿਊ ਫਿਲਮ ਹੈ। ਕੀ ਕਹਿਣਾ ਚਾਹੋਗੇ?

ਡੈਬਿਊ ਫਿਲਮ ਦਾ ਜਿੰਨਾ ਮੈਨੂੰ ਉਤਸ਼ਾਹ ਹੈ, ਓਨੀ ਮੈਂ ਨਰਵਸ ਵੀ ਹਾਂ। ਇਹ ਮੇਰੀ ਪਹਿਲੀ ਫਿਲਮ ਹੈ। ਗੀਤਾਂ ਰਾਹੀਂ ਮੈਨੂੰ ਦਰਸ਼ਕਾਂ ਵਲੋਂ ਉਂਝ ਪਿਆਰ ਮਿਲਦਾ ਰਿਹਾ ਹੈ। ਆਸ ਹੈ ਕਿ ਫਿਲਮ ਰਾਹੀਂ ਵੀ ਪਿਆਰ ਮਿਲੇਗਾ।

ਮਾਡਲਿੰਗ ਤੋਂ ਫਿਲਮ ਤਕ ਦਾ ਸਫਰ ਕਿਸ ਤਰ੍ਹਾਂ ਰਿਹਾ?
ਮੈਨੂੰ ਪਰਿਵਾਰ ਵਲੋਂ ਪੂਰੀ ਸਪੋਰਟ ਸੀ। ਮੈਂ ਕਾਲਜ ਤੋਂ ਹੀ ਸ਼ੁਰੂਆਤ ਕਰ ਦਿੱਤੀ ਸੀ। ਮੈਨੂੰ ਇੰਡਸਟਰੀ ’ਚ ਮਿਹਨਤ ਜ਼ਿਆਦਾ ਨਹੀਂ ਕਰਨੀ ਪਈ। ਮੇਰਾ ਕੰਮ ਦੇਖ ਕੇ ਹੀ ਮੈਨੂੰ ਕੰਮ ਮਿਲਦਾ ਰਿਹਾ।

ਨਿਰਮਲ ਰਿਸ਼ੀ ਨਾਲ ਕੰਮ ਕਰਕੇ ਕਿਸ ਤਰ੍ਹਾਂ ਲੱਗਾ?
ਮੈਂ ਨਿਰਮਲ ਰਿਸ਼ੀ ਜੀ ਕੋਲ 3 ਸਾਲ ਥਿਏਟਰ ਕੀਤਾ ਹੈ। ਮੈਂ ਖੁਦ ਨਿਰਮਲ ਜੀ ਕੋਲ ਵੈਨਿਟੀ ਵੈਨ ’ਚ ਜਾ ਕੇ ਗੱਲਬਾਤ ਕਰਦੀ ਸੀ। ਜਿਸ ਚੀਜ਼ ’ਚ ਮੈਨੂੰ ਮੁਸ਼ਕਲ ਆਉਂਦੀ ਸੀ ਤਾਂ ਮੈਂ ਉਨ੍ਹਾਂ ਕੋਲੋਂ ਪੁੱਛ ਲੈਂਦੀ ਸੀ। ਨਿਰਮਲ ਜੀ ਸੈੱਟ ’ਤੇ ਵੀ ਗਾਈਡ ਕਰ ਦਿੰਦੇ ਸਨ ਕਿ ਪ੍ਰਭ ਇਸ ਚੀਜ਼ ਨੂੰ ਇੰਝ ਕੀਤਾ ਜਾ ਸਕਦਾ ਹੈ। ਨਿਰਮਲ ਰਿਸ਼ੀ ਦੇ ਨਾਲ-ਨਾਲ ਪ੍ਰੀਤੀ ਸਪਰੂ ਜੀ ਨੇ ਵੀ ਬਹੁਤ ਗਾਈਡ ਕੀਤਾ। ਪਰਿਵਾਰਕ ਮਾਹੌਲ ਸੀ, ਇੰਝ ਲੱਗਾ ਹੀ ਨਹੀਂ ਕਿ ਅਸੀਂ ਪਹਿਲੀ ਵਾਰ ਕੰਮ ਕਰ ਰਹੇ ਹਾਂ।

ਪ੍ਰੀਤੀ ਸਪਰੂ
17 ਸਾਲਾਂ ਬਾਅਦ ਤੁਸੀਂ ਕਮਬੈਕ ਕਰ ਰਹੇ ਹੋ। ਕਿਸ ਤਰ੍ਹਾਂ ਦਾ ਲੱਗ ਰਿਹਾ ਹੈ?

ਮੈਂ ਐਕਟਰ, ਡਾਇਰੈਕਟਰ, ਰਾਈਟਰ ਤੇ ਪ੍ਰੋਡਿਊਸਰ ਵਜੋਂ ਇੰਡਸਟਰੀ ’ਚ ਬਹੁਤ ਕੰਮ ਕੀਤਾ। ਫਿਲਮਾਂ ਤੋਂ ਬਾਅਦ ਮੈਂ ਰਿਟੇਲ ਆਊਟਲੈੱਟਸ ਦੇ ਬਿਜ਼ਨੈੱਸ ’ਚ ਆਈ। ਫਿਰ ਵਿਆਹੁਤਾ ਜ਼ਿੰਦਗੀ ’ਚ ਰੁੱਝੇ ਰਹੇ ਕਿਉਂਕਿ ਪਰਿਵਾਰ ਨੂੰ ਸਮਾਂ ਦੇਣਾ ਵੀ ਬੇਹੱਦ ਜ਼ਰੂਰੀ ਹੈ। ਹੁਣ ਮੈਨੂੰ ਲੱਗਾ ਕਿ ਮੇਰੇ ਕੋਲ ਸਮਾਂ ਹੈ ਤੇ ਮੈਂ ਫਿਲਮਾਂ ਵੱਲ ਵਾਪਸ ਜਾ ਸਕਦੀ ਹਾਂ। ਮੈਂ 20 ਸਾਲ ਪੰਜਾਬੀ ਫਿਲਮ ਇੰਡਸਟਰੀ ’ਚ ਕੰਮ ਕੀਤਾ ਤੇ ਹੁਣ ‘ਕਾਕੇ ਦਾ ਵਿਆਹ’ ਫਿਲਮ ’ਚ ਮੈਂ ਕਾਕੇ ਯਾਨੀ ਕਿ ਜੌਰਡਨ ਦੀ ਮਾਂ ਦਾ ਕਿਰਦਾਰ ਨਿਭਾਅ ਰਹੀ ਹਾਂ।

ਤੁਹਾਡੀ ਖੂਬਸੂਰਤੀ ਦਾ ਰਾਜ਼ ਕੀ ਹੈ?
ਮੈਨੂੰ ਰੇਖਾ (ਬਾਲੀਵੁੱਡ ਅਭਿਨੇਤਰੀ) ਜਦੋਂ ਵੀ ਮਿਲਦੀ ਹੈ ਤਾਂ ਗੁੱਸੇ ਹੁੰਦੀ ਹੈ ਕਿ ਮੈਂ ਮੇਨਟੇਨ ਨਹੀਂ ਕਰਦੀ। ਮੈਨੂੰ ਉਨ੍ਹਾਂ ਕਿਹਾ ਕਿ ਜੇ ਮੈਂ ਭਾਰ ਘੱਟ ਕਰਾ ਤਾਂ ਹੋਰ ਸੋਹਣੀ ਲੱਗਾਂਗੀ, ਸੋ ਮੈਂ ਕੋਸ਼ਿਸ਼ ਵੀ ਕਰ ਰਹੀ ਹਾਂ ਕਿ ਕੁਝ ਮਹੀਨਿਆਂ ’ਚ ਭਾਰ ਘਟਾ ਲਵਾਂ ਤੇ ਫਿਲਮਾਂ ਤੇ ਰੋਲ ਮੁਤਾਬਕ ਆਪਣੇ ਆਪ ਨੂੰ ਢਾਲ ਸਕਾਂ।

ਸਿਨੇਮਾ ’ਚ ਕਿਹੜੇ ਬਦਲਾਅ ਤੁਸੀਂ ਅੱਜ ਦੇ ਸਮੇਂ ਨੋਟ ਕੀਤੇ ਹਨ?
ਤਕਨੀਕ ਪੱਖੋਂ ਅਸੀਂ ਮਜ਼ਬੂਤ ਹੋ ਗਏ ਹਾਂ। ਪਹਿਲਾਂ ਅਸੀਂ ਆਵਾਜ਼ ਤੇ ਤਸਵੀਰ ਮੈਚ ਕਰਕੇ ਐਡਿਟ ਕਰਦੇ ਸੀ। ਹੁਣ ਤਾਂ ਸਾਰਾ ਕੁਝ ਕੰਪਿਊਟਰ ’ਤੇ ਹੁੰਦਾ ਹੈ। ਹੁਣ ਅਸੀਂ ਹਾਰਡ ਡਿਸਕ ’ਤੇ ਸ਼ੂਟ ਕਰਦੇ ਹਾਂ, ਪਹਿਲਾਂ ਅਸੀਂ ਰਾਅ ਸਟਾਕ ’ਤੇ ਸ਼ੂਟ ਕਰਦੇ ਸੀ ਤੇ ਜੇਕਰ ਉਹ ਘੱਟ ਪੈ ਜਾਂਦਾ ਸੀ ਤਾਂ ਉਸ ਨੂੰ ਮੁੰਬਈ ਤੋਂ ਮੰਗਵਾਉਣਾ ਪੈਂਦਾ ਸੀ। ਉਹ ਸਭ ਕੁਝ ਹੁਣ ਖਤਮ ਹੋ ਗਿਆ ਹੈ ਤੇ ਫਿਲਮ ਮੇਕਿੰਗ ’ਚ ਟੈਕਨਾਲੋਜੀ ਆ ਗਈ ਹੈ।

ਸਤੀਸ਼ ਕੌਲ ਜੀ ਦੀ ਅੱਜ ਹਾਲਤ ਮਾੜੀ ਹੈ। ਕੀ ਕਹੋਗੇ ਉਨ੍ਹਾਂ ਬਾਰੇ?
ਮੈਂ ਸਤੀਸ਼ ਕੌਲ ਜੀ ਦੀ ਪੂਰੀ ਮਦਦ ਕਰ ਰਹੀ ਹਾਂ। ਮੈਂ ਸੋਸ਼ਲ ਮੀਡੀਆ ਰਾਹੀਂ ਪੰਜਾਬ ਸਰਕਾਰ ਨੂੰ ਬੇਨਤੀ ਵੀ ਕੀਤੀ ਸੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੀ ਮਦਦ ਵੀ ਕੀਤੀ ਹੈ, ਜਿਸ ਲਈ ਮੈਂ ਉਨ੍ਹਾਂ ਦੀ ਧੰਨਵਾਦੀ ਹਾਂ। ਫਿਲਮ ਇੰਡਸਟਰੀ ਉਨ੍ਹਾਂ ਦੇ ਨਾਲ ਹੈ ਤੇ ਹਰ ਸੰਭਵ ਮਦਦ ਉਨ੍ਹਾਂ ਦੀ ਕੀਤੀ ਜਾਵੇਗੀ।

ਹਾਰਬੀ ਸੰਘਾ
ਫਿਲਮ ’ਚ ਆਪਣੇ ਕਿਰਦਾਰ ਬਾਰੇ ਦੱਸੋ?

ਮੇਰਾ ਫਿਲਮ ’ਚ ਬੂਟਾ ਸਿੰਘ ਨਾਂ ਦੇ ਵਕੀਲ ਦਾ ਕਿਰਦਾਰ ਹੈ। ਬੂਟਾ ਸਿੰਘ ਨੇ ਕੋਈ ਕੇਸ ਹੱਲ ਕੀਤਾ ਹੈ ਜਾਂ ਨਹੀਂ, ਇਹ ਤਾਂ ਤੁਹਾਨੂੰ ਫਿਲਮ ਦੇਖ ਕੇ ਹੀ ਪਤਾ ਲੱਗੇਗਾ। ਬੇਹੱਦ ਖੂਬਸੂਰਤ ਫਿਲਮ ਬਣੀ ਹੈ, ਜਿਸ ਨੂੰ ਮੈਂ ਸ਼ਬਦਾਂ ’ਚ ਬਿਆਨ ਨਹੀਂ ਕਰ ਸਕਦਾ, ਇਹ ਤਾਂ ਸਾਨੂੰ ਦਰਸ਼ਕ ਹੀ ਦੇਖ ਕੇ ਫੀਡਬੈਕ ਦੇਣਗੇ।

ਕੰਸੈਪਟਸ ਨੂੰ ਲੈ ਕੇ ਵੀ ਪੰਜਾਬੀ ਇੰਡਸਟਰੀ ਸੁਚੇਤ ਹੋ ਚੁੱਕੀ ਹੈ। ਇਸ ਬਾਰੇ ਤੁਹਾਡਾ ਕੀ ਕਹਿਣਾ ਹੈ?
 ਲੋਕ ਕਾਮੇਡੀ ਫਿਲਮਾਂ ਤਾਂ ਪਸੰਦ ਕਰਦੇ ਹਨ ਪਰ ਇਸ ਦੇ ਨਾਲ ਉਹ ਅੱਜ ਇਹ ਵੀ ਦੇਖਦੇ ਹਨ ਕਿ ਫਿਲਮ ਦੀ ਕਹਾਣੀ ਤੇ ਕੰਸੈਪਟ ਕੀ ਹੈ। ਬਹੁਤ ਸਾਰੀਆਂ ਕਾਮੇਡੀ ਫਿਲਮਾਂ ਇਸ ਗੱਲੋਂ ਫਲਾਪ ਹੋਈਆਂ ਹਨ ਕਿਉਂਕਿ ਉਨ੍ਹਾਂ ਦੀ ਕਹਾਣੀ ਤੇ ਕੰਸੈਪਟ ਕਮਜ਼ੋਰ ਹੁੰਦਾ ਹੈ। ਸਿਚੂਏਸ਼ਨਲ ਕਾਮੇਡੀ ’ਤੇ ਲੋਕ ਹੱਸਣਾ ਚਾਹੁੰਦੇ ਹਨ। ਹੁਣ ਇੰਡਸਟਰੀ ਨੂੰ ਇਹ ਗੱਲ ਪਤਾ ਲੱਗ ਚੁੱਕੀ ਹੈ ਕਿ ਦਰਸ਼ਕ ਸਾਡੇ ਨਾਲੋਂ ਜ਼ਿਆਦਾ ਸਿਆਣੇ ਹਨ। ਲੋਕ ਕੰਟੈਂਟ ਭਾਲਦੇ ਹਨ ਤੇ ਇਹ ਦੇਖਣਾ ਚਾਹੁੰਦੇ ਹਨ ਕਿ ਕਹਾਣੀ ਕੀ ਹੈ।

ਜੌਰਡਨ ਤੇ ਪ੍ਰਭ ਨਾਲ ਕੰਮ ਕਰਕੇ ਕਿਸ ਤਰ੍ਹਾਂ ਲੱਗਾ?
ਜੌਰਡਨ ਦਾ ਸੁਭਾਅ ਬਹੁਤ ਵਧੀਆ ਹੈ। ਜੌਰਡਨ ਨੂੰ ਅਸੀਂ ਜੇ ਕੋਈ ਸਲਾਹ ਦਿੰਦੇ ਹਾਂ ਤਾਂ ਉਹ ਉਸ ’ਤੇ ਅਮਲ ਵੀ ਕਰਦਾ ਹੈ। ਪ੍ਰਭ ਨੂੰ ਵੀ ਹੋਰ ਮੌਕੇ ਮਿਲਣਗੇ ਤਾਂ ਉਹ ਖੁੱਲ੍ਹ ਕੇ ਸਾਹਮਣੇ ਆਵੇਗੀ। ਪ੍ਰਭ ਦੀ ਫੇਸ ਬਿਊਟੀ ਬਹੁਤ ਜ਼ਿਆਦਾ ਹੈ ਤੇ ਭਵਿੱਖ ’ਚ ਜ਼ਰੂਰ ਦੋਵੇਂ ਚੰਗਾ ਕੰਮ ਕਰਨਗੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News